main-news-300x150ਦੋ ਦਿਨਾਂ ਪਿੱਛੋਂ ਜਿਉਂ ਹੀ ਨਾਥਾ ਅਮਲੀ ਸੱਥ ‘ਚ ਆਇਆ ਤਾਂ ਬਾਬਾ ਸੰਧੂਰਾ ਸਿਉਂ ਅਮਲੀ ਨੂੰ ਕਹਿੰਦਾ, ”ਓਏ ਆ ਗਿਐਂ ਬਰੀ ਦਿਆ ਤਿਓਰਾ। ਤੇਰੇ ਬਿਨਾਂ ਤਾਂ ਯਾਰ ਸੱਥ ਇਉਂ ਸੁੰਨੀ ਲੱਗਦੀ ਸੀ ਜਿਮੇਂ ਬਲੋਤਰੇ ਦੀ ਮੰਡੀ ਉੱਠਾਂ ਬਿਨਾਂ ਭਾਂਅ ਭਾਂਅ ਕਰਦੀ ਹੁੰਦੀ ਐ। ਕਿੱਥੇ ਰਿਹਾ ਦੋ ਤਿੰਨ ਦਿਨ?”
ਬਾਬੇ ਦੀ ਗੱਲ ਸੁਣ ਕੇ ਸੀਤਾ ਮਰਾਸੀ ਅਮਲੀ ਦੇ ਬੋਲਣ ਤੋਂ ਪਹਿਲਾਂ ਹੀ ਟਿੱਚਰ ‘ਚ ਬੋਲਿਆ, ”ਪੱਠ ਬਮਾਰ ਐ ਬਾਬਾ ਇਹਦੀ, ਓਹਦੇ ਵਾਸਤੇ ਦਿੜਬੇ ਆਲੇ ਪੜਭੂੰਜੇ ਸਾਧ ਤੋਂ ਤਵੀਤ ਕਰਾਉਣ ਗਿਆ ਸੀ, ਨਾਲੇ ਪਾਣੀ ਕਰਾ ਲਿਆਇਆ।”
ਬਾਬਾ ਕਹਿੰਦਾ, ”ਕਿਸੇ ਚੰਗੇ ਸਲੋਤਰੀ ਤੋਂ ਦੁਆ ਬੂਟੀ ਕਰਾਵੇ, ਐਮੇਂ ਐਡੀ ਦੂਰ ਭੱਜਿਆ ਫ਼ਿਰਦੈ ਪਖੰਡੀਆਂ ਕੋਲੇ। ਤੂੰ ਕਦੋਂ ਰੱਖ ਲੀ ਅਮਲੀਆ ਪੱਠ ਓਏ। ਬੱਕਰੀ ਲਿਆਂਦੀ ਸੀ ਉਹ ਸੂਈ ਐ ਕੁ ਪੱਠ ਈ ਮੁੱਲ ਲੈ ਆਇਆ। ਤੂੰ ਕੀ ਕਰਾਉਣਾ ਸੀ ਮੀਂਗਣਾਂ ਦੇ ਘਰ ਤੋਂ?”
ਅਮਲੀ ਮੁਸ਼ਕਣੀ ਹੱਸ ਕੇ ਨਾਲ ਬੈਠੇ ਮਾਹਲੇ ਨੰਬਰਦਾਰ ਨੂੰ ਨੀਵੀਂ ਪਾ ਕੇ ਕਹਿੰਦਾ, ”ਦੱਸਦੇ ਨੰਬਰਦਾਰਾ ਬਈ ਐਮੇਂ ਝੂਠ ਮਾਰੀ ਜਾਂਦਾ ਮਰਾਸੀ।”
ਬੁੱਘਰ ਦਖਾਣ ਬਾਬੇ ਨੂੰ ਕਹਿੰਦਾ, ”ਕਾਹਨੂੰ ਬਾਬਾ ਕੋਈ ਪੱਠ ਪੁੱਠ ਐ ਇਹਦੇ ਕੋਲੇ। ਇਹ ਤਾਂ ਮਰਾਸੀ ਐਮੇਂ ਮਸ਼ਕਰੀਆਂ ਕਰਦੈ ਸੋਡੇ ਬਜੁਰਗਾਂ ਨਾਲ। ਇਹਦੀ ਮੀਰ ਦੀ ਤਾਂ ਉਹ ਗੱਲ ਐ, ਅਕੇ ਅੰਨ੍ਹੇ ਜਲਾਹਾ, ਮਾਂ ਨਾਲ ਮਸ਼ਕਰੀਆਂ। ਬਈ ਪਤੰਦਰਾ! ਮਾੜੀ ਮੋਟੀ ਤਾਂ ਸੰਗ ਮੰਨ ਤੂੰ ਬੜ੍ਹਿਆਂ ਨੂੰ ਟਿੱਚਰਾਂ ਕਰਦੈਂ।”
ਨਾਥਾ ਅਮਲੀ ਬੋਲਿਆ ਫ਼ਿਰ, ”ਕਾਹਨੂੰ ਬਾਬਾ ਮੇਰੇ ਕੋਲੇ ਕੋਈ ਪੱਠ ਪੁੱਠ ਐ। ਮੈਂ ਤਾਂ ਦੋ ਦਿਨ ਪੈਂਸਿਆਂ ਦਾ ਮਾਰਾ ਬੰਕ ਮੂਹਰੇ ਬੈਠਾ ਰਿਹਾ।”
ਬਾਬੇ ਨੇ ਪੁੱਛਿਆ, ”ਕਿਹੜੇ ਪੈਂਸਿਆਂ ਦਾ ਮਾਰਾ?”
ਅਮਲੀ ਕਹਿੰਦਾ, ”ਆਹ ਜਿਹੜੇ ਬੰਦ ਹੋਏ ਐ ਨੋਟ।”
ਸੀਤੇ ਮਰਾਸੀ ਨੇ ਅਮਲੀ ਦੀ ਗੱਲ ਸੁਣ ਕੇ ਪੁੱਛਿਆ, ”ਬੰਦ ਹੋਏ ਨੋਟ? ਕੀ ਕਹੀ ਜਾਨੈ ਅਮਲੀਆ ਤੂੰ। ਬੰਦ ਹੋਏ ਨੋਟਾਂ ਨੂੰ ਤਾਂ ਗਧੇ ਮਨ੍ਹੀ ਸਿਆਣਦੇ ਤੂੰ ਕੀ ਉਨ੍ਹਾਂ ਨਾਲ ਬਨੇਰੇ ਨੂੰ ਝਾਲਰ ਲਾਉਣੀ ਐ?”
ਬਾਬਾ ਸੰਧੂਰਾ ਸਿਉਂ ਸੀਤੇ ਮਰਾਸੀ ਨੂੰ ਚੁੱਪ ਕਰਾ ਕੇ ਅਮਲੀ ਨੂੰ ਕਹਿੰਦਾ, ”ਛੱਡ ਯਾਰ ਅਮਲੀਆ ਇਨ੍ਹਾਂ ਗੱਲਾਂ ਨੂੰ। ਤੂੰ ਆਵਦੀ ਗਾਥਾ ਸਣਾ ਬਈ ਦੋ ਦਿਨ ਬੰਕ ਮੂਹਰੇ ਬਹਿ ਕੇ ਕੀ ਕੁਸ ਵੇਖਿਆ। ਉਹ ਗੱਲ ਦੱਸ। ਡਿੱਗਦੇ ਸੀ ਲੋਕ ਉੱਤੋਂ ਦੀ ਹੋ ਹੋ ਕੁ ਨਹੀਂ?”
ਜੱਗਾ ਕਾਮਰੇਡ ਚੱਲਦੀ ਗੱਲ ਵਿੱਚ ਅਮਲੀ ਨੂੰ ਕਹਿੰਦਾ, ”ਤੇਰੇ ਕੋਲੇ ਕਿੱਥੋਂ ਆ ਗੀ ਅਮਲੀਆ ਰਕਮ ਓਏ ਜੀਹਦੀ ਖਾਤਰ ਤੂੰ ਬੈਂਕ ਮੂਹਰੇ ਦੋ ਦਿਨ ਬੈਠਾ ਰਿਹੈਂ?”
ਬਾਬਾ ਜੱਗੇ ਕਾਮਰੇਡ ਨੂੰ ਕਹਿੰਦਾ, ”ਚੁੱਪ ਕਰ ਯਾਰ ਕਾਮਰੇਟਾ। ਜੇ ਇਹਦੇ ਕੋਲੇ ਚਾਰ ਛਿੱਲੜ ਐ, ਤਾਹੀਂ ਬੰਕ ਮੂਹਰੇ ਬੈਠਾ ਰਿਹਾ ਹੋਰ ਉੱਥੇ ਕਿਹੜਾ ਚੌਲਾਂ ਦਾ ਜੱਗ ਚੱਲਦਾ ਸੀ ਬਈ ਵਰਤਾਵਾ ਸੀ ਇਹੇ। ਹੁਣ ਨਾ ਬੋਲੀ ਵਿੱਚ। ਗੱਲ ਸੁਣ ਲੈਣ ਦਿਓ ਯਾਰ। ਹਾਂ ਬਈ ਨਾਥਾ ਸਿਆਂ ਆਪਾਂ ਆਵਦੀ ਗੱਲ ਕਰੀਏ। ਕੀ ਕੀ ਰੰਗ ਵੇਖੇ ਬੰਕ ਮੂਹਰੇ ਉਹ ਗੱਲ ਦੱਸ?”
ਅਮਲੀ ਗੱਲ ਸੁਣਾਉਣ ਨੂੰ ਪੈਰਾਂ ਭਾਰ ਹੋ ਕੇ ਬੋਲਿਆ, ”ਲੈ ਸੁਣ ਲਾ ਫ਼ਿਰ ਬਾਬਾ। ਬੰਕ ਮੂਹਰੇ ਐਨੀ ਮੰਡ੍ਹੀਰ ਉੱਤਰੀ ਵੀ ਸੀ, ਗੱਲ ਈ ਛੱਡਦੇ। ਲੋਕ ਲੈਣਾ ‘ਚ ਬੈਠੇ ਈ ਰੋਟੀ ਪਾਣੀ ਘਰੋਂ ਮੰਗਾ-ਮੰਗਾ ਕੇ ਖਾਂਦੇ ਸੀ। ਇੱਕ ਤੈਨੂੰ ਬਾਬਾ ਹਾਸੇ ਆਲੀ ਗੱਲ ਦੱਸਦਾਂ। ਇੱਕ ਬੁੜ੍ਹਾ ਬੰਦਾ ਬੰਕ ‘ਚੋਂ ਪੈਂਸੇ ਲੈ ਕੇ ਬਾਹਰ ਨਿੱਕਲਦਾ ਜਦੋਂ ਸਾਡੇ ਕੋਲ ਦੀ ਨੰਘਣ ਲੱਗਿਆ ਤਾਂ ਜਿਹੜਾ ਬੰਦਾ ਮੇਰੇ ਮੂਹਰੇ ਖੜ੍ਹਾ ਸੀ, ਉਹ ਬੁੜ੍ਹਾ ਉਹਦੇ ਪਿੰਡ ਦਾ ਸੀ। ਉਹ ਬੰਦਾ ਪਿੰਡ ਦੇ ਓਸ ਬੁੜ੍ਹੇ ਨੂੰ ਕਹਿੰਦਾ ‘ਕਿਉਂ ਤਾਇਆ! ਮਿਲ ਗੇ ਪੈਂਸੇ’? ਬੁੜ੍ਹਾ ਕਹਿੰਦਾ ‘ਪੈਂਸੇ ਤਾਂ ਮਿਲ ਗੇ ਪਰ ਆਹ ਉਂਗਲ ‘ਤੇ ਵੋਟਾਂ ਆਲਿਆਂ ਆਂਗੂੰ ਛਾੲ੍ਹੀ ਜੀ ਲਾਉਣ ਲੱਗ ਪੇ। ਨਾਲੇ ਪੈਂਸੇ ਦੇਣ ਤੋਂ ਪਹਿਲਾਂ ਬੰਕ ਆਲੀ ਬੀਬੀ ਕਹਿੰਦੀ ‘ਉਂਗਲ ਕਰ ਬਾਬਾ ਨਸ਼ਾਨ ਲਾਉਣੈ’।’ ਮੁੰਡੇ ਨੇ ਬੁੜ੍ਹੇ ਨੂੰ ਪੁੱਛਿਆ, ‘ਪੈਂਸੇ ਤਾਂ ਤਾਇਆ ਮਿਲ ਗੇ ਤੈਨੂੰ ਕੁ ਉਹ ਮਨ੍ਹੀ ਮਿਲੇ ‘ਕੱਲੀ ਛਾਹੀ ਜੀ ਲਾ ਕੇ ਮੋੜ ‘ਤਾ। ਤੂੰ ਛਾੲ੍ਹੀ ਨ੍ਹੀ ਸੀ ਲਵਾਉਣੀ। ਇੱਕ ਵਾਰੀ ਪੈਂਸੇ ਲੈ ਕੇ ਫ਼ੇਰ ਲੈਣ ‘ਚ ਲੱਗ ਜਾਣਾ ਸੀ’। ਬੁੜ੍ਹਾ ਹੱਸ ਕੇ ਕਹਿੰਦ, ‘ਜਦੋਂ ਮੈਨੂੰ ਬੰਕ ਆਲੀ ਬੀਬੀ ਨੇ ਪੈਂਸੇ ਦੇਣ ਤੋਂ ਪਹਿਲਾਂ ਕਿਹਾ ਬਈ ਬਾਬਾ ਉਂਗਲ ਕਰ ਤੈਨੂੰ ਛਾੲ੍ਹੀ ਦਾ ਨਸ਼ਾਨ ਲਵਾਉਣਾ ਪੈਣਾ ਤਾਂ ਮੈਂ ਕਿਹਾ ਹੁਣ ਤਾਂ ਭਾਈ ਬੀਬੀ ਭਾਮੇਂ ਚਿੰਮਟਾ ਤੱਤਾ ਕਰਕੇ ਲਾ ਦੇ, ਪਰ ਪੈਂਸੇ ਮੈਨੂੰ ਦੇ ਕੇ ਤੋਰੀਂ’।”
ਮਾਹਲਾ ਨੰਬਰਦਾਰ ਅਮਲੀ ਨੂੰ ਕਹਿੰਦਾ, ”ਜੇ ਅਮਲੀਆ ਚਿੰਮਟੇ ਤੱਤੇ ਕਰ-ਕਰ ਲਾਉਂਦੇ ਹੁੰਦੇ, ਤੇਰਾ ਤਾਂ ਮਾਸ ਈ ਨ੍ਹੀ ਦਿਸਣਾ ਸੀ। ਉਨ੍ਹਾਂ ਨੇ ਸੋਚਣਾ ਸੀ ਬਈ ਇਹਦੇ ਚਿੰਮਟਾ ਕਿੱਥੇ ਲਾਈਏ। ਚਿੰਮਟਾ ਤੇਰੇ ਲਾਉਣਾ ਨ੍ਹੀ ਸੀ, ਪੈਂਸੇ ਤੈਨੂੰ ਮਿਲਣੇ ਨ੍ਹੀ ਸੀ। ਤੂੰ ਓੱਥੇ ਬੈਠੇ ਰਹਿਣਾ ਸੀ ਸਾਡੀ ਸੱਥ ਓਨੇ ਦਿਨ ਸੁੰਨੀ ਰਹਿਣੀ ਸੀ ਜਿੰਨੇ ਦਿਨ ਤੂੰ ਆਉਂਦਾ ਨਾ।”
ਸੀਤਾ ਮਰਾਸੀ ਟਿੱਚਰ ‘ਚ ਹੱਸ ਕੇ ਨੰਬਰਦਾਰ ਨੂੰ ਕਹਿੰਦਾ, ”ਚਿੰਮਟੇ ਦੇ ਨਾਲ ਨੰਬਰਦਾਰਾ ਬੰਕ ਆਲਿਆਂ ਕੋਲੇ ਹੋਰ ਵੀ ਬਥੇਰੇ ਸੰਦ ਹੋਣੇ ਐਂ। ਉਹ ਵੀ ਬੰਦਾ ਵੇਖ ਕੇ ਸੰਦ ਬਦਲ-ਬਦਲ ਲਾਉਂਦੇ ਹੋਣੇ ਐਂ। ਮੋਟੇ ਬੰਦੇ ਦੇ ਹੋ ਸਕਦਾ ਕੜ੍ਹਾਹ ਕਰਨ ਆਲਾ ਵੱਡਾ ਖੁਰਚਣਾ ਲਾਉਂਦੇ ਹੋਣ। ਦਰਮਿਆਨਿਆਂ ਜਿਆਂ ਵਾਸਤੇ ਖਬਰੇ ਚਿੰਮਟਾ ਰੱਖਿਆ ਹੋਵੇ ਅਗਲਿਆਂ ਦਾ।”
ਮਾਹਲੇ ਨੰਬਰਦਾਰ ਨੇ ਅਮਲੀ ਨੂੰ ਪੁੱਛਿਆ, ”ਅਮਲੀਆ ਕਿੰਨਾਂ ਕੁ ਮੋਟਾ ਪਤਲਾ ਸੀ ਬੁੜ੍ਹਾ ਓਹੋ?”
ਅਮਲੀ ਕਹਿੰਦਾ, ”ਠੀਕ ਠੀਕ ਈ ਸੀ। ਨਾ ਬਹੁਤਾ ਮੋਟਾ ਸੀ ਨਾ ਪਤਲਾ। ਜਮ੍ਹਾਂ ਈਂ ਸੋਡੇ ਫ਼ੀਲ੍ਹੇ ਦੇ ਬਾਪੂ ਅਰਗਾ ਸੀ ਬੁੜ੍ਹੇ ਨੂੰ ਲਕੋ ਲਾ, ਓਹਨੂੰ ਕੱਢ ਲਾ। ਭੋਰਾ ਵੀ ਫ਼ਰਕ ਨ੍ਹੀ ਸੀ।”
ਅਮਲੀ ਬਾਰੇ ਭਾਂਤ-ਭਾਂਤ ਦੀਆਂ ਗੱਲਾਂ ਸੁਣ ਕੇ ਬਾਬੇ ਸੰਧੂਰਾ ਸਿਉਂ ਨੇ ਵੀ ਅਮਲੀ ‘ਤੇ ਤਵਾ ਲਾਉਣ ਲਈ ਮੂੰਹ ਖੋਲ੍ਹਿਆ, ”ਗੱਲ ਯਾਰ ਨਾਥਾ ਸਿਉਂ ਦੀ ਕਰੋ ਬਈ ਇਹਦੇ ਕਿਹੜਾ ਸੰਦ ਤੱਤਾ ਕਰ ਕੇ ਲਾਇਆ ਹੋਊ। ਨਾਂ ਤਾਂ ਇਹ ਬਹੁਤਾ ਮੋਟਾ ਈ ਐ, ਨਾ ਈ ਦਰਮਿਆਨਾ। ਐਨਾ ਪਤਲਾ ਮਨ੍ਹੀ ਬਈ ਇਹਦੇ ਤੱਤਾ ਕੀਤਾ ਕੁਸ ਲੱਗਣਾ ਨ੍ਹੀ ਸੀ। ਇਹਦੇ ਕੀ ਲਾਇਆ ਹੋਊ?”
ਅਮਲੀ ਨੂੰ ਸਾਰੀ ਸੱਥ ‘ਕੱਠੀ ਹੋ ਕੇ ਇਉਂ ਟਿੱਚਰਾਂ ਕਰੀ ਜਾਂਦੀ ਸੀ ਜਿਮੇਂ ਬਾਹਰਲੇ ਪਿੰਡ ਦੇ ਕੁੱਤੇ ਨੂੰ ਪਿੰਡ ਆਲੇ ਕਤੀੜ੍ਹਾਂ ਨੇ ਘੇਰ ਲਿਆ ਹੋਵੇ।
ਗੱਲਾਂ ਸੁਣੀ ਮੁਸ਼ਕਣੀਆਂ ਹੱਸੀ ਜਾਂਦਾ ਬੁੜ੍ਹਾ ਬੰਤ ਸਿਉਂ ਹੱਸ ਕੇ ਕਹਿੰਦਾ, ”ਤੁਸੀਂ ਦੱਸੋ ਯਾਰ ਕੀ ਲੈਣੈ। ਇਹਨੂੰ ਅਮਲੀ ਨੂੰ ਪੈਂਸੇ ਮਿਲ ਗੇ ਕਰ ਗੇ। ਇਹ ਹੁਣ ਬੰਕ ਆਲਿਆਂ ਦੀ ਮਰਜੀ ਸੀ ਬਈ ਭਾਮੇਂ ਚਿੰਮਟਾ ਤੱਤਾ ਕਰ ਕੇ ਲਾਉਂਦੇ ਭਾਮੇਂ ਕੜਛੀ ਲਾਉਂਦੇ।”
ਬੈਠਾ-ਬੈਠਾ ਰਤਨ ਸਿਉਂ ਸੂਬੇਦਾਰ ਚੱਲਦੀਆਂ ਗੱਲਾਂ ‘ਚ ਆਵਦਾ ਈ ਰਾਮ ਘਚੋਲ਼ਾ ਪਾ ਕੇ ਕਹਿੰਦਾ, ”ਜਿਮੇਂ ਤੁਸੀਂ ਸੰਦਾਂ ਦੀਆਂ ਗੱਲਾਂ ਕਰਦੇ ਐਂ ਓਮੇਂ ਤਾਂ ਯਾਰ ਬੈਂਕ ਆਲਿਆਂ ਕੋਲੇ ਸੰਦ ਈ ਮੱਘਰ ਲੁਹਾਰ ਦੇ ਸੰਦਾਂ ਨਾਲੋਂ ਵੱਧ ਹੋਣਗੇ। ਜੇ ਮੋਟੇ ਪਤਲੇ ਬੰਦਿਆਂ ਵਾਸਤੇ ਅੱਡ ਅੱਡ ਸੰਦ ਐ ਫ਼ੇਰ ਤਾਂ ਪੜ੍ਹੇ ਲਿਖਿਆਂ ਵਾਸਤੇ ਤਾਂ ਵਧੀਆ ਸੰਦ ਰੱਖੇ ਹੋਣਗੇ। ਉਹ ਗਰਮ ਕਰ-ਕਰ ਲਾਉਂਦੇ ਹੋਣਗੇ।”
ਸੂਬੇਦਾਰ ਦੀ ਗੱਲ ਸੁਣ ਕੇ ਨਾਥੇ ਅਮਲੀ ਨੇ ਸੂਬੇਦਾਰ ਨੂੰ ਪੁੱਛਿਆ, ”ਕਿਉਂ ਫ਼ੌਜੀਆ! ਸੋਡੇ ਫ਼ੌਜੀਆਂ ਵਾਸਤੇ ਤਾਂ ਕੋਈ ਸਟੀਲ ਸਟੂਲ ਦਾ ਕੋਈ ਪੁਰਜਾ ਰੱਖਿਆ ਵਿਆ ਹੋਊ ਕੁ ਨਹੀਂ?”
ਸੀਤਾ ਮਰਾਸੀ ਕਹਿੰਦਾ, ”ਸਟੀਲ ਦਾ ਨਾ ਕਿਤੇ ਚਾਂਦੀ ਦਾ ਰੱਖਿਆ ਹੋਊ। ਇਨ੍ਹਾਂ ਨੂੰ ਤਾਂ ਘਰੇ ਈ ਮਨੀਆਡਰ ਆ ਜਾਂਦਾ, ਇਨ੍ਹਾਂ ਨੂੰ ਕੀ ਲੋੜ ਐ ਬੰਕ ਜਾਣ ਦੀ।”
ਸੂਬੇਦਾਰ ਨੇ ਫ਼ੇਰ ਗੱਲ ਮੋੜ ਕੇ ਨਾਥੇ ਅਮਲੀ ‘ਤੇ ਲਿਆਂਦੀ। ਸੀਤੇ ਮਰਾਸੀ ਨੂੰ ਕਹਿੰਦਾ, ”ਤੁਸੀਂ ਨਾਥਾ ਸਿਉਂ ਬਾਰੇ ਦੱਸੋ ਮੀਰ ਬਈ ਇਹਦਾ ਸਰੀਰ ਵੇਖ ਕੇ ਬੈਂਕ ਆਲਿਆਂ ਨੇ ਇਹਦੇ ਕੀ ਤੱਤਾ ਕਰ ਕੇ ਲਾਇਆ ਹੋਊ?”
ਬਾਬਾ ਸੰਧੂਰਾ ਸਿਉਂ ਕਹਿੰਦਾ, ”ਹੋ ਸਕਦਾ ਇਹਨੂੰ ਛੱਡ ‘ਤੇ ਹੋਵੇ ਬਈ ਇਹ ਕਾਗਜੀ ਭਲਵਾਨ ਨੂੰ ਚੱਲ ਰਹਿਣ ਦਿੰਨੇਂ ਆਂ ਬਈ ਜੇ ਚਿਮਟਾ ਬਾਹਲ਼ਾ ਤੱਤਾ ਹੋ ਕੇ ਲੱਗ ਗਿਆ ਹੋਰ ਨਾ ਕਿਤੇ ਐਥੇ ਈ ਖਿੱਲ ਬਣ ਜੇ।”
ਸੂਬੇਦਾਰ ਕਹਿੰਦਾ, ”ਨਸ਼ਾਨੀ ਲਾਏ ਬਿਨਾਂ ਤਾਂ ਬੈਂਕ ਆਲਿਆਂ ਨੇ ਕਿਸੇ ਨੂੰ ਰੁਪਏ ਦਿੱਤੇ ਈ ਨ੍ਹੀ। ਇਹ ਅਮਲੀ  ਕਿਹੜਾ ਬੈਂਕ ਆਲਿਆਂ ਦੀ ਭੂਆ ਦਾ ਦੋਹਤ ਜੁਆਈ ਸੀ ਬਈ ਇਹਨੂੰ ਛੱਡ ਦਿੰਦੇ। ਕੁਸ ਨਾ ਕੁਸ ਤਾਂ ਇਹਦੇ ਵੀ ਲਾਇਆ ਹੋਣੈ। ਕਿਉਂ ਅਮਲੀਆਂ ਓਏ! ਸੱਚੀ ਦੱਸੀਂ, ਕਿਹੜਾ ਸੰਦ ਤੱਤਾ ਕਰ ਕੇ ਲਾਇਆ ਸੀ ਤੇਰੇ?”
ਸੀਤਾ ਮਰਾਸੀ ਕਹਿੰਦਾ, ”ਇਹਨੂੰ ਕਿਹੜਾ ਵਖਾਇਆ ਹੋਣੈ। ਇਹਨੂੰ ਕਹਿ ‘ਤਾ ਹੋਣਾ ਬਈ ਅੱਖਾਂ ਮੀਚ ਲਾ, ਅਗਲਿਆਂ ਨੇ ਤੱਤਾ-ਤੱਤਾ ਲਾ ਕੇ ਪੈਂਸੇ ਦੇ ਕੇ ਸ਼ੁਕਰ ਕੀਤਾ ਹੋਣੈ ਬਈ ਬਚ ਗੇ ਇਹਨੂੰ ਕੁਸ ਹੋਇਆ ਨ੍ਹੀ। ਸੋਚਦੇ ਤਾਂ ਹੋਣਗੇ ਬਈ ਅੱਜ ਦੇ ਬਚੇ ਸੌ ਵਾਰੀ ਬਚਾਂਗੇ।”
ਅਮਲੀ ਹੱਸ ਕੇ ਕਹਿੰਦਾ, ”ਓਏ ਕਮਲਿਓ ਲਾਣਿਉਂ ਕਿਉਂ ਅੱਕਾਂ ‘ਚ ਡਾਂਗਾਂ ਮਾਰੀ ਜਾਨੇਂ ਐ। ਮੈਂ ਤਾਂ ਊਂ ਓਹ ਬੁੜ੍ਹੇ ਦੀ ਗੱਲ ਸੁਣਾਈ ਸੀ ਸੋਨੂੰ ਬਈ ਬੁੜ੍ਹਾ ਕਹਿੰਦਾ ‘ਮੈਂ ਤਾਂ ਬੰਕ ਆਲੀ ਬੀਬੀ ਨੂੰ ਇਉਂ ਕਿਹਾ’। ਤੁਸੀਂ ਪਤੰਦਰੋ ਸੱਚ ਈ ਮੰਨ ਗੇ ਬਈ ਖਾਣੀ ਬੁੜ੍ਹੇ ਦੇ ਤੱਤਾ ਚਿਮਟਾ ਲਾਇਆ ਈ ਹੋਣੈ।”
ਸੀਤਾ ਮਰਾਸੀ ਅਮਲੀ ਨੂੰ ਕਹਿੰਦਾ, ”ਤੂੰ ਆਪ ਈ ਦੱਸਦੇ ਅਮਲੀਆ ਬਈ ਤੇਰੇ ਤੱਤਾ ਕਰਕੇ ਕੀ ਲਾਇਆ ਸੀ। ਨਹੀਂ ਫਿਰ ਮੈਂ ਤਾਂ ਦੱਸ ਈ ਦੇਣਾ।”
ਬਾਬਾ ਸੰਧੂਰਾ ਸਿਉਂ ਕਹਿੰਦਾ, ”ਇਹਦਾ ਸਰੀਰ ਵੇਖ ਕੇ ਤਾਂ ਉਨ੍ਹਾਂ ਨੇ ਕੋਈ ਤੋੜ ਜਾਂ ਤੱਕਲਾ ਤੱਤਾ ਕਰ ਕੇ ਲਾਇਆ ਹੋਣੈ। ਚਿਮਟੇ ਜਾਂ ਖੁਰਚਣੇ ਨਾਲ ਤਾਂ ਇਹਨੇ ਸੜਕ ਦੇ ਕਨਾਰੇ ਮੱਚ ਕੇ ਕੋਲੇ ਬਣੇ ਪਏ ਖੁੰਢ ਅਰਗਾ ਹੋ ਜਾਣਾ ਸੀ। ਆਪਣੀ ਸੱਥ ਸੁੰਨੀ ਹੋ ਜਾਣੀ ਸੀ। ਹੋਰ ਤਾਂ ਕੀ ਲਾਇਆ ਹੋਣੈ।”
ਸੀਤਾ ਮਰਾਸੀ ਕਹਿੰਦਾ, ”ਨਾ ਬਾਬਾ ਨਾ। ਤੋੜ ਤੱਕਲਾ ਕਾਹਨੂੰ ਲਾਇਆ ਸੀ। ਇਹਦੇ ਤਾਂ ਬੋਰੀਆਂ ਸਿਉਣ ਆਲਾ ਸੂਆ ਤੱਤਾ ਕਰਕੇ ਲਾਇਆ ਸੀ। ਬਾਕੀ ਫ਼ੇਰ ਇਹਨੂੰ ਪਤਾ ਹੋਣੈ।”
ਬੁੱਘਰ ਦਖਾਣ ਕਹਿੰਦਾ, ”ਇਹਨੂੰ ਕਿਹੜਾ ਉਨ੍ਹਾਂ ਨੇ ਵਖਾ ਕੇ ਲਾਇਆ ਹੋਣੈ ਬਈ ਬੋਰੀਆਂ ਸਿਉਣ ਆਲਾ ਸੂਆ ਈ ਸੀ ਕੁ ਕੋਈ ਮੋਟੀ ਬਰੰਜੀ ਲਾਈ ਸੀ।”
ਬੁੱਘਰ ਦਖਾਣ ਦੀ ਗੱਲ ਸੁਣ ਕੇ ਨਾਥਾ ਅਮਲੀ ਕਹਿੰਦਾ, ”ਕੁਸ ਲਾ ‘ਤਾ ਜਾਂ ਨਾ ਲਾ ‘ਤਾ ਯਾਰ। ਪੈਂਸੇ ਮਿਲ ਗੇ ਮੈਨੂੰ। ਤੁਸੀਂ ਦੱਸੋ ਕੀ ਬਤਾਰੀ ‘ਤੇ ਕਾਠੀ ਪਾਉਣੀ ਐਂ।”
ਬਾਬੇ ਸੰਧੂਰਾ ਸਿਉਂ ਨੇ ਪੁੱਛਿਆ, ”ਤੇਰੇ ਰੋਟੀ ਪਾਣੀ ਦਾ ਕੀ ਬਣਦਾ ਸੀ ਅਮਲੀਆ?”
ਅਮਲੀ ਕਹਿੰਦਾ, ”ਮੇਰੀ ਥਾਂ ‘ਤੇ ਮੇਰਾ ਮੁੰਡਾ ਆ ਕੇ ਖੜ੍ਹ ਜਾਂਦਾ ਸੀ, ਮੈਂ ਭੱਜ ਕੇ ਰੋਟੀ ਖਾ ਆਉਂਦਾ ਸੀ। ਦੋ ਦਿਨਾਂ ਪਿੱਛੋਂ ਆਥਣੇ ਜੇ ਪੈਂਸੇ ਮਿਲ ਗੇ ਆਪਾਂ ਡੰਡੀ ਲੱਗੇ। ਆਹ ਗੱਲ ਐ ਬਾਬਾ ਆਹ ਬਾਤ ਐ। ਇਹ ਸੱਥ ‘ਆਲੇ ਤਾਂ ਬਾਤ ਦਾ ਬਤੰਗੜ ਬਣਾ ਦਿੰਦੇ ਐ।”
ਗੱਲਾਂ ਕਰਦਿਆਂ ਕਰਦਿਆਂ ਏਨੇ ਚਿਰ ਨੂੰ ਗੰਢਿਆਂ ਤੇ ਆਲੂਆਂ ਨਾਲ ਭਰੀ ਟਰਾਲੀ ਵਾਲਿਆਂ ਨੇ ਸੱਥ ਕੋਲ ਆ ਕੇ ਸਪੀਕਰ ‘ਚ ਹੋਕਾ ਦੇ ਦਿੱਤਾ ਬਈ ‘ਪੰਜਾਹ ਰੁਪਏ ਕਿਲੋ ਗੰਢੇ ਤੇ ਸੋਲਾਂ ਰੁਪਏ ਕਿਲੋ ਆਲੂ ਜੀਹਨੇ ਲੈਣੇ ਹਨ ਤਾਂ ਟਰਾਲੀ ਸੱਥ ਕੋਲ ਆਈ ਖੜ੍ਹੀ ਐ’। ਜਿਉਂ ਹੀ ਉਨ੍ਹਾਂ ਨੇ ਹੋਕਾ ਦਿੱਤਾ ਤਾਂ ਨਾਥਾ ਅਮਲੀ ਟਰਾਲੀ ਵਾਲਿਆਂ ਨੂੰ ਹੱਸ ਕੇ ਟਿੱਚਰ ‘ਚ ਕਹਿੰਦਾ, ”ਪੈਂਸਿਆਂ ਪੂੰਸਿਆਂ ਨੂੰ ਨ੍ਹੀ ਬਾਈ ਕਿਸੇ ਨੇ ਗੰਢਾ ਟੋਟਾ ਲੈਣਾ। ਤੱਤੇ ਚਿਮਟੇ ਖੁਰਚਣੇ ਲੁਆ-ਲੁਆ ਕੇ ਮਿਲਦੇ ਐ ਬੰਕ ‘ਚੋਂ ਪੈਂਸੇ। ਦਾਣਿਆਂ ਵੱਟੇ ਹੋਕਾ ਦਿਊ। ਫ਼ੇਰ ਤਾਂ ਭਾਮੇਂ ਥੋੜੇ ਬਹੁਤੇ ਵਿਕ ਜਾਣ।”
ਜਿਉਂ ਹੀ ਟਰਾਲੀ ਵਾਲਿਆਂ ਨੇ ਦਾਣਿਆਂ ਵੱਟੇ ਗੰਢੇ ਆਲੂਆਂ ਦਾ ਹੋਕਾ ਦਿੱਤਾ ਤਾਂ ਕਈ ਜਾਣੇ ਸੱਥ ‘ਚ ਉੱਠ ਕੇ ਟਰਾਲੀ ਦੁਆਲੇ ਝੁਰਮਟ ਮਾਰ ਕੇ ਗੰਢਿਆਂ ਦਾ ਸੌਦਾ ਕਰਨ ਲੱਗ ਪਏ ਅਤੇ ਬਾਕੀ ਦੇ ਵੀ ਸੱਥ ‘ਚੋਂ ਉੱਠ ਕੇ ਕੋਈ ਪੈਸਾ ਧੇਲੀ ਲੈਣ ਵਾਸਤੇ ਘਰਾਂ ਨੂੰ ਚੱਲ ਪਏ ਤੇ ਵੇਂਹਦਿਆਂ ਵੇਂਹਦਿਆਂ ਸੱਥ ਖ਼ਾਲੀ ਹੋ ਗਈ।

LEAVE A REPLY