4ਨਵੀਂ ਦਿੱਲੀ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੁਪਰੀਮ ਕੋਰਟ ਨੂੰ ਮੋਦੀ ਸਰਕਾਰ ਦੇ ਰਿਜਰਵ ਬੈਂਕ ਆਫ ਇੰਡੀਆ ਰਾਹੀਂ ਜ਼ਾਰੀ, ਨੋਟਬੰਦੀ ਉਪਰ ਤਾਜ਼ਾ ਨਿਰਦੇਸ਼ਾਂ ‘ਤੇ ਰੋਕ ਲਗਾਉਣ ਦੀ ਅਪੀਲ ਕਰਦਿਆਂ, ਕਿਹਾ ਹੈ ਕਿ ਇਹ ਯੂ ਟਰਨ ਲੋਕਾਂ ਨਾਲ ਧੋਖਾਧਡ਼ੀ ਤੇ ਉਨ੍ਹਾਂ ਦੇ ਭਰੋਸੇ ਨੂੰ ਤੋਡ਼ਨ ਸਮਾਨ ਹਨ।
ਕੈਪਟਨ ਅਮਰਿੰਦਰ ਨੇ ਇਕ ਵਾਰ ਫਿਰ ਤੋਂ ਸੁਪਰੀਮ ਕੋਰਟ ਨੂੰ ਨੋਟਬੰਦੀ ਦੇ ਮੁੱਦੇ ਉਪਰ ਉਨ੍ਹਾਂ ਦੀ ਅਪੀਲ ਨੂੰ ਜਨਹਿੱਤ ਅਪੀਲ ਵਜੋਂ ਲੈਣ ਤੇ ਮੋਦੀ ਸਰਕਾਰ ਦੇ ਇਸ ਗੈਰ ਸੰਗਠਿਤ ਤੇ ਲੋਕ ਵਿਰੋਧੀ ਕਦਮ ਕਾਰਨ ਪੈਦਾ ਹੋਈਆਂ ਕਈ ਸਾਰੀਆਂ ਪ੍ਰੇਸ਼ਾਨੀਆਂ ਤੋਂ ਲੋਕਾਂ ਨੂੰ ਬਚਾਉਣ ਖਾਤਿਰ ਦਖਲ ਦੇਣ ਦੀ ਅਪੀਲ ਕੀਤੀ ਹੈ, ਜਿਹਡ਼ਾ ਲੋਕਾਂ ਨਾਲ ਧੋਖਾਧਡ਼ੀ ਨਾਲ ਪਹਿਲਾਂ ਹੀ ਕਈ ਜ਼ਿੰਦਗੀਆਂ ਨੂੰ ਤਬਾਹ ਕਰ ਚੁੱਕਾ ਹੈ। ਇਸ ਸਬੰਧ ‘ਚ ਉਨ੍ਹਾਂ ਨੇ ਕਿਹਾ ਕਿ ਨਿਯਮਾਂ ਨੂੰ ਬਦਲਣਾ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਰਬਾਦ ਕਰ ਰਿਹਾ ਹੈ, ਜਿਹਡ਼ੇ ਪਹਿਲਾਂ ਹੀ ਕਰੰਸੀ ‘ਤੇ ਰੋਕ ਕਾਰਨ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ।
ਇਸ ਲਡ਼ੀ ਹੇਠ, ਉਨ੍ਹਾਂ ਨੇ ਨੋਟਬੰਦੀ ਨੀਤੀ ਕਾਰਨ ਪੁਰਾਣੇ ਨੋਟਾਂ ਨੂੰ ਜਮ੍ਹਾ ਕਰਨ ਬਾਰੇ ਆਰ.ਬੀ.ਆਈ ਵੱਲੋਂ ਲਏ ਗਏ ਤਾਜ਼ਾ ਯੂ ਟਰਨ ‘ਤੇ ਕਿਹਾ ਹੈ ਕਿ ਮੋਦੀ ਤੇ ਉਨ੍ਹਾਂ ਦੀ ਟੀਮ ਮੁੱਦੇ ਉਪਰ ਨਿਯਮਾਂ ਦਾ ਪਾਲਣ ਨਾ ਕਰਕੇ ਦੇਸ਼ ਨੂੰ ਵਿੱਤੀ ਅਰਾਜਕਤਾ ਤੇ ਗਡ਼ਬਡ਼ੀ ਵੱਲ ਧਕੇਲ ਰਹੀ ਹੈ।
ਇਥੇ ਮੰਗਲਵਾਰ ਨੂੰ ਜ਼ਾਰੀ ਬਿਆਨ ‘ਚ, ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਦੋ ਮਹੀਨੇ ਪਹਿਲਾਂ ਜੰਗ ਦਾ ਮਾਹੌਲ ਬਣਾਉਣ ਤੋਂ ਲੈ ਕੇ ਭਾਰਤ ਦੇ ਲੋਕਾਂ ਖਿਲਾਫ ਚੁੱਕੇ ਗਏ ਨੋਟਬੰਦੀ ਦੇ ਘਿਣੌਣੇ ਕਦਮ ਤੱਕ, ਮੋਦੀ ਸਰਕਾਰ ਆਪਣੇ ਸਿਆਸੀ ਹਿੱਤਾਂ ਨੂੰ ਅੱਗੇ ਵਧਾਉਣ ਲਈ, ਤੇ ਉਦਯੋਗ ਅਤੇ ਉਨ੍ਹਾਂ ਦੀ ਪਾਰਟੀ ‘ਚ ਆਪਣੇ ਦੋਸਤਾਂ ਦੀ ਰਾਖੀ ਕਰਨ ਵਾਸਤੇ ਦੇਸ਼ ‘ਚ ਤਨਾਅ ਪੈਦਾ ਕਰ ਰਹੀ ਹੈ।
ਇਸ ਸਬੰਧ ‘ਚ ਉਨ੍ਹਾਂ ਨੇ 30 ਦਸੰਬਰ ਤੱਕ 5000 ਰੁਪਏ ਦੀ ਪੁਰਾਣੀ ਕਰੰਸੀ ਦੇ ਨੋਟ ਜਮ੍ਹਾ ਕਰਨ ਦੀ ਸੀਮਾ ਤੈਅ ਕੀਤੇ ਜਾਣ ‘ਤੇ ਸਵਾਲ ਕੀਤਾ ਹੈ, ਜਦਕਿ ਇਸ ਤੋਂ ਪਹਿਲਾਂ ਸਰਕਾਰ ਨੇ ਰੁਪਏ ਜਮ੍ਹਾ ਕਰਵਾਉਣ ਲਈ ਬਹੁਤ ਸਾਰਾ ਵਕਤ ਹੋਣ ਦਾ ਹਵਾਲਾ ਦੇ ਕੇ ਲੋਕਾਂ ਨੂੰ ਆਪਣੇ ਪੁਰਾਣੇ ਨੋਟਾਂ ਨੂੰ ਬਦਲਵਾਉਣ ਖਾਤਿਰ ਬੈਂਕਾਂ ‘ਚ ਭੀਡ਼ ਨਾ ਲਗਾਉਣ ਦੀ ਅਪੀਲ ਕੀਤੀ ਸੀ। ਕੈਪਟਨ ਅਮਰਿੰਦਰ ਨੇ ਅਜਿਹੇ ਕੰਮਾਂ ਨੂੰ ਲੋਕਾਂ ਨਾਲ ਪੂਰੀ ਤਰ੍ਹਾਂ ਧੋਖਾਧਡ਼ੀ ਕਰਾਰ ਦਿੰਦਿਆਂ, ਇਕ ਵਾਰ ਫਿਰ ਤੋਂ ਲੋਕਾਂ ਦੇ ਦੁੱਖਾਂ ਨੂੰ ਘੱਟ ਕਰਨ ਲਈ ਨੋਟਬੰਦੀ ਨੀਤੀ ‘ਤੇ ਸਮੀਖਿਆ ਕੀਤੇ ਜਾਣ ਦੀ ਮੰਗ ਕੀਤੀ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਇਸ ਕਦਮ ਦੇ ਕਾਲਾ ਧੰਨ ਤੇ ਭ੍ਰਿਸ਼ਟਾਚਾਰ ‘ਤੇ ਲਗਾਮ ਲਗਾਉਣ ਦੇ ਉਦੇਸ਼ ਨੂੰ ਹਾਸਿਲ ਨਾ ਕਰ ਪਾਉਣ ਦੇ ਸਬੂਤ ਮਿੱਲਣ ਤੋਂ ਬਾਅਦ, ਮੋਦੀ ਅਸਾਨੀ ਨਾਲ ਐਲਾਨ ਦੇ ਪਹਿਲੇ ਕੁਝ ਦਿਨਾਂ ‘ਚ ਨੋਟਬੰਦੀ ਦੇ ਫੈਸਲੇ ਨੂੰ ਵਾਪਿਸ ਲੈ ਸਕਦੇ ਸਨ, ਜਿਹਡ਼ੀ ਅਸਲਿਅਤ ‘ਚ ਆਮ ਲੋਕਾਂ ਵਾਸਤੇ ਬੇਹੱਦ ਸਮੱਸਿਆਵਾਂ ਦਾ ਕਾਰਨ ਬਣ ਰਹੀ ਹੈ। ਲੇਕਿਨ, ਇਸਦੇ ਉਲਟ ਮੋਦੀ ਨੇ ਨਾ ਸਿਰਫ ਆਪਣੇ ਇਸ ਗੈਰ ਸੰਗਠਿਤ ਕਦਮ ਨਾਲ ਅੱਗੇ ਵੱਧਣ ਦਾ ਫੈਸਲਾ ਲਿਆ, ਸਗੋਂ ਹਰ ਦਿਨ ਵਿੱਤ ਮੰਤਰਾਲਾ ਤੇ ਆਰ.ਬੀ.ਆਈ ਦੇ ਉਕਤ ਮੁੱਦੇ ਉਪਰ ਨਵੇਂ ਨਿਰਦੇਸ਼ਾਂ ਨਾਲ ਅਵਿਵਸਥਾ ਤੇ ਲੋਕਾਂ ਦੀਆਂ ਪ੍ਰੇਸ਼ਾਨੀਆਂ ਨੂੰ ਹੋਰ ਵਧਾ ਦਿੱਤਾ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਮੋਦੀ ਸਰਕਾਰ ਵੱਲੋਂ ਉਕਤ ਮੁੱਦੇ ਉਪਰ ਲਗਾਤਾਰ ਅਣਕਹੇ ਯੂ ਟਰਨ ਲੈ ਕੇ ਹਰ ਦਿਨ ਦੇਸ਼ ਨੂੰ ਡੂੰਘੇ ਵਿੱਤੀ ਸੰਕਟ ‘ਚ ਧਕੇਲਿਆ ਜਾ ਰਿਹਾ ਹੈ, ਜਦਕਿ ਭ੍ਰਿਸ਼ਟਾਚਾਰ ਤੇ ਕਾਲਾ ਧੰਨ ਇਕੱਠਾ ਕਰਨ ਦੇ ਦੋਸ਼ੀ ਅਰਾਮ ਨਾਲ ਬੈਠੇ ਹਨ।

LEAVE A REPLY