flimy-duniya1ਮਲਿਆਲੀ ਪਿਤਾ ਅਤੇ ਆਸਟਰੇਲਿਆਈ ਮੂਲ ਦੀ ਮਾਂ ਦੀ ਧੀ ਲੀਸਾ ਹੇਅਡਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਮੌਡਲ ਕਰਨ ਮਗਰੋਂ ਬਾਅਦ ਵਿੱਚ ਬੌਲੀਵੁੱਡ ਵਿੱਚ ਪੈਰ ਧਰਿਆ। ਬੌਲੀਵੁੱਡ ਵਿੱਚ ਆਉਣ ਤੋਂ ਪਹਿਲਾਂ ਲੀਸਾ ਨੇ ਫ਼ੈਸ਼ਨ ਦੀ ਦੁਨੀਆਂ ਵਿੱਚ ਆਪਣੀ ਪਛਾਣ ਬਣਾਈ ਹੋਈ ਸੀ। ਉਸ ਤੋਂ ਬਾਅਦ ਉਸ ਨੇ ਟੈਲੀਵਿਜ਼ਨ ਦੇ ਇਸ਼ਤਿਹਾਰਾਂ ਵਿੱਚ ਵੀ ਕੰਮ ਕੀਤਾ। ਮਾਡਲਿੰਗ ਵਿੱਚ ਸਫ਼ਲਤਾ ਪ੍ਰਾਪਤ ਕਰਨ ਮਗਰੋਂ ਉਸ ਨੇ 2010 ਵਿੱਚ ਫ਼ਿਲਮ ‘ਆਇਸ਼ਾ’ ਤੋਂ ਆਪਣੇ ਅਦਾਕਾਰੀ ਦੇ ਸਫ਼ਰ ਦੀ ਸ਼ੁਰੂਆਤ ਕੀਤੀ ਸੀ। ਬੌਲੀਵੁੱਡ ਵਿੱਚ ਸਰਗਰਮ ਇਸ ਅਦਾਕਾਰਾ ਨਾਲ ਕੀਤੀ ਗੱਲਬਾਤ ਦੇ ਅੰਸ਼ ਪੇਸ਼ ਹਨ:
* ਕੀ ਫ਼ਿਲਮੀ ਪਿਛੋਕੜ ਨਾ ਹੋਣ ਕਾਰਨ ਤੁਹਾਨੂੰ ਵੀ ਇਸ ਖੇਤਰ ਵਿੱਚ ਆਉਣ ਲਈ ਸੰਘਰਸ਼ ਕਰਨਾ ਪਿਆ?
– ਸੰਘਰਸ਼ ਕਰਨਾ ਹੀ ਪਿਆ ਹੈ। ਸੰਘਰਸ਼ ਤਾਂ ਅੱਜ ਵੀ ਕਿਸੇ ਨਾ ਕਿਸੇ ਰੂਪ ਵਿੱਚ ਕਰਨਾ ਹੀ ਪੈਂਦਾ ਹੈ। ਮੇਰਾ ਮੰਨਣਾ ਹੈ ਕਿ ਸਿਰਫ਼ ਮੇਰੇ ਨਾਲ ਹੀ ਇੰਜ ਨਹੀਂ ਹੋਇਆ ਸਗੋਂ ਇਸ ਖੇਤਰ ਵਿੱਚ ਬਾਹਰੋਂ ਆਉਣ ਵਾਲਿਆਂ ਨੂੰ ਆਪਣੀ ਥਾਂ ਬਣਾਉਣੀ ਬਹੁਤ ਔਖੀ ਹੈ। ਇੱਕ ਵਾਰ ਇੱਥੇ ਪੈਰ ਜੰਮ ਗਏ ਤਾਂ ਬਾਜ਼ੀ ਤੁਹਾਡੇ ਹੱਕ ਵਿੱਚ ਹੋ ਜਾਂਦੀ ਹੈ।
* ਕੀ ਤੁਸੀਂ ਮੰਨਦੇ ਹੋ ਕਿ ਬੌਲੀਵੁੱਡ ਵਿੱਚ ਕਿਤੇ ਨਾ ਕਿਤੇ ਵਿਤਕਰਾ ਹੁੰਦਾ ਹੈ?
– ਨਹੀਂ, ਇਸ ਨੂੰ ਤੁਸੀਂ ਵਿਤਕਰਾ ਨਹੀਂ ਆਖ ਸਕਦੇ ਸਗੋਂ ਇਸ ਨੂੰ ਕਲਾਕਾਰਾਂ ਦੀ ਕਿਸਮਤ ਕਿਹਾ ਜਾ ਸਕਦਾ ਹੈ। ਮੇਰਾ ਮੰਨਣਾ ਹੈ ਕਿ ਬੌਲੀਵੁੱਡ ਵਿੱਚ ਫ਼ਿਲਮੀ ਪਿਛੋਕੜ ਨਾਲੋਂ ਮਿਹਨਤ ਤੇ ਦ੍ਰਿੜ ਇਰਾਦਾ ਵਧੇਰੇ ਮਹੱਤਵ ਰੱਖਦਾ ਹੈ। ਜੇ ਤੁਸੀਂ ਮਿਹਨਤੀ, ਪ੍ਰਤਿਭਾਸ਼ਾਲੀ, ਆਕਰਸ਼ਕ ਅਤੇ ਦ੍ਰਿੜ ਇਰਾਦੇ ਵਾਲੇ ਹੋ ਤਾਂ ਤੁਹਾਡੇ ਕੋਲ ਸਫ਼ਲਤਾ ਦਾ ਮੌਕਾ ਹੈ। ਦੋਵੇਂ ਪਾਸੇ ਫ਼ਾਇਦੇ ਤੇ ਨੁਕਸਾਨ ਹਨ। ਆਖ਼ਰ ਜਿੱਤ ਸਿਰਫ਼ ਮਿਹਨਤ ਤੇ ਦ੍ਰਿੜ ਇਰਾਦੇ ਦੀ ਹੀ ਹੁੰਦੀ ਹੈ ਭਾਵੇਂ ਅਦਾਕਾਰ ਫ਼ਿਲਮੀ ਪਰਿਵਾਰਾਂ ਵਿੱਚੋਂ ਹੋਣ, ਚਾਹੇ ਬਾਹਰੀ।
* ਤੁਸੀਂ ਮਾਡਲਿੰਗ ਤੋਂ ਅਦਾਕਾਰੀ ਵਿੱਚ ਕਦਮ ਰੱਖਿਆ। ਕੀ ਕਦੇ ਅਜਿਹਾ ਮਹਿਸੂਸ ਹੋਇਆ ਕਿ ਅਦਾਕਾਰੀ ਵਧੇਰੇ ਮੁਸ਼ਕਿਲ ਹੈ?
– ਨਹੀਂ, ਮੈਨੂੰ ਤਾਂ ਕਦੇ ਅਜਿਹਾ ਮਹਿਸੂਸ ਨਹੀਂ ਹੋਇਆ, ਪਰ ਬਤੌਰ ਅਦਾਕਾਰਾ ‘ਕੁਈਨ’ ਤੋਂ ਪਹਿਲਾਂ ਮੈਨੂੰ ਅਜਿਹੇ ਲੋਕਾਂ ਅਤੇ ਉਨ੍ਹਾਂ ਦੀ ਅਜਿਹੀ ਮਾਨਸਿਕਤਾ ਨਾਲ ਜ਼ਰੂਰ ਲੜਨਾ ਪਿਆ ਕਿ ਮੈਂ ਅਦਾਕਾਰੀ ਨਹੀਂ ਕਰ ਸਕਦੀ। ਮੈਂ ਮਾਡਲਿੰਗ ਤੋਂ ਆਈ ਸੀ। ਇਸ ਕਰਕੇ ਲੋਕ ਸੋਚਦੇ ਸਨ ਕਿ ਮੇਰੇ ਤੋਂ ਅਦਾਕਾਰੀ ਨਹੀਂ ਹੋਣੀ। ਫ਼ਿਲਮ ‘ਕੁਈਨ’ ਨਾਲ ਮੈਨੂੰ ਇਹ ਸਾਬਤ ਕਰਨ ਦਾ ਮੌਕਾ ਮਿਲਿਆ ਕਿ ਮੈਂ ਸਿਰਫ਼ ਮਾਡਲਿੰਗ ਹੀ ਨਹੀਂ ਸਗੋਂ ਅਦਾਕਾਰੀ ਵੀ ਕਰ ਸਕਦੀ ਹਾਂ। ਅੱਜ ਮੈਂ ਸੋਚਦੀ ਹਾਂ ਕਿ ਮੈਨੂੰ ਕੋਈ ਵੀ ਰੋਲ ਮਿਲ ਜਾਵੇ, ਮੈਂ ਚੰਗਾ ਕੰਮ ਕਰਾਂਗੀ। ਮੇਰੀ ਅਗਲੀ ਫ਼ਿਲਮ ‘ਬਾਦਸ਼ਾਹੋ’ ਹੈ। ਇਸ ਫ਼ਿਲਮ ਵਿੱਚ ਮੈਂ ਅਜੈ ਦੇਵਗਣ ਨਾਲ ਦਿਖਾਈ ਦਿਆਂਗੀ। ਇਸ ਫ਼ਿਲਮ ਦੇ ਕਿਰਦਾਰ ਪ੍ਰਤੀ ਮੈਂ ਬਹੁਤ ਉਤਸ਼ਾਹਿਤ ਹਾਂ।
* ਕੀ ਤੁਸੀਂ ਮਿਲੇ ਮੌਕੇ ਨੂੰ ਵਧੀਆ ਵਰਤਣ ਦਾ ਹੁਨਰ ਰੱਖਦੇ ਹੋ?
-ਬਿਲਕੁਲ, ਮੈਂ ਵੱਡੇ ਮੌਕੇ ਅਤੇ ਨਾਮ ‘ਤੇ ਵਿਸ਼ਵਾਸ ਰੱਖਦੀ ਹਾਂ। ਮੇਰੀ ਪਹਿਲੀ ਫ਼ਿਲਮ ‘ਆਇਸ਼ਾ’ ਵਿੱਚ ਮੇਰੀ ਛੋਟੀ ਜਿਹੀ ਭੂਮਿਕਾ ਸੀ, ਪਰ ‘ਕੁਈਨ’ ਮੇਰੀ ਪਹਿਲੀ ਫ਼ਿਲਮ ਵਰਗੀ ਹੈ। ਲੋਕਾਂ ਨੇ ਇਸ ਤੋਂ ਬਾਅਦ ਹੀ ਮੇਰੇ ‘ਤੇ ਵਿਸ਼ਵਾਸ ਕਰਨਾ ਸ਼ੁਰੂ ਕੀਤਾ। ‘ਕੁਈਨ’ ਵਿੱਚ ਪੈਰਿਸ ਨਿਵਾਸੀ ਇੱਕ ਮਾਂ ਦੀ ਭੂਮਿਕਾ ਨਿਭਾਉਣ ਤੋਂ ਬਾਅਦ ਲੋਕਾਂ ਨੇ ਮੈਨੂੰ ਅਦਾਕਾਰੀ ਦੇ ਕਾਬਿਲ ਮੰਨਿਆ।
* ਫ਼ਿਲਮ ਖੇਤਰ ਮੁਕਾਬਲੇਬਾਜ਼ੀ ਜ਼ਿਆਦਾ ਹੈ। ਕੀ ਤੁਹਾਨੂੰ ਵੀ ਅਜਿਹਾ ਹੀ ਮਹਿਸੂਸ ਹੋਇਆ?
– ਮੁਕਾਬਲੇਬਾਜ਼ੀ, ਮੈਨੂੰ ਨਹੀਂ ਲੱਗਦੀ। ਮੈਨੂੰ ਲੱਗਦਾ ਹੈ ਕਿ ਕੋਈ ਫ਼ਿਲਮ ਮੇਰੇ ਲਈ ਹੈ ਤਾਂ ਉਹ ਮੈਨੂੰ ਹੀ ਮਿਲੇਗੀ। ਮੈਂ ਜਾਣਦੀ ਹਾਂ ਕਿ ਜੋ ਮੈਂ ਕਰਦੀ ਹਾਂ, ਉਹ ਕੋਈ ਹੋਰ ਨਹੀਂ ਕਰ ਸਕਦਾ। ਉਂਜ ਵੀ ਮੈਂ ਮੁਕਾਬਲੇ ਵਿੱਚ ਵਿਸ਼ਵਾਸ ਨਹੀਂ ਰੱਖਦੀ ਕਿਉਂਕਿ ਹਰ ਕਿਸੇ ਕੋਲ ਕੰਮ ਦੇ ਮੌਕੇ ਹਨ। ਮੇਰੇ ਹਿਸਾਬ ਨਾਲ ਤੁਸੀਂ ਚੰਗਾ ਕੰਮ ਕਰਦੇ ਹੋ ਤੇ ਉਹ ਕਿਰਦਾਰ ਤੁਹਾਡੇ ‘ਤੇ ਫ਼ਿੱਟ ਬੈਠਦਾ ਹੈ ਤਾਂ ਕੋਈ ਹੋਰ ਉਸ ਰੋਲ ਨੂੰ ਨਹੀਂ ਕਰ ਸਕਦਾ। ਕੋਈ ਦੂਜੀ ਲੀਸਾ ਹੇਅਡਨ ਨਹੀਂ ਬਣ ਸਕਦੀ।
* ਬੌਲੀਵੁੱਡ ਵਿੱਚ ਕਾਮਯਾਬੀ ਨੂੰ ਹੀ ਪੂਜਿਆ ਜਾਂਦਾ ਹੈ ਜਦੋਂਕਿ ਤੁਹਾਡੇ ਹਿੱਸੇ ਇਹ ਘੱਟ ਹੀ ਆਈ ਹੈ। ਇਸ ਬਾਰੇ ਕੀ ਕਹੋਗੇ?
– ਇੱਕ ਦੋ ਫ਼ਿਲਮਾਂ ਦੇ ਸਫ਼ਲ ਅਤੇ ਅਸਫ਼ਲ ਹੋਣ ‘ਤੇ ਹੋਣ ਵਾਲੀ ਚਰਚਾ ਨੂੰ ਮੈਂ ਵਿਅਰਥ ਮੰਨਦੀ ਹੈ। ਇਹ ਠੀਕ ਹੈ ਕਿ ਜਦੋਂ ਮੇਰੀ ਕੋਈ ਫ਼ਿਲਮ ਬਾਕਸ ਆਫ਼ਿਸ ‘ਤੇ ਨਹੀਂ ਚੱਲਦੀ ਤਾਂ ਮੈਨੂੰ ਕਦੇ ਕਦਾਈਂ  ਨਿਰਾਸ਼ਾ ਜ਼ਰੂਰ ਹੁੰਦੀ ਹੈ। ਇਸ ਦੇ ਬਾਵਜੂਦ ਮੈਂ ਸਿਰਫ਼ ਆਪਣੇ ਕੰਮ ਵਿੱਚ ਆਨੰਦ ਲੈਣ ਵਿੱਚ ਹੀ ਵਿਸ਼ਵਾਸ ਰੱਖਦੀ ਹਾਂ ਤੇ ਇਸ ਬਾਰੇ ਨਹੀਂ ਸੋਚਦੀ ਕਿ ਇਸ ਦਾ ਨਤੀਜਾ ਕੀ ਨਿਕਲੇਗਾ।
* ਫ਼ਿਲਮ ‘ਹਾਊਸਫ਼ੁਲ- 3’ ਵਿੱਚ ਤੁਹਾਨੂੰ ਕਈ ਕਲਾਕਾਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਤੁਹਾਡਾ ਤਜਰਬਾ ਕਿਹੋ ਜਿਹਾ ਰਿਹਾ?
– ਬਹੁਤ ਚੰਗਾ ਸੀ। ਪਹਿਲੀ ਵਾਰ ਇੰਨੇ ਕਲਾਕਾਰਾਂ ਨਾਲ ਕਾਮੇਡੀ ਫ਼ਿਲਮ ਵਿੱਚ ਕੰਮ ਕਰਨਾ ਮੇਰੇ ਲਈ ਵੱਡੀ ਗੱਲ ਸੀ। ਮੇਰੀ ਜ਼ਿੰਮੇਵਾਰੀ ਇਸ ਵਿੱਚ ਜ਼ਿਆਦਾ ਸੀ ਕਿਉਂਕਿ ਮੈਂ ਸਭ ਨਾਲ ਮਿਲ ਕੇ ਅਦਾਕਾਰੀ ਕਰਨੀ ਸੀ। ਮੈਂ ਨਰਗਿਸ ਅਤੇ ਜੈਕੁਲਿਨ ਨਾਲ ਵਧੀਆ ਸਮਾਂ ਬਿਤਾਇਆ।
* ਤੁਹਾਡੇ ਹਿੱਸੇ ਕਾਮੇਡੀ ਫ਼ਿਲਮਾਂ ਜ਼ਿਆਦਾ ਆਈਆਂ ਹਨ। ਕੋਈ ਖ਼ਾਸ ਵਜ੍ਹਾ?
– ਵਜ੍ਹਾ ਇਹੀ ਹੈ ਕਿ ਮੈਨੂੰ ਕਾਮੇਡੀ ਫ਼ਿਲਮਾਂ ਕਰਨਾ ਵਧੇਰੇ ਪਸੰਦ ਹੈ। ਮੇਰੀ ਮੰਨੋ ਤਾਂ ਕਾਮੇਡੀ ਹਰ ਦੁਖੀ ਇਨਸਾਨ ਨੂੰ ਸਕੂਨ ਦਿੰਦੀ ਹੈ। ਉਸ ਨੂੰ ਹਸਾ ਸਕਦੀ ਹੈ। ਅੱਜ ਦੇ ਮਾਹੌਲ ਵਿੱਚ ਇਹ ਬਹੁਤ ਜ਼ਰੂਰੀ ਹੈ।
* ਬੌਲੀਵੁੱਡ ਦੇ ਕਿਸ ਖ਼ਾਸ ਨਿਰਦੇਸ਼ਕ ਨਾਲ ਕੰਮ ਕਰਨਾ ਚੰਗਾ ਸਮਝਦੇ ਹੋ?
– ਇਹ ਸੂਚੀ ਤਾਂ ਬਹੁਤ ਲੰਮੀ ਹੈ। ਉਂਜ, ਇੱਕ ਚੰਗਾ ਨਿਰਦੇਸ਼ਕ ਇੱਕ ਚੰਗਾ ਕਲਾਕਾਰ ਬਣਾਉਂਦਾ ਹੈ। ਮੈਂ ਕਰਨ ਜੌਹਰ, ਸਾਜਿਦ, ਫ਼ਰਹਾਨ, ਜ਼ੋਯਾ ਅਖ਼ਤਰ ਆਦਿ ਨਾਲ ਕੰਮ ਕਰਨਾ ਚਾਹੁੰਦੀ ਹਾਂ।
* ਤੁਹਾਡੀ ਖ਼ੂਬਸੂਰਤੀ ਦਾ ਕੀ ਰਾਜ਼ ਹੈ?
– ਜਲਦੀ ਸੌਂ ਜਾਣਾ ਅਤੇ ਵਧੇਰੇ ਪਾਣੀ ਪੀਣਾ। ਮੇਰੀ ਜ਼ਿੰਦਗੀ ਦਾ ਮੂਲ ਮੰਤਰ ਹੈ ਕਿ ਹਮੇਸ਼ਾਂ ਚਿੰਤਾ-ਮੁਕਤ ਹੋ ਕੇ ਕੰਮ ਕਰੋ।
-ਸੰਜੀਵ ਕੁਮਾਰ ਝਾਅ

LEAVE A REPLY