3ਚੰਡੀਗੜ੍ਹ : ਮਮਤਾ ਬੈਨਰਜੀ ਦੀ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਦੇ ਰਸਮੀ ਤੌਰ ‘ਤੇ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਅਖਾੜੇ ‘ਚ ਕਦਮ ਰੱਖ ਦਿੱਤਾ ਹੈ। ਪਾਰਟੀ ਵੱਲੋਂ ਬੀਤੇ ਹਫਤੇ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਨੂੰ ਪੰਜਾਬ ਯੂਨਿਟ ਦਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਅੱਜ ਚੰਡੀਗੜ੍ਹ ਵਿਖੇ ਆਪਣੇ ਸੂਬਾਈ ਦਫਤਰ ਦੀ ਸ਼ੁਰੂਆਤ ਕਰ ਦਿੱਤੀ ਗਈ।
ਪਾਰਟੀ ਦੇ ਸੂਬਾਈ ਦਫਤਰ ਦਾ ਉਦਘਾਟਨ ਸਾਬਕਾ ਰੇਲ ਮੰਤਰੀ ਤੇ ਕੌਮੀ ਮੀਤ ਪ੍ਰਧਾਨ ਮੁਕੁਲ ਰਾਏ ਵੱਲੋਂ ਕਈ ਸਾਬਕਾ ਵਿਧਾਇਕਾਂ ਤੇ ਪੰਜਾਬ ਦੇ ਕੈਬਿਨੇਟ ਮੰਤਰੀਆਂ ਅਤੇ ਦਿੱਲੀ ਤੇ ਕਲਕੱਤਾ ਤੋਂ ਤ੍ਰਿਣਮੂਲ ਕਾਂਗਰਸ ਦੇ ਇਕ ਸੀਨੀਅਰ ਵਫਦ ਦੀ ਮੌਜ਼ੂਦਗੀ ਹੇਠ ਕੀਤਾ ਗਿਆ। ਬਾਅਦ ‘ਚ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਅਯੋਜਿਤ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਏ ਤੇ ਬਰਾੜ ਨੇ ਪਾਰਟੀ ਦੀ ਪੰਜਾਬ ਯੂਨਿਟ ਦੀਆਂ ਭਵਿੱਖ ਦੀਆਂ ਨੀਤੀਆਂ ਬਾਰੇ ਖੁਲਾਸਾ ਕੀਤਾ।
ਰਾਏ ਨੇ ਬਰਾੜ ਦੀ ਸਖ਼ਤ ਮਿਹਨਤ ਤੇ ਅਗਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਰਾੜ ਦਾ ਸਾਡੀ ਆਗੂ ਮਮਤਾ ਬੈਨਰਜੀ ਨਾਲ ਕਰੀਬ 30 ਸਾਲ ਪੁਰਾਣਾ ਸਬੰਧ ਹੈ ਅਤੇ ਉਨ੍ਹਾਂ ਦੋਨਾਂ ‘ਚ ਆਪਸੀ ਭਰੋਸਾ, ਮੁੱਲਾਂ ਤੇ ਸਿਧਾਂਤਾਂ ਦੀ ਡੂੰਘੀ ਸਾਂਝ ਹੈ। ਬਰਾੜ ਦੀ ਅਗਵਾਈ ਹੇਠ ਪੰਜਾਬ ‘ਚ ਪਾਰਟੀ ਨੂੰ ਪੂਰਾ ਭਰੋਸਾ ਹੈ ਕਿ ਇਸ ਨਾਲ ਭਾਰਤ ਅੰਦਰ ਟੀ.ਐਮ.ਸੀ ਦਾ ਮਹਾਨ ਏਜੰਡਾ ਹੋਰ ਮਜ਼ਬੂਤ ਹੋਵੇਗਾ।
ਇਸ ਦੌਰਾਨ ਉਨ੍ਹਾਂ ਨੇ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ‘ਚ ਟੀ.ਐਮ.ਸੀ ਸੂਬੇ ਦੇ ਹਰੇਕ ਜ਼ਿਲ੍ਹੇ ‘ਚ ਆਪਣੇ ਦਫਤਰ ਖੋਲ੍ਹੇਗੀ ਅਤੇ ਅਹੁਦੇਦਾਰਾਂ ਦੀ ਨਿਯੁਕਤੀ ਕਰੇਗੀ।
ਜਦਕਿ ਹੋਰ ਪਾਰਟੀਆਂ ਨਾਲ ਚੋਣਾਂ ਤੋਂ ਪਹਿਲਾਂ ਗਠਜੋੜ ਦੀਆਂ ਸੰਭਾਵਨਾਵਾਂ ਜਾਂ ਇਕੱਲੇ ਚੋਣ ਲੜਨ ਬਾਰੇ ਸਵਾਲ ਦੇ ਜਵਾਬ ‘ਚ ਰਾਏ ਨੇ ਕਿਹਾ ਕਿ ਬਰਾੜ ਦੀ ਅਗਵਾਈ ਹੇਠ ਪ੍ਰਦੇਸ਼ ਯੂਨਿਟ ਨੂੰ ਪੰਜਾਬ ਦੇ ਜ਼ਮੀਨੀ ਹਾਲਾਤਾਂ ਦੇ ਜਾਇਜ਼ੇ ਦੀ ਰਿਪੋਰਟ ਭੇਜਣ ਵਾਸਤੇ ਕਿਹਾ ਗਿਆ ਹੈ ਅਤੇ ਇਸ ਤੋਂ ਬਾਅਦ ਅੰਤਿਮ ਫੈਸਲਾ ਮਮਤਾ ਜੀ ਨਾਲ ਸਲਾਹ ਕਰਕੇ ਲਿਆ ਜਾਵੇਗਾ। ਹਾਲਾਂਕਿ, ਉਨ੍ਹਾਂ ਨੇ ਇਹ ਸਪੱਸ਼ਟ ਕੀਤਾ ਕਿ ਪਾਰਟੀ ਲਈ ਸਾਰੇ ਵਿਕਲਪ ਖੁੱਲ੍ਹੇ ਹਨ ਅਤੇ ਉਨ੍ਹਾਂ ਦਾ ਟੀਚਾ ਸੂਬੇ ਅੰਦਰ ਇਕ ਸਾਫ ਸੁਥਰੀ ਤੇ ਇਮਾਨਦਾਰ ਸਰਕਾਰ ਦੇਣਾ ਹੈ, ਜਿਹੜੀ ਸਾਡੀ ਕੌਮੀ ਪੱਧਰ ‘ਤੇ ਹਰੇਕ ਕੋਸ਼ਿਸ਼ ਦਾ ਹਿੱਸਾ ਹੋਵੇਗੀ।
ਬਰਾੜ ਨੇ ਕਿਹਾ ਕਿ ਪਾਰਟੀ ਲਾਈਨਾਂ ਤੋਂ ਹੱਟ ਕੇ ਉਨ੍ਹਾਂ ਨਾਲ ਵੱਡੀ ਗਿਣਤੀ ‘ਚ ਹਮਖਿਆਲੀ ਅਤੇ ਸਾਫ ਸੁਥਰੇ ਅਕਸ ਵਾਲੀਆਂ ਸਖ਼ਸ਼ਿਅਤਾਂ ਸੰਪਰਕ ‘ਚ ਹਨ ਅਤੇ ਆਉਂਦੇ ਦਿਨਾਂ ‘ਚ ਤੁਸੀਂ ਪੰਜਾਬ ਅੰਦਰ ਇਕ ਨਵੀਂ ਸਿਆਸੀ ਤਾਕਤ ਨੂੰ ਉਭਰਦੇ ਹੋਏ ਦੇਖੋਗੇ।
ਬਰਾੜ ਨੇ ਸਪੱਸ਼ਟ ਕੀਤਾ ਕਿ ਪੰਜਾਬ ‘ਚ ਪਾਰਟੀ ਦੇ ਮੁੱਖ ਮੁੱਦੇ ਨਸ਼ਿਆਂ ਦਾ ਖਾਤਮਾ, ਖੇਤੀਬਾੜੀ ਦੇ ਮਾੜੇ ਹਾਲਾਤਾਂ, ਬੇਰੁਜ਼ਗਾਰੀ, ਉਦਯੋਗਾਂ ਨੂੰ ਮੁੜ ਖੜ੍ਹਾ ਕਰਨ ਸਮੇਤ ਸਿੱਖਿਆ, ਸਿਹਤ ਸੇਵਾਵਾਂ, ਔਰਤਾਂ ਤੇ ਪਿਛੜੀਆਂ ਸ੍ਰੇਣੀਆਂ ਦੇ ਹੱਕਾਂ ਉਪਰ ਜ਼ੋਰ ਦੇਣਾ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ ਕੇਂਦਰ ਦੀ ਐਨ.ਡੀ.ਏ ਸਰਕਾਰ ਦੀ ਨੋਟਬੰਦੀ ਦੇ ਫੇਲ੍ਹ ਹੋਣ ਕਾਰਨ ਕਿਸਾਨਾਂ ਤੇ ਛੋਟੇ ਵਪਾਰੀਆਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਸਾਹਮਣੇ ਲਿਆਉਣ ਵਾਸਤੇ ਟੀ.ਐਮ.ਸੀ ਸੂਬਾ ਪੱਧਰੀ ਪ੍ਰਦਰਸ਼ਨ ਵੀ ਕਰੇਗੀ।

LEAVE A REPLY