flimy-duniya1ਜਿੰਮੀ ਸ਼ੇਰਗਿੱਲ
ਚਾਕਲੇਟੀ ਹੀਰੋ ਦੀਆਂ ਭੂਮਿਕਾਵਾਂ ਤੋਂ ਹੁੰਦੇ ਹੋਏ ਗੰਭੀਰ ਅਤੇ ਦਬੰਗ ਸ਼ਖ਼ਸੀਅਤ ਵਾਲੀਆਂ ਭੂਮਿਕਾਵਾਂ ਜਿੰਮੀ ਨਿਭਾ ਚੁੱਕਾ ਹੈ। ਇਸ ਦੀ ਤਾਕੀਦ ‘ਏ ਵੈਡਨਸਡੇ’ ਅਤੇ ‘ਤਨੂ ਵੈਡਜ਼ ਮਨੂੰ’ ਦੇ ਕਿਰਦਾਰ ਹਨ। ਹਾਲੀਆ ਸਾਲਾਂ ਵਿੱਚ ਅਦਾਕਾਰੀ ਦੇ ਨਾਲ ਨਾਲ ਉਸ ਨੇ ਸਫ਼ਲ ਨਿਰਮਾਤਾ ਦੇ ਤੌਰ ‘ਤੇ ਵੀ ਆਪਣੀ ਵੱਖਰੀ ਪਛਾਣ ਸਥਾਪਿਤ ਕੀਤੀ ਹੈ। ਜਿੰਮੀ ਸ਼ੇਰਗਿੱਲ ਨਾਲ ਕਈ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਦਿਵਿਆ ਦੱਤਾ ਦੇ ਸ਼ਬਦਾਂ ਵਿੱਚ ,’ਖਰਾ ਸੋਨਾ ਹੈ ਉਹ ਬੰਦਾ। ਉਨ੍ਹਾਂ ਦੀ ਸ਼ਖ਼ਸੀਅਤ ਵਿੱਚ ਲਖਨਊ ਦੀ ਨਫ਼ਾਸਤ ਵੀ ਹੈ ਤੇ ਨਾਭੇ ਦੀ ਮਸਤੀ ਵੀ। ਉਹ ਆਪਣੀਆਂ ਜੜ੍ਹਾਂ ਨਾਲ ਜੁੜੇ ਹੋਏ ਹਨ। ਉਹ ਬਚਪਨ ਤੋਂ ਹੀ ਸ਼ਾਂਤ, ਸੰਜਮੀ ਅਤੇ ਮਿੱਠਬੋਲੜੇ ਰਹੇ। ਇਸ ਦਾ ਸਾਰਾ ਸਿਹਰਾ ਉਹ ਆਪਣੀ ਮਾਂ ਨੂੰ ਦਿੰਦੇ ਹਨ। ਹਾਲਾਂਕਿ ਉਹ ਅੱਜ ਇਸ ਦੁਨੀਆ ਵਿੱਚ ਨਹੀਂ ਹੈ। ਜਿੰਮੀ ਖ਼ੁਦ ਨੂੰ ਆਪਣੀ ਮਾਂ ਦਾ ਅਕਸ ਮੰਨਦੇ ਹਨ। ਅਨੁਸ਼ਾਸਨ ਦਾ ਪਾਠ ਉਨ੍ਹਾਂ ਨੂੰ ਨਾਭੇ ਦੇ ਬੋਰਡਿੰਗ ਸਕੂਲ ਤੋਂ ਮਿਲਿਆ।’ ਫ਼ਿਲਮਾਂ ਦੇਖਣਾ ਜਿੰਮੀ ਨੂੰ ਪਸੰਦ ਸੀ ਪਰ ਐਕਟਰ ਬਣਨਾ ਉਸ ਦਾ ਸੁਪਨਾ ਨਹੀਂ ਸੀ। ਪਟਿਆਲਾ ‘ਚ ਕਾਲਜ ਦੇ ਦਿਨੀਂ ਉਹ ਕਾਰ ਰੇਸਿੰਗ ਵਿੱਚ ਜ਼ਿਆਦਾ ਮਸ਼ਗੂਲ ਰਹਿੰਦੇ ਸਨ। ਜਦੋਂ ਫ਼ਿਲਮਾਂ ਵਿੱਚ ਆਏ ਵੀ ਤਾਂ ਵੀ ਉਹ ਟਿਪੀਕਲ ਫ਼ਿਲਮੀ ਕੀੜਾ ਬਣ ਕੇ ਨਹੀਂ ਰਹੇ। ‘ਮਾਚਿਸ’ ਦੌਰਾਨ ਪ੍ਰਿਅੰਕਾ ਨਾਲ ਮਿਲੇ। ਲੌਂਗ ਡਿਸਟੈਂਸ ਰਿਲੇਸ਼ਨ ਵਿੱਚ ਰਹਿੰਦਿਆਂ ਹੋਇਆ ਵੀ ਆਪਣੇ ਪਿਆਰ ਪ੍ਰਤੀ ਸਮਰਪਿਤ ਰਹੇ। ਅੱਜ ਦੋਹਾਂ ਦੇ ਵਿਆਹ ਨੂੰ ਡੇਢ ਦਹਾਕੇ ਤੋਂ ਵੀ ਵੱਧ ਸਮਾਂ ਹੋ ਚੁੱਕਾ ਹੈ। ਇਹ ਜ਼ਿੰਦਗੀ ਪ੍ਰਤੀ ਜਿੰਮੀ ਦੀ ਸਪਸ਼ਟਤਾ ਦੀ ਮਿਸਾਲ ਹੈ। ਇਹ ਠਹਿਰਾਅ ਉਨ੍ਹਾਂ ਦੇ ਕੰਮ ‘ਚੋਂ ਝਲਕਦਾ ਹੈ। ਉਹ ਮਲਟੀ ਕਾਸਟਿੰਗ ਹੈ। ਤਾਂ ਹੀ ਹਿੰਦੀ ਅਤੇ ਪੰਜਾਬੀ ਦੋਹਾਂ ਫ਼ਿਲਮਾਂ ਵਿੱਚ ਉਹ ਵਧੀਆ ਕੰਮ ਕਰ ਰਹੇ ਹਨ। ਅਸਲ ਵਿੱਚ ਜਿੰਮੀ ‘ਕਰਮ ਕਰ ਫ਼ਲ ਦੀ ਚਿੰਤਾ ਨਾ ਕਰ’ ਵਾਲੇ ਫ਼ਲਸਫ਼ੇ ‘ਤੇ ਕੰਮ ਕਰਦੇ ਹਨ। ਉਹ ਐੱਮ. ਬੀ. ਏ. ਕਰਨਾ ਚਾਹੁੰਦੇ ਸਨ ਪਰ ਆਪਣੇ ਕਜ਼ਨ ਦੇ ਕਹਿਣ ‘ਤੇ ਉਨ੍ਹਾਂ ਮੁੰਬਈ ਦਾ ਰੁਖ਼ ਕਰ ਲਿਆ। ਰੋਸ਼ਨ ਤਨੇਜਾ ਨੇ ਇਥੇ ਐਕਟਿੰਗ ਦੀ ਕਲਾਸ ਲਈ। ਲਖਨਊ ਅਤੇ ਗੋਰਖਪੁਰ ਦਾ ਹੋਣ ਕਾਰਨ ਉਨ੍ਹਾਂ ਦੀ ਹਿੰਦੀ ਬੜੀ ਵਧੀਆ ਸੀ। ਉਹ ਜਿੰਮੀ ਦੇ ਬਹੁਤ ਕੰਮ ਆਈ। ਉਹ ਆਪਣੇ ਗੁਰੂ ਰੋਸ਼ਨ ਤਨੇਜਾ ਦੇ ਚਹੇਤੇ ਬਣ ਗਏ। ਉਥੇ ਕਿਸੇ ਨੇ ਉਨ੍ਹਾਂ ਦੀ ਮੁਲਾਕਾਤ ਗੁਲਜ਼ਾਰ ਸਾਹਿਬ ਨਾਲ ਕਰਵਾਈ ਅਤੇ ਜਿੰਮੀ ਨੂੰ ‘ਮਾਚਿਸ’ ਮਿਲੀ। ਉਸ ਤੋਂ ਬਾਅਦ ਜਿੰਮੀ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਲੋਕ ਜਿੰਮੀ ਨੂੰ ‘ਮਾਚਿਸ’ ਵਾਲੇ ਗੈੱਟਅਪ ਵਿੱਚ ਹੀ ਅੱਗੇ ਦੇਖਣਾ ਚਾਹੁੰਦੀ ਸਨ, ਲੰਬੇ ਵਾਲ ਅਤੇ ਦਾੜ੍ਹੀਆਂ ਨਾਲ ਪਰ ਜਿੰਮੀ ਮਨ੍ਹਾਂ ਕਰ ਦਿੰਦੇ ਸਨ। ਉਹ ਆਪਣੀ ਅਸਲੀ ਲੁਕ ਨਾਲ ਹੀ ਪਛਾਣ ਬਣਾਉਣਾ ਚਾਹੁੰਦੇ ਸਨ। ਕਲੀਨ ਸ਼ੇਵ ਅਤੇ ਛੋਟੇ ਵਾਲ਼ਾਂ ਨਾਲ। ਇਸ ਇੱਛਾ ਕਾਰਨ ਉਨ੍ਹਾਂ ਨੂੰ ਫ਼ੌਰੀ ਨੁਕਸਾਨ ਹੋਇਆ। ਕਈ ਫ਼ਿਲਮਾਂ ਉਨ੍ਹਾਂ ਦੇ ਹੱਥੋਂ ਨਿਕਲੀਆਂ ਪਰ ਆਖ਼ਿਰਕਾਰ ਉਨ੍ਹਾਂ ਨੇ ‘ਮੁਹੱਬਤੇਂ’ ਅਤੇ ‘ਹਾਸਿਲ’ ਨਾਲ ਆਪਣੀ ਧਾਕ ਜਮਾ ਹੀ ਲਈ। ਹਾਂ, ਉਨ੍ਹਾਂ ਆਪਣਾ ਨਾਂ ਬਦਲਿਆ। ‘ਮੁਹੱਬਤੇਂ’ ਤੋਂ ਉਨ੍ਹਾਂ ਨੂੰ ਜਸਜੀਤ ਸਿੰਘ ਸ਼ੇਰਗਿੱਲ ਦੀ ਬਜਾਏ ਜਿੰਮੀ ਸ਼ੇਰਗਿੱਲ ਦੇ ਤੌਰ ‘ਤੇ ਜਾਣਿਆ ਜਾਣ ਲੱਗਾ। ਦਿਵਿਆ ਦੱਸਦੀ ਹੈ, ‘ਉਹ ਆਪਣੀ ਐਕਟਿੰਗ ‘ਤੇ ਧਿਆਨ ਦਿੰਦੇ ਹਨ। ਉਹ ਆਪਣੇ ਸਹਿ ਕਲਾਕਾਰਾਂ ਨੂੰ ਪੂਰੀ ਆਜ਼ਾਦੀ ਦਿੰਦੇ ਹਨ। ਉਨ੍ਹਾਂ ਨਾਲ ‘ਤਨੂੰ ਵੈਡਜ਼ ਮਨੂੰ’ ਵਿੱਚ ਮੇਰੀ ਟਿਊਨਿੰਗ ਅਜਿਹੀ ਬੈਠੀ ਕਿ ਪੁੱਛੋ ਨਾ! ਅਸੀਂ ਐਨਾ ਹੱਸਦੇ ਸੀ ਕਿ ਨੀਰਜ ਪਾਂਡੇ ਜੀ ਨੂੰ ਸਾਨੂੰ ਰੋਕਣਾ ਪੈਂਦਾ ਸੀ। ਮੈਂ ਕਦੀ ਸੋਹਣੀ ਮਹੀਂਵਾਲ ਦੀ ਰੀਮੇਕ ਕਰ ਸਕੀ ਤਾਂ ਹੀਰੋ ਉਨ੍ਹਾਂ ਨੂੰ ਹੀ ਬਣਾਵਾਂਗੀ।’ ਬਕੌਲ ਦਿਵਿਆ ‘ਉਹ ਦਿਖਣ ‘ਭਾਵੇਂ ਮਾਡਰਨ ਹੈ ਪਰ ਹੈ ਇੱਕਦਮ ਸਾਧੂ ਇਨਸਾਨ। ਦੁਨੀਆ ਦਾ ਭਲਾ ਸੋਚਣ ਵਾਲਾ ਇਨਸਾਨ। ਉਹ ਸਭ ਨੂੰ ਖ਼ੁਸ਼ ਦੇਖਣਾ ਚਾਹੁੰਦੇ ਹਨ। ਤਾਂ ਹੀ ਖ਼ੁਸ਼ੀ ਉਨ੍ਹਾਂ ਦੇ ਕਦਮ ਚੁੰਮ ਰਹੀ ਹੈ। ਉਹ ਬੇਮਿਸਾਲ ਇਨਸਾਨ ਅਤੇ ਐਕਟਰ ਹਨ।’
-ਅਮਿਤ ਕਰਨ

LEAVE A REPLY