7ਚੰਡੀਗੜ : ਭਾਰਤੀ ਜਨਤਾ ਪਾਰਟੀ ਪੰਜਾਬ ਨੇ ਨਵਰਾਤਰਿਆਂ ਦੇ ਦੂਸਰੇ ਦਿਨ 2 ਅਕਤੂਬਰ ਨੂੰ ਕਾਰਜਕਾਰਨੀ ਦੀ ਇਕ ਰੋਜਾ ਅਹਿਮ ਬੈਠਕ ਪਠਾਨਕੋਟ ਵਿਖੇ ਬੁਲਾ ਲਈ ਹੈ। ਸੂਬਾ ਪ੍ਰਧਾਨ ਤੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਦੀ ਪ੍ਰਧਾਨਗੀ ਹੇਠ ਹੋਣ ਜਾ ਰਹੀ ਇਸ ਬੈਠਕ ਵਿਚ ਭਾਜਪਾ ਦੇ ਕੌਮੀ ਮੀਤ ਪ੍ਰਧਾਨ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਪ੍ਰਭਾਤ ਝਾਅ ਵਿਸ਼ੇਸ਼ ਰੂਪ ਵਿਚ ਸ਼ਿਰਕਤ ਕਰਨਗੇ।
ਭਾਜਪਾ ਦੇ ਸੂਬਾ ਸਕੱਤਰ ਵਿਨੀਤ ਜੋਸ਼ੀ ਨੇ ਦੱਸਿਆ ਕਿ ਪਠਾਨਕੋਟ ਦੇ ਨਗਰ ਸੁਧਾਰ ਟਰੱਸਟ ਆਡੀਟੋਰੀਅਮ ਵਿਚ ਸਵੇਰੇ ਸਾਢੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲਣ ਵਾਲੀ ਇਸ ਬੈਠਕ ਵਿਚ ਜਥੇਬੰਦਕ ਵਿਸ਼ਿਆਂ, ਸੂਬਾ ਕਾਰਜਕਾਰਨੀ ਤੇ ਵੱਖ-ਵੱਖ ਮੋਰਚਿਆਂ ਵਲੋਂ ਹੁਣ ਤੱਕ ਕੀਤੇ ਗਏ ਪ੍ਰੋਗਰਾਮਾਂ ਦੀ ਰਿਪੋਰਟ ਤੋਂ ਇਲਾਵਾ ਸੂਬੇ ਦੀ ਤਾਜ਼ਾ ਰਾਜਨੀਤਿਕ ਸਥਿਤੀ ਬਾਰੇ ਮਤਿਆਂ ਅਤੇ ਆਗਾਮੀ ਵਿਧਾਨ ਸਭਾ ਚੋਣਾਂ ਦੀ ਰਣਨੀਤੀ ਉਤੇ ਵੀ ਵਿਚਾਰ ਚਰਚਾ ਹੋਵੇਗੀ।
ਕਾਬਿਲੇਗੌਰ ਹੈ ਕਿ ਪਠਾਨਕੋਟ ਭਾਜਪਾ ਦਾ ਗੜ ਹੈ, ਜਿਥੇ ਮੌਜੂਦਾ ਤਿੰਨੇ ਵਿਧਾਇਕ ਤੇ ਪਾਰਲੀਮੈਂਟ ਮੈਂਬਰ ਭਾਰਤੀ ਜਨਤਾ ਪਾਰਟੀ ਦੇ ਹਨ। ਇਸ ਤੋਂ ਇਲਾਵਾ ਜਿਲਾ ਪ੍ਰੀਸ਼ਦ ਦੇ ਚੇਅਰਮੈਨ ਵੀ ਭਾਜਪਾ ਦੇ ਹੀ ਹਨ। ਭਾਜਪਾ ਨੇ ਜਥੇਬੰਦਕ ਮਾਮਲਿਆਂ ਤੋਂ ਇਲਾਵਾ ਆਗਾਮੀ ਵਿਧਾਨ ਸਭਾ ਚੋਣਾਂ ਵਾਸਤੇ ਰਣਨੀਤੀ ਤਿਆਰ ਕਰਨ ਲਈ ਪਠਾਨਕੋਟ ਨੂੰ ਹੀ ਆਪਣੀ ਦੂਸਰੀ ਕਾਰਜਕਾਰਨੀ ਬੈਠਕ ਲਈ ਚੁਣਿਆ ਹੈ।
ਵਿਨੀਤ ਜੋਸ਼ੀ ਨੇ ਦੱਸਿਆ ਕਿ ਇਸ ਬੈਠਕ ਵਿਚ ਪੰਜਾਬ ਭਾਜਪਾ ਦੇ ਅਹੁਦੇਦਾਰ ਤੇ ਸੂਬਾ ਕਾਰਜਕਾਰਨੀ ਮੈਂਬਰ, ਸਪੈਸ਼ਲ ਇਨਵਾਇਟੀ ਤੇ ਸਥਾਈ ਮੈਂਬਰਾਂ, ਰਾਸ਼ਟਰੀ ਅਹੁਦੇਦਾਰ, ਕਾਰਜਸੰਮਤੀ ਤੇ ਰਾਸ਼ਟਰੀ ਪ੍ਰੀਸ਼ਦ ਦੇ ਮੈਂਬਰ, ਮੈਂਬਰ ਪਾਰਲੀਮੈਂਟ, ਮੰਤਰੀ, ਵਿਧਾਇਕ ਤੇ ਜਥੇਬੰਦਕ ਹਲਕਾ ਇੰਚਾਰਜ, ਮੇਅਰ, ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਤੇ ਨਗਰ ਪਾਲਿਕਾ ਪ੍ਰਧਾਨ, ਬੋਰਡਾਂ, ਕਾਰਪੋਰੇਸ਼ਨਾਂ, ਜਿਲਾ ਯੋਜਨਾ ਬੋਰਡਾਂ ਤੇ ਨਗਰ ਸੁਧਾਰ ਟਰੱਸਟਾਂ ਦੇ ਚੇਅਰਮੈਨ, ਸੂਬਾਈ ਬੁਲਾਰੇ, ਮੋਰਚਿਆਂ ਦੇ ਸੂਬਾ ਪ੍ਰਧਾਨ ਤੇ ਜਨਰਲ ਸਕੱਤਰ, ਜਿਲਾ ਪ੍ਰਧਾਨ ਅਤੇ ਜਨਰਲ ਸਕੱਤਰ ਹਿੱਸਾ ਲੈਣਗੇ। ਉਨਾਂ ਕਿਹਾ ਕਿ ਪ੍ਰੋਗਰਾਮ ਦੌਰਾਨ ਭਾਜਪਾ ਵਲੋਂ ਕਰਵਾਏ ਜਾਣ ਵਾਲੇ ਅਭਿਆਸ ਕੈਂਪ ਦੀ ਅਗਲੀ ਤਰੀਕ ਵੀ ਦੱਸੀ ਜਾਵੇਗੀ।

LEAVE A REPLY