kahaniya-300x150ਉਸ ਬੇਰੀ ਦੀ ਛਾਂ ਨਹੀਂ ਸੀ। ਸਰਦੀਆਂ ਦੇ ਦਿਨ ਸਨ ਅਤੇ ਦੁਪਹਿਰ ਦਾ ਵੇਲਾ। ਸੂਰਜ ਦਾ ਚਾਨਣ, ਉਸ ਬੇਰੀ ਦੀਆਂ ਨੰਗੀਆਂ ਸੁੱਕੀਆਂ ਟਹਿਣੀਆਂ ‘ਤੇ ਠਹਿਰ ਕੇ ਬਸ ਐਵੇਂ ਹੀ ਪਲਕਾਂ ਜਿਹੀਆਂ ਝਪਕਦਾ ਸੀ ਤੇ ਉਹਦੇ ਇਰਦੇ-ਗਿਰਦ ਜ਼ਮੀਨ ‘ਤੇ ਫ਼ੈਲ ਜਾਂਦਾ ਸੀ। ਉਸੇ ਚਾਨਣ ਵਿੱਚ ਖੜ੍ਹਾ ਇੱਕ ਮੁੰਡਾ ਅਖ਼ਬਾਰ ਪੜ੍ਹ ਰਿਹਾ ਸੀ। ਸਭ ਤੋਂ ਪਹਿਲਾਂ ਉਸ ਨੇ ਅਖ਼ਬਾਰ ਦੀਆਂ ਮੁੱਖ ਸੁਰਖ਼ੀਆਂ ਪੜ੍ਹੀਆਂ ਅਤੇ ਫ਼ੇਰ ਦੂਜੀਆਂ ਖ਼ਬਰਾਂ ‘ਤੇ ਐਵੇਂ ਹੀ ਨਜ਼ਰ ਮਰਦਾ ਰਿਹਾ ਜਿਵੇਂ ਕੋਈ ਯਾਤਰੀ ਚੱਲਦੀ ਰੇਲ ਗੱਡੀ ‘ਚੋਂ ਬਾਹਰ ਦਾ ਨਜ਼ਾਰਾ ਵੇਖਦਾ ਹੈ ਪਰ ਨਜ਼ਰ ਕਿਤੇ ਵੀ ਨਹੀਂ ਟਿਕਦੀ, ਸ਼ਾਇਦ ਇਸ ਕਰਕੇ ਕਿ ਗੱਡੀ ਬਹੁਤ ਤੇਜ਼ ਚੱਲ ਰਹੀ ਹੁੰਦੀ ਹੈ। ੩ਤੇ ਫ਼ੇਰ ਜਦੋਂ ਕੋਈ ਛੋਟਾ-ਮੋਟਾ ਸਟੇਸ਼ਨ ਆਉਂਦਾ ਹੈ ਤੇ ਗੱਡੀ ਦੇ ਪਹੀਆਂ ਦੀ ਰਫ਼ਤਾਰ ਕੁਝ ਘੱਟ ਹੋ ਜਾਂਦੀ ਹੈ ਤਾਂ ਯਾਤਰੀ ਕੁਝ ਹੋਰ ਤਾਂ ਨਹੀਂ ਉਸ ਸਟੇਸ਼ਨ ਦਾ ਨਾਂ ਜ਼ਰੂਰ ਪੜ੍ਹ ਲੈਂਦਾ ਹੈ। ਇਹਦੇ ਵਿੱਚ ਨਾ ਤਾਂ ਅੱਖਾਂ ਦਾ ਕਸੂਰ ਹੁੰਦਾ ਹੈ ਅਤੇ ਨਾ ਹੀ ਦਿਲ ਦਾ। ਸਾਰੀ ਗੱਲ ਤਾਂ ਰੇਲ ਦੇ ਪਹੀਏ ਦੀ ਹੁੰਦੀ ਹੈ ਜੋ ਨਾ ਅੱਖ ਹੁੰਦਾ ਹੈ ਨਾ ਦਿਲ। ੩ਤੇ ਕਿੰਨੀ ਅਜੀਬ ਜਿਹੀ ਗੱਲ ਹੈ ਕਿ ਅੱਖਾਂ ਅਤੇ ਦਿਲ ਵਾਲਾ ਆਦਮੀ ਲੋਹੇ ਦੇ ਛੋਟੇ ਜਿਹੇ ਪੁਰਜ਼ੇ ਅੱਗੇ ਮਜਬੂਰ ਹੋ ਜਾਂਦਾ ਹੈ। ਜਿਸ ਨੂੰ ਦਿਲ ਚਾਹੁੰਦਾ ਹੈ ਉਸ ਨੂੰ ਅੱਖ ਨਹੀਂ ਤੱਕ ਸਕਦੀ ਤੇ ਜਿੱਥੇ ਅੱਖ ਠਹਿਰਨਾ ਚਾਹੁੰਦੀ ਹੈ ਉੱਥੇ ਨਜ਼ਰ ਨਹੀਂ ਠਹਿਰਦੀ। ਇਹ ਸਭ ਕੁਝ ਪੁਰਜ਼ਿਆਂ ਦੀ ਖੇਡ ਹੈ ਅਤੇ ਅੱਜ ਕੱਲ੍ਹ ਕੁਝ ਅਜਿਹੇ ਹੀ ਖੇਲ ਖੇਡੇ ਜਾਂਦੇ ਹਨ। ਦਿਲ ਦੀ ਖੇਡ ਜਾਂ ਤਾਂ ਮਨੁੱਖ ਭੁੱਲ ਹੀ ਗਿਆ ਹੈ ਅਤੇ ਜੇ ਕੋਈ ਖੇਡਦਾ ਹੈ ਤਾਂ ਇਸ ਤਰ੍ਹਾਂ ਜਿਵੇਂ ਕੋਈ ਅੰਨ੍ਹਾ ਬਗੈਰ ਸੋਟੀ ਤੋਂ ਚੱਲ ਰਿਹਾ ਹੋਵੇ।
ਉਸ ਬੇਰੀ ਦੀ ਛਾਂ ਨਹੀਂ ਸੀ। ੩ਤੇ ਉਹਦੇ ਹੇਠ ਇੱਕ ਮੁੰਡਾ ਅਖ਼ਬਾਰ ਪੜ੍ਹ ਰਿਹਾ ਸੀ। ਉਸ ਦੇ ਹੱਥਾਂ ਵਿੱਚ ਖ਼ਬਰਾਂ ਨਾਲ ਭਰਿਆ ਕਾਗਜ਼ ਦਾ ਇੱਕ ਪੁਰਜ਼ਾ ਸੀ ਤੇ ਉਹਨੂੰ ਇੰਜ ਜਾਪ ਰਿਹਾ ਸੀ ਜਿਵੇਂ ਉਹ ਕਾਗਜ਼ ਦੀ ਰੇਲਗੱਡੀ ਵਿੱਚ ਬੈਠਾ ਹੋਵੇ। ਉਹਦੀ ਅੱਖ ਕਿਸੇ ਇੱਕ ਖ਼ਬਰ ‘ਤੇ ਠਹਿਰਦੀ ਨਹੀਂ ਸੀ। ਸ਼ਾਇਦ ਇਸ ਕਰਕੇ ਕਿ ਉਹ ਬਹੁਤ ਹੀ ਘੱਟ ਸਮੇਂ ਵਿੱਚ ਸਾਰੀਆਂ ਹੀ ਖ਼ਬਰਾਂ ਪੜ੍ਹ ਲੈਣਾ ਚਾਹੁੰਦਾ ਸੀ। ਕੁਝ ਲੋਕਾਂ ਦੀ ਇਹ ਚਾਹਨਾ ਹੁੰਦੀ ਹੈ ਕਿ ਏਧਰ ਸਮੁੰਦਰ ਵਿੱਚ ਪਹਿਲਾ ਕਦਮ ਟਿਕਾਉਣ ਅਤੇ ਪਲਕ ਝਪਕਦਿਆਂ ਹੀ ਦੂਜੇ ਕਿਨਾਰੇ ‘ਤੇ ਜਾ ਪਹੁੰਚਣ। ਸਮੁੰਦਰ ਵੀ ਪਾਰ ਕਰ ਲੈਣ ਤੇ ਪੁਸ਼ਾਕ ਵੀ ਗਿੱਲੀ ਨਾ ਹੋਵੇ। ਅਜਿਹੇ ਲੋਕਾਂ ਦੇ ਹੱਥ ਨਾ ਤਾਂ ਕੋਈ ਸੁੱਚਾ ਮੋਤੀ ਆਉਂਦਾ ਹੈ ਤੇ ਨਾ ਹੀ ਖਾਲਸ ਪੱਥਰ। ਉਸ ਸਮੇਂ ਉਸ ਮੁੰਡੇ ਦੀ ਹਾਲਤ ਵੀ ਕੁਝ ਅਜਿਹੀ ਸੀ।
ਉਸ ਦੇ ਹੱਥ ਵਿੱਚ ਅਖ਼ਬਾਰ ਸੀ ਤੇ ਉਹ ਇੱਕ ਵੀ ਖ਼ਬਰ ਠੀਕ ਢੰਗ ਨਾਲ ਨਹੀਂ ਪੜ੍ਹ ਸਕਿਆ ਸੀ। ਕਾਗਜ਼ ਦੀ ਇਸ ਰੇਲਗੱਡੀ ਦੀ ਰਫ਼ਤਾਰ ਕੁਝ ਘੱਟ ਹੋਈ ਤਾਂ ਉਸ ਗੱਭਰੂ ਦੀਆਂ ਨਜ਼ਰਾਂ ਸਾਹਮਣੇ ਖ਼ਬਰਾਂ ਦਾ ਛੋਟਾ ਜਿਹਾ ਇੱਕ ਸਟੇਸ਼ਨ ਆ ਖੜ੍ਹਿਆ। ਗੱਡੀ ਕਿਉਂਕਿ ਕਾਗਜ਼ ਦੀ ਸੀ ਇਸ ਲਈ ਉਸ ਨੂੰ ਰੋਕਣ ਵਿੱਚ ਕੋਈ ਮੁਸ਼ਕਲ ਨਹੀਂ ਆਈ। ਉਹ ਬੜੇ ਧਿਆਨ ਨਾਲ ਉਸ ਨੂੰ ਪੜ੍ਹਨ ਲੱਗਾ। ਉਹ ਖ਼ਬਰ ਪੜ੍ਹਨ ਵਿੱਚ ਮਗਨ ਸੀ ਕਿ ਇੱਕ ਕੁੜੀ ਚੁੱਪਚਾਪ ਉਹਦੇ ਲਾਗੇ ਆ ਕੇ ਖੜ੍ਹ ਗਈ ਸੀ।
ਇਹ ਕੁੜੀ ਇੱਕੱਲੀ ਨਹੀਂ ਸੀ। ਇਸ ਮੁਲਕ ਵਿੱਚ ਉਸ ਵਰਗੀਆਂ ਹੋਰ ਅਨੇਕਾਂ ਹੀ ਕੁੜੀਆਂ ਹੋਣਗੀਆਂ। ਪਰ, ਜਦੋਂ ਕੋਈ ਕੁੜੀ ਕਿਸੇ ਮੁੰਡੇ ਕੋਲ ਆ ਕੇ ਖੜ੍ਹ ਜਾਵੇ ਤਾਂ ਉਹ ਬਾਕੀ ਸਭ ਕੁੜੀਆਂ ਤੋਂ ਵੱਖਰੀ ਹੋ ਜਾਂਦੀ ਹੈ। ਪਰ ਸੱਚ ਪੁੱਛੋ ਤਾਂ ਜਦੋਂ ਤਕ ਕੋਈ ਇਨਸਾਨ ਇਸ ਦੁਨੀਆਂ ਤੋਂ ਅਲੱਗ ਨਾ ਹੋਵੇ, ਉਸ ਦਾ ਇਸ ਦੁਨੀਆਂ ਨਾਲ ਕੋਈ ਸਬੰਧ ਨਹੀਂ ਰਹਿ ਜਾਂਦਾ। ਮੀਂਹ ਦੀ ਕਣੀ ਜੇਕਰ ਬੱਦਲਾਂ ਵਿੱਚ ਹੀ ਰਹੇ ਤਾਂ ਉਹ ਇੱਕ ਬੇਕਾਰ ਜਿਹੀ ਚੀਜ਼ ਹੀ ਹੈ, ਉਹ ਬੂੰਦ ਉਦੋਂ ਬਣਦੀ ਹੈ ਜਦੋਂ ਉਹ ਅਲੱਗ ਹੋ ਕੇ ਕਿਸੇ ਸਿੱਪੀ ਦੇ ਮੂੰਹ ਵਿੱਚ ਡਿੱਗਦੀ ਹੈ। ਇਹ ਕੁੜੀ ਵੀ ਬਾਕੀ ਦੁਨੀਆਂ ਤੋਂ ਵੱਖਰੀ ਜਿਹੀ ਹੋ ਗਈ ਸੀ। ੩ਤੇ ਉਹ ਚਾਹੁੰਦੀ ਸੀ ਕਿ ਗੱਭਰੂ ਆਪਣੇ ਦਿਲ ਦੇ ਦਰਵਾਜ਼ੇ ਖੋਲ੍ਹ ਦੇਵੇ ਤੇ ਇਹ ਕੁੜੀ ਆਪਣੇ ਹੱਥਾਂ ‘ਤੇ ਮਹਿੰਦੀ ਲਾ ਕੇ ਨੱਕ ਵਿੱਚ ਕੋਕਾ, ਮੱਥੇ ‘ਤੇ ਟਿੱਕਾ ਤੇ ਪੈਰਾਂ ਵਿੱਚ ਪੰਜੇਬਾਂ ਪਾ ਕੇ ਉਸ ਦੇ ਦਿਲ ਰੂਪੀ ਘਰ ਵਿੱਚ ਘਰ ਕਰ ਲਵੇ। ਇਨਸਾਨ ਦਾ ਦਿਲ ਵੀ ਤਾਂ ਸਿੱਪੀ ਵਾਂਗ ਹੀ ਹੁੰਦਾ ਹੈ ਜਿਸ ਵਿੱਚ ਕੋਈ ਦੂਸਰਾ ਇਨਸਾਨ ਮੀਂਹ ਦੀ ਕਣੀ ਵਾਂਗ ਹੀ ਡਿੱਗਦਾ ਹੈ ਤੇ ‘ਮੋਤੀ’ ਬਣ ਜਾਂਦਾ ਹੈ। ਇਹ ਕੁੜੀ ਵੀ ਦੂਜੀਆਂ ਕੁੜੀਆਂ ਤੋਂ ਅਲੱਗ ਮੋਤੀ ਬਣ ਜਾਣਾ ਚਾਹੁੰਦੀ ਸੀ। ਪੱਥਰ ਬਣ ਕੇ ਤਾਂ ਹਰ ਕੋਈ ਜੀ ਲੈਂਦਾ ਹੈ ਪਰ ਮੋਤੀ ਬਣ ਕੇ ਕੋਈ ਵਿਰਲਾ ਹੀ ਜਿਉਣਾ ਚਾਹੁੰਦਾ ਹੈ। ਇਸ ਲਈ ਇਹ ਕੁੜੀ ਦੁਨੀਆਂ ਨੂੰ ਛੱਡ ਕੇ ਇਸ ਮੁੰਡੇ ਕੋਲ ਆ ਕੇ ਖੜ੍ਹ ਗਈ ਸੀ। ਪਹਿਲਾਂ ਤਾਂ ਉਹ ਚੁੱਪਚਾਪ ਖੜ੍ਹੀ ਰਹੀ, ਫ਼ੇਰ ਪਤਾ ਨਹੀਂ ਉਹਨੂੰ ਕੀ ਸੁੱਝਿਆ ਕਿ ਉਹਨੇ ਉਸ ਮੰਡੇ ਦੇ ਹੱਥੋਂ ਅਖ਼ਬਾਰ ਖੋਹ ਲਿਆ। ਮੁੰਡਾ ਬੜੇ ਮੋਹ ਨਾਲ ਉਸ ਨੂੰ ਵੇਖਣ ਲੱਗਾ। ਫ਼ੇਰ ਹੌਲੀ ਜਿਹੀ ਆਵਾਜ਼ ਵਿੱਚ ਬੋਲਿਆ, ”ਮੈਨੂੰ ਪਤਾ ਸੀ।”
”ਖਾਕ ਪਤਾ ਸੀ।” ਕੁੜੀ ਅੱਖਾਂ ਮਟਕਾਉਂਦੀ ਹੋਈ ਬੋਲੀ, ”ਤੂੰ ਤਾਂ ਮੇਰੇ ਵੱਲ ਵੇਖਿਆ ਹੀ ਨਹੀਂ ਸੀ।”
”ਮੈਂ ਤੇਰੀ ਬਿੜਕ ਸੁਣ ਲਈ ਸੀ।”
”ਤੂੰ ਝੂਠ ਬੋਲਦਾ ਏਂ, ਆਦਮੀ ਦੇ ਗਿੱਲੀ ਮਿੱਟੀ ‘ਤੇ ਤੁਰਨ ਨਾਲ ਖੜਾਕ ਨਹੀਂ ਹੁੰਦਾ।”
ਕੁੜੀ ਦੇ ਮੂੰਹੋਂ ਸੱਚੀ ਗੱਲ ਸੁਣ ਕੇ ਉਹ ਵੀ ਅੱਖਾਂ ਝਪਕਣ ਲੱਗਾ।
”ਹਾਰ ਗਏ ਨਾ?” ਕੁੜੀ ਪਿਆਰ ਨਾਲ ਬੋਲੀ। ਮੁੰਡੇ ਨੇ ਸਿਰ ਹਿਲਾ ਕੇ ਹਾਮੀ ਭਰੀ। ਅਚਾਨਕ ਕੁੜੀ ਦਾ ਰੰਗ ਬਦਲ ਗਿਆ। ਉਹਨੇ ਨਜ਼ਰਾਂ ਝੁਕਾਈਆਂ, ਸ਼ਰਮਾਉਂਦੇ ਹੋਏ ਰੋਣ ਹਾਕੀ ਜਿਹੀ ਹੋ ਕੇ ਬੋਲੀ, ”ਤੂੰ ਰੋਜ਼ ਹੀ ਮੈਥੋਂ ਹਾਰਦਾ ਏਂ, ਇੱਕ ਵਾਰਗੀ ਹੀ ਮੈਨੂੰ ਜਿੱਤ ਕਿਉਂ ਨਹੀਂ ਲੈਂਦਾ? ਤੂੰ ਮੈਨੂੰ ਆਪਣੇ ਘਰ ਲੈ ਚੱਲ।”
ਇਹ ਕਹਿ ਕੇ ਕੁੜੀ ਉਸ ਵੱਲ ਇੰਜ ਤੱਕਣ ਲੱਗੀ ਜਿਵੇਂ ਉਹਨੇ ਹਾਰ ਮੰਨ ਲਈ ਹੋਵੇ। ਹੁਣ ਮੁੰਡੇ ਦਾ ਰੰਗ ਬਦਲ ਗਿਆ। ਉਸ ਨੇ ਨਜ਼ਰਾਂ ਨੀਵੀਆਂ ਕੀਤੀਆਂ ਤੇ ਕੁਝ ਓਪਰੇਪਣ ਨਾਲ ਬੋਲਿਆ, ”ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀ ਕਿ ਤੈਨੂੰ ਘਰ ਨਹੀਂ ਲਿਜਾ ਸਕਦਾ। ਮੇਰਾ ਕੋਈ ਘਰ ਨਹੀਂ ਹੈ। ੩ਅਤੇ ਜਿੱਥੇ ਮੈਂ ਰਹਿੰਦਾ ਹਾਂ, ਉੱਥੇ ਉਹ ਕੁੜੀ ਆਵੇਗੀ ਜਿਸ ਨੂੰ ਮੇਰੀ ਮਾਂ ਲਿਆਉਣਾ ਚਾਹੇਗੀ। ਹੋਰ ਤਾਂ ਹੋਰ, ਮੇਰੇ ਪਿਤਾ ਦੇ ਘਰ ਮੇਰੀ ਮਾਂ ਵੀ ਇਸੇ ਤਰ੍ਹਾਂ ਆਈ ਸੀ।”
”ਜੇ ਇਹ ਗੱਲ ਹੈ ਤਾਂ ਤੂੰ ਆਪਣਾ ਘਰ ਬਦਲ ਲੈ੩।” ਕੁੜੀ ਨੇ ਉਸ ਨੂੰ ਘੂਰਦੇ ਹੋਏ ਕਿਹਾ ਅਤੇ ਫ਼ੇਰ ਮੁੰਡਾ ਬੋਲਿਆ, ”ਮੈਂ ਘਰ ਬਦਲਣਾ ਨਹੀਂ ਘਰ ਬਣਾਉਣਾ ਚਾਹੁੰਦਾ ਹਾਂ।”
”ਇੱਕੱਲਾ ਰਹੇਂਗਾ ਤਾਂ ਘਰ ਕਦੇ ਨਹੀਂ ਬਣੇਗਾ।”
”ਮੈਂ ਇੱਕੱਲਾ ਨਹੀਂ ਤੂੰ ਮੇਰੇ ਨਾਲ ਏਂ।”
”ਤਾਂ ਫ਼ੇਰ ਤੂੰ ਮੈਨੂੰ ਆਪਣੇ ਘਰ ਕਿਉਂ ਨਹੀਂ ਲੈ ਜਾਂਦਾ?” ”ਮੈਂ ਸਭ ਕੁਝ ਕਰ ਸਕਦਾ ਹਾਂ, ਪਰ ਇਹ ਨਹੀਂ ਕਰ ਸਕਦਾ, ਮੈਂ ਓਪਰੇ ਘਰ ਦਾ ਕੈਦੀ ਹਾਂ।” ਮੁੰਡੇ ਦੀ ਇਹ ਗੱਲ ਸੁਣ ਕੇ ਕੁੜੀ ਨੇ ਉਸ ਵੱਲ ਇੰਜ ਵੇਖਿਆ ਕਿ ਜਿਵੇਂ ਕਹਿ ਰਹੀ ਹੋਵੇ ਇੱਕ ਵਾਰ ਫ਼ੇਰ ਹਾਰ ਗਿਆ ਨਾ? ਹੁਣ ਮੁੰਡੇ ਦਾ ਰੰਗ ਬਹੁਤ ਹੀ ਬਦਲ ਗਿਆ ਸੀ। ਉਸ ਦੀ ਸਮਝ ਵਿੱਚ ਕੁਝ ਨਹੀਂ ਆ ਰਿਹਾ ਸੀ ਕਿ ਉਹ ਕਿਹੜੀ ਗੱਲ ਕਹੇ। ਉਸ ਨੇ ਕੁੜੀ ਦੇ ਹੱਥੋਂ ਅਖ਼ਬਾਰ ਖੋਹ ਲਿਆ ਅਤੇ ਧਿਆਨ ਪਰ੍ਹੇ ਕਰਨ ਲਈ ਕਹਿਣ ਲੱਗਾ, ”ਮੈਂ ਇੱਕ ਅਜੀਬ ਖ਼ਬਰ ਪੜ੍ਹੀ ਹੈ, ਇੱਕ ਮੁੰਡੇ ਨੂੰ ਇੱਕ ਕੁੜੀ ਬਹੁਤ ਚੰਗੀ ਲੱਗਦੀ ਸੀ ਪਰ ਕੁੜੀ ਦੇ ਮਾਂ-ਬਾਪ ਉਸ ਦਾ ਵਿਆਹ ਕਿਤੇ ਹੋਰ ਕਰਨਾ ਚਾਹੁੰਦੇ ਸਨ। ਫ਼ੇਰ ਪਤਾ ਹੈ ਕੀ ਹੋਇਆ? ਉਹ ਮੁੰਡਾ ਧੱਕੇ ਨਾਲ ਉਸ ਕੁੜੀ ਨੂੰ ਭਜਾ ਕੇ ਲੈ ਗਿਆ।” ਉਸ ਦਾ ਖ਼ਿਆਲ ਸੀ, ਇਹ ਖ਼ਬਰ ਸੁਣ ਕੇ ਕੁੜੀ ਨੂੰ ਬੜਾ ਅਫ਼ਸੋਸ ਹੋਵੇਗਾ ਅਤੇ ਬਾਕੀ ਸਮਾਂ ਉਹ ਇਸ ਖ਼ਬਰ ਦੀ ਚਰਚਾ ਵਿੱਚ ਹੀ ਗੁਜ਼ਾਰ ਦੇਣਗੇ ਪਰ ਉਹ ਕੁੜੀ ਬੋਲੀ, ”ਅਜਿਹੀਆਂ ਖ਼ਬਰਾਂ ਤਾਂ ਅਖ਼ਬਾਰਾਂ ਵਿੱਚ ਰੋਜ਼ ਹੀ ਛਪਦੀਆਂ ਨੇ।”
ਏਨਾ ਕਹਿ ਕੇ ਉਹ ਕੁੜੀ ਚਲੀ ਗਈ ਤੇ ਅੱਜ ਉਸ ਨੇ ਇੱਕ ਵਾਰ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਜਦੋਂਕਿ ਉਹ ਰੋਜ਼ਾਨਾ ਵਾਰ-ਵਾਰ ਉਸ ਨੂੰ ਮੁੜ ਕੇ ਦੇਖਿਆ ਕਰਦੀ ਸੀ।
”ਉਸ ਬੇਰੀ ਦੀ ਛਾਂ ਨਹੀਂ ਸੀ।”
ਸਰਦੀਆਂ ਦੇ ਦਿਨ ਸਨ ਅਤੇ ਆਥਣ ਦਾ ਵੇਲਾ ਸੀ। ਸੂਰਜ ਦਾ ਕੋਈ ਵੀ ਪ੍ਰਕਾਸ਼ ਨਹੀਂ ਸੀ। ਇਸ ਲਈ ਬੇਰੀ ਦੀਆਂ ਨੰਗੀਆਂ ਸੁੱਕੀਆਂ ਟਾਹਣੀਆਂ ਦਾ ਕੋਈ ਪਰਛਾਵਾਂ ਵੀ ਨਹੀਂ ਸੀ। ਉਸ ਵੇਲੇ ਤਾਂ ਉਹ ਖ਼ੁਦ ਇੱਕ ਪਰਛਾਵਾਂ ਲੱਗ ਰਹੀ ਸੀ। ਮੁੰਡਾ ਉਸ ਬੇਰੀ ਨਾਲ ਲੱਗ ਕੇ ਖੜ੍ਹਾ ਸੀ। ਉਹਦੇ ਆਪਣੇ ਮਨ ਵਿੱਚ ਕੋਈ ਖਿਆਲ ਨਹੀਂ ਸੀ। ਸਗੋਂ ਖ਼ਿਆਲਾਂ ਦੇ ਪਰਛਾਵੇਂ ਸਨ। ਕਦੇ-ਕਦੇ ਅਜਿਹਾ ਵੀ ਹੁੰਦਾ ਹੈ ਕਿ ਕੰਧ ਨਾਲ ਲੱਗ ਕੇ ਖੜ੍ਹੇ ਵਿਅਕਤੀ ਨੂੰ ਚੰਦ ਨਜ਼ਰ ਹੀ ਨਹੀਂ ਆਉਂਦਾ। ਦਿਲ ਵਿੱਚ ਕੰਧਾਂ ਦੀ ਬਹੁਤਾਤ ਹੋਵੇ ਤਾਂ ਖਿਆਲਾਂ ਦਾ ਚੰਦਰਮਾ ਵੀ ਉਹਲੇ ਵਿੱਚ ਹੀ ਰਹਿੰਦਾ ਹੈ। ਬਹੁਤਾ ਕੁਝ ਸੋਚਦੇ ਹੋਏ ਵੀ ਉਹ ਮੁੰਡਾ ਕੁਝ ਵੀ ਨਹੀਂ ਸੋਚ ਰਿਹਾ ਸੀ। ੩ਤੇ ਉਹੀ ਕੁੜੀ ਇੱਕ ਵਾਰ ਫ਼ੇਰ ਉਹਦੇ ਕੋਲ ਆਈ। ਅੱਜ ਉਸ ਦੇ ਨੈਣਾਂ ਵਿੱਚ ਚੜ੍ਹਦੇ ਸੂਰਜ ਵਰਗੀ ਰੌਸ਼ਨੀ ਸੀ। ਉਹ ਬਹੁਤ ਖ਼ੁਸ਼ ਸੀ ਤੇ ਇਹ ਖ਼ੁਸ਼ੀ ਉਸ ਨੂੰ ਉਸ ਦੇ ਦਿਲ ਨੇ ਹੀ ਦਿੱਤੀ ਸੀ। ਮੁੰਡੇ ਕੋਲ ਖੜ੍ਹੀ ਹੋ ਕੇ ਉਹ ਬੜੇ ਪਿਆਰ ਨਾਲ ਵੇਖਣ ਲੱਗੀ ਤੇ ਫ਼ੇਰ ਹੌਲੀ ਜਿਹੇ ਬੋਲੀ, ”ਅੱਜ ਮੈਂ ਇੱਕ ਅਨੋਖੀ ਖ਼ਬਰ ਪੜ੍ਹੀ ਹੈ।”
”ਕਿਹੜੀ?” ਮੁੰਡੇ ਨੇ ਪਿਆਰ ਨਾਲ ਪੁੱਛਿਆ। ”ਇੱਕ ਕੁੜੀ ਨੂੰ ਇੱਕ ਮੁੰਡਾ ਬਹੁਤ ਚੰਗਾ ਲੱਗਦਾ ਸੀ ਪਰ ਮੁੰਡੇ ਦੇ ਮਾਂ-ਬਾਪ ਉਹਦਾ ਵਿਆਹ ਕਿਸੇ ਹੋਰ ਕੁੜੀ ਨਾਲ ਕਰਨਾ ਚਾਹੁੰਦੇ ਸਨ। ਫ਼ੇਰ ਪਤਾ ਕੀ ਹੋਇਆ? ਉਹ ਕੁੜੀ ਧੱਕੇ ਨਾਲ ਉਸ ਮੰਡੇ ਨੂੰ ਭਜਾ ਕੇ ਲੈ ਗਈ।” ਉਸ ਦਾ ਖਿਆਲ ਸੀ, ਇਹ ਖ਼ਬਰ ਸੁਣ ਕੇ ਰੋਜ਼ ਹਾਰਨ ਵਾਲਾ ਮੁੰਡਾ ਅੱਜ ਜ਼ਰੂਰ ਜਿੱਤ ਜਾਵੇਗਾ। ਪਰ ਉਹ ਮੁੰਡਾ ਖਿੜਖਿੜਾ ਕੇ ਹੱਸ ਪਿਆ ਤੇ ਹੱਸਦੇ-ਹੱਸਦੇ ਬੋਲਿਆ, ”ਝੂਠ! ਅਜਿਹਾ ਕਿਸ ਤਰ੍ਹਾਂ ਹੋ ਸਕਦਾ ਹੈ, ਭਲਾ ਕਦੇ ਕੋਈ ਕੁੜੀ ਵੀ ਮੰਡੇ ਨੂੰ ਭਜਾ ਕੇ ਲਿਜਾ ਸਕਦੀ ਹੈ?”
”ਤਾਂ ਇਹ ਵੀ ਨਹੀਂ ਹੋ ਸਕਦਾ।”
ਕੁੜੀ ਨੇ ਆਪਣੇ ਮਨ ਵਿੱਚ ਸੋਚਿਆ। ਤੇ ਫ਼ੇਰ ਉਹ ਧਿਆਨ ਹਟਾਉਣ ਲਈ ਬੋਲੀ, ”ਦੇਖੋ, ਇਸ ਬੇਰੀ ਦੀ ਛਾਂ ਹੀ ਨਹੀਂ ਹੈ।” ਇਹ ਕਹਿ ਕੇ ਉਹ ਕੁੜੀ ਖਿੜਖਿੜਾ ਕੇ ਹੱਸ ਪਈ। ਹੁਣ ਮੁੰਡਾ ਵੀ ਹੱਸ ਰਿਹਾ ਸੀ। ਕੁੜੀ ਵੀ ਹੱਸ ਰਹੀ ਸੀ ੩ਤੇ ਕੋਲ ਦੀ ਲੰਘ ਰਹੇ ਇੱਕ ਤੀਜੇ ਵਿਅਕਤੀ ਨੇ ਵੇਖਿਆ ਕਿ ਹੱਸ ਰਹੀ ਕੁੜੀ ਦੀਆਂ ਅੱਖਾਂ ਵਿੱਚ ਹੰਝੂ ਸਨ।
ਨਵਾਜ਼

LEAVE A REPLY