4ਨਵੀਂ ਦਿੱਲੀ  :  ਯੁੱਧ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ, ਇਹ ਗੱਲ ਭਾਰਤ ‘ਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਅਬਦੁੱਲ ਬਾਸਿਤ ਨੇ ਕੋਲਕਾਤਾ ਦੇ ਇਕ ਅੰਗਰੇਜ਼ੀ ਅਖਬਾਰ ਨੂੰ ਦਿੱਤੇ ਇੰਟਰਵਿਊ ਦੌਰਾਨ ਕਹੀ। ਉਨ੍ਹਾਂ ਨੇ ਭਾਰਤ ਦੇ ਇਸ ਦੋਸ਼ ਨੂੰ ਸਿਰੇ ਤੋਂ ਖਾਰਜ ਕੀਤਾ ਕਿ ਪਾਕਿਸਤਾਨ ਅੱਤਵਾਦੀ ਰਾਸ਼ਟਰ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੀ ਬਿਆਨਬਾਜ਼ੀ ਨਾਲ ਕੁਝ ਨਹੀਂ ਹੋਵੇਗਾ। ਬਾਸਿਤ ਨੇ ਕਿਹਾ ਕਿ ਅਸੀਂ ਮੁਸ਼ਕਲ ਸਥਿਤੀ ‘ਚ ਹਾਂ ਪਰ ਅਸੀਂ ਯੁੱਧ ਬਾਰੇ ਨਹੀਂ ਸੋਚ ਰਹੇ ਹਾਂ। ਯੁੱਧ ਕੋਈ ਹੱਲ ਨਹੀਂ ਹੈ, ਇਸ ਨਾਲ ਹੋਰ ਮੁਸ਼ਕਲਾਂ ਪੈਦਾ ਹੁੰਦੀਆਂ ਹਨ। ਸਾਨੂੰ ਆਪਣੇ ਭਾਸ਼ਣਾਂ ਨੂੰ ਅਸਰਦਾਰ ਬਣਾਉਣ ਲਈ ਅਜਿਹੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ। ਦੋਹਾਂ ਪੱਖਾਂ ਨੂੰ ਸਮਝਦਾਰੀ ਦਿਖਾਉਣੀ ਹੋਵੇਗੀ ਅਤੇ ਗੱਲਬਾਤ ਨੂੰ ਕੁਝ ਸਮੇਂ ਲਈ ਕਿਨਾਰੇ ਰੱਖਿਆ ਜਾ ਸਕਦਾ ਹੈ ਪਰ ਸਾਡੀਆਂ ਚੁਣੌਤੀਆਂ ਦਾ ਹੱਲ ਗੱਲਬਾਤ ਅਤੇ ਸ਼ਾਂਤੀਪੂਰਨ ਉਪਾਵਾਂ ਨਾਲ ਹੀ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਉਮੀਦ ਹੈ ਕਿ ਡਿਪਲੋਮੈਟਿਕ ਢੰਗ ਨਾਲ ਸਮੱਸਿਆਵਾਂ ਦਾ ਹੱਲ ਕਰ ਲਿਆ ਜਾਵੇਗਾ।
ਬਾਸਿਤ ਨੇ ਪਾਕਿਸਤਾਨ ‘ਤੇ ਅੱਤਵਾਦੀ ਰਾਸ਼ਟਰ ਦਾ ਠੱਪਾ ਲਾਏ ਜਾਣ ਦੀਆਂ ਕੋਸ਼ਿਸ਼ਾਂ ‘ਤੇ ਕਿਹਾ ਕਿ ਪਾਕਿਸਤਾਨ ਵੀ ਇਸ ਤਰ੍ਹਾਂ ਦੇ ਮੁਹਾਵਰੇ ਦੇ ਸਕਦਾ ਹੈ ਪਰ ਇਸ ਨਾਲ ਕੁਝ ਨਹੀਂ ਹੋਵੇਗਾ, ਕਿਉਂਕਿ ਬਿਆਨਬਾਜ਼ੀ ਨਾਲ ਕੰਮ ਨਹੀਂ ਚਲਦਾ ਹੈ। ਉੜੀ ਹਮਲੇ ‘ਚ ਪਾਕਿਸਤਾਨ ਦੀ ਭੂਮਿਕਾ ਬਾਰੇ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਸ ਦਾ ਹਮਲੇ ਨਾਲ ਕੁਝ ਲੈਣਾ-ਦੇਣਾ ਨਹੀਂ ਹੈ। ਅਸੀਂ ਆਪਣੇ ਖੇਤਰ ਤੋਂ ਦੁਨੀਆ ‘ਚ ਕਿਸੇ ਵੀ ਥਾਂ ਹਿੰਸਾ ਦੀ ਇਜਾਜ਼ਤ ਨਾ ਦੇਣ ਪ੍ਰਤੀ ਵਚਨਬੱਧ ਹਾਂ। ਸੋਸ਼ਲ ਮੀਡੀਆ ‘ਚ ਲਗਾਤਾਰ ਸੁਰਖੀਆਂ ‘ਚ ਇਨ੍ਹਾਂ ਖਬਰਾਂ ‘ਤੇ ਕਿ ਭਾਰਤੀ ਫੌਜ ਨੇ ਸਰਹੱਦ ਪਾਰ ਅਤਵਾਦੀ ਕੈਂਪਾਂ ‘ਤੇ ਮੁਹਿੰਮ ਚਲਾ ਕੇ ਉੜੀ ਹਮਲੇ ਦਾ ਬਦਲਾ ਲੈ ਲਿਆ ਹੈ, ਇਸ ਬਾਰੇ ਬਾਸਿਤ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪਾਕਿਸਤਾਨ ਆਪਣੀ ਰੱਖਿਆ ਕਰਨ ‘ਚ ਸਮਰੱਥ ਹੈ ਪਰ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਚੀਜਾਂ ਇਸ ਹੱਦ ਤੱਕ ਵਧਣਗੀਆਂ।

LEAVE A REPLY