flimy-duniya1ਹਾਲ ਹੀ ਵਿੱਚ ਰਿਲੀਜ਼ ਹੋਈ ਫ਼ਿਲਮ ‘ਪਿੰਕ’ ਦੀ ਸ਼ਾਨਦਾਰ ਸਫ਼ਲਤਾ ਦੇ ਜਸ਼ਨ ਮਾਣ ਰਹੀ ਤਾਪਸੀ ਪੰਨੂੰ ਫ਼ਿਲਮ ਦੀ ਸਫ਼ਲਤਾ ‘ਤੇ ਬੇਹੱਦ ਖ਼ੁਸ਼ ਹੈ। ‘ਪਿੰਕ’ ਵਿੱਚ ਨਿਭਾਏ ਆਪਣੇ ਕਿਰਦਾਰ ਲਈ ਪ੍ਰਸ਼ੰਸਕਾਂ, ਸਮੀਖਿਆਕਾਰਾਂ ਅਤੇ ਨਾਮੀ ਹਸਤੀਆਂ ਤੋਂ ਵਾਹ-ਵਾਹ ਬਟੋਰ ਰਹੀ ਤਾਪਸੀ ਇਸ ਸਫ਼ਲਤਾ ਨੂੰ ਮੰਜ਼ਿਲ ਨਹੀਂ ਸਗੋਂ ਇੱਕ ਪੜਾਅ ਸਮਝਦੀ ਹੈ। ਇਸੇ ਕਾਰਨ ਉਹ ਕਹਿ ਰਹੀ ਹੈ ਕਿ ਕਲਾ ਅਸੀਮਿਤ ਹੈ, ਇਸ ਦੀ ਕੋਈ ਹੱਦ ਨਹੀਂ ਹੁੰਦੀ ਤੇ ਹਮੇਸ਼ਾ ਹੋਰ ਬਿਹਤਰ ਕਰਨ ਦੀ ਗੁੰਜਾਇਸ਼ ਬਰਕਰਾਰ ਰਹਿੰਦੀ ਹੈ। ਤਾਪਸੀ ਨੇ ‘ਪਿੰਕ ਵਿੱਚ ਇੱਕ ਅਜਿਹੀ ਕੁੜੀ ਦਾ ਕਿਰਦਾਰ ਅਦਾ ਕੀਤਾ ਹੈ ਜਿਸਨੂੰ ਜਿਣਸੀ ਸ਼ੋਸ਼ਣ ਦੇ ਝੂਠੇ ਮਾਮਲੇ ਵਿੱਚ ਫ਼ਸਾ ਲਿਆ ਜਾਂਦਾ ਹੈ। ਤਾਪਸੀ ਨੇ ਆਪਣਾ ਅਨੁਭਵ ਸਾਂਝਾ ਕਰਦਿਆਂ ਕਿਹਾ, ‘ਮੈਨੂੰ ਪਿੰਕ ਦੇ ਕਿਰਦਾਰ ਲਈ ਦੇਸ਼-ਵਿਦੇਸ਼ ਤੋਂ ਬਹੁਤ ਸਾਰੀਆਂ ਮੇਲ, ਚਿੱਠੀਆਂ ਅਤੇ ਫ਼ੋਨ ਆ ਰਹੇ ਹਨ। ਸੱਚਮੁਚ ਕਲਾ ਦੀ ਕੋਈ ਸੀਮਾ ਨਹੀਂ ਹੁੰਦੀ… ਮੈਨੂੰ ਮਿਡਲ ਈਸਟ ਦੇਸ਼ਾਂ ਤੋਂ ਬਹੁਤ ਰਿਸਪਾਂਸ ਆ ਰਿਹਾ ਹੈ।” ਤਾਪਸੀ ਨੇ ਦੱਸਿਆ ਕਿ ‘ਕੁਝ ਦਿਨ ਪਹਿਲਾਂ ਮਿਡਲ ਈਸਟ ਗਈ ਤਾਂ ਉਥੇ ਕੁਝ ਕੁੜੀਆਂ ਨੇ ‘ਪਿੰਕ’ ਲਈ ਮੈਨੂੰ ਖ਼ਾਸ ਤੌਰ ‘ਤੇ ਸ਼ੁਭ-ਇੱਛਾਵਾਂ ਦਿੱਤੀਆਂ… ਇਹ ਪਲ ਮੇਰੇ ਲਈ ਬਹੁਤ ਭਾਵੁਕ ਅਤੇ ਖ਼ੁਸ਼ੀ ਭਰਪੂਰ ਸਨ।” ਜ਼ਿਕਰਯੋਗ ਹੈ ਕਿ ਮੈਗਾ ਸਟਾਰ ਅਮਿਤਾਭ ਬੱਚਨ, ਕ੍ਰਿਤੀ ਕੁਲਹਾਰੀ ਅਤੇ ਅੰਗਦ ਬੇਦੀ ਆਦਿ ਕਲਾਕਾਰਾਂ ਨੇ ਵੀ ਫ਼ਿਲਮ ਵਿੱਚ ਅਹਿਮ ਕਿਰਦਾਰ ਨਿਭਾਏ ਹਨ। ਆਧੁਨਿਕ ਅਤੇ ਢੁੱਕਵੇਂ ਵਿਸ਼ੇ ਕਾਰਨ ‘ਪਿੰਕ’ ਨੇ ਅਪਾਰ ਸਫ਼ਲਤਾ ਹਾਸਲ ਕੀਤੀ ਹੈ। ਤਾਪਸੀ ਨੇ ਮਲੇਸ਼ੀਆ ਵਿੱਚ ਆਪਣੀ ਅਗਲੀ ਫ਼ਿਲਮ ‘ਨਾਮ ਸ਼ਬਾਨਾ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋਣ ਦੀ ਆਸ ਹੈ। ‘ਨਾਮ ਸ਼ਬਾਨਾ’ ਫ਼ਿਲਮ ‘ਬੇਬੀ’ ਦਾ ਸੀਕਵਲ ਹੈ। ਇਸ ਵਿੱਚ ਮਨੋਜ ਵਾਜਪੇਈ ਅਤੇ ਦੱਖਣ ਭਾਰਤੀ ਅਦਾਕਾਰ ਪ੍ਹਿਥਵੀਰਾਜ ਵੀ ਮਹੱਤਵਪੂਰਨ ਕਿਰਦਾਰ ਨਿਭਾ ਰਹੇ ਹਨ।

LEAVE A REPLY