2ਬੇਂਗਲੁਰੂ — ਤਮਿਲਨਾਡੂ ਅਤੇ ਕਰਨਾਟਕ ਦਰਮਿਆਨ ਕਾਵੇਰੀ ਦੇ ਪਾਣੀ ਦਾ ਝਗੜਾ ਹੁਣ ਦਿੱਲੀ ਦਰਬਾਰ ਤਕ ਪਹੁੰਚ ਗਿਆ ਹੈ। ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮੱਈਆ ਨੇ ਕਾਵੇਰੀ ਦੇ ਪਾਣੀ ਦੀ ਵੰਡ ‘ਤੇ ਆਪਣੇ ਨਾਲ ਭਾਰੀ ਬੇਇਨਸਾਫੀ ਦੀ ਗੱਲ ਕਹਿੰਦੇ ਹੋਏ ਬੁੱਧਵਾਰ ਨੂੰ ਪੂਰੀ ਕੈਬਨਿਟ ਨਾਲ ਦਿੱਲੀ ਜਾਣ ਦਾ ਐਲਾਨ ਕੀਤਾ ਹੈ। ਬੇਂਗਲੁਰੂ ‘ਚ ਮੰਗਲਵਾਰ ਵੀ ਹਾਲਾਤ ਖਿਚਾਅ ਭਰਪੂਰ ਰਹੇ। ਹਿੰਸਾ ਦੇ ਡਰ ਕਾਰਨ ਸੂਬਾ ਸਰਕਾਰ ਨੇ ਕੇਂਦਰ ਸਰਕਾਰ ਕੋਲੋਂ ਸੁਰੱਖਿਆ ਫੋਰਸਾਂ ਦੀਆਂ 20 ਹੋਰ ਕੰਪਨੀਆਂ ਮੰਗੀਆਂ ਹਨ। ਪੁਲਸ ਨੇ ਮੰਗਲਵਾਰ ਭੀੜ ਨੂੰ ਕਾਬੂ ਕਰਨ ਲਈ ਫਾਇਰਿੰਗ ਕੀਤੀ, ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਕਾਰਨ ਤਾਜ਼ਾ ਅੰਦੋਲਨ ਦੌਰਾਨ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ ਵੱਧ ਕੇ ਦੋ ਹੋ ਗਈ ਹੈ। ਕਰਨਾਟਕ ਦੇ ਮੁੱਖ ਮੰਤਰੀ ਨੇ ਮੰਤਰੀ ਮੰਡਲ ਦੀ ਹੰਗਾਮੀ ਬੈਠਕ ਪਿੱਛੋਂ ਕਿਹਾ ਕਿ ਸਾਡੇ ਨਾਲ ਲੰਬੇ ਸਮੇਂ ਤੋਂ ਬੇਇਨਸਾਫੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕਾਨੂੰਨ ਆਪਣੇ ਹੱਥ ‘ਚ ਨਹੀਂ ਲੈਣਾ ਚਾਹੀਦਾ। ਸਰਕਾਰੀ ਜਾਇਦਾਦ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ। ਕਰਨਾਟਕ ਸੁਪਰੀਮ ਕੋਰਟ ਦੇ ਫੈਸਲੇ ਦਾ ਸਤਿਕਾਰ ਕਰੇਗਾ।
ਓਧਰ ਤਮਿਲਨਾਡੂ ਦੀਆਂ ਵਿਰੋਧੀ ਪਾਰਟੀਆਂ ਨੇ ਕਾਵੇਰੀ ਵਿਵਾਦ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਖਲ ਦੀ ਮੰਗ ਕੀਤੀ ਹੈ। ਬੇਂਗਲੁਰੂ ਦੇ 16 ਪੁਲਸ ਥਾਣਿਆਂ ‘ਚ ਕਰਫਿਊ ਲੱਗਾ ਹੋਣ ਕਾਰਨ ਮੰਗਲਵਾਰ ਸ਼ਹਿਰ ਵਿਚ ਬੰਦ ਵਰਗੇ ਹਾਲਾਤ ਰਹੇ। ਬੱਸ ਅਤੇ ਮੈਟਰੋ ਸੇਵਾ ਠੱਪ ਰਹੀ।
25000 ਕਰੋੜ ਦਾ ਨੁਕਸਾਨ
ਕਾਵੇਰੀ ਪਾਣੀ ਵਿਵਾਦ ਨੂੰ ਲੈ ਕੇ ਅੰਦੋਲਨ ਕਾਰਨ ਹੁਣ ਤਕ 25000 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਵਪਾਰਕ ਸੰਗਠਨਾਂ ਮੁਤਾਬਕ ਕਰਨਾਟਕ ਖਾਸ ਕਰਕੇ ਬੇਂਗਲੁਰੂ ਵਿਖੇ ਸੜਕੀ, ਰੇਲ ਅਤੇ ਹਵਾਈ ਸੇਵਾਵਾਂ ਵਿਚ ਵਿਘਣ ਪੈਣ ਅਤੇ ਕਾਰਖਾਨਿਆਂ ਦੇ ਬੰਦ ਰਹਿਣ ਕਾਰਨ 25000 ਕਰੋੜ ਰੁਪਏ ਦੇ ਨੁਕਸਾਨ ਦਾ ਅੰਦਾਜ਼ਾ ਹੈ।

LEAVE A REPLY