1ਚੰਡੀਗਡ਼੍ਹ- ਪੰਜਾਬ ਵਿੱਚ ਵਧਦੀਆਂ ਅਪਰਾਧਿਕ ਵਾਰਦਾਤਾਂ ਉਤੇ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵਡ਼ੈਚ ਨੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਚੰਡੀਗਡ਼੍ਹ ਤੋਂ ਜਾਰੀ ਪ੍ਰੈਸ ਬਿਆਨ ਵਿੱਚ ਗੁਰਪ੍ਰੀਤ ਸਿੰਘ ਵਡ਼ੈਚ ਨੇ ਕਿਹਾ ਕਿ ਹਾਲੇ ਕੁੱਝ ਦਿਨ ਪਹਿਲਾਂ ਹੀ ਬਠਿੰਡਾ ਦੇ ਇੱਕ ਪਿੰਡ ਵਿੱਚ ਅਕਾਲੀ ਆਗੂਆਂ ਵੱਲੋਂ ਪੁਲਿਸ ਕਰਮੀ ਨਾਲ ਬਦਸਲੂਕੀ ਅਤੇ ਕੁੱਟਮਾਰ ਕੀਤੀ ਗਈ ਸੀ, ਪਰ ਹੁਣ ਤਾਂ ਅਪਰਾਧੀਆਂ ਦੇ ਹੌਂਸਲੇ ਐਨੇ ਬੁਲੰਦ ਹੋ ਚੁੱਕੇ ਹਨ ਕਿ ਉਨਾਂ ਨੇ ਤਰਨਤਾਰਨ ਦੇ ਪਿੰਡ ਲਾਲਪੁਰ ਵਿੱਚ ਇੱਕ ਪੁਲਿਸ ਕਰਮੀ ਦੀ ਪਤਨੀ ਅਤੇ ਬੇਟੇ ਦੀ ਉਸ ਵੇਲੇ ਹੱਤਿਆ ਕਰ ਦਿੱਤੀ, ਜਦੋਂ ਉਹ ਘਰ ਵਿੱਚ ਇਕੱਲੇ ਸਨ।
ਵਡ਼ੈਚ ਨੇ ਕਿਹਾ ਕਿ ਇਸ ਸਮੇਂ ਅਕਾਲੀ ਆਗੂਆਂ ਨੂੰ ਕਿਸੇ ਦਾ ਭੈਅ ਨਹੀਂ ਹੈ, ਜਿਸ ਕਾਰਨ ਮਨਮਾਨੀਆਂ ਕਰਦੇ ਹੋਏ ਉਹ ਕਿਸੇ ਦੀ ਵੀ ਬੇਵਜ੍ਹਾ ਕੁੱਟਮਾਰ ਕਰ ਦਿੰਦੇ ਹਨ।  ਵਡ਼ੈਚ ਨੇ ਕਿਹਾ ਕਿ ਸੰਗਰੂਰ ਵਿਖੇ ਅਕਾਲੀ ਆਗੂ ਦੇ ਭਰਾ ਨੇ ਇੱਕ ਬਜੁਰਗ ਗ੍ਰੰਥੀ ਦੀ ਇਸ ਤਰਾਂ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਕਿ ਉਸਨੂੰ ਹਸਪਤਾਲ ਭਰਤੀ ਕਰਵਾਉਣਾ ਪਿਆ ਹੈ।  ਉਨਾਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਵਾਲ ਕੀਤਾ ਕਿ ਪੰਥ ਦੀ ਰਾਖੀ ਕਹਾਉਣ ਵਾਲੀ ਸਰਕਾਰ ਅਜਿਹੇ ਮਾਮਲਿਆਂ ਵਿੱਚ ਖਾਮੋਸ਼ ਕਿਓਂ ਹੈ।
ਵਡ਼ੈਚ ਨੇ ਕਿਹਾ ਕਿ ਆਮ ਲੋਕਾਂ ਦੇ ਨਾਲ-ਨਾਲ ਹਰ ਵਰਗ ਦੇ ਲੋਕਾਂ ਨੂੰ ਅਪਰਾਧੀ ਬੇਖੌਫ ਹੋ ਕੇ ਕਤਲ ਕਰ ਰਹੇ ਹਨ। ਉਨਾਂ ਕਿਹਾ ਕਿ ਰਾਤ ਵੇਲੇ ਤਾਂ ਪੰਜਾਬ ਜੰਗਲ ਰਾਜ ਵਰਗਾ ਮਾਹੌਲ ਹੋ ਜਾਂਦਾ ਹੈ।  ਮਲੋਟ ਵਿੱਖੇ ਹਿੰਦੀ ਅਤੇ ਪੰਜਾਬੀ ਫਿਲਮਾਂ ਵਿੱਚ ਐਟਲੇ ਬਰਾਡ਼ ਉਤੇ ਰਾਤ ਨੂੰ 11 ਵਜੇ ਸਡ਼ਕ ਉਤੇ ਹੋਏ ਕਾਤਲਾਨਾ ਹਮਲੇ ਨੇ ਸਾਬਤ ਕਰ ਦਿੱਤਾ ਹੈ ਕਿ ਲੋਕ ਰਾਤ ਵੇਲੇ ਪੰਜਾਬ ਦੀਆਂ ਸਡ਼ਕਾਂ ਉਤੇ ਬੇਖੌਫ ਹੋ ਕੇ ਨਹੀਂ ਚੱਲ ਸਕਦੇ।
ਵਡ਼ੈਚ ਨੇ ਕਿਹਾ ਕਿ ਅਪਰਾਧਿਕ ਤੱਤਾਂ ਵਿੱਚ ਸਰਕਾਰੀ ਤੰਤਰ ਦਾ ਕੋਈ ਖੌਫ ਨਹੀਂ ਹੈ। ਉਨਾਂ ਕਿਹਾ ਕਿ ਰਾਤ ਵੇਲੇ ਸਡ਼ਕਾਂ ਉਤੇ ਅਪਰਾਧੀਆਂ ਦਾ ਬੋਲਬਾਲਾ ਹੋ ਜਾਂਦਾ ਹੈ। ਉਨਾਂ ਕਿਹਾ ਕਿ ਰਾਤ ਵੇਲੇ ਪੁਲਿਸ ਦਾ ਸਾਰਾ ਜੋਰ ਨਾਕਿਆਂ ਉਤੇ ਲੱਗਿਆ ਹੁੰਦਾ ਹੈ, ਚੈਕਿੰਗ ਲਈ ਨਹੀਂ, ਬਲਕਿ ਉਥੋਂ ਗੁਜਰਨ ਵਾਲੇ ਟਰੱਕਾਂ-ਟਰਾਲਿਆਂ ਵਾਲਿਆਂ ਤੋਂ ਨੋਟ ਫਡ਼ਨ ਲਈ।  ਅਜਿਹੇ ਵਿੱਚ ਆਮ ਲੋਕ ਕਿਵੇਂ ਸੁਰੱਖਿਅਤ ਹੋ ਸਕਦੇ ਹਨ।  ਵਡ਼ੈਚ ਨੇ ਅਕਾਲੀ-ਭਾਜਪਾ ਲੀਡਰਾਂ ਨੂੰ ਚੁਣੌਤੀ ਦਿੰਦਿਆਂ ਕਿਹਾ ਹੈ ਕਿ ਜੇਕਰ ਤੁਹਾਨੂੰ ਲਗਦਾ ਹੈ ਕਿ ਪੰਜਾਬ ਵਿੱਚ ਅਜਿਹਾ ਨਹੀਂ ਹੈ ਅਤੇ ਮਾਹੌਲ ਬਿਲਕੁਲ ਠੀਕ ਹੈ, ਤਾਂ ਸਿਰਫ ਇੱਕ ਹਫਤਾ ਬਿਨਾ ਕਿਸੇ ਸੁਰੱਖਿਆ ਤੋਂ ਪੰਜਾਬ ਦੀਆਂ ਸਡ਼ਕਾਂ ਉਤੇ ਚੱਲ ਕੇ ਵਿਖਾਉਣ ਅਸਲੀਅਤ ਆਪਣੇ-ਆਪ ਉਨਾਂ ਦੇ ਸਾਹਮਣੇ ਆ ਜਾਵੇਗਾ।
ਵਡ਼ੈਚ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸਿਰਫ ਆਮ ਆਦਮੀ ਪਾਰਟੀ ਹੀ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿੱਤੀ ਬਹਾਲ ਕਰ ਸਕਦੀ ਹੈ।  ਉਨਾਂ ਕਿਹਾ ਕਿ 2017 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਗਠਨ ਤੋਂ ਬਾਅਦ ਸ਼ਰੇਆਮ ਖੁਲ ਰਹੇ ਅਪਰਾਧੀਆਂ ਨੂੰ ਫਡ਼ ਕੇ ਜੇਲਾਂ ਵਿੱਚ ਸੁੱਟਿਆ ਜਾਵੇਗਾ ਅਤੇ ਖਤਰਨਾਕ ਅਪਰਾਧਾਂ ਦੇ ਕੇਸ ਦੋਬਾਰਾ ਖੋਲ ਕੇ ਦੋਸ਼ੀਆਂ ਨੂੰ ਮਿਸਾਲੀ ਸਜਾ ਦਿੱਤੀ ਜਾ ਸਕੇਗੀ, ਤਾਂ ਜੋ ਸੂਬੇ ਦੇ ਲੋਕ ਅਮਨ-ਚੈਨ ਨਾਲ ਰਹਿ ਸਕਣ।

LEAVE A REPLY