7ਚੰਡੀਗੜ੍ਹ : ਦਸਹਿਰੇ ਮੌਕੇ ਲੁਧਿਆਣਾ ਵਿੱਚ ਕਾਂਗਰਸ ਨੂੰ ਚਿੱਟਾ ਰਾਵਣ ਸਾੜੇ ਨਾ ਜਾਣ ਦੇਣ ਤੋਂ ਬਾਅਦ ਅੱਜ ਪੰਜਾਬ ਭਰ ਵਿੱਚ ਕਾਂਗਰਸ ਨੇ ਚਿੱਟੇ ਰਾਵਣ ਦੇ ਪੁਤਲੇ ਸਾੜੇ। ਇਨ੍ਹਾਂ ਪੁਤਲਿਆਂ ‘ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਤਸਵੀਰ ਸੀ। ਇਨ੍ਹਾਂ ਪੁਤਲਿਆਂ ‘ਤੇ ਉਪ-ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਤੇ ਕੈਬਿਨੇਟ ਮੰਤਰੀ ਬਿਕਰਮ ਮਜੀਠੀਆ ਦੀਆਂ ਤਸਵੀਰਾਂ ਵੀ ਸਨ। ਇਸ ਦੌਰਾਨ ਪ੍ਰਦਰਸ਼ਨ ਕਰ ਰਹੇ ਕਾਂਗਰਸੀ ਲੀਡਰਾਂ ਨੇ ਇਲਜ਼ਾਮ ਲਾਇਆ ਕਿ ਪੰਜਾਬ ਵਿੱਚ ਬਾਦਲ ਪਰਿਵਾਰ ਸੂਬੇ ਦੇ ਨੌਜਵਾਨਾਂ ਨੂੰ ਨਸ਼ੇ ਵੱਲ ਧੱਕ ਰਿਹਾ ਹੈ।
ਇਸ ਮੌਕੇ ਅੰਮ੍ਰਿਤਸਰ ਵਿੱਚ ਗੁਰਦੀਪ ਔਜਲਾ ਨੇ ਕਿਹਾ ਕਿ ਮੁੱਖ ਮੰਤਰੀ ਬਾਦਲ ਦੇ ਰਾਜ ਵਿੱਚ ਸਿਰਫ਼ ਨਸ਼ੇ ਦਾ ਹੀ ਰਾਜ ਹੈ। ਜਦੋਂ ਤੱਕ ਅਕਾਲੀ-ਭਾਜਪਾ ਸਰਕਾਰ ਸੱਤਾ ‘ਤੇ ਕਾਬਜ਼ ਹੈ, ਉਦੋਂ ਤਕ ਨਸ਼ੇ ਦਾ ਪ੍ਰਕੋਪ ਜਾਰੀ ਰਹੇਗਾ। ਇਸ ਲਈ ਹੀ ਮੁੱਖ ਮੰਤਰੀ ਦੇ ਰੂਪ ਵਿੱਚ ਚਿੱਟਾ ਰਾਵਣ ਸਾੜਿਆ ਗਿਆ ਹੈ।ਇਸ ਦੇ ਨਾਲ ਹੀ ਜਲੰਧਰ ਵਿੱਚ ਵੀ ਕਾਂਗਰਸੀਆਂ ਨੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਕੀਤੀ ਤੇ ਚਿੱਟਾ ਰਾਵਣ ਸਾੜਿਆ।
ਦੱਸਣਯੋਗ ਹੈ ਕਿ ਦਸਹਿਰੇ ਮੌਕੇ ਕਾਂਗਰਸ ਨੇ ਮੁੱਖ ਮੰਤਰੀ ਬਾਦਲ ਦੀ ਫ਼ੋਟੋ ਲਾ ਕੇ ਚਿੱਟਾ ਰਾਵਣ ਸਾੜਨਾ ਸੀ। ਜਿਸ ਨੂੰ ਲੈ ਕੇ ਕਾਂਗਰਸ ਤੇ ਅਕਾਲੀ ਲੀਡਰਾਂ ਵਿੱਚ ਝੜਪ ਹੋ ਗਈ। ਇਸ ਵਿੱਚ ਬਹੁਤ ਸਾਰੇ ਕਾਂਗਰਸੀ ਲੀਡਰ ਤੇ ਵਰਕਰ ਜ਼ਖਮੀ ਹੋ ਗਏ ਸਨ। ਇੱਥੋਂ ਤੱਕ ਕੀ ਕੁੱਝ ਲੋਕਾਂ ‘ਤੇ ਪਰਚੇ ਵੀ ਦਰਜ ਕੀਤੇ ਗਏ ਸਨ। ਇਸ ਲਈ ਕਾਂਗਰਸ ਨੇ ਫਿਰ ਤੋਂ ਦਸਹਿਰਾ ਮਨਾਉਣ ਦਾ ਐਲਾਨ ਕੀਤਾ ਤੇ ਪੰਜਾਬ ਵਿੱਚ 117 ਵਿਧਾਨਸਭਾ ਹਲਕਿਆਂ ਵਿੱਚ ਚਿੱਟਾ ਰਾਵਣ ਸਾੜਿਆ।

LEAVE A REPLY