1ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਸਿੱਧ ਪੰਜਾਬੀ ਕਲਾਕਾਰ, ਕਮੇਡੀਅਨ ਤੇ ਨਿਰਮਾਤਾ ਮੇਹਰ ਮਿੱਤਲ ਦੇ ਦੁਖਦ ਦਿਹਾਂਤ ‘ਤੇ ਅਫਸੋਸ ਪ੍ਰਗਟਾਇਆ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਦਾਦਾਸਾਹਿਬ ਫਾਲਕੇ ਐਵਾਰਡ ਪ੍ਰਾਪਤ ਇਸ ਮਹਾਨ ਕਲਾਕਾਰ ਦਾ ਦਿਹਾਂਤ ਨਾ ਸਿਰਫ ਪੀਡ਼ਤ ਪਰਿਵਾਰ ਲਈ ਵੱਡਾ ਘਾਟਾ ਹੈ, ਬਲਕਿ ਪੰਜਾਬੀ ਮਨੋਰੰਜਨ ਉਦਯੋਗ ਲਈ ਵੀ ਇਕ ਬਹੁਤ ਵੱਡਾ ਨੁਕਸਾਨ ਹੈ। ਮਿੱਤਲ ਦਾ ਪੰਜਾਬੀ ਫਿਲਮ ਉਦਯੋਗ ਲਈ ਮਹੱਤਵਪੂਰਨ ਯੋਗਦਾਨ ਸੀ। ਮਿੱਤਲ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕੈਪਟਨ ਅਮਰਿੰਦਰ ਨੇ ਇਥੇ ਜ਼ਾਰੀ ਬਿਆਨ ‘ਚ ਵਿਛੁਡ਼ ਚੁੱਕੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਹੈ।
80 ਸਾਲਾਂ ਮਿੱਤਲ ਬੀਤੇ ਕਾਫੀ ਦਿਨਾਂ ਬਿਮਾਰ ਚੱਲ ਰਹੇ ਸਨ। ਜਿਨ੍ਹਾਂ ਨੇ ਅੱਜ ਬ੍ਰਹਮ ਕੁਮਾਰੀ ਆਸ਼ਰਮ ਮਾਉਂਟ ਆਬੂ ਵਿਖੇ ਆਖਿਰੀ ਸਾਹ ਲਿਆ। ਇਸ ਤੋਂ ਪਹਿਲਾਂ, ਉਨ੍ਹਾਂ ਦਾ ਅਹਿਮਦਾਬਾਦ ਦੇ ਇਕ ਹਸਪਤਾਲ ‘ਚ ਇਲਾਜ਼ ਚੱਲ ਰਿਹਾ ਸੀ। ਮਿੱਤਲ ਦਾ ਅੰਤਿਮ ਸੰਸਕਾਰ ਸ਼ਨੀਵਾਰ ਦੁਪਹਿਰ ਕੀਤਾ ਗਿਆ।
1935 ‘ਚ ਬਠਿੰਡਾ ‘ਚ ਪੈਦਾ ਹੋਏ ਮਿੱਤਲ ਨੇ 1974 ਤੋਂ ਲੈ ਕੇ 1998 ਤੱਕ 100 ਤੋਂ ਵੱਧ ਪੰਜਾਬੀ ਫਿਲਮਾਂ ‘ਚ ਕੰਮ ਕੀਤਾ ਸੀ। ਉਨ੍ਹਾਂ ਨੂੰ ਬਤੌਰ ਸਿਨੇਮਾ ਕਲਾਕਾਰ ਪੰਜਾਬੀ ਫਿਲਮਾਂ ਪ੍ਰਤੀ ਸਮਰਪਨ ਤੇ ਪ੍ਰੇਰਨਾ ਦਾਇਕ ਸੇਵਾਵਾਂ ਬਦਲੇ ਮੁੰਬਈ ਵਿਖੇ 136ਵੀਂ ਦਾਦਾਸਾਹਿਬ ਫਾਲਕੇ ਜਯੰਤੀ ਮੌਕੇ ਦਾਦਾਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।
‘ਆਪ’ ਵਲੋਂ ਮਿਹਰ ਮਿੱਤਲ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ
ਚੰਡੀਗਡ਼੍ਹ – ਪੰਜਾਬੀ ਕਾਮੇਡੀ ਦੇ ਬੇਤਾਜ ਬਾਦਸ਼ਾਹ ਮੇਹਰ ਮਿੱਤਲ ਦੇ ਦੇਹਾਂਤ ਉਤੇ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵਡ਼ੈਚ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਗੁਰਪ੍ਰੀਤ ਸਿੰਘ ਵਡ਼ੈਚ ਨੇ ਕਿਹਾ ਕਿ ਮੇਹਰ ਮਿੱਤਲ ਦੇ ਜਾਣ ਨਾਲ ਪੰਜਾਬੀ ਫਿਲਮ ਇੰਡਸਟਰੀ ਨੂੰ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਵਡ਼ੈਚ ਨੇ ਕਿਹਾ ਕਿ ਪੰਜਾਬੀ ਫਿਲਮ ਇੰਡਸਟਰੀ ਨੂੰ ਜੋ ਦੇਣ ਮੇਹਰ ਮਿੱਤਲ ਦੀ ਰਹੀ ਹੈ, ਉਹ ਦੇਣ ਹੋਰ ਕੋਈ ਕਲਾਕਾਰ ਨਹੀਂ ਦੇ ਸਕਿਆ। ਉਨਾਂ ਕਿਹਾ ਕਿ ਮੇਹਰ ਮਿੱਤਲ ਦਾ ਪੂਰਾ ਜੀਵਨ ਕਾਮੇਡੀ ਨੂੰ ਸਮਰਪਿਤ ਰਿਹਾ ਹੈ।  ਇੱਕ ਅਜਿਹਾ ਵੀ ਦੌਰ ਰਿਹਾ ਹੈ, ਜਦੋਂ ਮੇਹਰ ਮਿੱਤਲ ਤੋਂ ਬਿਨਾਂ ਹਰ ਫਿਲਮ ਅਧੂਰੀ ਮੰਨੀ ਜਾਂਦੀ ਸੀ।  ਵਡ਼ੈਚ ਨੇ ਕਿਹਾ ਕਿ ਮੇਹਰ ਮਿੱਤਲ ਦਾ ਜੀਵਨ ਬਹੁਤ ਸਾਦਗੀ ਭਰਿਆ ਰਿਹਾ ਅਤੇ ਬਹੁਤ ਕਲਾਕਾਰਾਂ ਲਈ ਉਹ ਪ੍ਰੇਰਣਾ ਦਾ ਸੋਮਾ ਸਨ।  ਉਨਾਂ ਪ੍ਰਮਾਤਮਾ ਅੱਗੇ ਵਿਛਡ਼ੀ ਰੂਹ ਨੂੰ ਆਪਣੇ ਚਰਨਾਂ ਚ ਥਾਂ ਦੇਣ ਦੀ ਅਰਦਾਸ ਕੀਤੀ।

LEAVE A REPLY