main-news-300x150ਹਾਹਾਹਾਹਾਹਾ … ਹੱਸਦਾ ਹੱਸਦਾ ਨਾਥਾ ਅਮਲੀ ਜਿਉਂ ਹੀ ਸੱਥ ‘ਚ ਆਇਆ ਤਾਂ ਸਾਰੀ ਸੱਥ ਨਾਥੇ ਅਮਲੀ ਦੇ ਹਾਸੇ ਤੋਂ ਹੈਰਾਨ ਹੋ ਗਈ। ਮਾਹਲੇ ਨੰਬਰਦਾਰ ਨੇ ਅਮਲੀ ਨੂੰ ਪੁੱਛਿਆ, ”ਕੀ ਗੱਲ ਅਮਲੀਆ ਅੱਜ ਘਰੋਂ ਈ ਹੱਸਦਾ ਆਉਨੈ ਓਏ, ਕੁਸ ਥਿਆ ਗਿਆ ਕੁ ਕੁਸ ਦਿਸ ਗਿਆ। ਅੱਗੇ ਤਾਂ ਪਤੰਦਰਾਂ ਸੱਥ ‘ਚ ਇਉਂ ਆ ਕੇ ਵੜਦੈ ਹੁਨੈ ਜਿਮੇਂ ਛੱਪੜ ਦੀ ਗਿੱਬ ਨਾਲ ਲਿਬੜੀ ਵੀ ਮੱਝ ਨਰਮੇ ਦੀਆਂ ਛਿਟੀਆਂ ਦੇ ਕੁਨੂੰ ‘ਚ ਵੜਣ ਨੂੰ ਫ਼ਿਰਦੀ ਹੁੰਦੀ ਐ।”
ਸੀਤਾ ਮਰਾਸੀ ਟਿੱਚਰ ‘ਚ ਕਹਿੰਦਾ, ”ਸੂਤ ਹੋ ਕੇ ਬਹਿ ਤਾਂ ਲੈਣ ਦਿਉ, ਫ਼ੇਰ ਵੇਖਿਓ ਕਿਮੇਂ ਉਧੜਦਾ ਜਿਮੇਂ ਕਿੱਕਰ ਦੇ ਖੂੰਡੇ ਨਾਲ ਟੁੱਲ ਮਾਰੇ ਤੋਂ ਗਲੋਟਾ ਉਧੜਦਾ ਹੁੰਦੈ। ਬਹਿਣ ਤਾਂ ਤੁਸੀਂ ਹਜੇ ਦਿੱਤਾ ਨ੍ਹੀ, ਖਬਰਾਂ ਲੰਡਨ ਦੀਆਂ ਪੁੱਛਣ ਨੂੰ ਫ਼ਿਰਦੇ ਐਂ। ਉਰ੍ਹੇ ਆ ਜਾ ਨਾਥਾ ਸਿਆਂ ਐਥੇ ਮੇਰੇ ਕੋਲੇ ਆ ਜਾ।”
ਮਰਾਸੀ ਦੀ ਗੱਲ ਸੁਣ ਕੇ ਅਮਲੀ ਮਰਾਸੀ ਨੂੰ ਕਹਿੰਦਾ, ”ਤੇਰੇ ਕੋਲੇ ਕੀ ਮੂਹੜਾ ਪਿਆ ਜੀਹਦੇ ‘ਤੇ ਬਠਾਉਣੈ ਮੈਨੂੰ।”
ਬਾਬਾ ਉੱਤਮ ਸਿਉਂ ਅਮਲੀਆਂ ਦੀਆਂ ਗੱਲਾਂ ਸੁਣ ਕੇ ਅਮਲੀ ਨੂੰ ਕਹਿੰਦਾ, ”ਅੱਜ ਤਾਂ ਨਾਥਾ ਸਿਆਂ ਪੰਜ ਪੌਣ ‘ਤੇ ਹੋਇਆ ਫ਼ਿਰਦੈਂ ਓਏ। ਚੱਕ ਕੇ ਗੱਲ ਕਰਦੈਂ।”
ਬੁੱਘਰ ਦਖਾਣ ਕਹਿੰਦਾ, ”ਚੇਤੂ ਬਲੈਕੀਏ ਤੋਂ ਲਿਆ ਕੇ ਖਾਧੀ ਵੀ ਲੱਗਦੀ ਐ। ਪੂਰੀ ਖਰੀ ਦਿੰਦਾ ਕਹਿੰਦੇ ਉਹੋ।”
ਬਾਬੇ ਉੱਤਮ ਸਿਉਂ ਨੇ ਮੋੜੀ ਅਮਲੀ ਵੱਲ ਮੁਹਾਰ, ”ਛੱਡੋ ਯਾਰ ਇਹ ਗੱਲਾਂ। ਅਮਲੀਆ ਤੂੰ ਇਹ ਗੱਲ ਦੱਸ ਬਈ ਅੱਜ ਕਾਹਦਾ ਹਾਸਾ ਆਇਆ ਤੈਨੂੰ?”
ਅਮਲੀ ਕਹਿੰਦਾ, ”ਹਾਸਾ ਕਾਹਦਾ ਆਉਣਾ ਸੀ ਬਾਬਾ, ਅੱਜ ਤਾਂ ਮਦਨ ਪੰਡਤ ਨਾਲ ਜੱਗੋਂ ਤੇਹਰਮੀਂ ਹੋ ਗੀ। ਊਂ ਤਾਂ ਸਾਲਾ ਬਾਹਮਣ ਹਰੇਕ ਨੂੰ ਈ ਟਿੱਚ ਕਰ ਕੇ ਜਾਣਦਾ ਸੀ। ਲੈ ਹੁਣ ਛੀ ਮਹੀਨੇ ਨ੍ਹੀ ਅੱਖ ‘ਚ ਪਾਏ ਨੇ ਰੜਕਣਾ। ਉਦੋਂ ਨੂੰ ਫ਼ੇਰ ਕੋਈ ਨਾ ਕੋਈ ਜੱਟ ਜਾਗ ਪੂ।”
ਬਾਬੇ ਉੱਤਮ ਸਿਉਂ ਨੇ ਪੁੱਛਿਆ, ”ਕੀ ਗੱਲ ਹੋ ਗੀ ਮਦਨ ਪੰਡਤ ਨਾਲ?”
ਅਮਲੀ ਕਹਿੰਦਾ, ”ਤੈਨੂੰ ਨ੍ਹੀ ਪਤਾ?”
ਮਾਹਲਾ ਨੰਬਰਦਾਰ ਕਹਿੰਦਾ, ”ਜੇ ਉੱਤਮ ਸਿਉਂ ਨੂੰ ਪਤਾ ਹੁੰਦਾ ਤਾਂ ਤੈਨੂੰ ਕਾਹਤੋਂ ਪੁੱਛਦਾ।”
ਅਮਲੀ ਗੱਲ ਸੁਣਾਉਣ ਨੂੰ ਪੈਰਾਂ ਭਾਰ ਹੋ ਕੇ ਬੋਲਿਆ, ”ਸੋਨੂੰ ਪਤਾ ਈ ਐ ਬਾਬਾ ਬਈ ਹੁਣ ਸਰਾਧ ਚੱਲਦੇ ਐ। ਲੋਕ ਆਪੋ ਆਪਣੇ ਵੱਡ ਵਡੇਰਿਆਂ ਦੇ ਸਰਾਧ ਖੁਆਈ ਜਾਂਦੇ ਐ। ਆਪਣੇ ਓਧਰਲੇ ਗੁਆੜ ਆਲਾ ਜੋਰਾ ਜੱਟ ਕਿਤੇ ਮਦਨ ਪੰਡਤ ਨੂੰ ਜਾ ਕੇ ਕਹਿੰਦਾ ‘ਦੇਵਤਾ ਜੀ! ਸਾਡੇ ਹਰੇਕ ਕੰਮ ‘ਚ ਅੜਿੱਕੇ ਪੈਂਦੇ ਰਹਿੰਦੇ ਐ। ਕੋਈ ਵੀ ਕੰਮ ਸਿਰੇ ਨ੍ਹੀ ਚੜ੍ਹਦਾ। ਸਾਨੂੰ ਕਿਸੇ ਸਿਆਣੇ ਨੇ ਦੱਸਿਆ ਬਈ ਕਿਸੇ ਪੰਡਤ ਨੂੰ ਆਵਦੇ ਵੱਡ ਵਡੇਰੇ ਬਜੁਰਗਾਂ ਦੇ ਸਰਾਧ ਕਰਕੇ ਖੁਆ ਦਿਉ। ਹੁਣ ਅਸੀਂ ਕਰਨੇ ਐ ਸਰਾਧ। ਸਾਨੂੰ ਦੱਸੋ ਬਈ ਕਿੰਨਾ ਖਰਚਾ ਆਊ ਸਰਾਧਾਂ ‘ਤੇ? ਅਕੇ ਪੰਡਤ ਕਹਿੰਦਾ ‘ਪੰਜ ਸ਼ੈ ਰਪੀਆ ਖਰਚਾ ਆ ਜੂ’। ਜੋਰਾ ਜੱਟ ਵੇਖ ਲਾ ਕੰਜੂਸ ਐ ਸਿਰੇ ਦੇ। ਕੁਕੜੀਆਂ ਦੇ ਆਂਡੇ ਵੇਚ ਵੇਚ ਤਾਂ ਘਰ ਦਾ ਤੋਰੀ ਫ਼ੁੱਲਕਾ ਚਲਾਉਦੈ, ਪੰਜ ਸੈ ਰਪੀਆ ਕਿੱਥੋਂ ਲਾ ਦਿੰਦਾ ਇਹੇ ਸਲੀ੍ਹਣੇ ਆਲਾ ਨੰਦ ਸਿਉਂ। ਮਦਨ ਪੰਡਤ ਦੀ ਗੱਲ ਸੁਣ ਕੇ ਜੋਰਾ ਜੱਟ ਕਹਿੰਦਾ ‘ਮਹਿੰਗਾ ਸੌਦਾ ਪੰਡਤ ਜੀ, ਚੱਲ ਰਹਿਣ ਈ ਦਿੰਨੇ ਆਂ ਵੇਖੀ ਜਾਊ ਜਿਹੜਾ ਕੁਸ ਹੋਊ’। ਜਦੋਂ ਜੋਰਾ ਜੱਟ ਉੱਠ ਕੇ ਤੁਰਨ ਲੱਗਿਆ ਤਾਂ ਪੰਡਤ ਕਹਿੰਦਾ ‘ਜੋਰਾ ਸ਼ਿਆਂ! ਜੇ ਤਾਂ ਸ਼ਰਾਧ ਕਰਨੇ ਹੁੰਦੇ ਕਿਸੇ ਜੁਆਕ ਜੱਲੇ ਦੇ, ਫ਼ੇਰ ਤਾਂ ਸ਼ਸ਼ਤੇ ਭਾਅ ਈ ਸਰ ਜਾਣਾ ਸੀ। ਤੂੰ ਸ਼ਰਾਧ ਕਰਨੇ ਐ ਵੱਡੇ ਬਜੁਰਗਾਂ ਦੇ, ਉਹਦੇ ‘ਤੇ ਤਾਂ ਖਰਚ ਵੱਧ ਈ ਆਉਣੈ’। ਅਕੇ ਜੋਰਾ ਕਹਿੰਦਾ ‘ਬਜੁਰਗ ਵੀ ਤਾਂ ਦੇਵਤਾ ਜੀ ਜੁਆਕਾਂ ਅਰਗੇ ਈ ਹੁੰਦੇ ਐ। ਚੱਲ ਕੋਈ ਨ੍ਹੀ ਰਹਿਣ ਈਂ ਦੇ’। ਜਦੋਂ ਜੋਰਾ ਜੱਟ ਪੰਡਤ ਦੇ ਘਰੋਂ ਬਾਹਰ ਹੋਇਆ ਤਾਂ ਪੰਡਤ ਨੇ ਫ਼ੇਰ ‘ਵਾਜ ਮਾਰ ਲੀ। ਕਹਿੰਦਾ ‘ਇੱਕ ਸਸਤਾ ਕੰਮ ਵੀ ਹੈਗਾ’। ਅਕੇ ਜੋਰਾ ਕਹਿੰਦਾ ‘ਸਸਤਾ ਦੱਸ। ਇਹ ਵੀ ਦੱਸਦੇ ਬਈ ਉਹਦੇ ‘ਚ ਕੀ ਕੁਸ ਕਰਨਾ ਪਊ ਤੇ ਕਿੰਨੇ ਪੈਸੇ ਖਰਚ ਆਉਣਗੇ’? ਅਕੇ ਪੰਡਤ ਕਹਿੰਦਾ, ”ਛਟਾਂਕੀ ਘਿਉ ਦਾ ਕੜ੍ਹਾਹ ਕਰ ਲੀਂ, ਅੱਧ ‘ਚ ਸੇਰ ਖੀਰ ਬਣਾ ਲੀਂ। ਦੋ ਖੰਭਣੀਆਂ ਤੇ ਪੌਲੀ ਧੇਲੀ ਪੈਸੇ ਰੱਖ ਦੀਂ। ਨਾਲ ਬਹਾ ਕੇ ਕਰ ਦੂੰ’। ਜੋਰਾ ਜੱਟ ਮੰਨ ਗਿਆ। ਅਗਲੇ ਦਿਨ ਜੋਰਾ ਸਭ ਕੁਸ ਲੈ ਕੇ ਮਦਨ ਪੰਡਤ ਦੇ ਘਰੇ ਜਾ ਵੜਿਆ। ਪੰਡਤ ਨੂੰ ਕਹਿੰਦਾ ‘ਲਉ ਦੇਵਤਾ ਜੀ ਆਹ ਲਉ ਸਮਾਨ ਤੇ ਹੁਣ ਆਪਾਂ ਆਪਣਾ ਕੰਮ ਵਿੱਢ ਦੀਏ’। ਮਦਨ ਪੰਡਤ ਨੇ ਕੀ ਕੀਤਾ ਨਾਂਹ ਬਾਬਾ, ਜਿਹੜਾ ਸਮਾਨ ਲਿਆਂਦਾ ਸੀ ਬਣਾ ਕੇ ਤੇ ਖੰਭਣੀਆਂ ਖੁੰਭਣੀਆਂ। ਬਾਹਮਣ ਨੇ ਆਵਦੇ ਮੂਹਰੇ ਰਖਾਅ ਲਿਆ। ਜੋਰੇ ਨੂੰ ਕਹਿੰਦਾ ‘ਜਿਮੇਂ ਜੋਰਾ ਸ਼ਿਆਂ ਮੈਂ ਜੰਤਰ ਮੰਤਰ ਪੜ੍ਹਾਂਗਾ, ਓਮੇਂ ਈ ਤੂੰ ਮੇਰੇ ਮਗਰ ਮਗਰ ਬੋਲੀ ਜਾਈਂ। ਜਿਮੇਂ ਮੈਂ ਕਰੀ ਗਿਆ ਓਮੇਂ ਈਂ ਤੂੰ ਕਰੀਂ ਜਾਈਂ’। ਜੋਰੇ ਨੇ ਪੁੱਛਿਆ ‘ਕਿੰਨੇ ਚਿਰ ਦਾ ਮੰਤਰ ਐ ਇਹੇ’? ਮਦਨ ਕਹਿੰਦਾ ‘ਦਸ ਵੀਹ ਮਿੰਟਾਂ ਦਾ ਸਾਰਾ ਕੰਮ ਐਂ, ਬਾਕੀ ਵੇਖ ਲਾ ਤੇਰੇ ਸਿਰ ਤੇ ਐ ਬਈ ਤੂੰ ਕਿੰਨਾ ਕੁ ਕਾਹਲੀ ਪੜ੍ਹੇਂਗਾ’। ਬਾਹਮਣ ਤੇ ਜੋਰਾ ਦੋਮੇਂ ਆਹਮੋ ਸਾਹਮਣੇ ਬਹਿ ਗੇ ਬਾਬਾ। ਮਦਨ ਜੋਰੇ ਨੂੰ ਕਹਿੰਦਾ ‘ਬੋਲ ਜੱਟਾ ਸ਼ਾਵਾ ਖਾਵਾ ਸ਼ੂੰ’। ਜੋਰਾ ਮਗਰੇ ਬੋਲਿਆ ‘ਬੋਲ ਜੱਟਾ ਸ਼ਾਵਾ ਖਾਵਾ ਸ਼ੂੰ’। ਪੰਡਤ ਕਹਿੰਦਾ ‘ਤੂੰ ਬੋਲ ਜੱਟਾ ਨ੍ਹੀ ਕਹਿਣਾ’। ਜੋਰਾ ਫ਼ੇਰ ਮਗਰੇ ਬੋਲ ਪਿਆ ‘ਤੂੰ ਜੱਟਾ ਨ੍ਹੀ ਕਹਿਣਾ’। ਪੰਡਤ ਫ਼ੇਰ ਜੋਰੇ ਨੂੰ ਬੋਲਿਆ ‘ਜਿਮੇਂ ਮੈਂ ਕਹਿਨੈ ਤੂੰ ਓਮੇਂ ਕਿਉਂ ਨ੍ਹੀ ਮੰਨਦਾ’। ਜੋਰਾ ਫ਼ੇਰ ਮਗਰੇ ਬੋਲ ਪਿਆ ‘ਜਿਮੇਂ ਮੈਂ ਕਹਿਨੈ ਤੂੰ ਓਮੇਂ ਕਿਉਂ ਨ੍ਹੀ ਮੰਨਦਾ’। ਪੰਡਤ ਸਾਰੀ ਗੱਲ ਸਮਝ ਗਿਆ ਬਈ ਇਹਨੂੰ ਸਮਝ ਨ੍ਹੀ ਆਈ। ਪੰਡਤ ਨੇ ਗੁੱਸੇ ‘ਚ ਆ ਕੇ ਜਿਹੜਾ ਮੂਹਰੇ ਥਾਲ ‘ਚ ਸੰਧੂਰ ਪਿਆ ਸੀ ਜੱਟ ਦੇ ਮੂੰਹ ‘ਤੇ ਲਾ ‘ਤਾ। ਜੋਰੇ ਨੇ ਜਿਉਂ ਚੱਕਿਆ ਥਾਲ, ਪੰਡਤ ਦੇ ਸਿਰ ‘ਚ ਪਾ ‘ਤਾ ਤੇ ਮੂੰਹ ‘ਤੇ ਮਸਲ ਕੇ ਮੂੰਹ ਇਉਂ ਬਣਾ ‘ਤਾ ਜਿਮੇਂ ਲਾਲ ਲੀੜੇ ਨਾਲ ਪਾਥੀਆਂ ਆਲਾ ਗੀਰ੍ਹਾ ਢਕਿਆ ਹੁੰਦਾ। ਪੰਡਤ ਜੋਰੇ ਨੂੰ ਕਹਿੰਦਾ ‘ਜਾਹ ਨਿੱਕਲ ਜਾ ਮੇਰੇ ਘਰੋਂ’। ਮਗਰੇ ਜੋਰੇ ਨੇ ਪੰਡਤ ਨੂੰ ਕਹਿ ‘ਤਾ ‘ਜਾ ਨਿੱਕਲ ਜਾ ਮੇਰੇ ਘਰੋਂ’। ਦੋਮੇਂ ਆਹਣੋ ਸਾਹਮਣੇ ਬੈਠੇ ਇਉਂ ਲੜੀ ਬੋਲੀ ਜਾਣ ਜਿਮੇਂ ਰਾਜ ਕਮਲ ਸਰਕਸ ‘ਚ ਜੋਕਰ ਘੂਕਦੇ ਹੁੰਦੇ ਐ। ਪੰਡਤ ਨੇ ਕੀ ਕੀਤਾ ਬਾਬਾ, ਜੋਰੇ ਦੇ ਕੰਨ ‘ਤੇ ਚਪੇੜ ਮਾਰੀ। ਜੋਰੇ ਨੇ ਪੰਡਤ ਦੇ ਦੋ ਧਰ ‘ਤੀਆਂ। ਗੱਦੀ ‘ਤੇ ਬੈਠੇ ਚਪੇੜੋ ਚਪੇੜੀ ਹੁੰਦਿਆਂ ਨੂੰ ਵੇਖ ਕੇ ਪੰਡਤਾਣੀ ਵੀ ਆ ਗੀ। ਉਹ ਕਹਿੰਦੀ ‘ਇਹ ਕੀ ਡਰਾਮਾ ਹੁੰਦੈ’? ਪੰਡਤ ਪੰਡਤਾਣੀ ਨੂੰ ਕਹਿੰਦਾ ‘ਤੂੰ ਚਲੀ ਜਾਹ ਏਥੋਂ’। ਜੋਰਾ ਵੀ ਪੰਡਤਾਣੀ ਨੂੰ ਕਹਿੰਦਾ ‘ਤੂੰ ਚਲੀ ਜਾ ਏਥੋਂ’। ਜਦੋਂ ਬਾਬਾ ਇਹ ਗੱਲ ਪੰਡਤਾਣੀ ਨੂੰ ਜੋਰੇ ਨੇ ਕਹੀ ਤਾਂ ਪੰਡਤ ਨੇ ਉੱਠ ਕੇ ਜੋਰਾ ਢਾਹ ਲਿਆ ਬਈ ਤੂੰ ਮੇਰੇ ਟੱਬਰ ਨੂੰ ਇਹ ਕੀ ਬੋਲਦੈਂ ਓਏ। ਜੋਰਾ ਥੱਲੇ ਪਿਆ ਸਾਰਾ ਕੁਸ ਝੱਲੀ ਵੇਖੀ ਗਿਆ ਤੇ ਕੁੱਟ ਖਾਈ ਗਿਆ। ਜਦੋਂ ਪੰਡਤ ਹੰਭ ਕੇ ਜੋਰੇ ਤੋਂ ਉੱਠਿਆ ਤਾਂ ਉੱਠਦੇ ਈ ਬਾਹਮਣ ਨੂੰ ਜੱਟ ਨੇ ਢਾਹ ਲਿਆ। ਮਾਰ ਮਾਰ ਘਸੁੰਨ ਬਾਹਮਣ ਦਾ ਮੂੰਹ ਉੱਠ ਦੀ ਸੁੱਜੀ ਵੀ ਘੁਆਂਡ ਅਰਗਾ ਕਰ ‘ਤਾ। ਓਧਰ ਬਾਹਮਣੀ ਰੌਲਾ ਪਾਈ ਜਾਵੇ ਬਈ ਕੋਈ ਆ ਕੇ ਛਡਾਉ। ਬਾਹਮਣ ਨੇ ਜਾ ਕੇ ਚਾਰ ਪੰਜ ਬਾਹਮਣੀ ਦੇ ਧਰ ‘ਤੀਆਂ। ਜਦੋਂ ਬਾਹਮਣ ਪੰਡਤਾਣੀ ਨੂੰ ਕੁੱਟ ਕੇ ਹਟਿਆ ਤਾਂ ਮੁੜ ਕੇ ਜੋਰੇ ਨੇ ਢਾਹ ਲੀ ਪੰਡਤਾਣੀ। ਮਾਰ ਮਾਰ ਹੁੱਡੂ ਚਪੇੜਾਂ ਜੋਰੇ ਨੇ ਪੰਡਤਾਣੀ ਢਹੇ ਗਹੀਰੇ ਅਰਗੀ ਕਰ ‘ਤੀ। ਪੰਡਤ ਦੇ ਘਰੇ ਇਉਂ ਰੌਲਾ ਪਵੇ ਜਿਮੇਂ ਪਹਿਲੀ ਦੂਜੀ ਜਮਾਤ ਆਲੇ ਜੁਆਕ ਜੋਰ ਲਾ ਲਾ ਕੇ ਪਹਾੜੇ ਬੋਲਦੇ ਹੁੰਦੇ ਐ।”
ਅਮਲੀ ਦੀ ਗੱਲ ਟੋਕ ਕੇ ਬਾਬਾ ਉਤਮ ਸਿਉਂ ਕਹਿੰਦਾ, ”ਅਮਲੀਆ ਰੌਲਾ ਸੁਣ ਕੇ ਕੋਈ ਆਂਢ ਗੁਆਂਢ ‘ਚੋਂ ਛਡਾਉਣ ਨ੍ਹੀ ਆਇਆ ਫ਼ਿਰ?”
ਸੀਤਾ ਮਰਾਸੀ ਟਿੱਚਰ ‘ਚ ਕਹਿੰਦਾ, ”ਸੁਰਜਨ ਬੁੜ੍ਹੇ ਕੇ ਘੈਂਸਲੇ ਨੇ ਰੌਲਾ ਜਾ ਸੁਣ ਕੇ ਜਦੋਂ ਪੰਡਤਾਂ ਦੇ ਬਾਰ ਮੂਹਰਦੀ ਨੰਘਣ ਲੱਗੇ ਨੇ ਪੈਰ ਮਲ਼ੇ ਤਾਂ ਬਾਹਮਣੀ ਦੇ ਪਈ ਜਾਂਦੀਆਂ ਨੂੰ ਵੇਖ ਕੇ ਘੈਂਸਲਾ ਆਪ ਡਰ ਗਿਆ ਬਈ ਜੋਰਾ ਤੇ ਮਦਨ ਕਿਤੇ ਪੰਡਤਾਣੀ ਨੂੰ ਛੱਡ ਕੇ ਮੈਨੂੰ ਨਾ ਪੈ ਨਿੱਕਲਣ। ਉਹ ਤਾਂ ਭਾਈ ਪੱਤੇ ਲੀਹ ਹੋਇਆ। ਉਹਨੇ ਕਿਤੇ ਜਾ ਕੇ ਚੰਨਣ ਸਿਉਂ ਬਿੰਬਰ ਨੂੰ ਦੱਸ ‘ਤਾ ਬਈ ਮਦਨ ਪੰਡਤ ਦੀ ਬਹੂ ‘ਚ ਕੋਈ ਭੂਤ ਪ੍ਰੇਤ ਆ ਗਿਆ ਉਹਨੂੰ ਜੋਰਾ ਤੇ ਮਦਨ ਕੁੱਟੀ ਜਾਂਦੇ ਐ।”
ਮਾਹਲੇ ਨੰਬਰਦਾਰ ਨੇ ਪੁੱਛਿਆ, ”ਫ਼ੇਰ ਚੰਨਣ ਸਿਉਂ ਬਿੰਬਰ ਆਇਆ ਪੰਡਤਾਂ ਦੇ ਘਰੇ ਕੁ ਉਹ ਵੀ ਡਰ ਗਿਆ ਬਈ ਬਾਹਮਣ ਤੇ ਜੱਟ ਰਲੇ ਵੇ ਕਿਤੇ ਮੇਰੇ ਆਲੇ ਭੂਤ ਨਾ ਕੱਢ ਦੇਣ?”
ਨਾਥਾ ਅਮਲੀ ਕਹਿੰਦਾ, ”ਚੰਨਣ ਬਿੰਬਰ ਛੀ ਸੱਤ ਬੰਦਿਆਂ ਨੂੰ ‘ਕੱਠੇ ਕਰ ਲਿਆਇਆ ਬਈ ਛੇਤੀ ਚੱਲ ਕੇ ਪੰਡਤਾਣੀ ਦਾ ਖਹਿੜਾ ਛਡਾਈਏ। ਜਦੋਂ ਚੰਨਣ ਸਿਉਂ ਹੋਰ੍ਹੀਂ ਮਦਨ ਪੰਡਤ ਦੇ ਘਰੇ ਵੜੇ ਤਾਂ ਜਾਂਦਿਆਂ ਨੂੰ ਮਦਨ ਤੇ ਜੋਰਾ ਫ਼ੇਰ ਇੱਕ ਵਟਾ ਦੋ ਹੋਏ ਪਏ ਬਾਬਾ। ਪੰਡਤ ਥੱਲੇ ਪਿਆ ਜੋਰਾ ਬਾਹਮਣ ਦੇ ਉੱਤੇ ਪਿਆ ਘਸੁੰਨਾਂ ਨਾਲ ਇਉਂ ਕੁੱਟੀ ਜਾਵੇ ਜਿਮੇਂ ਚੰਦੇ ਠੋਕਣ ਆਲਾ ਹਾਕਮ ਚੰਦੇ ਠੋਕੀ ਜਾਂਦਾ ਹੁੰਦਾ। ਜਦੋਂ ਚੰਨਣ ਸਿਉਂ ਬਿੰਬਰ ਨੇ ਬਾਰ ਵੜਦੇ ਸਾਰ ਜੋਰੇ ਨੂੰ ਲਲਕਾਰਾ ਮਾਰਿਆ ‘ਇਹ ਕੀ ਕਰੀ ਜਾਨੈਂ ਓਏ’ ਤਾਂ ਫ਼ੇਰ ਕਿਤੇ ਜਾ ਕੇ ਜੋਰੇ ਨੇ ਬਾਹਮਣ ਨੂੰ ਛੱਡਿਆ। ਪੰਡਤਾਂ ਦੇ ਘਰੇ ਤਾਂ ਬਾਬਾ ਇਉਂ ‘ਕੱਠ ਹੋ ਗਿਆ ਜਿਮੇਂ ਗਪਾਲ ਮੋਚਨੇ ਦੇ ਮੇਲੇ ‘ਤੇ ਲੋਕ ਸਰਕਸ ਵੇਖਣ ਨੂੰ ‘ਕੱਠੇ ਹੋਏ ਹੋਣ। ਕੋਈ ਕੁਸ ਕਹੇ ਕੋਈ ਕੁਸ ਕਹੇ। ਜਦੋਂ ਚੰਨਣ ਸਿਉਂ ਬਿੰਬਰ ਨੇ ਮਦਨ ਪੰਡਤ ਨੂੰ ਪੁੱਛਿਆ ਬਈ ਕੀ ਗੱਲ ਐ ਲੜਦੇ ਕਿਉਂ ਐਂ ਤਾਂ ਪੰਡਤ ਨੇ ਬਿੰਬਰ ਨੂੰ ਸਾਰੀ ਹੀਰ ਸਣਾਈ ਬਈ ਗੱਲ ਤਾਂ ਆਹ ਸੀ ਬਣ ਗੀ ਆਹ। ਜਿਹੜੇ ਲੋਕ ਚੰਨਣ ਸਿਉਂ ਨਾਲ ਗਏ ਸੀ ਸਾਰੇ ਉੱਚੀ ਉੱਚੀ ਹੱਸਣ ਲੱਗ ਪੇ। ਫ਼ੇਰ ਕਿਤੇ ਜਾ ਕੇ ਚੰਨਣ ਸਿਉਂ ਨੇ ਜੋਰੇ ਨੂੰ ਘੂਰਿਆ। ਇਉਂ ਹੋਈ ਮਦਨ ਪੰਡਤ ਨਾਲ।”
ਬੁੱਘਰ ਦਖਾਣ ਕਹਿੰਦਾ, ”ਜੋਰੇ ਜੱਟ ਦਾ ਪਤਾ ਤਾਂ ਹੈ ਬਾਬਾ ਸਾਰੇ ਪਿੰਡ ਨੂੰ ਬਈ ਕਮਲ਼ਿਆਂ ਦਾ ਕਮਲ਼ਾ। ਮਦਨ ਪੰਡਤ ਨੇ ਪੰਗਾ ਕਾਹਤੋਂ ਲੈਣਾ ਸੀ?’
ਨਾਥਾ ਅਮਲੀ ਕਹਿੰਦਾ, ”ਬਾਹਮਣ ਨੂੰ ਕਿਤੇ ਚਾਅ ਸੀ ਕੁੱਟ ਖਾਣ ਦਾ। ਛਿੱਲੜਾ ਨੂੰ ਬਾਹਮਣ ਮਰਦਾ ਸੀ ਬਈ ਚਾਰ ਛਿੱਲੜ ਬਣ ਜਾਣਗੇ। ਲੈ ਲਾ ਛਿਲੜ, ਲੈਣੇ ਦੇ ਦੇਣੇ ਪੈ ਗੇ। ਬਾਹਮਣ ਤੇ ਬਾਹਮਣੀ ਦੇ ਮੂੰਹ ਤਾਂ ਵੇਖੋ ਜਾ ਕੇ ਕਿਮੇਂ ਹੋਏ ਪਏ ਸੁੱਜ ਕੇ ਜਿਮੇਂ ਸੂਰ ਦੀਆਂ ਨਾਸਾਂ ‘ਤੇ ਭੂੰਡ ਲੜਿਆ ਹੁੰਦਾ।”
ਗੱਲਾਂ ਕਰੀ ਜਾਂਦਿਆਂ ਤੋਂ ਏਨੇ ਚਿਰ ਨੂੰ ਤੇਲ ਮੰਗਣ ਵਾਲਾ ਇੱਕ ਸ਼ਨੀ ਪੰਡਤ ਮੰਗਦਾ ਮੰਗਦਾ ਸੱਥ ‘ਚ ਆ ਕੇ ਕਹਿੰਦਾ, ‘ਜੇ ਕਿਸੇ ਨੇ ਹੱਥ ਵਖਾਉਣੈ ਤਾਂ ਮੈਂ ਵੇਖ ਦਿੰਨਾਂ। ਅਗਲੇ ਪਿੱਛਲੇ ਜਨਮ ਦਾ ਸਾਰਾ ਹਾਲ ਦੱਸ ਦਿਆਂਗਾ।”
ਨਾਥਾ ਅਮਲੀ ਕਹਿੰਦਾ, ”ਰਾਹੂ ਪੱਤੀ ਆਲੇ ਅੰਦਰਲੇ ਦਰਵਾਜੇ ਕੋਲੇ ਜੋਰੇ ਜੱਟ ਦਾ ਘਰ ਐ, ਉਹਨੇ ਪੰਡਤ ਜੀ ਵਖਾਉਣੈ ਹੱਥ। ਆਹ ਕੱਲ੍ਹ ਪਰਸੋਂ ਸਾਡੇ ਪਿੰਡ ਆਲੇ ਮਦਨ ਪੰਡਤ ਤੇ ਉਹਦੇ ਟੱਬਰ ਨੂੰ ਤਾਂ ਵਖਾ ‘ਤੇ। ਜੇ ਤੂੰ ਵੀ ਵੇਖਣੇ ਐਂ ਤਾਂ ਦਰਵਾਜੇ ਕੋਲੇ ਜਾ ਕੇ ਪੁੱਛ ਲੀਂ ਬਈ ਜੋਰੇ ਜੱਟ ਦਾ ਘਰ ਕਿਹੜਾ। ਜਾਹ ਤੂੰ ਵੀ ਵੇਖ ਆ ਜਾ ਕੇ। ਤਿਆਰ ਈ ਬੈਠਾ ਤੇਰੇ ਅਰਗਿਆਂ ਨੂੰ ਪੰਜੀ ਦਾ ਭੌਣ ਵਖਾਉਣ ਨੂੰ।”
ਅਮਲੀ ਦੀ ਗੱਲ ਸੁਣ ਕੇ ਜਿਉਂ ਹੀ ਸ਼ਨੀ ਦੇਵਤਾ ਜੋਰੇ ਜੱਟ ਦੇ ਘਰ ਵੱਲ ਨੂੰ ਤੁਰਿਆ ਤਾਂ ਸੱਥ ਵਾਲੇ ਵੀ ਹੌਲੀ ਹੌਲੀ ਸ਼ਨੀ ਦੇਵਤੇ ਦੇ ਮਗਰ ਹੀ ਤੁਰੇ ਪਏ ਬਈ ਵੇਖਾਂਗੇ ਜੋਰਾ ਜੱਟ ਇਹਨੂੰ ਵੀ ਧਨੇਸੜੀ ਦਿੰਦਾ ਕੁ ਨਹੀਂ। ਪੰਡਤਾਂ ਦੀਆਂ ਗੱਲਾਂ ਕਰਦੇ ਕਰਦੇ ਸਾਰੇ ਜਾਣੇ ਆਪਣੇ ਘਰ ਨੂੰ ਜਾਣ ਲਈ ਸੱਥ ‘ਚੋਂ ਉੱਠ ਖੜੋਤੇ ਤੇ ਸੱਥ ਖਾਲੀ ਹੋ ਗਈ।

LEAVE A REPLY