3ਜਲੰਧਰ —ਜਨਹਿੱਤ ਮੁਹਿੰਮ ਦੇ ਪ੍ਰਮੁੱਖ ਤੇ ਸਾਬਕਾ ਕਾਂਗਰਸੀ ਆਗੂ ਜਗਮੀਤ ਬਰਾੜ ਨੇ ਕੈਪਟਨ ਅਮਰਿੰਦਰ ਸਿੰਘ ਵਲੋਂ ਉਨ੍ਹਾਂ ਦੀ ਈਮਾਨਦਾਰੀ ‘ਤੇ ਸਿੱਧਾ ਹਮਲਾ ਕਰਕੇ ਦੋਸਤਾਂ ਤੇ ਦੁਸ਼ਮਣਾਂ ਦੀ ਪਰਿਭਾਸ਼ਾ ‘ਤੇ ਤਿੱਖੀ ਟਿੱਪਣੀ ਕੀਤੀ ਹੈ। ਬਰਾੜ ਨੇ ਕਿਹਾ ਕਿ ਅਮਰਿੰਦਰ ਕਦੇ ਵੀ ਚਰਿੱਤਰ ਦੇ ਚੰਗੇ ਜਾਣਕਾਰ ਨਹੀਂ ਰਹੇ ਹਨ ਅਤੇ ਉਨ੍ਹਾਂ ਦਾ ਤਾਜ਼ਾ ਬਿਆਨ ਉਕਤ ਵਿਚਾਰਾਂ ਤੇ ਸਮਝਦਾਰੀ ਦੀ ਕਮੀ ਦਾ ਖੁਲਾਸਾ ਕਰਦਾ ਹੈ। ਦੋਸਤਾਂ ਦੀ ਚੋਣ ਨੂੰ ਲੈ ਕੇ ਕੈਪਟਨ ‘ਤੇ ਤਿੱਖੀ ਟਿੱਪਣੀ ਕਰਦਿਆਂ ਬਰਾੜ ਨੇ ਕਿਹਾ ਕਿ ਅਸੀਂ 120 ਕਰੋੜ ਮਿਹਨਤੀ, ਈਮਾਨਦਾਰ ਲੋਕਾਂ ਦੇ ਦੇਸ਼ ‘ਚ ਰਹਿੰਦੇ ਹਾਂ ਪਰ ਉਨ੍ਹਾਂ ਦੇ ਸੱਚੇ ਦੋਸਤਾਂ ‘ਚ ਇਕ ਪਾਕਿਸਤਾਨੀ ਤੇ ਭ੍ਰਿਸ਼ਟ ਦਲਾਲਾਂ ਦੀ ਮੰਡਲੀ ਹੈ। ਹੰਸ ਰਾਜ ਹੰਸ ਵਲੋਂ ਖੁੱਲ੍ਹੇਆਮ ਵਿਰੋਧ ਕਰਨ ‘ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਅਮਰਿੰਦਰ ਨੇ ਆਪਣੇ ਅਕਾਲੀ ਸਾਂਝੀਦਾਰਾਂ ‘ਚੋਂ ਇਕ ਸਿਆਸੀ ਦੋਸਤ ਉਧਾਰ ਲਿਆ ਸੀ ਪਰ ਉਹ ਕੈਪਟਨ ਦੇ ਡੁੱਬਦੇ ਜਹਾਜ਼ ‘ਚੋਂ ਛਲਾਂਗ ਮਾਰ ਗਏ। ਅਜਿਹੇ ‘ਚ ਅਮਰਿੰਦਰ ਦੂਜਿਆਂ ਨੂੰ ਸਲਾਹ ਦੇਣ ਦੀ ਥਾਂ ਆਪਣੇ ਕੁਨਬੇ ਨੂੰ ਬਚਾਉਣ। ਉਨ੍ਹਾਂ ਕਿਹਾ ਕਿ ਕੈਪਟਨ ਬੇਵਕੂਫਾਂ ਦੇ ਸਵਰਗ ‘ਚ ਰਹਿ ਰਹੇ ਹਨ ਅਤੇ ਮੁੱਖ ਮੰਤਰੀ ਬਣਨ ਦੇ ਸੁਪਨੇ ਦੇਖ ਰਹੇ ਹਨ ਪਰ ਪੰਜਾਬ ਦੇ ਲੋਕ ਉਨ੍ਹਾਂ ਦੇ ਅਸਲੀ ਰੰਗ ਜਾਣਦੇ ਹਨ ਅਤੇ ਉਨ੍ਹਾਂ ਪ੍ਰਤੀ ਮੇਰੀ ਈਮਾਨਦਾਰੀ ਤੇ ਵਚਨਬੱਧਤਾ ਦੀ ਸ਼ਲਾਘਾ ਕਰਦੇ ਹਨ। ਅਜਿਹੇ ‘ਚ ਉਸ ਵਿਅਕਤੀ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ, ਜੋ ਚਮਚਿਆਂ ਨਾਲ ਘਿਰਿਆ ਹੋਇਆ ਹੈ। ਤੁਸੀਂ ਆਪਣੀ ਹਮਦਰਦੀ ਬਾਅਦ ਲਈ ਬਚਾਅ ਕੇ ਰੱਖੋ, ਤੁਹਾਨੂੰ ਜਲਦ ਹੀ ਇਸਦੀ ਲੋੜ ਪਵੇਗੀ।

LEAVE A REPLY