5-copyਚੰਡੀਗੜ੍ਹ :  ਪੰਜਾਬ ਅਸੈਂਬਲੀ ਸੈਸ਼ਨ ਦੇ ਪਹਿਲੇ ਹੀ ਦਿਨ ਅੱਜ ਪ੍ਰਦੇਸ਼ ਯੂਥ ਕਾਂਗਰਸ ਵਲੋਂ ਪ੍ਰਦਰਸ਼ਨ ਕੀਤਾ ਗਿਆ। ਪਾਰਟੀ ਦੇ ਚੰਡੀਗੜ੍ਹ ਸਥਿਤ ਮੁੱਖ ਦਫਤਰ ‘ਚ ਰੈਲੀ ਕਰਨ ਤੋਂ ਬਾਅਦ ਅਸੈਂਬਲੀ ਘੇਰਨ ਲਈ ਮਾਰਚ ਕਰਕੇ ਸੜਕਾਂ ‘ਤੇ ਉਤਰੇ ਯੂਥ ਕਾਂਗਰਸੀਆਂ ਉਪਰ ਪੁਲਸ ਵਲੋਂ ਲਾਠੀਚਾਰਜ ਤੋਂ ਇਲਾਵਾ ਪਾਣੀ ਦੀਆਂ ਬੌਛਾਰਾਂ ਕਰਕੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕ ਕੇ ਖਦੇੜਿਆ ਗਿਆ। ਇਸੇ ਦੌਰਾਨ ਪੁਲਸ ਵਲੋਂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ ਸਮੇਤ ਕਈ ਆਗੂਆਂ ਨੂੰ ਗ੍ਰਿਫਤਾਰ ਕਰਕੇ ਬਾਅਦ ‘ਚ ਰਿਹਾਅ ਕਰ ਦਿੱਤਾ ਗਿਆ। ਯੂਥ ਕਾਂਗਰਸ ਵਲੋਂ ਇਹ ਪ੍ਰਦਰਸ਼ਨ ਐੱਸ. ਸੀ. ਵਿਦਿਆਰਥੀਆਂ ਦੇ ਵਜ਼ੀਫੇ ਦੀ ਦੁਰਵਰਤੋਂ ਤੇ ਸਹੀ ਵੰਡ ਨਾ ਹੋਣ ਦੇ ਵਿਰੋਧ ‘ਚ ਕੀਤਾ ਗਿਆ।
ਲਾਲੀ ਨੇ ਕਿਹਾ ਕਿ ਸੱਤਾਧਾਰੀ ਅਕਾਲੀ-ਭਾਜਪਾ ਸਰਕਾਰ ਗਲਤ ਨੀਤੀਆਂ ਅਮਲ ‘ਚ ਲਿਆ ਰਹੀ ਹੈ । ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਸਾਲ 2015-16 ‘ਚ ਅਨੁਸੂਚਿਤ ਜਾਤੀ ਵਜ਼ੀਫ਼ਾ ਯੋਜਨਾ ਦੇ ਤਹਿਤ ਪੰਜਾਬ ਨੂੰ ਜਾਰੀ ਕੀਤੀ ਜਾਣ ਵਾਲੀ 500 ਕਰੋੜ ਰੁਪਏ ਦੀ ਰਾਸ਼ੀ ਰੋਕ ਦਿੱਤੀ ਸੀ, ਕਿਉਂਕਿ ਰਾਜ ਸਰਕਾਰ ਪ੍ਰਮਾਣ ਪੱਤਰ ਦੇਣ ਵਿਚ ਨਾਕਾਮ ਰਹੀ । ਤਦ ਰਾਜ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਘੋਟਾਲੇ ਵਿਚ ਵਿਜੀਲੈਂਸ ਜਾਂਚ ਦੇ ਆਦੇਸ਼ ਦਿੱਤੇ ਸਨ, ਜੋ ਅੱਜ ਤਕ ਸ਼ੁਰੂ ਨਹੀਂ ਹੋ ਪਾਈ । ਇਸ ਤੋਂ ਸਾਫ਼ ਹੁੰਦਾ ਹੈ ਕਿ ਪੰਜਾਬ ਸਰਕਾਰ ਦਲਿਤ ਵਿਦਿਆਰਥੀਆਂ ਦੇ ਪ੍ਰਤੀ ਕਿੰਨੀ ਗੰਭੀਰ ਹੈ ਅਤੇ ਇਹ ਫੰਡ ਸੰਗਤ ਦਰਸ਼ਨ ਅਤੇ ਹੋਰ ਸਰਕਾਰ ਸਬੰਧੀ ਗਤੀਵਿਧੀਆਂ ਲਈ ਇਸਤੇਮਾਲ ਕੀਤੇ ਗਏ ਹਨ ਜਦਕਿ ਅਸਲੀ ਲਾਭਪਾਤਰੀਆਂ ਤਕ ਇਹ ਮੁਨਾਫਾ ਕਦੇ ਪੁੱਜਿਆ ਹੀ ਨਹੀਂ ।

LEAVE A REPLY