sports-news-300x150ਕੱਲਰਾਂ, ਰੌੜਾਂ ਤੇ ਵਾਹਣਾਂ ਦੀ ਦੇਸੀ ਖੇਡ ਕਬੱਡੀ ਇਨਡੋਰ ਖੇਡ ਹੁਣ ਭਵਨਾਂ ਤਕ ਪੁੱਜ ਗਈ ਹੈ। ਟੋਰੌਂਟੋ ਦੇ ਸਕਾਈਡੋਮ ਤਕ ਪਹੁੰਚਣ ਵਾਲੀ ਕੌਡੀ ਦੀ ਖੇਡ ਹੁਣ ਕਰੋੜਾਂ ਦੀ ਹੋ ਗਈ ਹੈ। ਕੌਡੀ ਦੇ ਮੈਚ ਮੈਟਾਂ ਉੱਤੇ ਖੇਡੇ ਜਾਣ ਲੱਗੇ ਹਨ। ਅਗਸਤ-ਸਤੰਬਰ ਵਿੱਚ ਕੈਨੇਡਾ ‘ਚ ਚੈਂਪੀਅਨਜ਼ ਕਬੱਡੀ ਲੀਗ ਚੱਲੀ ਤੇ ਅਕਤੂਬਰ ਵਿੱਚ ਪੰਜਾਬ ‘ਚ ਵਰਲਡ ਕਬੱਡੀ ਲੀਗ ਚੱਲੇਗੀ। ਨਵੰਬਰ ਵਿੱਚ ਪੰਜਾਬ ਸਰਕਾਰ 6ਵਾਂ ਕਬੱਡੀ ਵਰਲਡ ਕੱਪ ਕਰਵਾ ਰਹੀ ਹੈ। ਅਗਸਤ ਵਿੱਚ ਕੈਨੇਡਾ ਦਾ ਕਬੱਡੀ ਵਰਲਡ ਕੱਪ ਹੋਇਆ ਸੀ। ਇਨ੍ਹੀਂ ਦਿਨੀਂ ਕੈਲੇਫ਼ੋਰਨੀਆ ‘ਚ ਕਬੱਡੀ ਵਰਲਡ ਕੱਪ ਹੋ ਰਹੇ ਨੇ। ਕਬੱਡੀ ਦੇ ਦਰਜਨਾਂ ਅਜਿਹੇ ਟੂਰਨਾਮੈਂਟ ਹਨ ਜਿਨ੍ਹਾਂ ਨੂੰ ‘ਵਰਲਡ ਕੱਪਾਂ’ ਦਾ ਨਾਂ ਦਿੱਤਾ ਗਿਐ।
ਕਬੱਡੀ ਪੰਜਾਬੀਆਂ ਦੀ ਮਨਭਾਉਂਦੀ ਖੇਡ ਹੈ. ਇਹਦੇ ਵਿੱਚ ਦੀ ਪੰਜਾਬੀ ਆਪਣਾ ਇਤਿਹਾਸ, ਸੂਰਬੀਰਤਾ, ਜਿਗਰਾ, ਸਿਰੜ, ਸਹਿਣਸ਼ੀਲਤਾ, ਦਮ ਤੇ ਆਪਣੀ ਤਾਕਤ ਵੇਖਦੇ ਹਨ। ਪੰਜਾਬ ਦੀ ਭੂਗੋਲਿਕ ਸਥਿਤੀ ਅਜਿਹੀ ਸੀ ਕਿ ਇਹ ਸਦੀਆਂ ਬੱਧੀ ਹਮਲਿਆਂ ਤੇ ਠੱਲ੍ਹਾਂ ਦਾ ਮੈਦਾਨ ਬਣਿਆ ਰਿਹਾ। ਹਮਲਾਵਰ ਤਕੜਾ ਹੁੰਦਾ ਤਾਂ ਮਾਰ ਧਾੜ ਕਰ ਕੇ ਆਪਣੇ ਘਰ ਪਰਤ ਜਾਂਦਾ। ਰਾਖੇ ਤਕੜੇ ਹੁੰਦੇ ਤਾਂ ਹਮਲਾਵਰ ਮਾਰਿਆ ਜਾਂਦਾ। ਇਸੇ ਕਰਮ ਨੂੰ ਕਬੱਡੀ ਦੀ ਖੇਡ ਵਿੱਚ ਬਾਰ ਬਾਰ ਦੁਹਰਾਇਆ ਜਾਂਦੈ ਤੇ ਇਸੇ ਕਾਰਨ ਇਹ ਖੇਡ ਪੰਜਾਬੀਆਂ ਦੇ ਮਨਾਂ ਨੂੰ ਵਧੇਰੇ ਟੁੰਬਦੀ ਹੈ।
ਖੇਡ ਲੇਖਕ ਬਲਿਹਾਰ ਸਿੰਘ ਦੇ ਸ਼ਬਦਾਂ ਵਿੱਚ ਹਜ਼ਾਰਾਂ ਵਰ੍ਹਿਆਂ ਦੇ ਅਥਰੇ ਲਫ਼ੇੜਿਆਂ, ਸਿਆਲਾਂ ਹੁਨਾਲਾਂ, ਮੀਹਾਂ ਝੱਖੜਾਂ ਤੇ ਪਿਆਰ ਮਜਬੂਰੀਆਂ ਨੇ ਪੰਜਾਬੀਆਂ ਦਾ ਜੋ ਸੁਭਾਅ ਬਣਾਇਆ, ਦਾਇਰੇ ਵਾਲੀ ਕਬੱਡੀ ਉਹਦੇ ਅਨੁਕੂਲ ਹੈ. ‘ਕੱਲੇ ਨੂੰ ‘ਕੱਲੇ ਦਾ ਟੱਕਰਨਾ ਤੇ ਉਹ ਵੀ ਸਾਹਮਣਿਓਂ. ਹਿੱਕ ਨੂੰ ਹੱਥ ਲਾ ਕੇ ਵੰਗਾਰਨਾ. ਥਾਪੀਆਂ ਮਾਰਦੇ ਵਿਰੋਧੀਆਂ ਦੀ ਭੀੜ ‘ਚੋਂ ਗਲੀਆਂ ਘੱਤ ਕੇ ਬੁੱਕਦਿਆਂ ਲੰਘ ਜਾਣਾ। ਦਾਬ ਦੇਂਦਿਆਂ ਦਲਾਂ ਨੂੰ ਭਾਜੜਾਂ ਪਾਉਣੀਆਂ. ਡਾਜਾਂ ਮਾਰ ਮਾਰ ਅਫ਼ੜਾ ਤਫ਼ੜੀਆਂ ਮਚਾਉਣੀਆਂ. ਹਜ਼ਾਰਾਂ ਵਰ੍ਹਿਆਂ ਦੀ ਡਗਰ ‘ਤੇ ਵੱਜਦੀ ਆ ਰਹੀ ਡਮਾ-ਡਮ, ਖਗਾ-ਖਗ, ਗਡਾ-ਗਡ ਤੋਂ ਬਣੀ ਹੈ ਕਬੱਡੀ। ਕੌਡੀ ਤੋਂ ਬਣੀ ਕਬੱਡੀ ਜਾਂ ਕੱਟਾ-ਵੱਢੀ ਤੋਂ, ਕੁਝ ਵੀ ਸਮਝੋ, ਕੋਈ ਫ਼ਰਕ ਨਹੀਂ ਪੈਂਦਾ.
ਇੱਕ ਵਾਰ ਪੰਜਾਬ ਦੇ 1000 ਤੋਂ ਵੱਧ ਖਿਡਾਰੀ ਪੱਛਮੀ ਮੁਲਕਾਂ ਦਾ ਕਬੱਡੀ ਸੀਜ਼ਨ ਖੇਡਣ ਲਈ ਹਵਾਈ ਜਹਾਜ਼ਾਂ ‘ਤੇ ਚੜ੍ਹੇ। ਛੇ ਸੌ ਤੋਂ ਵੱਧ ਉੱਤਰੀ ਅਮਰੀਕਾ ਵਿੱਚ ਗਏ ਅਤੇ ਚਾਰ ਸੌ ਤੋਂ ਵੱਧ ਯੌਰਪੀ ਮੁਲਕਾਂ ਵਿੱਚ ਕਬੱਡੀ ਖੇਡੇ। ਵੀਹ ਕੁ ਕਬੱਡੀ ਕੁਮੈਂਟੇਟਰ, ਖੇਡ ਲੇਖਕ, ਰੈਫ਼ਰੀ ਤੇ ਕਬੱਡੀ ਕੋਚਾਂ ਨੇ ਪਰਵਾਸੀ ਕਬੱਡੀ ਫ਼ੈਡਰੇਸ਼ਨਾਂ ਦੇ ਸੱਦੇ ਉੱਤੇ ਪੱਛਮੀ ਦੇਸ਼ਾਂ ਦੀ ਸੈਰ ਕੀਤੀ. ਪੱਛਮੀ ਦੇਸ਼ਾਂ ਦਾ ਕਬੱਡੀ ਸੀਜ਼ਨ ਪੰਜਾਬੀ ਜਗਤ ਦੇ ਖੇਡ ਕਲੰਡਰ ਵਿੱਚ ਵਿਸ਼ੇਸ਼ ਸਥਾਨ ਰੱਖਦਾ ਹੈ। ਇਹ ਸੀਜ਼ਨ ਮਈ ਤੋਂ ਅਕਤੂਬਰ ਤਕ ਚਲਦਾ ਹੈ। ਹਰ ਸਪਤਾਹ ਅੰਤ ਉੱਤੇ ਕਬੱਡੀ ਟੂਰਨਾਮੈਂਟ ਹੁੰਦੇ ਹਨ, ਜੋ ਛੇ ਮਹੀਨੇ ਚਲਦੇ ਹਨ. ਬਦੇਸ਼ਾਂ ਵਿਚ ਸੌ ਕੁ ਕਬੱਡੀ ਟੂਰਨਾਮੈਂਟ ਹੋਣ ਲੱਗ ਪਏ ਹਨ ਜਿਨ੍ਹਾਂ ਨੂੰ ਕਬੱਡੀ ਮੇਲੇ ਕਹਿਣਾ ਵਾਜਬ ਹੋਵੇਗਾ। ਮੈਂ ਪੁਸਤਕ ‘ਮੇਲੇ ਕਬੱਡੀ ਦੇ’ ਵਿੱਚ ਕਾਫ਼ੀ ਸਾਰੇ ਕਬੱਡੀ ਮੇਲਿਆਂ ਦੇ ਅੱਖੀਂ ਡਿੱਠੇ ਨਜ਼ਾਰੇ ਪੇਸ਼ ਕੀਤੇ ਹਨ।
ਹੁਣ ਵਧੇਰੇ ਖਿਡਾਰੀ ਕਬੱਡੀ ਖੇਡਦੇ ਹੀ ਏਸ ਲਈ ਹਨ ਕਿ ਕਬੱਡੀ ਰਾਹੀਂ ਉਨ੍ਹਾਂ ਨੂੰ ਵਿਦੇਸ਼ ਜਾਣ ਦਾ ਵੀਜ਼ਾ ਮਿਲ ਜਾਵੇਗਾ। ਉਹ ਵੀਜ਼ੇ ਨੂੰ ਹੀ ਸੋਨ ਤਗ਼ਮਾ ਸਮਝਦੇ ਹਨ। ਪੰਜਾਬ ਦੀ ਜਵਾਨੀ ਦਾ ਮੂੰਹ ਦੇਸ਼ ਵਿੱਚ ਕੁਝ ਕਰਨ ਦੀ ਥਾਂ ਵਿਦੇਸ਼ਾਂ ਵੱਲ ਹੈ। ਇਹੋ ਕਾਰਨ ਹੈ ਕਿ ਚੰਗੇ ਜੁੱਸਿਆਂ ਵਾਲੇ ਜਵਾਨ ਓਲੰਪਿਕ ਖੇਡਾਂ ਵਿਚਲੀਆਂ ਖੇਡਾਂ ਖੇਡਣ ਅਤੇ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਤਗ਼ਮੇ ਜਿੱਤਣ ਦੀ ਥਾਂ ਕਬੱਡੀ ਵੱਲ ਉੱਲਰ ਗਏ ਹਨ। ਕਬੱਡੀ ਵਿੱਚ ਪੈਸਾ ਹੈ, ਜਹਾਜ਼ਾਂ ਦੇ ਝੂਟੇ ਹਨ ਤੇ ਵਿਦੇਸ਼ਾਂ ‘ਚ ਪੱਕੇ ਹੋਣ ਦੀ ਆਸ ਹੈ। ਪੰਜਾਬ ਦੀਆਂ ਸੱਠ ਸੱਤਰ ਕਬੱਡੀ ਅਕੈਡਮੀਆਂ ਵਿੱਚ ਸੈਂਕੜੇ ਖਿਡਾਰੀ ਇਸੇ ਆਸ ‘ਤੇ ਕਬੱਡੀ ਖੇਡਦੇ ਹਨ.
ਪੰਜਾਬ ਦੇ ਕਿਸੇ ਜਵਾਨ ਨੇ ਪੱਛਮੀ ਮੁਲਕਾਂ ਦੇ ਨਜ਼ਾਰੇ ਲੈਣੇ ਹੋਣ ਤਾਂ ਨਸ਼ੇ ਪੱਤੇ ਛੱਡ ਕੇ, ਕਸਰਤਾਂ ਕਰ ਕੇ, ਕਬੱਡੀ ਦਾ ਤਕੜਾ ਖਿਡਾਰੀ ਬਣ ਕੇ ਹਵਾਈ ਜਹਾਜ਼ ਚੜ੍ਹ ਸਕਦੈ। ਪੱਲਿਓਂ ਕਿਰਾਇਆ ਖ਼ਰਚਣ ਦੀ ਥਾਂ ਜਿੰਨੀ ਵਧੀਆ ਖੇਡ ਖੇਡੇ, ਓਨੇ ਵੱਧ ਡੌਲਰ ਵੀ ਕਮਾ ਸਕਦੈ। ਕਈ ਵਾਰ ਇੱਕੋ ਜੱਫ਼ੇ ਦੇ ਹਜ਼ਾਰਾਂ ਡਾਲਰ ਮਿਲ ਜਾਂਦੇ ਨੇ। ਸਟਾਰ ਖਿਡਾਰੀ ਦਾ ਸੀਜ਼ਨ ਪੰਜਾਹ ਸੱਠ ਹਜ਼ਾਰ ਡੌਲਰ ਨੂੰ ਪੁੱਜ ਗਿਐ, ਯਾਨੀ ਚਹੁੰ ਮਹੀਨਿਆਂ ਦਾ ਪੱਚੀ ਤੀਹ ਲੱਖ ਰੁਪਿਆ! ਕੁਝ ਇੱਕ ਚਾਲੀ ਹਜ਼ਾਰੀਏ ਨੇ ਤੇ ਵੀਹ ਤੀਹ ਹਜ਼ਾਰ ਵਾਲੇ ਤਾਂ ਕਈ ਨੇ। ਲੱਖਾਂ ਨਹੀਂ ਕਰੋੜਾਂ ਰੁਪਏ ਨੇ ਕਬੱਡੀ ਦੀ ਖੇਡ ਵਿਚ।
ਖੇਡੋ ਮੁੰਡਿਓ ਖੇਡ ਕਬੱਡੀ, ਖੜ੍ਹਨਾ ਛੱਡ ਦਿਓ ਮੋੜਾਂ ‘ਤੇ
ਕਬੱਡੀ ਕੱਪਾਂ ਨੇ ਚਾੜ੍ਹ ਦਿੱਤੀ ਆ, ਕੌਡੀ ਹੁਣ ਕਰੋੜਾਂ ‘ਤੇ
ਪ੍ਰਿੰ. ਸਰਵਣ ਸਿੰਘ

LEAVE A REPLY