8ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮੰਗ ਕੀਤੀ ਹੈ ਕਿ ਵਿਧਾਨ ਸਭਾ ਵਿਚ ਦਲਿਤ ਵਿਧਾਇਕ ਤਰਲੋਚਨ ਸਿੰਘ ਸੂੰਢ ਖਿਲਾਫ ਜਾਤੀਵਾਦੀ ਟਿਪਣੀ ਕਰਨ ਦੇ ਮਾਮਲੇ ਵਿਚ ਅਕਾਲੀ ਦਲ ਦੇ ਵਿਧਾਇਕ ਵਿਰਸਾ ਸਿੰਘ ਵਲਟੋਹਾ ਖਿਲਾਫ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਜਾਵੇ| ਅੱਜ ਇਕ ਪੱਤਰਕਾਰ ਸੰਮੇਲਨ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਿਰਸਾ ਸਿੰਘ ਵਲਟੋਹਾ ਦੀ ਗ੍ਰਿਫਤਾਰੀ ਲਈ ਕਾਂਗਰਸ ਪਾਰਟੀ ਭਲਕੇ ਐਤਵਾਰ ਨੂੰ ਪੰਜਾਬ ਭਰ ਵਿਚ ਬਲਾਕ ਪੱਧਰ ‘ਤੇ ਪ੍ਰਦਰਸ਼ਨ ਕਰੇਗੀ|
ਇਸ ਤੋਂ ਇਲਾਵਾ ਪੰਜਾਬ ਕਾਂਗਰਸ ਵਿਧਾਈ ਪਾਰਟੀ ਦੇ ਮੁਖੀ ਤੇ ਵਿਰੋਧੀ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਨੇ ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ ਨੁੰ ਤਰਲੋਚਨ ਸਿੰਘ ਸੂੰਢ ਖਿਲਾਫ ਜਾਤੀਵਾਦੀ ਟਿੱਪਣੀ ਦੇ ਮਾਮਲੇ ‘ਚ ਅਕਾਲੀ ਦਲ ਦੇ ਵਿਧਾਇਕ ਵਿਰਸਾ ਸਿੰਘ ਵਲਟੋਹਾ ਉਪਰ ਕੇਸ ਦਰਜ ਕਰਵਾਉਣ ਦੀ ਅਪੀਲ ਕੀਤੀ ਹੈ।
ਇਕ ਬਿਆਨ ਰਾਹੀਂ ਚੰਨੀ ਨੇ ਕਿਹਾ ਹੈ ਕਿ ਇਹ ਬਹੁਤ ਹੀ ਗੰਭੀਰ ਮਾਮਲਾ ਹੈ, ਜਿਸ ‘ਚ ਦੋਸ਼ੀ ਖਿਲਾਫ ਕਾਰਵਾਈ ਹੋਣੀ ਜ਼ਰੂਰੀ ਹੈ। ਕਿਉਂਕਿ ਸੂੰਢ ਖਿਲਾਫ ਜਾਤੀਵਾਦੀ ਟਿੱਪਣੀ ਹਾਊਸ ‘ਚ ਕੀਤੀ ਗਈ ਹੈ, ਅਜਿਹੇ ‘ਚ ਸਪੀਕਰ ਨੂੰ ਵਲਟੋਹਾ ਖਿਲਾਫ ਕੇਸ ਦਰਜ ਕਰਵਾਉਣਾ ਚਾਹੀਦਾ ਹੈ, ਜਿਨ੍ਹਾਂ ਨੂੰ ਕਾਨੂੰਨ ਮੁਤਾਬਿਕ ਤੁਰੰਤ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਦੇ ਵਿਧਾਇਕ ਨੇ ਸੂੰਦ ਖਿਲਾਫ ਗਲਤ ਸ਼ਬਦਾਂ ਦੀ ਵਰਤੋਂ ਕਰਦਿਆਂ ਪੂਰੇ ਦਲਿਤ ਸਮਾਜ ਨੂੰ ਠੇਸ ਪਹੁੰਚਾਈ ਹੈ, ਜਿਸ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ। ਹਾਊਸ ਦੇ ਨਿਗਰਾਨ ਹੋਣ ਵਜੋਂ ਕੇਸ ਦਰਜ਼ ਕਰਨ ਦੀ ਸਿਫਾਰਿਸ਼ ਕਰਨਾ ਸਪੀਕਰ ਦੇ ਅਧਿਕਾਰ ਹਿੱਤ ਆਉਂਦਾ ਹੈ।
ਉਨ੍ਹਾਂ ਨੇ ਯਾਦ ਦਿਲਾਇਆ ਕਿ ਵਾਚ ਤੇ ਵਾਰਡ ਸਟਾਫ ਦੇ ਇਕ ਮੈਂਬਰ ਖਿਲਾਫ ਮਾਰਚ, 2013 ‘ਚ ਸਮਾਨ ਕਾਰਵਾਈ ਕੀਤੀ ਗਈ ਸੀ, ਭਾਵੇਂ ਉਹ ਘਟਨਾ ਹਾਊਸ ਤੋਂ ਬਾਹਰ ਦੀ ਸੀ, ਲੇਕਿਨ ਵਿਧਾਨ ਸਭਾ ਪਰਿਸਰ ਦੇ ਅੰਦਰ ਸੀ।
ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਹੀ ਗੰਭੀਰ ਮੁੱਦਾ ਹੈ, ਕਿਉਂਕਿ ਇਕ ਸੱਤਾਧਾਰੀ ਪਾਰਟੀ ਦੇ ਵਿਧਾਇਕ ਨੇ ਇਕ ਸੀਨੀਅਰ ਦਲਿਤ ਵਿਧਾਇਕ ਖਿਲਾਫ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਹੈ ਅਤੇ ਹਾਲਾਤ ਉਸਦੇ ਖਿਲਾਫ ਤੁਰੰਤ ਕੇਸ ਦਰਜ ਕਰਨ ਤੇ ਉਸਨੂੰ ਗ੍ਰਿਫਤਾਰ ਕੀਤੇ ਜਾਣ ਦੀ ਲੋੜ ਉਪਰ ਜ਼ੋਰ ਦਿੰਦੇ ਹਨ।
ਉਨ੍ਹਾਂ ਨੇ ਅਕਾਲੀਆਂ ਦੀ ਦਲਿਤ ਵਿਰੋਧੀ ਹੋਣ ਵਜੋਂ ਨਿੰਦਾ ਕੀਤੀ ਅਤੇ ਆਪਣੇ ਹਮਲੇ ਨੂੰ ਹੋਰ ਤੇਜ਼ ਕਰਦਿਆਂ ਹਾਲੇ ‘ਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਆਪਣੇ ਹੀ ਲੰਬੀ ਵਿਧਾਨ ਸਭਾ ਹਲਕੇ ‘ਚ ਸੰਗਤ ਦਰਸ਼ਨ ਮੌਕੇ ਗਲਤ ਵਤੀਰੇ ਕਾਰਨ ਦੋ ਦਲਿਤ ਔਰਤਾਂ ਵੱਲੋਂ ਉਨ੍ਹਾਂ ਖਿਲਾਫ ਕੀਤੇ ਗਏ ਪ੍ਰਦਰਸ਼ਨ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਜੇ ਖੁਦ ਮੁੱਖ ਮੰਤਰੀ ਦੇ ਹਲਕੇ ‘ਚ ਅਜਿਹੀ ਘਟਨਾ ਹੋ ਸਕਦੀ ਹੈ, ਤਾਂ ਦਲਿਤਾਂ ਖਿਲਾਫ ਅਜਿਹੇ ਵਤੀਰੇ ਦਾ ਕੋਈ ਵੀ ਅੰਦਾਜ਼ਾ ਲਗਾ ਸਕਦਾ ਹੈ।
ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਕਾਂਗਰਸ ਉਦੋਂ ਤੱਕ ਅਰਾਮ ਨਾਲ ਨਹੀਂ ਬੈਠੇਗੀ, ਜਦੋਂ ਤੱਕ ਵਲਟੋਹਾ ਨੂੰ ਦਲਿਤਾਂ ਦੇ ਅਪਮਾਨ ਲਈ ਜ਼ੇਲ੍ਹ ‘ਚ ਨਹੀਂ ਭੇਜਿਆ ਜਾਂਦਾ।

LEAVE A REPLY