flimy-duniya1ਅਦਾਕਾਰਾ ਪ੍ਰਾਚੀ ਦੇਸਾਈ ਨੇ ਟੈਲੀਵਿਜ਼ਨ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਫ਼ਿਲਮ ‘ਰੌਕ ਔਨ’ ਰਾਹੀਂ ਫ਼ਿਲਮੀ ਦੁਨੀਆਂ ਵਿੱਚ ਕਦਮ ਰੱਖਣ ਵਾਲੀ ਪ੍ਰਾਚੀ ਦੇਸਾਈ ਨੇ ‘ਵਨਸ ਅਪੌਨ ਏ ਟਾਈਮ’, ‘ਬੋਲ ਬੱਚਨ’, ‘ਆਈ ਮੀ ਔਰ ਮੈਂ’, ‘ਅਜ਼ਹਰ’ ਆਦਿ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਬਹੁਤ ਜਲਦੀ ਉਸ ਦੀ ਫ਼ਿਲਮ ‘ਰੌਕ ਔਨ 2’ ਆਉਣ ਵਾਲੀ ਹੈ। ਪੇਸ਼ ਹਨ ਉਸ ਨਾਲ ਕੀਤੀ ਗੱਲਬਾਤ ਦੇ ਕੁਝ ਅੰਸ਼:
* ਫ਼ਿਲਮ ‘ਰੌਕ ਔਨ 2’ ਬਾਰੇ ਕੁਝ ਦੱਸੋ?
– ਇਸ ਫ਼ਿਲਮ ਵਿੱਚ ਕੰਮ ਕਰਨ ਦੌਰਾਨ ਇਹ ਗੱਲ ਸਭ ਤੋਂ ਵਧੀਆ ਲੱਗੀ ਕਿ ਅਸੀਂ ਸਾਰੇ ਮੁੜ ਇਕੱਠੇ ਨਜ਼ਰ ਆਵਾਂਗੇ। ਇਹ ਸੰਗੀਤ ‘ਤੇ ਆਧਾਰਿਤ ਫ਼ਿਲਮ ਹੈ। ‘ਰੌਕ ਔਨ’ ਮੇਰੀ ਪਹਿਲੀ ਫ਼ਿਲਮ ਸੀ ਅਤੇ ਇਸੇ ਫ਼ਿਲਮ ਦੇ ਦੂਜੇ ਭਾਗ ਵਿੱਚ ਵੀ ਸ਼ਾਮਲ ਕੀਤੇ ਜਾਣ ਦੀ ਮੈਨੂੰ ਬੇਹੱਦ ਖ਼ੁਸ਼ੀ ਹੈ। ਇਸ ਫ਼ਿਲਮ ਵਿੱਚ ਮੇਰੇ ਤੋਂ ਇਲਾਵਾ ਫ਼ਰਹਾਨ ਅਖ਼ਤਰ, ਅਰਜੁਨ ਰਾਮਪਾਲ, ਪੂਰਬ ਕੋਹਲੀ ਅਤੇ ਸ਼ਰਧਾ ਕਪੂਰ ਦੀ ਅਹਿਮ ਭੂਮਿਕਾ ਹੈ।
* ਕਾਫ਼ੀ ਦੇਰ ਬਾਅਦ ਫ਼ਿਲਮਾਂ ਵਿੱਚ ਆਉਣ ਦਾ ਕੀ ਕਾਰਨ ਹੈ?
– ਮੈਂ ਸੋਚ ਸਮਝ ਕੇ ਫ਼ਿਲਮਾਂ ਦੀ ਚੋਣ ਕਰਦੀ ਹਾਂ। ਇੱਕੋ ਜਿਹੇ ਕਿਰਦਾਰ ਨਿਭਾਉਣੇ ਮੈਨੂੰ ਚੰਗੇ ਨਹੀਂ ਲੱਗਦੇ, ਪਰ ਜੋ ਕੰਮ ਮੈਨੂੰ ਮਿਲਦਾ ਹੈ ਉਸ ਨੂੰ ਸਫ਼ਲਤਾਪੂਰਵਕ ਨਿਬੇੜਨ ਲਈ ਜੀ-ਜਾਨ ਇੱਕ ਕਰ ਦਿੰਦੀ ਹਾਂ।
* ਤੁਹਾਡੀ ਫ਼ਿਲਮ ‘ਅਜ਼ਹਰ’ ਕਿਉਂ ਨਹੀਂ ਚੱਲ ਸਕੀ? ਇਸ ਬਾਰੇ ਕੀ ਕਹਿਣਾ ਹੈ?
– ਜਦੋਂ ਮੇਰੀ ਫ਼ਿਲਮ ਨਹੀਂ ਚੱਲਦੀ ਤਾਂ ਮੈਨੂੰ ਬੇਹੱਦ ਦੁੱਖ ਹੁੰਦਾ ਹੈ। ਇਕੱਲੀ ਮੈਂ ਹੀ ਨਹੀਂ, ਕਿਸੇ ਵੀ ਕਲਾਕਾਰ ਦੀ ਫ਼ਿਲਮ ਜਦੋਂ ਨਹੀਂ ਚੱਲਦੀ ਤਾਂ ਸਾਰਿਆਂ ਦਾ ਦਿਲ ਟੁੱਟਦਾ ਹੀ ਹੈ ਕਿਉਂਕਿ ਅਸੀਂ ਸਾਰੇ ਫ਼ਿਲਮ ਨੂੰ ਸਫ਼ਲ ਬਣਾਉਣ ਲਈ ਦਿਨ-ਰਾਤ ਮਿਹਨਤ ਕਰਦੇ ਹਾਂ। ਅਸੀਂ ਫ਼ਿਲਮਾਂ ਨਾਲ ਭਾਵਨਾਤਮਕ ਤੌਰ ‘ਤੇ ਜੁੜ ਜਾਂਦੇ ਹਨ। ਜਦੋਂ ਫ਼ਿਲਮ ਨਹੀਂ ਚੱਲਦੀ ਤਾਂ ਬਹੁਤ ਦੁੱਖ ਹੁੰਦਾ ਹੈ।
* ਕਿਹੋ ਜਿਹੀਆਂ ਫ਼ਿਲਮਾਂ ਕਰਨਾ ਚਾਹੁੰਦੇ ਹੋ?
– ਮੈਂ ਬੌਲੀਵੁੱਡ ਵਿੱਚ ਕੁਝ ਵੱਖਰਾ ਕਰਨਾ ਚਾਹੁੰਦੀ ਹਾਂ। ਹੁਣ ਤਕ ਮੈਂ ਜਿੰਨੀਆਂ ਵੀ ਫ਼ਿਲਮਾਂ ਵਿੱਚ ਕੰਮ ਕੀਤਾ ਹੈ, ਉਹ ਲਗਪਗ ਇੱਕੋ ਜਿਹੀਆਂ ਸਨ। ਹੁਣ ਮੈਂ ਕੁਝ ਕਾਮੇਡੀ ਫ਼ਿਲਮਾਂ ਕਰਨਾ ਪਸੰਦ ਕਰਾਂਗੀ। ਇਸ ਤੋਂ ਇਲਾਵਾ ਪ੍ਰੇਮ ਕਹਾਣੀਆਂ ‘ਤੇ ਆਧਾਰਿਤ ਫ਼ਿਲਮਾਂ ਕਰਨਾ ਚਾਹੁੰਦੀ ਹਾਂ ਜੋ ਨੌਜਵਾਨ ਪੀੜ੍ਹੀ ਨਾਲ ਸਬੰਧਿਤ ਹੋਣ। ਨਾਲ ਹੀ ਕਲਪਨਾ ਚਾਵਲਾ ਤੇ ਗਾਇਤਰੀ ਦੇਵੀ ਦੇ ਜੀਵਨ ‘ਤੇ ਆਧਾਰਿਤ ਫ਼ਿਲਮਾਂ ਵਿੱਚ ਵੀ ਕੰਮ ਦੀ ਚਾਹਵਾਨ ਹਾਂ।
* ਕੀ ਟੀਵੀ ‘ਤੇ ਮੁੜ ਕੰਮ ਕਰਨ ਦੀ ਇੱਛਾ ਹੈ?
– ਅੱਜਕੱਲ੍ਹ ਟੀਵੀ ‘ਤੇ ਰਿਆਲਿਟੀ ਸ਼ੋਅਜ਼ ਜਿਹੇ ਪ੍ਰੋਗਰਾਮ ਪ੍ਰਸਾਰਿਤ ਹੋ ਰਹੇ ਹਨ। ਵੱਡੇ-ਵੱਡੇ ਅਦਾਕਾਰ ਵੀ ਇਨ੍ਹਾਂ ਵਿੱਚ ਕੰਮ ਕਰ ਰਹੇ ਹਨ, ਭਾਵੇਂ ਉਹ ਅਮਿਤਾਭ ਬੱਚਨ ਹੋਵੇ ਜਾਂ ਸ਼ਾਹਰੁਖ ਖ਼ਾਨ। ਟੀਵੀ ਇੱਕ ਵੱਡਾ ਮਾਧਿਅਮ ਬਣ ਗਿਆ ਹੈ, ਪਰ ਮੈਂ ਲੜੀਵਾਰਾਂ ਵਿੱਚ ਕੰਮ ਨਹੀਂ ਕਰਨਾ ਚਾਹੁੰਦੀ। ਕੁਝ ਰਚਨਾਤਮਕ ਕੰਮ ਹੋਵੇਗਾ ਤਾਂ ਸ਼ਾਇਦ ਮੈਂ ਕਰ ਸਕਦੀ ਹਾਂ।
* ਅੱਜਕੱਲ੍ਹ ਛੋਟੇ ਪਰਦੇ ‘ਤੇ ਆ ਰਹੇ ਪ੍ਰੋਗਰਾਮਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ?
– ਇਮਾਨਦਾਰੀ ਨਾਲ ਆਖਾਂ ਤਾਂ ਮੌਜੂਦਾ ਦੌਰ ਵਿੱਚ ਛੋਟਾ ਪਰਦਾ ਮੈਨੂੰ ਬਹੁਤ ਦੁਖੀ ਕਰਦਾ ਹੈ। ਇਹ ਚਿੰਤਾ ਦਾ ਬਹੁਤ ਵੱਡਾ ਵਿਸ਼ਾ ਹੈ। ਦੇਸ਼-ਦੁਨੀਆਂ ਕਿਹੜੇ ਪਾਸੇ ਜਾ ਰਹੀ ਹੈ ਅਤੇ ਸਾਡੇ ਆਲੇ-ਦੁਆਲੇ ਕੀ ਹੋ ਰਿਹਾ ਹੈ, ਇਹ ਦੇਖਣਾ ਚਾਹੀਦਾ ਹੈ। ਮੈਂ ਇਹ ਨਹੀਂ ਕਹਿੰਦੀ ਕਿ ਟੈਲੀਵਿਜ਼ਨ ਸਮਾਜ ਸੇਵਾ ਦਾ ਮਾਧਿਅਮ ਹੈ, ਪਰ ਟੀਵੀ ਆਮ ਲੋਕਾਂ ‘ਤੇ ਅਸਰ ਜ਼ਰੂਰ ਪਾਉਂਦਾ ਹੈ। ਇਸ ਲਈ ਬਿਹਤਰ ਵਿਸ਼ਿਆਂ ‘ਤੇ ਕੰਮ ਕੀਤਾ ਜਾਣਾ ਚਾਹੀਦਾ ਹੈ।
* ਫ਼ਿਲਮ ਜਗਤ ਵਿੱਚ ਇੰਨੇ ਸਾਲ ਬਿਤਾਉਣ ਬਾਅਦ ਕੀ ਅਨੁਭਵ ਹੋਇਆ?
– ਇਸ ਦੁਨੀਆਂ ਵਿੱਚ ਐਕਟਿੰਗ ਹੀ ਸਭ ਕੁਝ ਨਹੀਂ ਹੈ। ਤੁਹਾਨੂੰ ਕੁਝ ਹੋਰ ਚੀਜ਼ਾਂ ਵੀ ਕਰਨੀਆਂ ਪੈਂਦੀਆਂ ਹਨ। ਇਹ ਗੱਲ ਮੈਨੂੰ ਦੇਰ ਨਾਲ ਸਮਝ ਆਈ। ਪਹਿਲਾਂ ਮੈਂ ਸਮਝਦੀ ਸੀ ਕਿ ਅਦਾਕਾਰੀ ਹੀ ਸਾਰਾ ਕੁਝ ਹੈ, ਪਰ ਅਜਿਹਾ ਨਹੀਂ ਹੈ। ਮੈਂ ਲੋਕਾਂ ਦਾ ਧਿਆਨ ਖਿੱਚਣ ਲਈ ‘ਕੁਝ ਵੀ’ ਨਹੀਂ ਕਰ ਸਕਦੀ। ਮੈਂ ਸਿਰਫ਼ ਅਭਿਨੈ ਵਿੱਚ ਭਰੋਸਾ ਰੱਖਦੀ ਹਾਂ।
* ਕੀ ਫ਼ਿਲਮ ਜਗਤ ਵਿੱਚ ਸਫ਼ਲਤਾ ਦਾ ਕੋਈ ਖ਼ਾਸ ਫ਼ਾਰਮੂਲਾ ਵੀ ਹੈ?
– ਇੰਡਸਟਰੀ ਵਿੱਚ ਸਫ਼ਲਤਾ ਦਾ ਕੋਈ ਫ਼ਾਰਮੂਲਾ ਨਹੀਂ ਹੈ। ਜੇ ਤੁਹਾਨੂੰ ਚੰਗੇ ਮੌਕੇ ਮਿਲਦੇ ਹਨ ਤਾਂ ਹੀ ਤੁਸੀਂ ਸਫ਼ਲ ਹੋ ਸਕਦੇ ਹੋ। ਮੈਂ ਵਿੱਦਿਆ ਬਾਲਨ ਤੇ ਕੰਗਨਾ ਰਣੌਤ ਤੋਂ ਬੇਹੱਦ ਪ੍ਰਭਾਵਿਤ ਹਾਂ। ਉਨ੍ਹਾਂ ਨੇ ਬਹੁਤ ਚੰਗਾ ਕੰਮ ਕੀਤਾ ਹੈ।
* ਆਪਣੀ ਪਸੰਦ ਤੇ ਨਾਪਸੰਦ ਬਾਰੇ ਵੀ ਕੁਝ ਦੱਸੋ?
– ਮੈਨੂੰ ਸਫ਼ਰ ਕਰਨਾ ਚੰਗਾ ਲੱਗਦਾ ਹੈ। ਨੱਚਣਾ ਵੀ ਪਸੰਦ ਹੈ। ਗਾਣਾ ਗਾਉਣ ਦੀ ਇੱਛਾ ਵੀ ਹੈ। ਜੇ ਮੌਕਾ ਮਿਲਿਆ ਤਾਂ ਜ਼ਰੂਰ ਗਾਵਾਂਗੀ।
-ਸੰਜੀਵ ਕੁਮਾਰ ਝਾਅ

LEAVE A REPLY