walia-bigਰੋਪੜ-ਮੁਹਾਲੀ ਰਾਤ ਦੇ ਸਮਾਰੋਹ ਤੋਂ ਦੇਰ ਰਾਤ ਵਿਹਲਾ ਹੋ ਕੇ ਮੈਂ ਆਪਣੇ ਮੇਜ਼ਬਾਨ ਸਖਮੰਦਰ ਸਿੰਘ ਬਰਾੜ ਨਾਲ ਉਸਦੇ ਘਰ ਮਿਸ਼ਨ ਵੱਲ ਰਵਾਨਾ ਹੋਇਆ। ਮਿਸ਼ਨ ਬ੍ਰਿਅਿਸ਼ ਕੋਲੰਬੀਆ ਦੀ ਜ਼ਿਲ੍ਹਾ ਮਿਊਂਸਪਲਟੀ ਹੈ। ਇਹ ਸ਼ਹਿਰ ਫ਼ਰੇਜ਼ਰ ਨਹਿਰ ਦੇ ਉਤਰੀ ਕੰਢੇ ‘ਤੇ ਵੱਸਿਆ ਹੋਇਆ ਹੈ। 2011 ਦੀ ਜਨਗਣਨਾ ਦੇ ਮੁਤਾਬਕ ਮਿਸ਼ਨ ਸ਼ਹਿਰ ਦੀ ਆਬਾਦੀ 36,426 ਹੈ। ਇਸ ਸ਼ਹਿਰ ਵਿੱਚ ਸਿੱਖਾਂ ਦੀ ਆਬਾਦੀ 5.1 ਫ਼ੀਸਦੀ ਹੈ। ਇਸ ਸ਼ਹਿਰ ਵਿੱਚੋਂ ਇਸਾਈਆਂ ਦੀ ਗਿਣਤੀ 44.1 ਫ਼ੀਸਦੀ ਹੈ ਅਤੇ ਸਿੱਖ ਦੂਜੇ ਨੰਬਰ ‘ਤੇ ਹਨ। ਇਸ ਤਰ੍ਹਾਂ ਫ਼ਰੇਜ਼ਰ ਵੈਲੀ ਰਿਜਨ ਦੇ ਦੂਜੇ ਸ਼ਹਿਰ ਐਬਸਫ਼ੋਰਡ ਦੀ 2011 ਦੀ ਜਨਸੰਖਿਆ ਅਨੁਸਾਰ 133,497 ਵਿੱਚੋਂ ਪੰਜਾਬੀ ਅਤੇ ਸਿੱਖ 24660 ਹਨ ਜੋ 18.71 ਫ਼ੀਸਦੀ ਬਣਦੇ ਹਨ। ਇਉਂ ਗਰੇਟਰ ਵੈਨਕੂਵਰ ਵਿੱਚੋਂ ਸਰੀ ਤੋਂ ਬਾਅਦ ਐਬਸਫ਼ੋਰਡ ਅਤੇ ਮਿਸ਼ਨ ਪੰਜਾਬੀਆਂ ਦੀ ਪਿਆਰੀ ਮੰਜ਼ਿਲ ਹਨ। ਇਸ ਦਾ ਕਾਰਨ ਗਰੇਟਰ ਵੈਨਕੂਵਰ ਵਿੱਚ ਕੀਮਤਾਂ ਦਾ ਵਾਧਾ ਵੀ ਹੈ ਅਤੇ ਸ਼ਹਿਰ ਦੀ ਖੂਬਸੂਰਤੀ ਵੀ ਹੈ। ਖੈਰ ਸੁਖਮੰਦਰ ਸਿੰਘ ਬਰਾੜ ਨੇ ਭਾਈ ਭਗਤਾ ਤੋਂ ਆ ਕੇ ਇੱਥੇ ਆਪਣਾ ਘਰ ਬਣਾ ਲਿਆ ਸੀ। ਭਾਈ ਭਗਤਾ ਦੀ ਮਹਿਮਾਨ ਨਿਵਾਜੀ ਦੇ ਬਹਾਨੇ ਮੈਂ ਇਹ ਸ਼ਹਿਰ ਵਿੱਚ ਆ ਜਾ ਰਿਹਾ ਸੀ। ਰਾਤ ਨੂੰ ਟਰੈਫ਼ਿਕ ਘੱਟ ਹੋਣ ਕਾਰਨ ਅਸੀਂ 30-35 ਮਿੰਟ ਵਿੱਚ ਹੀ ਮਿਸ਼ਨ ਪਹੁੰਚ ਗਏ ਸਾਂ।
”ਬਰਾੜ ਸਾਹਿਬ, ਆਪਣਾ ਕੱਲ੍ਹ ਦਾ ਪ੍ਰੋਗਰਾਮ ਕੀ ਹੈ?” ਮੈਂ ਸੌਣ ਤੋਂ ਪਹਿਲਾਂ ਸੁਖਮੰਦਰ ਸਿੰਘ ਬਰਾੜ ਹੋਰਾਂ ਨੂੰ ਪੁੱਛਦਾ ਹਾਂ, ਕਿਉਂਕਿ ਅੱਜਕਲ੍ਹ ਉਹ ਮੇਰੇ ਸਾਰਥੀ ਹਨ।
”ਸਵੇਰੇ ਤੁਸੀਂ ਜਸਕਰਨ ਨਾਲ ਰੇਡੀਓ ਪੰਜਾਬ ਲਈ ਗੱਲਬਾਤ ਕਰਨੀ ਹੈ। ਦੁਪਹਿਰ ਸਮੇਂ ਨਵਲ ਰੰਗੀ ਨਾਲ ਲੰਚ ‘ਤੇ ਜਾਣਾ ਹੈ। ਫ਼ਿਰ ਪ੍ਰਾਈਮ ਏਸ਼ੀਆ ਟੀ. ਵੀ. ਲਈ ਦਵਿੰਦਰ ਬੈਨੀਪਾਲ ਨਾਲ ਰਿਕਾਰਡਿੰਗ ਕਰਨੀ ਹੈ। ਫ਼ਿਰ ਰਾਤ ਦੇ ਖਾਣੇ ਲੲ ਮਾਸਟਰ ਅਮਰੀਕ ਸਿੰਘ ਲੇਲ ਅਤੇ ਗੁਰਚਰਨ ਸੇਖੋਂ ਵੱਲ ਜਾਣਾ ਹੈ।” ਬਰਾੜ ਸਾਹਿਬ ਦੂਜੇ ਦਿਨ ਦਾ ਪ੍ਰੋਗਰਾਮ ਦੱਸ ਕੇ ਸੌਣ ਦੀ ਤਾਕੀਦ ਕਰਕੇ ਚਲੇ ਗਏ।
ਰਾਤੀ ਦੇਰ ਨਾਲ ਸੁੱਤੇ ਸਾਂ ਅਤੇ ਦੇਰ ਨਾਲ ਹੀ ਉਠੇ। ਕੈਨੇਡਾ ਵਿੱਚ ਕੋਈ ਸੂਰਜ ਮੁਤਾਬਕ ਘੱਟ ਹੀ ਚਲਦਾ ਹੈ ਅਤੇ ਨਾ ਹੀ ਮੁਰਗੇ ਦੀ ਬਾਂਗ ਹੁੰਦੀ ਹੈ। ਇੱਥੇ ਅੰਮ੍ਰਿਤ ਵੇਲੇ ਉਠਣ ਵਾਲੇ ਪੰਜਾਬ ਤੋਂ ਆਏ ਬਜ਼ੁਰਗ ਹੀ ਹਨ, ਜਿਹਨਾਂ ਨੇ ਆਪਣੀ ਰੂਟੀਨ ਕਾਇਮ ਰੱਖੀ ਹੈ। ਕੈਨੇਡਾ ਦੀ ਧਰਤੀ ‘ਤੇ ਇਹ ਅਖਾਣ ਪੂਰੀ ਤਰ੍ਹਾਂ ਢੁਕਦਾ ਹੈ ਕਿ ਜਦੋਂ ਜਾਗੋ ਉਦੋਂ ਹੀ ਸਵੇਰਾ। ਜਾਗ ਕੇ ਲੋਕ ਆਪਣੇ-ਆਪਣੇ ਕੰਮਾਂ ਕਾਰਾਂ ਦੇ ਹਿਸਾਬ ਨਾਲ ਹਨ। ਸਕਿਊਰਟੀ ਵਾਲੇ, ਟਰੱਕਾਂ ਵਾਲੇ ਅਤੇ ਹੋਰ ਜਿਹੜੇ ਰਾਤ ਨੂੰ ਕੰਮ ਕਰਦੇ ਹਨ, ਚੜ੍ਹੇ ਦਿਨ ਤੱਕ ਸੌਣਾ ਉਹਨਾਂ ਦੀ ਮਜਬੂਰੀ ਹੁੰਦੀ ਹੈ। ਮੈਂ ਕੀ ਕੱਲ੍ਹ ਦੇਰ ਤੱਕ ਜਾਗਦਾ ਰਿਹਾ ਸੀ, ਇਸ ਕਰਕੇ 9.30 ਵਜੇ ਉਠਿਆ ਕਿਉਂਕਿ ਦਸ ਵਜੇ ਰੇਡੀਓ ਪੰਜਾਬ ਨਾਲ ਗੱਲਬਾਤ ਕਰਨੀ ਸੀ। ਇਹ ਨਵੀਂ ਤਕਨਾਲੌਜੀ ਦੀ ਕਮਾਲ ਹੈ ਕਿ ਪਹਿਲਾਂ ਵਾਂਗ ਤੁਹਾਨੂੰ ਸਟੂਡੀਓ ਵਿੱਚ ਜਾ ਕੇ ਰਿਕਾਰਡਿੰਗ ਜਾਂ ਸਿੱਧਾ ਪ੍ਰੋਗਰਾਮ ਦੇਣਾ ਜ਼ਰੂਰੀ ਨਹੀਂ ਰਹਿ ਗਿਆ। ਤੁਸੀਂ ਆਪਣੇ ਮੁਤਾਬਕ ਮੋਬਾਇਲ ਰਾਹੀਂ ਕਿਤੋਂ ਵੀ ਰੇਡੀਓ ‘ਤੇ ਗੱਲਬਾਤ ਕਰ ਸਕਦੇ ਹੋ। ਮੈਂ ਬਹੁਤ ਵਾਰ ਕਾਰ ਵਿੱਚੋਂ ਵੀ ਰੇਡੀਓ ਪ੍ਰੋਗਰਾਮ ਕੀਤੇ ਹਨ। ਖੈਰ ਠੀਕ ਦਸ ਵਜੇ ਮੋਬਾਇਲ ਦੀ ਘੰਟੀ ਵੱਜੀ ਅਤੇ ਮੈਂ ਰੇਡੀਓ ਪੰਜਾਬ ਦੇ ਸਰੋਤਿਆਂ ਨੂੰ ਮੁਖਾਤਬ ਹੋਇਆ। ਮੀਡੀਆ ਬਾਰੇ, ਪੱਤਰਕਾਰੀ ਬਾਰੇ ਅਤੇ ਪੰਜਾਬ ਦੀ ਸਿਆਸਤ ਬਾਰੇ ਜੋ ਮੈਨੂੰ ਪੁੱਛਿਆ ਗਿਆ, ਮੈਂ ਉਸਦਾ ਯਥਾਯੋਗ ਜਵਾਬ ਦਿੱਤਾ। ਇਸ ਪ੍ਰੋਗਰਾਮ ਇਸ਼ਤਿਹਾਰ ਜਿਸਨੂੰ ਕਿ ਕੈਨੇਡਾ ਦੇ ਐਂਕਰ ਵਪਾਰਕ ਸੰਦੇਸ਼ ਕਹਿੰਦੇ ਹਨ, ਘੱਟ ਲਏ ਗਏ। ਉਂਝ ਮੈਂ ਵੇਖਿਆ ਕਿ ਜੇਕਰ ਕੈਨੇਡਾ ਦੀ ਇੱਕ ਟਾਕ ਸ਼ੋਅ ਲਈ ਘੱਟੋ ਘੱਟ ਡੇਢ ਦੋ ਘੰਟੇ ਚਾਹੀਦੇ ਹਨ। ਜੇਕਰ ਵਪਾਰਕ ਸੰਦੇਸ਼ ਅਤੇ ਸਰੋਤਿਆਂ ਨੂੰ ਸ਼ਾਮਲ ਕਰਨਾ ਹੋਵੇ ਤਾਂ।
ਪ੍ਰੋਗਰਾਮ ਤੋਂ ਬਾਅਦ ਅਸੀਂ ਤਿਆਰ ਹੋ ਕੇ ਦੁਪਹਿਰ 1 ਵਜੇ ਤੱਕ ਸਰੀ ਪਹੁੰਚ ਗਏ ਸਾਂ। ਨਵਲ ਰੰਗੀ ਅਜੇ ਨਿਸਚਿਤ ਕੀਤੀ ਥਾਂ ‘ਤੇ ਪਹੁੰਚਿਆ ਨਹੀਂ ਸੀ।
”ਚਲੋ, ਤੁਹਾਨੂੰ ਇੱਕ ਹੋਰ ਸਖਸ਼ ਨੂੰ ਮਿਲਾਵਾਂ” ਬਰਾੜ ਸਾਹਿਬ ਕਹਿਣ ਲੱਗੇ।
”ਇਹ ਹਨ ਸ. ਰਾਜਵੰਤ ਸਿੰਘ” ਸੁਖਮੰਦਰ ਸਿੰਘ ਬਰਾੜ ਨੇ ਇੱਕ ਕਿਤਾਬਾਂ ਦੀ ਦੁਕਾਨ ਵਿੱਚ ਬੈਠੇ ਇੱਕ ਵਿਅਕਤੀ ਨਾਲ ਮਿਲਾਉਂਦੇ ਹੋਏ ਕਿਹਾ।
ਰਾਜਵੰਤ ਸਿੰਘ ਅਤੇ ਉਹਨਾਂ ਦੀ ਪਤਨੀ ਬੜੇ ਤਪਾਕ ਨਾਲ ਮਿਲੇ। ਉਹਨਾਂ ਦੱਸਿਆ ਕਿ ਉਹ ਦਿਲੀ ਯੂਨੀਵਰਸਿਟੀ ਵਿੱਚ ਚੀਫ਼ ਲਾਇਬ੍ਰੇਰੀਅਨ ਸਨ। ਰਾਜਵੰਤ ਨੇ ਮੇਰੀ ਯੂਨੀਵਰਸਿਟੀ ਦੇ ਲਾਇਬ੍ਰੇਰੀ ਸਾਇੰਸ ਦੇ ਕੁੱਝ ਪ੍ਰੋਫ਼ੈਸਰਾਂ ਦੇ ਨਾਮ ਲਏ ਜੋ ਮੇਰੇ ਮਿੱਤਰਾਂ ਵਿੱਚੋਂ ਸਨ। ਮੇਰੀ ਜ਼ਿਆਦਾ ਉਤਸੁਕਤਾ ਮੇਰੀ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਵਿਕ ਰਹੀ ਪੁਸਤਕ ‘ਜਿੱਤ ਦਾ ਮੰਤਰ’ ਬਾਰੇ ਜਾਨਣ ਦੀ ਸੀ।
” ਜਿੱਤ ਦਾ ਮੰਤਰ ਤਾਂ ਸਾਰੀ ਵਿਕ ਗਈ। ਅਸੀਂ ਤੁਹਾਡੀਆਂ ਹੋਰ ਕਿਤਾਬਾਂ ਵੀ ਮੰਗਵਾਉਣੀਆਂ ਸਨ। ਉਹਨਾਂ ਵਿੱਚੋਂ ਕੁਝ ਕਾਪੀਆਂ ਬਚੀਆਂ ਹਨ” ਰਾਜਵੰਤ ਸਿੰਘ ਨੇ ਮੈਨੂੰ ਮੇਰੀ 2001 ਵਿੱਚ ਪ੍ਰਕਾਸ਼ਿਤ ਹੋਈ ਅੰਗਰੇਜ਼ੀ ਦੀ ਕਿਤਾਬ ‘ਪੰਜਾਬ ਫ਼ੇਅਰਜ਼ ਐਂਡ ਫ਼ੈਸਟੀਵਲਜ਼’ ਦੀਆਂ ਨਵੇਂ ਐਡੀਸ਼ਨ ਦੀਆਂ ਦੋ ਤਿੰਨ ਕਾਪੀਆਂ ਦਿਖਾਉਂਦੇ ਹੋਏ ਕਿਹਾ। ਉਹਨਾਂ ਇੱਕ ਗੱਲ ਹੋਰ ਦੱਸੀ ਜਿਸਨੇ ਮੇਰਾ ਚਿੱਤ ਪ੍ਰਸੰਨ ਕੀਤਾ ਕਿ ਇਹ ਪੁਸਤਕ ਇੱਥੇ ਸਕੂਲਾਂ ਦੇ ਸਿਲੇਬਸ ਵਿੱਚ ਸ਼ਾਮਲ ਕਿਤਾਬਾਂ ਦੀ ਸੂਚੀ ਵਿੱਚ ਆ ਗਈ ਹੈ। ਆਪਣੇ ਲਾਇਬ੍ਰੇਰੀਅਨ ਵਾਲੇ ਅਨੁਭਵ ਦੇ ਆਧਾਰ ‘ਤੇ ਰਾਜਵੰਤ ਸਿੰਘ ਨੇ ਸੁਝਾਅ ਦਿੱਤਾ ਕਿ ਮੈਂ ਇਸ ਕਿਤਾਬ ਨੂੰ ਮੁੜ ਸੋਧ ਕੇ ਲਿਖਾਂ। ਸ਼ਾਇਦ ਉਹ ਠੀਕ ਕਹਿ ਰਿਹਾ ਸੀ ਕਿਉਂਕਿ ਜਦੋਂ ਇਹ ਕਿਤਾਬ ਲਿਖੀ ਗਈ ਸੀ, ਉਸ ਵੇਲੇ ਪੰਜਾਬ ਦੇ 17 ਜ਼ਿਲ੍ਹੇ ਸਨ ਅਤੇ ਜ਼ਿਲ੍ਹਿਆਂ ਅਨੁਸਾਰ ਮੇਲਿਆਂ ਦੀ ਵੰਡ ਕਰਕੇ ਦੰਸੀ ਗਈ ਸੀ। ਅੱਜਕਲ੍ਹ ਦੇ ਪੰਜਾਬ ਅਨੁਸਾਰ ਇਸ ਕਿਤਾਬ ਦੀ ਸੋਧ ਕਰਨੀ ਬਣਦੀ ਹੈ।
”ਤੁਹਾਡਾ ਸੁਝਾਅ ਬਿਲਕੁਲ ਦਰੁੱਸਤ ਹੈ। ਇਸ ਪੁਸਤਕ ਨੂੰ ਮੁੜ ਸੋਧਣ ਦੀ ਜ਼ਰੂਰਤ ਹੈ।” ਮੈਂ ਉਸ ਨਾਲ ਸਹਿਮਤ ਹੁੰਦੇ ਹੋਏ ਕਿਹਾ ਅਤੇ ਇਹ ਵੀ ਕਿਹਾ ਕਿ ਮੈਂ ਕੋਸ਼ਿਸ਼ ਕਰਾਂਗਾ ਜੇ ਵਕਤ ਨਿਕਲ ਸਕਿਆ। ਇਸੇ ਦੁਕਾਨ ਤੋਂ ਰੰਗੀ ਸਾਨੁੰ ਆਪਣੇ ਨਾਲ ਲੈ ਗਿਆ ਅਤੇ ਅਸੀਂ ਇੱਕ ਰੈਸਟੋਰੈਂਟ ਵਿੱਚ ਦੁਪਹਿਰ ਦਾ ਖਾਣਾ ਖਾਣ ਵਿੱਚ ਜੁਟ ਗਏ।
ਪ੍ਰਾਈਮ ਏਸ਼ੀਆ ਟੀ. ਵੀ. ਤੋਂ ਦਵਿੰਦਰ ਬੈਨੀਪਾਲ ਦਾ ਵਾਰ ਵਾਰ ਫ਼ੋਨ ਆ ਰਿਹਾ ਸੀ। ਮੈਂ ਜਲਦੀ ਜਲਦੀ ਉਥੇ ਜਾਣ ਨੂੰ ਤਰਜੀਹ ਦਿੱਤੀ। ਜਦੋਂ ਦਵਿੰਦਰ ਸਿੰਘ ਬੇਨੀਪਾਲ ਰੇਡੀਓ ਇੰਡੀਆ ਵਿੱਚ ਹੁੰਦਾ ਸੀ, ਉਸ ਸਮੇਂ ਲੰਮਾ ਸਮਾਂ ਮੈਂ ਉਸ ਨਾਲ ਇੱਕ ਟਾਕ ਸ਼ੋਅ ਕਰਦਾ ਰਿਹਾ ਸੀ। ਜਦੋਂ ਰੇਡੀਓ ਇੰਡੀਆ ਬੰਦ ਹੋਇਆ ਤਾਂ ਇਹ ਪ੍ਰਾਈਮ ਏਸ਼ੀਆ ਟੀ. ਵੀ. ਵਿੱਚ ‘ਪ੍ਰਾਈਮ ਟਾਈਮ ਵਿੱਚ ਬੈਨੀਪਾਲ’ ਕਰਨ ਲੱਗ ਪਿਆ। ਇਸ ਟੀ. ਵੀ. ਵਿੱਚ ਮੇਰਾ ਜਮਾਤੀ ਮਿੱਤਰ ਡਾ. ਪ੍ਰਿਥੀਪਾਲ ਸਿੰਘ ਸੋਹੀ ਅੱਜਕਲ੍ਹ ਨਿਊਜ਼ ਡਾਇਰੈਕਟਰ ਹੈ। ਖਬਰਾਂ ਦੇਖਣ ਦੇ ਨਾਲ ਨਾਲ ਉਹਨਾਂ ਵੱਲੋਂ ਖਬਰਾਂ ‘ਤੇ ਕੀਤਾ ਤਬਸ਼ਰਾ ਕਾਫ਼ੀ ਸਲਾਹਿਆ ਜਾ ਰਿਹਾ ਹੈ। ਡਾ. ਸੋਹੀ ਪੰਜਾਬ ਵਿੱਚ ਰਾਜਨੀਤੀ ਦੇ ਪ੍ਰੋਫ਼ੈਸਰ ਹਣ ਦੇ ਨਾਲ ਨਾਲ ਲਗਾਤਾਰ ਪੰਜਾਬ ਦੀ ਸਿਆਸਤ ਬਾਰੇ ਲਿਖਦੇ ਰਹੇ ਸਨ। ਇੱਥੇ ਆ ਕੇ ਮੈਂ ਵੇਖਿਆ ਕਿ ਉਹਨਾਂ ਵੱਲੋਂ ਕੀਤੀਆਂ ਚਲੰਤ ਮਾਮਲਿਆਂ ਬਾਰੇ ਟਿੱਪਣੀਆਂ ਨੂੰ ਬੜੀ ਗੰਭੀਰਤਾ ਨਾਲ ਲਿਆ ਜਾਂਦਾ ਹੈ। ਪ੍ਰਾਈਮ ਏਸ਼ੀਆ ਟੀ. ਵੀ. ਕੈਨੇਡਾ ਵਿੱਚ ਬੈਲਅਤੇ ਜੋਜ਼ਰ ਆਦਿ ਰਾਹੀਂ ਬੜੀ ਤੇਜ਼ੀ ਨਾਲ ਪੰਜਾਬੀ ਘਰਾਂ ਵਿੱਚ ਜਾ ਰਿਹਾ ਹੈ। ਇਸ ਟੀ. ਵੀ. ਚੈਨਲ ਨੂੰ ਲਾਂਚ ਕਰਨ ਵਾਲਾ ਨੌਜਵਾਨ ਅਮਨ ਖਟਕਰ ਵੱਡੇ ਸੁਪਨੇ ਲੈ ਕੇ ਉਹਨਾਂ ਨੂੰ ਹਕੀਕਤ ਵਿੱਚ ਬਦਲਣ ਲਈ ਯਤਨਸ਼ੀਲ ਹੈ। ਇਹ ਉਹੀ ਅਮਨ ਖਟਕਰ ਹੈ ਜਿਸਨੇ ‘ਅੰਗਰੇਜ਼’ ਫ਼ਿਲਮ ਬਣਾ ਕੇ ਖੂਬ ਨਾਮਣਾ ਖੱਟਿਆ ਸੀ। ਇਸ ਟੀ. ਵੀ. ਲਈ ਵੀ ਉਹ ਜਤਿੰਦਰ ਪੰਨੂ ਵਰਗੇ ਤਜਰਬੇਕਾਰ ਸਿਆਸੀ ਟਿੱਪਣੀਕਾਰਾਂ ਨੂੰ ਆਪਣੇ ਨਾਲ ਜੋੜਨ ਵਿੱਚ ਕਾਮਯਾਬ ਰਿਹਾ। ਜਦੋਂ ਮੈਂ ਪ੍ਰਾਈਮ ਏਸ਼ੀਆ ਦੇ ਸਟੂਡੀਓ ਪਹੁੰਚਿਆ ਤਾਂ ਅਮਨ ਖਟਕਰ ਕੋਲ ਬਲਜੀਤ ਬੱਲੀ ਬੈਠਾ ਸੀ, ਸ਼ਾਇਦ ਮੁਹਾਲੀ ਤੋਂ ਬਲਜੀਤ ਬੱਲੀ ਦੀਆਂ ਸੇਵਾਵਾਂ ਲੈਣ ਸਬੰਧੀ ਗੱਲਬਾਤ ਚੱਲ ਰਹੀ ਸੀ। ਮੈਨੂੰ ਵੀ ਅਮਨ ਖਟਕਰ ਨੇ ਕਿਹਾ ਕਿ ਚੈਨਲ ਲਈ ਆਪਣੇ ਚੰਗੇ ਵਿਦਿਆਰਥੀਆਂ ਦੇ ਨਾਮ ਰਿਕਮੈਂਡ ਕਰਾਂ। ਦਵਿੰਦਰ ਬੈਨੀਪਾਲ ਨੇ ਤਕਰੀਬਨ ਇੱਕ ਘੰਟੇ ਦੀ ਰਿਕਾਰਡਿੰਗ ਕੀਤੀ। ਰਿਕਾਰਡਿੰਗ ਤੋਂ ਬਾਅਦ ਚਾਹ ਦੇ ਕੱਪ ਉਤੇ ਅਮਨ ਖਟਕਰ ਨਾਲ ਪੱਤਰਕਾਰੀ ਖੂਬ ਚਰਚਾ ਹੋਈ। ਇਸ ਵਾਰ ਦੀ ਕੈਨੇਡਾ ਫ਼ੇਰੀ ਵਿੱਚ ਮੈਂ ਇਹ ਗੱਲ ਨੋਟ ਕੀਤੀ ਹੈ ਕਿ ਪੰਜਾਬੀ ਮੀਡੀਆ ਵਿੱਚ ਰੇਡੀਓ ਅਤੇ ਅਖਬਾਰਾਂ ਤੋਂ ਬਾਅਦ ਅੱਜਕਲ੍ਹ ਟੀ. ਵੀ. ਵੀ ਤੇਜੀ ਨਾਲ ਪੈਰ ਜਮਾਉਣ ਦਾ ਯਤਨ ਕਰ ਰਿਹਾ ਹੈ। ਕੈਨੇਡਾ ਵਿੱਚ ਬੈਠੇ ਹੋਏ ਤੁਹਾਡੀ ਪਹੁੰਚ ਵਿੱਚ ਪੰਜਾਬ ਨਾਲੋਂ ਜ਼ਿਆਦਾ ਚੈਨਨ ਹਨ। ਪੀ. ਟੀ. ਸੀ. ਚੱਕਦੇ, ਪੀ. ਟੀ. ਸੀ. ਨਿਊਜ਼ ਤੋਂ ਇਲਾਵਾ ਸਾਂਝਾ ਪੰਜਾਬ, ਚੈਨਲ ਪੰਜਾਬੀ, ਐਮ. ਐਚ. ਮਿਊਜ਼ਿਕ, ਐਮ. ਐਚ. ਵਨ ਨਿਊਜ਼, ਬੀ. ਬੀ. ਸੀ. ਟਰਾਂਟੋ, ਦੇਸੀ ਚੈਨਲ, ਪੀ. ਬੀ. ਐਨ. ਮਿਊਜ਼ਿਕ, ਸਾਂਝ ਟੀ. ਵੀ., ਬ੍ਰਿਟਿਸ਼ ਏਸ਼ੀਆ ਟੀ. ਵੀ., ਅਕਾਲ ਚੈਨਲ, ਸੰਗਤ ਚੈਨਲ, ਮੇਰਾ ਵਤਨ ਟੀ. ਵੀ., ਦੇਸੀ ਮਿਊਜ਼ਿਕ ਟੀ. ਵੀ., ਇਵਾਜ਼ ਟੀ. ਵੀ., ਸਰਦਾਰੀ ਟੀ. ਵੀ. 24×7, ਪੰਜਾਬ ਟੀ. ਵੀ., ਮਹਿਕ ਟੀ. ਵੀ., ਝਾਂਜਰ, ਕੈਨੇਡਾ ਐਚ. ਟੀ., ਹਮਦਰਦ ਟੀ. ਵੀ., ਦੇਸ ਪ੍ਰਦੇਸ, ਪ੍ਰਾਇਮ ਟੀ. ਵੀ., ਟੀ. ਵੀ. ਕਲਰ, ਏ ਵਨ ਮਿਊਜ਼ਿਕ, ਟੀ. ਵੀ. 84, ਸਿੱਖ ਚੈਨਲ, 24×7 ਗੁਰਬਾਣੀ ਅਤੇ ਟਾਇਮ ਟੀ. ਵੀ. ਆਦਿ ਟੀ. ਵੀ. ਚੈਨਲ ਇੱਥੇ ਰੋਜ਼ਰ, ਬੈਲ, ਟੈਲਸ ਅਤੇ ਸ਼ਾਅ ਆਦਿ ਰਾਹੀਂ ਪੰਜਾਬੀਆਂ ਦੇ ਘਰਾਂ ਤੱਕ ਪਹੁੰਚ ਰਹੇ ਹਨ। ਇਹਨਾਂ ਤੋਂ ਇਲਾਵਾ ਯੂਟਿਊਬ ਅਤੇ ਹੋਰ ਨਵੀਆਂ ਡਿਜ਼ੀਟਲ ਤਕਨੀਕਾਂ ਰਾਹੀਂ ਨਵੇਂ ਨਵੇਂ ਚੈਨਲ ਆ ਰਹੇ ਹਨ। ਇਸ ਮੁਕਾਬਲੇ ਦੇ ਯੁੱਗ ਵਿੱਚ ਮੀਡੀਆ ਦੇ ਇਸ ਵਿਸਥਾਰ ਦਾ ਜਿੱਥੇ ਸਵਾਗਤ ਕਰਨਾ ਬਣਦਾ ਹੈ, ਉਥੇ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਵਿਦੇਸ਼ ਦੀ ਧਰਤੀ ‘ਤੇ ਮਾਰਕੀਟ ਵੀ ਕਿੱਡੀ ਕੁ ਹੈ, ਜਿੱਥੋਂ ਮੀਡੀਆ ਨੂੰ ਇਸ਼ਤਿਹਾਰ ਮਿਲਦੇ ਹਨ। ਕੈਨੇਡਾ ਵਿੱਚ ਇਸ਼ਤਿਹਾਰਾਂ ਨੂੰ ਹਾਸਲ ਕਰਨ ਵਿੱਚ ਵੀ ਖੂਬ ਮੁਕਾਬਲਾ ਚੱਲ ਰਿਹਾ ਹੈ। ਇਸ਼ਤਿਹਾਰਾਂ ਨੂੰ ਹਾਸਲ ਕਰਨ ਵਾਲੇ ਰੇਡੀਓ, ਟੀ. ਵੀ. ਅਤੇ ਅਖਬਾਰ ਲਗਾਤਾਰ ਇਸ਼ਤਿਹਾਰਾਂ ਦੀਆਂ ਕੀਮਤਾਂ ਘਟਾ ਰਹੇ ਹਨ। ਇਹ ਜੋ ਚੈਨਲਾਂ ਦੀ ਸੂਚੀ ਮੈਂ ਇੱਥੇ ਦਿੱਤੀ ਹੈ, ਇਹ ਉਹ ਚੈਨਨ ਹਨ ਜੋ ਭਾਵੇਂ ਹਿੰਦੋਸਤਾਨੀ ਪੰਜਾਬ, ਇੰਗਲੈਂਡ ਜਾਂ ਫ਼ਿਰ ਕੈਨੇਡਾ ਕਿਤੋਂ ਵੀ ਚੱਲ ਰਹੇ ਹੋਣ, ਵੇਖੇ ਉਹ ਵੈਨਕੂਵਰ, ਟਰਾਂਟੋ, ਕੈਲਗਰੀ, ਐਡਮਿੰਟਨ ਜਾਂ ਕਿਸੇ ਵੀ ਸ਼ਹਿਰ ਜਾ ਸਕਦੇ ਹਨ।
”ਕੀ ਇੰਨੇ ਸਾਰੇ ਚੈਨਲ ਚੱਲ ਸਕਣਗੇ” ਮੈਨੂੰ ਇਹ ਸਵਾਲ ਅਕਸਰ ਪੁੱਛਿਆ ਜਾਂਦਾ ਹੈ। ਮੇਰਾ ਜਵਾਬ ਵੀ ਅਕਸਰ ਇਹੀ ਹੁੰਦਾ ਹੈ:
ਅਬ ਹਵਾਏਂ ਹੀ ਕਰੇਂਗੀ ਰੋਸ਼ਨੀ ਕਾ ਫ਼ੈਸਲਾ
ਜਿਸ ਦੀਏ ਮੇਂ ਤੇਲ ਹੋਗਾ ਵੋ ਜਲਤਾ ਰਹੇਗਾ।
ਦਗ

LEAVE A REPLY