3ਪਟਿਆਲਾ : ਸੈਂਟਰਲ ਜੇਲ੍ਹ ਪਟਿਆਲਾ ਵਿੱਚ ਬੰਦ ਕੈਦੀਆਂ ਦੀਆਂ ਤਸਵੀਰਾਂ ਅੱਜਕੱਲ੍ਹ ਫੇਸਬੁੱਕ ‘ਤੇ ਵਾਈਰਲ ਹੋ ਰਹੀਆਂ ਹਨ। ਕੈਦੀ ਜੇਲ੍ਹ ਅੰਦਰ ਬੰਦ ਤਸਵੀਰਾਂ ਖਿੱਚਣ ਤੋਂ ਇਲਾਵਾ ਪੇਸ਼ੀ ‘ਤੇ ਜਾਂਦੇ ਸਮੇਂ ਮੁਲਾਜ਼ਮਾਂ ਨਾਲ ਸੈਲਫੀ ਲੈ ਕੇ ਫੇਸਬੁੱਕ ‘ਤੇ ਅਪਲੋਡ ਕਰ ਰਹੇ ਹਨ। ਇਹ ਤਸਵੀਰਾਂ ਸੁੱਖਾ ਕਾਹਲਵਾਂ ਤੇ ਗਾਂਧੀ ਗਰੁੱਪ ਦੇ ਸਮਰਥਕਾਂ ਤੋਂ ਇਲਾਵਾ ਅਮਨ ਵਿਰਕ ਨਾਮ ਦੇ ਫੇਸਬੁੱਕ ਪ੍ਰੋਫਾਈਲ ਤੋਂ ਅਪਲੋਡ ਕੀਤੀਆਂ ਜਾ ਰਹੀਆਂ ਹਨ।
ਗੈਂਗਸਟਰ ਤੇ ਸ਼ਾਰਪ ਸ਼ੂਟਰ ਦਲਜੀਤ ਭਾਨਾ ਨੇ ਸਾਬਕਾ ਸੀ.ਐਮ. ਬੇਅੰਤ ਸਿੰਘ ਕਤਲ ਕੇਸ ਵਿੱਚ ਦੋਸ਼ੀ ਕਰਾਰ ਬਲਵੰਤ ਸਿੰਘ ਰਾਜੋਆਣਾ ਨਾਲ ਸੈਂਟਰਲ ਜੇਲ੍ਹ ਪਟਿਆਲਾ ਅੰਦਰ ਆਪਣੀ ਤਸਵੀਰ ਖਿੱਚਣ ਤੋਂ ਬਾਅਦ ਇਸ ਨੂੰ ਫੇਸਬੁੱਕ ‘ਤੇ ਪੋਸਟ ਕਰ ਦਿੱਤਾ। ਇਹ ਫੇਸਬੁੱਕ ‘ਤੇ ਬਣੇ ਸੈਂਟਰਲ ਜੇਲ੍ਹ ਨਾਮ ‘ਤੇ ਬਣੇ ਪੇਜ਼ ‘ਤੇ ਅਪਲੋਡ ਕੀਤਾ ਜਾ ਰਿਹਾ ਹੈ। ਇਸ ਬਾਰੇ ਜੇਲ੍ਹ ਪ੍ਰਸ਼ਾਸਨ ਪੂਰੀ ਤਰ੍ਹਾਂ ਅਣਜਾਣ ਹੈ। ਇਹ ਤਸਵੀਰਾਂ ਅਗਸਤ ਸਤੰਬਰ ਮਹੀਨੇ ਦੌਰਾਨ ਅਪਲੋਡ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਕੁਝ ਤਸਵੀਰਾਂ ਪੁਰਾਣੀਆਂ ਵੀ ਹਨ।
ਦੱਸਣਯੋਗ ਹੈ ਕਿ ਸੈਂਟਰਲ ਜੇਲ੍ਹ ਵਿੱਚ ਕੋਈ ਜੈਮਰ ਨਹੀਂ ਹੈ। ਜੇਲ੍ਹ ਦੇ ਅਡੀਸ਼ਨਲ ਸੁਪਰਡੈਂਟ ਮਨਜੀਤ ਸਿੰਘ ਸਿੱਧੂ ਨੇ ਕਿਹਾ, ‘ਫੇਸਬੁੱਕ ‘ਤੇ ਐਕਟਿਵ ਕੈਦੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਫੇਸਬੁੱਕ ‘ਤੇ ਫੋਟੋ ਅਪਲੋਡ ਕਰਨ ਵਾਲੇ ਕੈਦੀਆਂ ਦੇ ਨਾਮ ਨੋਟ ਕਰ ਲਏ ਗਏ ਹਨ। ਫੇਸਬੁੱਕ ਦੀ ਵਰਤੋਂ ਕਰਨ ਵਾਲੇ ਆਈ.ਪੀ. ਅਡਰੈੱਸ ਤੇ ਨੰਬਰ ਜ਼ਰੀਏ ਸਾਈਬਰ ਸੈੱਲ ਦੀ ਮਦਦ ਨਾਲ ਮੁਲਜ਼ਮਾਂ ਦੀ ਪਛਾਣ ਕਰ ਐਕਸ਼ਨ ਲਵਾਂਗੇ।’

LEAVE A REPLY