bikram_singh_majithia_pti_650ਲੁਧਿਆਣਾ : ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਕੈਬਨਿਟ ਮੰਤਰੀ ਸ੍ਰ. ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸੀ ਵਿਧਾਨਕਾਰਾਂ ‘ਤੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੇ ਲੰਘੇ ਦਿਨਾਂ ਦੌਰਾਨ ਪੰਜਾਬ ਵਿਧਾਨ ਸਭਾ ਵਿੱਚ ਜੋ ਕਿਰਦਾਰ ਦਿਖਾਇਆ ਹੈ, ਉਸ ਨਾਲ ਲੋਕਤੰਤਰੀ ਕਦਰਾਂ ਕੀਮਤਾਂ ਦਾ ਘਾਣ ਹੋਇਆ ਹੈ। ਕਾਂਗਰਸੀਆਂ ਵੱਲੋਂ ਵਿਧਾਨ ਸਭਾ ਵਿੱਚ ਵਰਤੀ ਭੱਦੀ ਸ਼ਬਦਾਵਲੀ ਨਾਲ ਲੋਕਤੰਤਰ ਵਿੱਚ ਵਿਸ਼ਵਾਸ਼ ਰੱਖਣ ਵਾਲੇ ਦੇਸ਼ ਵਾਸੀਆਂ ਦੇ ਹਿਰਦਿਆਂ ਨੂੰ ਭਾਰੀ ਸੱਟ ਵੱਜੀ ਹੈ।
ਅੱਜ ਸਥਾਨਕ ਗੁਰਦੁਆਰਾ ਸਿੰਘ ਸਭਾ ਸਰਾਭਾ ਨਗਰ ਵਿਖੇ ਸ੍ਰ. ਪਰਮਿੰਦਰ ਸਿੰਘ ਬਰਾੜ (ਉੱਪ ਮੁੱਖ ਮੰਤਰੀ ਦੇ ਵਿਸ਼ੇਸ਼ ਕਾਰਜ ਅਫ਼ਸਰ) ਦੇ ਦਾਦੀ ਜਗਦੀਸ਼ ਕੌਰ ਬਰਾੜ ਦੀ ਅੰਤਿਮ ਅਰਦਾਸ ਸਮਾਗਮ ਵਿੱਚ ਸ਼ਿਰਕਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੈਰ ਰਸਮੀਂ ਗੱਲਬਾਤ ਕਰਦਿਆਂ ਸ੍ਰ. ਮਜੀਠੀਆ ਨੇ ਕਿਹਾ ਕਿ ਲੰਘੇ ਦਿਨਾਂ ਦੌਰਾਨ ਪੰਜਾਬ ਵਿਧਾਨ ਸਭਾ ਵਿੱਚ ਕਾਂਗਰਸੀ ਵਿਧਾਨਕਾਰਾਂ ਵੱਲੋਂ ਜਿਸ ਤਰ੍ਹਾਂ ਦੀ ਸ਼ਬਦਾਵਲੀ ਅਤੇ ਵਿਧਾਨ ਸਭਾ ਸੈਸ਼ਨ ਵਿੱਚ ਰੁਕਾਵਟਾਂ ਪਾਉਣ ਲਈ ਜੋ ਹਥਕੰਡੇ ਵਰਤੇ, ਉਸ ਨਾਲ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰੀ ਦੇਸ਼ ਵਿੱਚ ਲੋਕਤੰਤਰੀ ਕਦਰਾਂ ਕੀਮਤਾਂ ਦਾ ਘਾਣ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿਸ ਸਦਨ ਵਿੱਚ ਪਾਣੀ ਤੱਕ ਸਦਨ ਦੇ ਪ੍ਰਧਾਨ ਦੀ ਆਗਿਆ ਤੋਂ ਬਿਨ੍ਹਾ ਅੰਦਰ ਨਹੀਂ ਜਾ ਸਕਦਾ, ਉਸ ਸਦਨ ਵਿੱਚ ਕਾਂਗਰਸੀ ਵਿਧਾਨਕਾਰਾਂ ਵੱਲੋਂ ਰੋਟੀ ਅਤੇ ਕਥਿਤ ਤੌਰ ‘ਤੇ ਹੋਰ ਗੈਰ ਸੱਭਿਅਕ ਖਾਣਿਆਂ ਦੀ ਵਰਤੋਂ ਕਰਨ ਨਾਲ ਸਦਨ ਦੀ ਮਰਿਆਦਾ ਭੰਗ ਹੋਈ ਹੈ।
ਆਮ ਆਦਮੀ ਪਾਰਟੀ ਦੇ ਨੇਤਾਵਾਂ ਵੱਲੋਂ ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾਉਣ ਲਈ ਲਗਾਤਾਰ ਕੀਤੀਆਂ ਜਾ ਰਹੀਆਂ ਕੋਝੀਆਂ ਹਰਕਤਾਂ ਬਾਰੇ ਪੁੱਛੇ ਜਾਣ ‘ਤੇ ਸ੍ਰ. ਮਜੀਠੀਆ ਨੇ ਕਿਹਾ ਕਿ ‘ਆਪ’ ਦੇ ਆਗੂ ਗੈਰ ਪੰਜਾਬੀ ਅਤੇ ਸੱਤ੍ਹਾ ਦੇ ਭੁੱਖੇ ਹਨ। ਇਨ੍ਹਾਂ ਆਗੂਆਂ ਨੂੰ ਸਿੱਖ ਧਰਮ ਅਤੇ ਕਦਰਾਂ ਕੀਮਤਾਂ ਨਾਲ ਉੱਕਾ ਹੀ ਕੁਝ ਲੈਣਾ ਦੇਣਾ ਨਹੀਂ ਹੈ। ਇਹ ਕਦੇ ਸਿੱਖਾਂ ਦੇ ਸਰਬਉੱਚ ਧਾਰਮਿਕ ਸਥਾਨ ਸ੍ਰੀ ਦਰਬਾਰ ਸਾਹਿਬ ਨਾਲ ਝਾੜੂ ਦੀ ਤਸਵੀਰ ਲਗਾ ਦਿੰਦੇ ਹਨ, ਪਾਰਟੀ ਦੇ ਮੈਨੀਫੈਸਟੋ ਦੀ ਤੁਲਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਕਰਦੇ ਹਨ ਅਤੇ ਹੁਣ ਇਸ ਪਾਰਟੀ ਦੇ ਸੂਬਾ ਕਨਵੀਨਰ ਵੱਲੋਂ ਅਰਵਿੰਦ ਕੇਜਰੀਵਾਲ ਦੀ ਤੁਲਨਾ ਪੰਜ ਪਿਆਰੇ ਸਾਹਿਬਾਨ ਨਾਲ ਕੀਤੀ ਗਈ ਹੈ। ਇਨ੍ਹਾਂ ਸਾਰੀਆਂ ਹਰਕਤਾਂ ਨਾਲ ਸਿੱਖ ਹਿਰਦਿਆਂ ਨੂੰ ਭਾਰੀ ਠੇਸ ਪੁੱਜੀ ਹੈ, ਜਿਸ ਨੂੰ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਆਪ ਪਾਰਟੀ ਨੂੰ ਪੰਜਾਬ ਅਤੇ ਪੰਜਾਬੀਆਂ ਲਈ ਪਾਪੀ ਪਾਰਟੀ ਕਿਹਾ।
ਉਨ੍ਹਾਂ ਆਪ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਦੇ ਪਿਛਲੇ ਦਿਨਾਂ ਦੌਰਾਨ ਪਾਰਟੀ ਦੀਆਂ ਗਤੀਵਿਧੀਆਂ ਤੋਂ ਲਾਂਭੇ ਹੋ ਜਾਣ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਇਸ ਪਾਰਟੀ ਨੂੰ ਪੰਜਾਬ ਜਾਂ ਪੰਜਾਬੀ ਨੇਤਾਵਾਂ ਨਾਲ ਕੁਝ ਵੀ ਲੈਣਾ ਦੇਣਾ ਨਹੀਂ ਹੈ। ਇਸ ਪਾਰਟੀ ਵੱਲੋਂ ਤਾਂ ਪੰਜਾਬੀ ਨੇਤਾਵਾਂ ਨੂੰ ਆਪਣੇ ਮਕਸਦ ਲਈ ਵਰਤ ਕੇ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਦਿਖਾਉਣ ਦੀ ਨੀਤੀ ਅਪਣਾਈ ਹੋਈ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਸਾਬਕਾ ਕਨਵੀਨਰ ਸ੍ਰ. ਸੁੱਚਾ ਸਿੰਘ ਛੋਟੇਪੁਰ ਨੇ ਆਪ ਨੂੰ ਸੂਬੇ ਵਿੱਚ ਖੜ੍ਹਾ ਕਰਨ ਲਈ ਦਿਨ ਰਾਤ ਮਿਹਨਤ ਕੀਤੀ ਪਰ ਅੰਤ ਉਸ ਨੂੰ ਵੀ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ, ਜਿਸ ਤੋਂ ਸਪੱਸ਼ਟ ਹੈ ਕਿ ਇਹ ਪਾਰਟੀ ਕਦੇ ਵੀ ਪੰਜਾਬ ਅਤੇ ਇਥੋਂ ਦੇ ਲੋਕਾਂ ਦੇ ਹਿੱਤਾਂ ਬਾਰੇ ਨਹੀਂ ਸੋਚ ਸਕਦੀ।
ਇਸ ਤੋਂ ਪਹਿਲਾਂ ਉਨ੍ਹਾਂ ਮਾਤਾ ਜਗਦੀਸ਼ ਕੌਰ ਬਰਾੜ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਜਾਣ ਨਾਲ ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਸਰਕਾਰ ਨੂੰ ਬਹੁਤ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਬਰਾੜ ਪਰਿਵਾਰ ਦੀਆਂ ਪਾਰਟੀ ਅਤੇ ਪੰਜਾਬ ਪ੍ਰਤੀ ਸੇਵਾਵਾਂ ਨੂੰ ਕਦੇ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਬਰਾੜ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿੱਚ ਚੱਟਾਨ ਵਾਂਗ ਖੜੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਸ੍ਰ. ਤੋਤਾ ਸਿੰਘ, ਕੈਬਨਿਟ ਮੰਤਰੀ ਸ੍ਰ. ਅਜੀਤ ਸਿੰਘ ਕੋਹਾੜ, ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਵਿਧਾਇਕ ਸ੍ਰ. ਮਨਪ੍ਰੀਤ ਸਿੰਘ ਇਯਾਲੀ, ਵਿਧਾਇਕ ਸ੍ਰੀ ਐੱਸ. ਆਰ. ਕਲੇਰ, ਵਿਧਾਇਕ ਸ੍ਰ. ਦਰਸ਼ਨ ਸਿੰਘ ਸ਼ਿਵਾਲਿਕ, ਉÎੱਪ ਮੁੱਖ ਮੰਤਰੀ ਦੇ ਸਲਾਹਕਾਰ ਸ੍ਰ. ਮਨਜਿੰਦਰ ਸਿੰਘ ਸਿਰਸਾ, ਸਾਬਕਾ ਸੰਸਦ ਮੈਂਬਰ ਸ੍ਰ. ਅਮਰੀਕ ਸਿੰਘ ਆਲੀਵਾਲ, ਸਾਬਕਾ ਮੰਤਰੀ ਸ੍ਰ. ਹੀਰਾ ਸਿੰਘ ਗਾਬੜੀਆ, ਮੇਅਰ ਸ੍ਰ. ਹਰਚਰਨ ਸਿੰਘ ਗੋਹਲਵੜੀਆ, ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ, ਡਿਪਟੀ ਕਮਿਸ਼ਨਰ ਪੁਲਿਸ ਸ੍ਰੀ ਧਿਰੂਮਨ ਨਿੰਬਲੇ, ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਸਾਹਿਤਕਾਰ ਪ੍ਰੋ. ਗੁਰਭਜਨ ਸਿੰਘ ਗਿੱਲ, ਸੀਨੀਅਰ ਯੂਥ ਅਕਾਲੀ ਆਗੂ ਸ੍ਰ. ਮੀਤਪਾਲ ਸਿੰਘ ਦੁੱਗਰੀ, ਸੀਨੀਅਰ ਯੂਥ ਅਕਾਲੀ ਆਗੂ ਸ੍ਰ. ਪ੍ਰਭਜੋਤ ਸਿੰਘ ਧਾਲੀਵਾਲ, ਸੀਨੀਅਰ ਯੂਥ ਅਕਾਲੀ ਆਗੂ ਸ੍ਰ. ਸਿਮਰਨਜੀਤ ਸਿੰਘ ਢਿੱਲੋਂ, ਸ੍ਰ. ਹਰਪ੍ਰੀਤ ਸਿੰਘ ਸ਼ਿਵਾਲਿਕ, ਸ੍ਰ. ਰਵਿੰਦਰ ਸਿੰਘ ਬ੍ਰਹਮਪੁਰਾ, ਜ਼ਿਲ੍ਹਾ ਪ੍ਰਧਾਨ ਸ੍ਰ. ਹਰਭਜਨ ਸਿੰਘ ਡੰਗ, ਪੀ. ਆਰ. ਟੀ. ਸੀ. ਦੇ ਉੱਪ ਚੇਅਰਮੈਨ ਸ੍ਰ. ਵਿਨਰਜੀਤ ਸਿੰਘ ਗੋਲਡੀ, ਸ੍ਰ. ਨਿਰਮਲ ਸਿੰਘ ਐੱਸ. ਐੱਸ. ਅਤੇ ਹੋਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

LEAVE A REPLY