flimy-duniya1‘ਉਡਾ ਦੇਵਾਂ ਤੋਤੇ, ਪਾ ਦੇਵਾਂ ਮੋਛੇ’ ਦੇ ਡਾਇਲਾਗ ਨੂੰ ਬੱਚੇ-ਬੱਚੇ ਦੀ ਜੁਬਾਨ ‘ਤੇ ਪਹੁੰਚਾਉਣ ਵਾਲੇ ਪੰਜਾਬੀ ਫ਼ਿਲਮਾਂ ਦੇ ਕਾਮੇਡੀ ਕਿੰਗ ਮੇਹਰ ਮਿੱਤਲ (82) ਦਾ ਅੱਜ ਦਿਹਾਂਤ ਹੋ ਗਿਆ। ਬਠਿੰਡਾ ਦੇ ਨੇੜਲੇ ਪਿੰਡ ਚੁੱਘੇ ਖ਼ੁਰਦ ਦੇ ਜੰਮਪਲ ਮੇਹਰ ਮਿੱਤਲ ਨੇ ਬਠਿੰਡਾ ਦੇ ਐਸ.ਐਸ.ਡੀ ਸਕੂਲ ਤੋਂ ਦਸਵੀਂ ਕਰਨ ਤੋਂ ਬਾਅਦ ਇੱਥੇ ਹੀ ਉਚੇਰੀ ਪੜ੍ਹਾਈ ਕੀਤੀ ਤੇ ਵਕਾਲਤ ਦੀ ਡਿਗਰੀ ਹਾਸਲ ਕੀਤੀ। ਅਕਤੂਬਰ 1934 ‘ਚ ਅਪਣੇ ਜੱਦੀ ਪਿੰਡ ਚੁੱਘੇ ਖ਼ੁਰਦ ‘ਚ ਜਨਮੇ ਮੇਹਰ ਮਿੱਤਲ ਦੇ 6 ਭਰਾ ਤੇ ਦੋ ਭੈਣਾਂ ਸਨ। ਉਨ੍ਹਾਂ ਦੇ ਬਠਿੰਡਾ ਵਸਦੇ ਪ੍ਰਵਾਰਕ ਮੈਂਬਰਾਂ ਮੁਤਾਬਕ ਸ਼੍ਰੀ ਮਿੱਤਲ ਦਾ ਪਰਵਾਰ 1948 ਵਿਚ ਚੁੱਘੇ ਖ਼ੁਰਦ ਤੋਂ ਬਠਿੰਡਾ ਆ ਗਿਆ ਸੀ, ਜਿਥੇ ਉਨ੍ਹਾਂ ਦਸਵੀਂ ਕੀਤੀ ਤੇ ਫ਼ਿਰ ਪ੍ਰਾਈਵੇਟ ਤੌਰ ਤੇ ਉਚੇਰੀ ਵਿਦਿਆ ਹਾਸਲ ਕੀਤੀ।
ਵਕਾਲਤ ਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਸ੍ਰੀ ਮਿੱਤਲ ਨੇ ਕਰੀਬ 13-14 ਸਾਲ ਚੰਡੀਗੜ੍ਹ ਵਿਖੇ ਆਮਦਨ ਕਰ ਤੇ ਵਿਕਰੀ ਕਰ ਦੇ ਮਾਹਰ ਵਕੀਲ ਵਜੋਂ ਅਪਣੀਆਂ ਸੇਵਾਵਾਂ ਦਿਤੀਆਂ।
ਸ਼੍ਰੀ ਮਿੱਤਲ ਦੇ ਭਤੀਜੇ ਰਮੇਸ਼ ਗਰਗ ਨੇ ਦਸਿਆ, ”ਉਹ ਸ਼ੁਰੂ ਤੋਂ ਹੀ ਰਾਮ ਲੀਲਾ ਵਿਚ ਕੰਮ ਕਰਦੇ ਸਨ।” 1972 ਵਿਚ ਉਨ੍ਹਾਂ ਨੇ ਅਪਣੀ ਨਿਰਦੇਸ਼ਤਾ ਹੇਠ ਮਾ ਦਾ ਲਾਡਲਾ ਨਾਟਕ ਤਿਆਰ ਕੀਤਾ ਅਤੇ ਇਸ ਨੂੰ ਕਈ ਸਟੇਜ਼ਾਂ ਉਪਰ ਇਸ ਨੂੰ ਵਿਖਾਇਆ। ਨਾਟਕ ਨੂੰ ਬਹੁਤ ਸਫ਼ਲਤਾ ਮਿਲੀ ਤੇ ਇਸੇ ਨਾਂ ਉਪਰ ਸ੍ਰੀ ਮਿੱਤਲ ਨੇ 1974 ਵਿਚ ਇਕ ਫ਼ਿਲਮ ਵੀ ਬਣਾਈ। ਬੇਸ਼ੱਕ ਇਹ ਫ਼ਿਲਮ ਬਹੁਤੀ ਸਫਲ ਨਾ ਹੋ ਸਕੀ, ਪਰ ਇਸ ਫ਼ਿਲਮ ਨੇ ਮੇਹਰ ਮਿੱਤਲ ਦਾ ਫ਼ਿਲਮਾਂ ‘ਚ ਦਾਖ਼ਲੇ ਦਾ ਰਾਸਤਾ ਖ਼ੋਲ ਦਿਤਾ। ਇਕ ਸਮਾਂ ਅਜਿਹਾ ਵੀ ਆਇਆ ਜਦ ਕੋਈ ਵੀ ਪੰਜਾਬੀ ਫ਼ਿਲਮ ਉਨ੍ਹਾਂ ਤੋਂ ਬਿਨ੍ਹਾਂ ਸਫ਼ਲ ਨਹੀਂ ਹੋ ਸਕਦੀ ਸੀ।
ਸ੍ਰੀ ਗਰਗ ਨੇ ਦਸਿਆ ਕਿ ਇਕ ਵਾਰ ਇਕ ਨਿਰਦੇਸ਼ਕ ਨੇ ਅਜਿਹਾ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਕਿਸੇ ਵੀ ਡਿਸਟਰੀਬਿਊਟਰ ਨੇ ਉਸ ਨੂੰ ਵਿਖਾਉਣ ਦਾ ਹੀਆ ਨਾ ਕੀਤਾ, ਜਿਸ ਕਾਰਨ ਉਸ ਨਿਰਦੇਸ਼ਕ ਨੇ ਮੇਹਰ ਮਿੱਤਲ ਨੂੰ ਲੈ ਕੇ ਫ਼ਿਲਮ ਬਣਾਈ। ਚਾਰ ਧੀਆਂ ਦੇ ਬਾਪ ਸ੍ਰੀ ਮਿੱਤਲ ਨੇ ਪਿਛਲੇ ਕੁੱਝ ਸਾਲਾਂ ਤੋਂ ਫ਼ਿਲਮਾਂ ‘ਚ ਅਪਣਾ ਰੁਝਾਨ ਘਟਾ ਲਿਆ ਸੀ। ਇਸ ਦੌਰਾਨ ਉਹ ਬ੍ਰਹਮ ਕੁਮਾਰੀ ਆਸਰਮ ਨਾਲ ਜੁੜ ਗਏ ਤੇ 6 ਕੁ ਸਾਲ ਪਹਿਲਾਂ ਮਾਉਟਆਬੂ ਵਿਖੇ ਹੀ ਘਰ ਬਣਾ ਕੇ ਰਹਿਣਾ ਸ਼ੁਰੂ ਕਰ ਦਿਤਾ ਸੀ।ਪ੍ਰਵਾਰਕ ਮੈਂਬਰਾਂ ਮੁਤਾਬਕ ਸਾਰੀ ਉਮਰ ਤੰਦਰੁਸਤ ਰਹਿਣ ਵਾਲੇ ਸ੍ਰੀ ਮਿੱਤਲ ਦੇ ਦਿਮਾਗ ‘ਚ 15 ਕੁ ਦਿਨ ਪਹਿਲਾਂ ਇਕ ਕਲਾਟ ਆ ਗਿਆ, ਜਿਸ ਕਾਰਨ ਉਨ੍ਹਾਂ ਨੂੰ ਅਹਿਮਦਾਬਾਦ ਦੇ ਇਕ ਵੱਡੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਇਸ ਦੌਰਾਨ ਉਹ ਠੀਕ ਹੋਣੇ ਵੀ ਸ਼ੁਰੂ ਹੋਏ ਪਰ ਕੁੱਝ ਦਿਨ ਪਹਿਲਾਂ ਹਾਲਾਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਮਾਉਟਆਬੂ ਵਿਖੇ ਵਾਪਸ ਲਿਆਂਦਾ ਗਿਆ, ਜਿਥੇ ਅੱਜ ਦੁਪਿਹਰ ਇਕ ਵਜੇ ਆਖ਼ਰੀ ਸਾਹ ਲਿਆ ਤੇ ਸ਼ਾਮ ਨੂੰ ਉਨ੍ਹਾਂ ਦਾ ਉਥੇ ਹੀ ਅੰਤਿਮ ਸੰਸਕਾਰ ਕਰ ਦਿਤਾ ਗਿਆ। ਸ੍ਰੀ ਮਿੱਤਲ ਦੀ ਮੌਤ ਉਪਰ ਉਨ੍ਹਾਂ ਦੇ ਪ੍ਰਵਾਰਕ ਮੈਂਬਰਾਂ ਤੋਂ ਇਲਾਵਾ ਭਾਜਪਾ ਦੇ ਆਗੂ ਨਵੀਨ ਸਿੰਗਲਾ ਤੇ ਡੀ.ਏ.ਵੀ. ਕਾਲਜ ਦੇ ਪ੍ਰਿੰਸੀਪਲ ਡਾ. ਸੰਜੀਵ ਮਿੱਤਲ ਨੇ ਵੀ ਦੁੱਖ ਦਾ ਇਜ਼ਹਾਰ ਕੀਤਾ।

LEAVE A REPLY