5ਕਿਲੀ ਚਾਹਲ (ਮੋਗਾ)) -ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਆਖਿਆ ਕਿ ਸਤਲੁਜ ਯਮੁਨਾ ਲਿੰਕ ਨਹਿਰ ਲਈ ਹਾਸਲ ਕੀਤੀ ਜ਼ਮੀਨ ਡੀ-ਨੋਟੀਫਾਈ ਕਰਨ ਤੋਂ ਬਾਅਦ ਇਸ ਦੇ ਮਾਲਕੀ ਹੱਕ ਅਸਲ ਮਾਲਕਾਂ ਤੇ ਉਨ੍ਹਾਂ ਦੇ ਵਾਰਸਾਂ ਨੂੰ ਦੇ ਦਿੱਤੇ ਜਾਣ ਤੋਂ ਬਾਅਦ ਇਹ ਮੁੱਦਾ ਸਦਾ ਲਈ ਖਤਮ ਹੋ ਗਿਆ ਹੈ।
ਅੱਜ ਇੱਥੇ ‘ਪਾਣੀ ਬਚਾਓ, ਪੰਜਾਬ ਬਚਾਓ’ ਰੈਲੀ ਦੌਰਾਨ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਕੋਲ ਨਾ ਹੀ ਇਕ ਬੂੰਦ ਪਾਣੀ ਵਾਧੂ ਹੈ ਅਤੇ ਨਾ ਹੀ ਕਿਸੇ ਨੂੰ ਦਿੱਤਾ ਜਾਵੇਗਾ ਜਿਸ ਕਰਕੇ ਸਤੁਲਜ ਯਮੁਨਾ ਲਿੰਕ ਨਹਿਰ ਦੇ ਨਿਰਮਾਣ ਦੀ ਕੋਈ ਵੀ ਲੋੜ ਨਹੀਂ ਹੈ ਅਤੇ ਭਵਿੱਖ ਵਿੱਚ ਇਸ ਨਹਿਰ ਦੇ ਨਿਰਮਾਣ ਲਈ ਆਗਿਆ ਦਿੱਤੀ ਜਾਵੇਗੀ। ਇਸ ਮੁੱਦੇ ਹਮੇਸ਼ਾ ਲਈ ਖਤਮ ਕਰਨ ਲਈ ਸੂਬਾ ਸਰਕਾਰ ਵੱਲੋਂ ਕੀਤੀ ਗਈ ਇਤਿਹਾਸਕ ਪਹਿਲਕਦਮੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਕੋਲ ਦੂਜੇ ਸੂਬਿਆਂ ਨੂੰ ਦੇਣ ਵਾਸਤੇ ਇਕ ਵੀ ਬੂੰਦ ਪਾਣੀ ਵਾਧੂ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਰੋਕਣ ਵਾਸਤੇ ਜੋ ਵੀ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਸੀ, ਉਨ੍ਹਾਂ ਨੇ ਕਾਨੂੰਨੀ ਘੇਰੇ ਵਿੱਚ ਰਹਿੰਦੇ ਹੋਏ ਸੂਬੇ ਦੇ ਹਿੱਤਾਂ ਦੀ ਰਾਖੀ ਲਈ ਕੀਤਾ ਹੈ।
ਸੱਤਾ ਦੀ ਲਾਲਸਾ ਵਿੱਚ ਪੰਜਾਬ ਤੇ ਪੰਜਾਬੀਆਂ ਨਾਲ ਵਿਸ਼ਵਾਸਘਾਤ ਕਰਨ ਲਈ ਕਾਂਗਰਸ ਲੀਡਰਸ਼ਿਪ ‘ਤੇ ਤਿੱਖਾ ਹਮਲਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਚੀਚੀ ਨੂੰ ਖੂਨ ਲਾ ਕੇ ਸ਼ਹੀਦ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਸਤਲੁਜ ਯਮੁਨਾ ਲਿੰਕ ਨਹਿਰ ਦੇ ਮਾਮਲੇ ‘ਤੇ ਲੋਕਾਂ ਨਾਲ ਗੱਲੀਬਾਤੀਂ ਹਮਦਰਦੀ ਪ੍ਰਗਟਾ ਰਿਹਾ ਹੈ ਜਦਕਿ ਹਕੀਕਤ ਇਹ ਹੈ ਕਿ ਕੈਪਟਨ ਹੀ ਪੰਜਾਬ ਦੇ ਪਾਣੀ ਲੁੱਟਣ ਲਈ ਕਾਂਗਰਸ ਹਾਈ ਕਮਾਂਡ ਤੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ ਮਿਲ ਕੇ ਸਾਜ਼ਿਸ਼ ਰਚਣ ਦਾ ਮੁੱਖ ਦੋਸ਼ੀ ਹੈ ਜਿਨ੍ਹਾਂ ਨੇ 1982 ਵਿੱਚ ਪੰਜਾਬ ਦੇ ਕਪੂਰੀ ਪਿੰਡ ਵਿਖੇ ਇਸ ਲਿੰਕ ਨਹਿਰ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਸਤੁਲਜ ਯਮੁਨਾ ਲਿੰਕ ਨਹਿਰ ਨੂੰ ਬਣਾਉਣ ਦੇ ਵਿਰੋਧ ਵਿੱਚ ਇਸੇ ਦਿਨ ਹੀ ਅਕਾਲੀ ਦਲ ਨੇ ਇਸ ਦਾ ਡਟਵਾਂ ਵਿਰੋਧ ਕਰਕੇ ਮੋਰਚਾ ਸ਼ੁਰੂ ਕੀਤਾ।
ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਨੂੰ ਸਿਆਸੀ ਸਟੰਟ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕੈਪਟਨ ਵੱਲੋਂ ਅਸਤੀਫੇ ਦਾ ਇਹ ਡਰਾਮਾ ਸਤੁਲਜ ਯਮੁਨਾ ਲਿੰਕ ਨਹਿਰ ਦੇ ਨਾਜ਼ੁਕ ਮੁੱਦੇ ‘ਤੇ ਸਿਆਸੀ ਲਾਭ ਦੇ ਉਦੇਸ਼ ਨਾਲ ਰਚਿਆ ਹੈ ਨਾ ਕਿ ਸੂਬੇ ਦੇ ਹਿੱਤਾਂ ਦੀ ਰਾਖੀ ਲਈ। ਉਨ੍ਹਾਂ ਕਿਹਾ ਕਿ ਕਾਂਗਰਸ ਲੀਡਰਸ਼ਿਪ ਪੰਜਾਬ ਨਾਲ ਸਬੰਧਤ ਸਾਰੇ ਮੁੱਦਿਆਂ ‘ਤੇ ਗੈਰ-ਸੰਜੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਕਾਂਗਰਸ ਦੀ ਲੀਡਰਸ਼ਿਪ ਦੇ ਦਬਾਅ ਹੇਠ ਆ ਕੇ ਅਸਤੀਫੇ ਦੇ ਦਿੰਦੇ ਤਾਂ ਕਾਂਗਰਸ ਨਹਿਰ ਦੇ ਨਿਰਮਾਣ ਲਈ ਰਾਹ ਪੱਧਰਾ ਕਰਨ ਲਈ ਆਪਣੇ ਸੌੜੇ ਮੰਤਵ ‘ਚ ਸਫਲ ਹੋ ਜਾਂਦੇ। ਇਸ ਦੇ ਉਲਟ ਅਸੀਂ ਸਹੀ ਫੈਸਲਾ ਲੈਂਦੇ ਹੋਏ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸਦਨ ਸੱਦਿਆ ਜਿਸ ਦਾ ਕਾਂਗਰਸ ਨੇ ਬਾਈਕਾਟ ਕਰ ਦਿੱਤਾ ਸੀ। ਕੈਬਨਿਟ ਮੀਟਿੰਗ ਵਿੱਚ ਸਤੁਲਜ ਯਮੁਨਾ ਲਿੰਕ ਨਹਿਰ ਲਈ ਹਾਸਲ ਕੀਤੀ ਸਮੁੱਚੀ ਜ਼ਮੀਨ ਨੂੰ ਡੀ-ਨੋਟੀਫਾਈ ਕਰ ਦਿੱਤਾ।
ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਨੇ ਸਿਆਸੀ, ਆਰਥਿਕ ਤੇ ਧਾਰਮਿਕ ਮਸਲਿਆਂ ਸਣੇ ਹਰੇਕ ਮਸਲੇ ‘ਤੇ ਪੰਜਾਬ ਤੇ ਪੰਜਾਬੀਆਂ ਨਾਲ ਵਿਸ਼ਵਾਸਘਾਤ ਕੀਤਾ ਹੈ। ਉਨ੍ਹਾਂ ਕਿਹਾ ਕਿ ਸਤਲੁਜ ਯਮੁਨਾ ਲਿੰਕ ਨਹਿਰ ਦਾ ਮੁੱਦਾ ਵੀ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਤੀ ਉਦਾਸਹੀਨ ਵਤੀਰੇ ਦਾ ਨਤੀਜਾ ਹੈ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪਾਣੀ ਸੂਬੇ ਨੂੰ ਬੁਨਿਆਦੀ ਜੀਵਨ ਰੇਖਾ ਹੈ ਅਤੇ ਦਰਿਆਵਾਂ ਦੇ ਪਾਣੀ ਨੂੰ ਵੰਡਣ ਦੀ ਕੋਈ ਵੀ ਕੋਸ਼ਿਸ਼ ਪੰਜਾਬ ਨੂੰ ਤਬਾਹ ਕਰ ਕੇ ਰੱਖ ਦੇਵੇਗੀ। ਸਤੁਲਜ ਯਮੁਨਾ ਲਿੰਕ ਨਹਿਰ ਬਾਰੇ ਸਮਝੌਤੇ ‘ਤੇ ਸਹੀ ਪਾਉਂਦੇ ਹੋਏ ਕੇਂਦਰ ਵਿਚਲੀ ਕਾਂਗਰਸ ਸਰਕਾਰ ਨੇ ਦੁਨੀਆ ਭਰ ਵਿੱਚ ਪ੍ਰਵਾਨਿਤ ਰਿਪੇਰੀਅਨ ਸਿਧਾਂਤਾਂ ਨੂੰ ਅੱਖੋਂ-ਪਰੋਖੇ ਕੀਤਾ। ਉਨ੍ਹਾਂ ਕਿਹਾ ਕਿ ਸਤਲੁਜ ਯਮੁਨਾ ਲਿੰਕ ਨਹਿਰ ਦਾ ਵਿਰੋਧ ਕਰਨਾ ਹਰੇਕ ਪੰਜਾਬੀ ਦੀ ਜ਼ਿੰਮੇਵਾਰੀ ਹੈ ਅਤੇ ਸਾਨੂੰ ਸਾਰਿਆਂ ਨੂੰ ਹਰ ਕੀਮਤ ‘ਤੇ ਸੂਬੇ ਦੇ ਪਾਣੀਆਂ ਦੀ ਰਾਖੀ ਵਾਸਤੇ ਪ੍ਰਣ ਕਰਨਾ ਚਾਹੀਦਾ ਹੈ।
ਮੁਲਕ ਨੂੰ ਅਨਾਜ ਭੰਡਾਰ ਵਿੱਚ ਸਵੈ-ਨਿਰਭਰ ਬਣਾਉਣ ਤੋਂ ਇਲਾਵਾ ਦੇਸ਼ ਦੀ ਖੜਗਭੁਜਾ ਦੀ ਜ਼ਿੰਮਵਾਰੀ ਨਿਭਾਉਣ ਲਈ ਪਾਏ ਗਏ ਵਿਲੱਖਣ ਯੋਗਦਾਨ ਨੂੰ ਚੇਤੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਦੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਪੰਜਾਬੀਆਂ ਦੇ ਵਡੇਰੇ ਯੋਗਦਾਨ ਦਾ ਕੋਈ ਮੁੱਲ ਨਹੀਂ ਪਾਇਆ ਸਗੋਂ ਇਨ੍ਹਾਂ ਨੇ ਸੂਬੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਕੇ ਸੂਬੇ ਦੀ ਆਰਥਿਕਤਾ ਨੂੰ ਵੱਡੀ ਢਾਹ ਲਾਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਪੰਜਾਬ ਵਿਰੁੱਧ ਕੀਤੇ ਗਏ ਇਨ੍ਹਾਂ ਪਾਪਾਂ ਨੂੰ ਪੰਜਾਬੀ ਕਦੇ ਮੁਆਫ ਨਹੀਂ ਕਰਨਗੇ।
ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਗਰੀਬ ਵਿਰੋਧੀ ਦੱਸਦੇ ਹੋਏ ਮੁੱਖ ਮੰਤਰੀ ਨੇ ਲੋਕਾਂ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਜੇਕਰ ਇਨ੍ਹਾਂ ਪਾਰਟੀਆਂ ਦੇ ਹੱਥਾਂ ਵਿੱਚ ਸੱਤਾ ਦੇ ਦਿੱਤੀ ਗਈ ਤਾਂ ਇਹ ਗਰੀਬਾਂ ਪੱਖੀ ਸ਼ੁਰੂ ਕੀਤੀਆਂ ਸਕੀਮਾਂ ਨੂੰ ਬੰਦ ਕਰ ਦੇਣਗੇ। ਉਨ੍ਹਾਂ ਕਿਹਾ ਕਿ ਜਦੋਂ ਵੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਸੂਬੇ ਵਿੱਚ ਇਕੋ-ਇਕ ਗੱਠਜੋੜ ਸਰਕਾਰ ਹੈ, ਜੋ ਨਾ ਸਿਰਫ ਤਨੋ-ਮਨੋ ਗਰੀਬਾਂ ਪੱਖੀ ਹੈ ਸਗੋਂ ਇਹ ਪੰਜਾਬੀਆਂ ਤੇ ਪੰਜਾਬ ਦੇ ਅਧਿਕਾਰਾਂ ਦੀ ਸੱਚੀ ਪਹਿਰੇਦਾਰ ਵੀ ਹੈ।
ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਰੀਬ ਪੱਖੀ ਸਕੀਮਾਂ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਸਰਕਾਰ ਨੇ ਕਿਸਾਨਾਂ ਨੂੰ ਖੇਤੀ ਸੰਕਟ ਵਿੱਚੋਂ ਕੱਢਣ ਲਈ ਟਿਊਬਵੈਲਾਂ ਵਾਸਤੇ ਬਿਜਲੀ ਦਿੱਤੀ ਜਿਸ ਲਈ ਸਾਲਾਨਾ 5000 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਗਰੀਬ ਵਰਗਾਂ ਲਈ ਆਟਾ ਦਾਲ ਸਕੀਮ ਸ਼ੁਰੂ ਕਰਨ ਵਾਲਾ ਦੇਸ਼ ਦਾ ਇਕੋ-ਇਕ ਸੂਬਾ ਹੈ। ਇਸ ਤੋਂ ਇਲਾਵਾ ਕੈਂਸਰ ਤੇ ਹੈਪੇਟਾਈਟਸ-ਸੀ ਵਰਗੀਆਂ ਘਾਤਕ ਬਿਮਾਰੀਆਂ ਦਾ ਮੁਫਤ ਇਲਾਜ ਕਰਨ ਵਾਲਾ ਇਕੋ-ਇਕ ਸੂਬਾ ਪੰਜਾਬ ਹੀ ਹੈ। ਸ. ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਦੇ ਠੋਸ ਉਪਰਾਲਿਆਂ ਦੇ ਨਤੀਜੇ ਵਜੋਂ ਸਿਹਤ ਤੇ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਸੂਬਾ ਬਣਿਆ ਹੈ।
ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਦੇ ਹੱਕ ਵਿੱਚ ਲੋਕਾਂ ਦੇ ਵੱਡੇ ਸਮਰਥਨ ਤੇ ਸਹਿਯੋਗ ਦੀ ਮੰਗ ਕਰਦੇ ਹੋਏ ਮੁੱਖ ਮੰਤਰੀ ਨੇ ਵਿਰੋਧੀ ਪਾਰਟੀਆਂ ਦੇ ਝੂਠੇ ਭੰਡੀ ਪ੍ਰਚਾਰ ਤੋਂ ਲੋਕਾਂ ਨੂੰ ਦੂਰ ਰਹਿਣ ਲਈ ਆਖਿਆ ਜਿਨ੍ਹਾਂ ਦਾ ਇਕੋ-ਇਕ ਨਿਸ਼ਾਨਾ ਸੱਤਾ ਦੀ ਪ੍ਰਾਪਤੀ ਹੈ ਨਾ ਕਿ ਮਿਸ਼ਨ ਦੀ ਭਾਵਨਾ ਨਾਲ ਲੋਕਾਂ ਦੀ ਸੇਵਾ ਕਰਨਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਨੂੰ ਇਕ ਹੋਰ ਮੌਕਾ ਦੇਣ ਨਾਲ ਸੂਬੇ ਵਿੱਚ ਵਿਕਾਸ ਤੇ ਖੁਸ਼ਹਾਲੀ ਦੇ ਸ਼ੁਰੂ ਕੀਤੇ ਦੌਰ ਦਾ ਕੰਮ ਪੂਰਾ ਕਰਨ ਵਿੱਚ ਮਦਦ ਮਿਲੇਗੀ ਜਿਸ ਨਾਲ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣ ਜਾਵੇਗਾ।
ਇਸ ਮੌਕੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਪਾਣੀਆਂ ‘ਤੇ ਡਾਕਾ ਪਵਾਉਣ ਲਈ ਕਾਂਗਰਸ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦੋਸ਼ੀ ਦੱਸਦਿਆਂ ਬੁਲੰਦ ਆਵਾਜ਼ ਵਿਚ ਪ੍ਰਣ ਦੋਹਰਾਇਆ ਕਿ ਭਾਵੇਂ ਮੇਰੀ ਜਾਨ ਚਲੀ ਜਾਏ ਪਰ ਪਾਣੀ ਦੀ ਇਕ ਬੂੰਦ ਵੀ ਸੂਬੇ ਤੋਂ ਬਾਹਰ ਨਹੀਂ ਜਾਣ ਦਿੱਤੀ ਜਾਵੇਗੀ। ਉਨ•ਾਂ ਪੰਜਾਬ ਦੇ ਲੋਕਾਂ ਨੂੰ ‘ਪਾਣੀ ਬਚਾਓ ਪੰਜਾਬ ਬਚਾਓ, ਕਾਂਗਰਸ ਅਤੇ ‘ਆਪ’ ਨੂੰ ਭਜਾਓ’ ਦਾ ਨਾਅਰਾ ਦਿੰਦਿਆਂ ਕਿਹਾ ਕਿ ਇਹ ਦੋਵੇਂ ਪਾਰਟੀਆਂ ਪੰਜਾਬ ਅਤੇ ਪੰਜਾਬੀਆਂ ਦੀਆਂ ਕੱਟੜ ਵਿਰੋਧੀ ਹਨ ਇਸ ਲਈ ਜਿਵੇਂ ਪਿਛਲੇ 10 ਸਾਲਾਂ ਤੋਂ ਪੰਜਾਬ ਵਾਸੀਆਂ ਨੇ ਇਨ•ਾਂ ਨੂੰ ਸੱਤਾ ਤੋਂ ਲਾਂਬੇ ਰੱਖਿਆ ਹੋਇਆ ਹੈ ਉਸੇ ਤਰ•ਾਂ ਪੰਜਾਬ ਦੀ ਰਫਤਾਰ ਨੂੰ ਤੇਜ਼ ਰੱਖਣ ਲਈ ਅਗਲੇ 15 ਸਾਲ ਇਨ•ਾਂ ਨੂੰ ਬਾਹਰ ਰੱਖਿਆ ਜਾਵੇ ਅਤੇ ਪੰਜਾਬ ਦੀ ਭਲਾਈ ਤੇ ਵਿਕਾਸ ਲਈ ਅਕਾਲੀ-ਭਾਜਪਾ ਗੱਠਜੋੜ ਨੂੰ ਸੇਵਾ ਦਾ ਮੌਕਾ ਦਿੱਤਾ ਜਾਵੇ।
ਸ. ਬਾਦਲ ਨੇ ਕਿਹਾ ਕਿ ਵਿਸਥਾਰ ਵਿਚ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਚੋਣ ਮਨੋਰਥ ਪੱਤਰ ਕੁਝ ਦਿਨਾਂ ਬਾਅਦ ਜਾਰੀ ਕੀਤਾ ਜਾਵੇਗਾ ਪਰ ਉਹ ਵਾਅਦਾ ਕਰਦੇ ਹਨ ਕਿ ਅਗਲੇ 5 ਸਾਲਾਂ ਦੌਰਾਨ ਪੰਜਾਬ ਦੇ ਸਾਰੇ ਪਿੰਡਾਂ ਨੂੰ ਸ਼ਹਿਰਾਂ ਦੀ ਤਰਜ਼ ‘ਤੇ ਵਿਕਸਿਤ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਸਾਰੇ ਪਿੰਡਾਂ ਦੀਆਂ ਗਲੀਆਂ-ਨਾਲੀਆਂ ਸੀਮੇਂਟ ਨਾਲ ਪੱਕੀਆਂ ਬਣਾਉਣ ਤੋਂ ਇਲਾਵਾ ਸੀਵਰੇਜ ਅਤੇ ਸੋਲਰ ਲਾਈਟਾਂ ਦੀ ਵੀ ਵਿਵਸਥਾ ਕੀਤੀ ਜਾਵੇਗੀ। ਉਨ•ਾਂ ਐਲਾਨ ਕੀਤਾ ਕਿ ਤੀਜੀ ਵਾਰ ਸਰਕਾਰ ਬਣਨ ‘ਤੇ ਜਿੱਥੇ ਸਾਰੇ ਕਿਸਾਨਾਂ ਦੇ ਖਾਲੇ ਪੱਕੇ ਕੀਤੇ ਜਾਣਗੇ ਉੱਥੇ ਹੀ ਪਿੰਡਾਂ ਵਿਚ ਉਨ•ਾਂ ਗਰੀਬ ਪਰਿਵਾਰਾਂ ਲਈ ਕਾਲੋਨੀਆਂ ਬਣਾ ਕੇ ਘਰ ਦਿੱਤੇ ਜਾਣਗੇ ਜਿਨ•ਾਂ ਕੋਲ ਰਹਿਣ ਲਈ ਆਪਣੇ ਘਰ ਨਹੀਂ ਹਨ। ਉਨ•ਾਂ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਦਾ ਟੀਚਾ ਹੈ ਕਿ ਅਗਲੇ 5 ਸਾਲਾਂ ਵਿਚ 5 ਲੱਖ ਘਰ ਬਣਾ ਕੇ ਬੇਘਰਿਆਂ ਨੂੰ ਦਿੱਤੇ ਜਾਣ।ਉਨ•ਾਂ ਕਿਹਾ ਕਿ ਇਸ ਤੋਂ ਇਲਾਵਾ ਆਗਾਮੀ ਸਾਲਾਂ ਦੌਰਾਨ ਡੇਢ ਲੱਖ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਵੀ ਦਿੱਤੀਆਂ ਜਾਣਗੀਆਂ ਅਤੇ ਇਨ•ਾਂ 9 ਸਾਲਾਂ ਦੌਰਾਨ ਢਾਈ ਲੱਖ ਨੌਕਰੀਆਂ ਪਹਿਲਾਂ ਹੀ ਦਿੱਤੀਆਂ ਜਾ ਚੁੱਕੀਆਂ ਹਨ।
ਉਨ•ਾਂ ਅੱਗੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਇਕ ਸਾਜਿਸ਼ ਤਹਿਤ ਨਸ਼ੇੜੀ ਕਹਿਣ ਬਦਲੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਮੁਆਫੀ ਮੰਗਣੀ ਚਾਹੀਦੀ ਹੈ ਕਿਉਂ ਕਿ ਪੰਜਾਬ ਪੁਲਿਸ ਦੀ ਭਰਤੀ ਦੌਰਾਨ ਆਏ ਡੋਪ ਟੈਸਟ ਦੇ ਨਤੀਜਿਆਂ ਤੋਂ ਸਾਫ ਹੋ ਗਿਆ ਹੈ ਕਿ ਪੰਜਾਬ ਵਿਰੋਧੀ ਇਹ ਦੋਵੇਂ ਪਾਰਟੀਆਂ ਨੇ ਸਭ ਕੁਝ ਜਾਣ ਬੁੱਝ ਕੇ ਕੀਤਾ ਹੈ। ਉਨ•ਾਂ ਕਿਹਾ ਕਿ 4 ਲੱਖ ਨੌਜਵਾਨਾਂ ਵਿਚੋਂ ਸਿਰਫ 1.27 ਫੀਸਦੀ ਨੌਜਵਾਨ ਹੀ ਡੋਪ ਟੈਸਟ ‘ਚੋਂ ਫੇਲ• ਹੋਏ ਹਨ।
ਸ. ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਲੋਕ ਆਗੂ ਦੱਸਦਿਆਂ ਕਿਹਾ ਕਿ ਪੰਜਾਬ ਦਾ ਵਿਕਾਸ ਸਿਰਫ ਉਦੋਂ ਹੀ ਹੋਇਆ ਹੈ ਜਦੋਂ-ਜਦੋਂ ਬਾਦਲ ਸਾਬ• ਸੂਬੇ ਦੇ ਮੁੱਖ ਮੰਤਰੀ ਬਣੇ ਹਨ।ਵਿਕਾਸ ਅਤੇ ਭਲਾਈ ਸਕੀਮਾਂ ਦਾ ਜ਼ਿਕਰ ਕਰਦਿਆਂ ਉਨ•ਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ ਸ਼ਗਨ ਸਕੀਮ, ਮੁਫਤ ਸਿਹਤ ਬੀਮਾ ਯੋਜਨਾ, ਐਸ.ਸੀ-ਬੀ.ਸੀ ਪਰਿਵਾਰਾਂ ਨੂੰ 200 ਯੂਨਿਟ ਮੁਫਤ ਬਿਜਲੀ, ਮੁਫਤ ਖੇਡ ਕਿੱਟਾਂ ਤੇ ਜਿੰਮ, ਮੁਫਤ ਆਟਾ-ਦਾਲ ਸਕੀਮ, ਮੁਫਤ ਦਵਾਈ ਕੇਂਦਰ, ਮੁਫਤ ਗੈਸ ਕੁਨੈਕਸ਼ਨ, ਯਾਦਗਾਰਾਂ ਦੀ ਉਸਾਰੀ, ਕਿਸਾਨਾਂ ਨੂੰ ਮੁਫਤ ਬਿਜਲੀ ਤੋਂ ਇਲਾਵਾ ਸੂਬੇ ਨੂੰ ਵਾਧੂ ਬਿਜਲੀ ਵਾਲਾ ਅਤੇ ਸੜਕੀ ਨੈੱਟਵਰਕ ਵਿਚ ਅੱਵਲ ਬਣਾਇਆ ਹੈ। ਉਨ•ਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਵਿਚ ਅਕਾਲੀ-ਭਾਜਪਾ ਗੱਠਜੋੜ ਦੀਆਂ ਸਰਕਾਰਾਂ ਹੋਣ ਦਾ ਸਭ ਤੋਂ ਜ਼ਿਆਦਾ ਫਾਇਦਾ ਪੰਜਾਬ ਨੂੰ ਮਿਲ ਰਿਹਾ ਹੈ ਅਤੇ ਸੂਬੇ ਵਿਚ ਵਿਕਾਸ ਦੀ ਗਤੀ ਵੀ ਤੇਜ਼ ਹੋਈ ਹੈ।
ਉਨ•ਾਂ ਕਿਹਾ ਕਿ ਪੰਜਾਬ ਦਾ ਬੁਨਿਆਦੀ ਢਾਂਚਾ ਇਸ ਸਮੇਂ ਪੂਰਾ ਮਜ਼ਬੂਤ ਬਣ ਚੁੱਕਾ ਹੈ ਅਤੇ ਅਗਲੇ ਪੰਜ ਸਾਲਾਂ ਵਿਚ ਹੋਰ ਨਵੇਂ ਉਦਯੋਗਾਂ ਦੇ ਸ਼ੁਰੂ ਹੋਣ ਨਾਲ ਪੰਜਾਬ ਦੀ ਤਰੱਕੀ ਵਿਚ ਨਵੀਂ ਇਬਾਰਤ ਲਿਖੀ ਜਾਵੇਗੀ। ਇਸ ਤੋਂ ਇਲਾਵਾ ਸੂਬੇ ਵਿਚ ਚੱਲ ਰਹੇ 200 ਸਕਿੱਲ ਸੈਂਟਰਾਂ ਰਾਹੀਂ ਹਰੇਕ ਸਾਲ 1 ਲੱਖ ਦੇ ਕਰੀਬ ਨੌਜਵਾਨ ਸਿਖਲਾਈ ਹਾਸਲ ਕਰਕੇ ਆਪੋ-ਆਪਣੇ ਰੋਜ਼ਗਾਰ ਸ਼ੁਰੂ ਕਰ ਸਕਣਗੇ। ਉਨ•ਾਂ ਕਿਹਾ ਕਿ ਇਨ•ਾਂ ਨੌਜਵਾਨਾਂ ਨੂੰ ਬਹੁਤ ਹੀ ਘੱਟ ਵਿਆਜ਼ ਦਰ ‘ਤੇ 10 ਲੱਖ ਰੁਪਏ ਤੱਕ ਦਾ ਕਰਜ਼ਾ ਹਾਸਲ ਕਰਨ ਵਿਚ ਪੰਜਾਬ ਸਰਕਾਰ ਮਦਦ ਕਰੇਗੀ।
ਇਸ ਮੌਕੇ ਖਾਸ ਤੌਰ ‘ਤੇ ਰੈਲੀ ਵਿਚ ਪੁੱਜੇ ਲੱਖਾਂ ਦੀ ਗਿਣਤੀ ਵਿਚ ਪੰਜਾਬ ਵਾਸੀਆਂ ਦਾ ਧੰਨਵਾਦ ਕਰਦਿਆਂ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਗਹਿਰੀ ਧੁੰਦ ਦੇ ਬਾਵਜੂਦ ਲੋਕਾਂ ਦਾ ਇੱਥੇ ਪੁੱਜਣਾ ਇਹ ਸਿੱਧ ਕਰਦਾ ਹੈ ਕਿ ਸਾਰਾ ਪੰਜਾਬ ਅਕਾਲੀ-ਭਾਜਪਾ ਸਰਕਾਰ ਦੇ ਨਾਲ ਹੈ ਅਤੇ ਪਾਣੀਆਂ ਦੀ ਰਾਖੀ ਲਈ ਹਸਤਾਖਰੀ ਮੁਹਿੰਮ ਦੀ ਰਿਪੋਰਟ ਜਲਦ ਹੀ ਰਾਸ਼ਟਰਪਤੀ ਨੂੰ ਸੌਂਪੀ ਜਾਵੇਗੀ।
ਇਸ ਮੌਕੇ ਮੁੱਖ ਮੰਤਰੀ ਦੀ ਲੰਮੀ ਤੇ ਸਿਹਤਮੰਦ ਜੀਵਨ ਦੀ ਕਾਮਨਾ ਕਰਦੇ ਹੋਏ ਕੇਂਦਰੀ ਮੰਤਰੀ ਤੇ ਭਾਜਪਾ ਦੇ ਸੂਬਾ ਪ੍ਰਧਾਨ ਸ੍ਰੀ ਵਿਜੇ ਕੁਮਾਰ ਸਾਂਪਲਾ ਨੇ ਸੂਬੇ ਅਤੇ ਸੂਬੇ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਸ. ਬਾਦਲ ਵੱਲੋਂ ਦਿੱਤੇ ਵਿਲੱਖਣ ਯੋਗਦਾਨ ਨੂੰ ਚੇਤੇ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਇਕ ਸਿਆਸੀ ਗੱਠਜੋੜ ਹੀ ਨਹੀਂ ਹੈ ਸਗੋਂ ਇਸ ਦਾ ਉਦੇਸ਼ ਸੂਬੇ ਦੇ ਹਿੱਤਾਂ ਦੀ ਰਾਖੀ ਕਰਨਾ ਹੈ। ਸ੍ਰੀ ਸਾਂਪਲਾ ਨੇ ਕਿਹਾ ਕਿ ਦੇਸ਼ ਨੂੰ ਅਨਾਜ ਦੇ ਖੇਤਰ ਵਿੱਚ ਆਤਮ ਨਿਰਭਰ ਬਣਾਈ ਰੱਖਣ ਲਈ ਸੂਬੇ ਦੇ ਕਿਸਾਨਾਂ ਨੂੰ ਪਾਣੀ ਦੀ ਬਹੁਤ ਲੋੜ ਹੈ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਸੂਬੇ ਕੋਲ ਇਕ ਵੀ ਬੂੰਦ ਪਾਣੀ ਨਹੀਂ ਹੈ।
ਮੰਚ ਦੀ ਕਾਰਵਾਈ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਚਲਾਈ।
ਇਸ ਮੌਕੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ,  ਜਥਏਦਾਰ ਅਜੀਤ ਸਿੰਘ ਕੋਹਾੜ, ਪਰਮਿੰਦਰ ਸਿੰਘ ਢੀਂਡਸਾ, ਜਨਮੇਜਾ ਸਿੰਘ, ਜਥੇਦਾਰ ਤੋਤਾ ਸਿੰਘ, ਗੁਲਜ਼ਾਰ ਸਿੰਘ ਰਣੀਕੇ, ਸੋਹਣ ਸਿੰਘ ਠੰਡਲ, ਸਿਕੰਦਰ ਸਿੰੰਘ ਮਲੂਕਾ, ਸੁਰਜੀਤ ਸਿੰਘ ਰੱਖੜਾ ਅਤੇ ਸੁਰਜੀਤ ਕੁਮਾਰ ਜਿਆਣੀ, ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਤੇ ਸੁਖਦੇਵ ਸਿੰਘ ਢੀਂਡਸਾ, ਵਿਧਾਇਕ ਬੀਬੀ ਜਗੀਰ ਕੌਰ, ਪਵਨ ਕੁਮਾਰ ਟੀਨੂੰ, ਗੋਬਿੰਦ ਸਿੰਘ ਲੌਂਗੋਵਾਲ, ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਜਸਟਿਸ ਨਿਰਮਲ ਸਿੰਘ, ਇਕਬਾਲ ਸਿੰਘ ਝੂੰਦਾ, ਜੀਤਮਹਿੰਦਰ ਸਿੰਘ ਸਿੱਧੂ, ਜੋਗਿੰਦਰ ਪਾਲ ਜੈਨ, ਹਰਮੀਤ ਸਿੰਘ ਸੰਧੂ, ਐਨ.ਕੇ. ਸ਼ਰਮਾ, ਬਾਬੂ ਪ੍ਰਕਾਸ਼ ਚੰਦ ਗਰਗ, ਮਹਿੰਦਰ ਕੌਰ ਜੋਸ਼, ਵਰਿੰਦਰ ਕੌਰ ਲੂੰਬਾ, ਸੋਮ ਪ੍ਰਕਾਸ਼, ਸਰੂਪ ਚੰਦ ਸਿੰਗਲਾ ਅਤੇ ਸੀਮਾ ਕੁਮਾਰੀ, ਸਾਬਕਾ ਮੰਤਰੀ ਜਥੇਦਾਰ ਸੁੱਚਾ ਸਿੰਘ ਲੰਗਾਹ ਤੇਨਿਰਮਲ ਸਿੰਘ ਕਾਹਲੋਂ, ਸਾਬਕਾ ਵਿਧਾਇਕ ਅਜਾਇਬ ਸਿੰਘ ਭੱਟੀ, ਸਰਬਜੀਤ ਸਿੰਘ ਮੱਕੜ, ਰਣਜੀਤ ਸਿੰਘ ਤਲਵੰਡੀ  ਤੇ ਸ੍ਰੀ ਈਸ਼ਰ ਸਿੰਘ ਮੇਹਰਬਾਨ, ਯੂਥ ਅਕਾਲੀ ਆਗੂ ਇੰਦਰ ਇਕਬਾਲ ਸਿੰਘ ਅਟਵਾਲ, ਯੂਥ ਅਕਾਲੀ ਆਗੂ ਬਰਜਿੰਦਰ ਸਿੰਘ ਬਰਾੜ, ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਭੁਪਿੰਦਰ ਸਿੰਘ ਚੀਮਾ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਹਰਚਰਨ ਬੈਂਸ, ਉਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਜੰਗਵੀਰ ਸਿੰਘ, ਉਪ ਮੁੱਖ ਮੰਤਰੀ ਦੇ ਓ.ਐਸ.ਡੀ. ਪਰਮਜੀਤ ਸਿੰਘ ਸਿੱਧਵਾਂ, ਚਰਨਜੀਤ ਸਿੰਘ ਬਰਾੜ ਤੇ ਪਰਮਿੰਦਰ ਸਿੰਘ ਬਰਾੜ ਅਤੇਅਕਾਲੀ ਆਗੂ ਸੇਠ ਸੱਤਪਾਲ ਹਾਜ਼ਰ ਸਨ।

LEAVE A REPLY