1ਜਮਸ਼ੇਰ (ਜਲੰਧਰ) – ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਾਂਗਰਸ ਨੂੰ ਆਗੂਆਂ ਪੱਖੋਂ ਕੰਗਾਲ ਪਾਰਟੀ ਕਰਾਰ ਦਿੰਦਿਆਂ ਕਿਹਾ ਹੈ ਕਿ ਅਗਲੀ ਸਰਕਾਰ ਬਣਾਉਣ ਦਾ ਭੁਲੇਖਾ ਪਾਲ ਰਹੀ ਕਾਂਗਰਸ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਨਕਾਰਾ ਤੇ ਭਗੌੜੇ ਆਗੂਆਂ ਨੂੰ ਪਾਰਟੀ ਵਿਚ ਸ਼ਾਮਿਲ ਕੀਤਾ ਜਾ ਰਿਹਾ ਹੈ।
ਅੱਜ ਇੱਥੇ ਜਲੰਧਰ ਕੈਂਟ ਵਿਧਾਨ ਸਭਾ ਹਲਕੇ ਵਿਚ ਸੰਗਤ ਦਰਸ਼ਨ ਦੌਰਾਨ ਲੋਕਾਂ ਦੀਆਂ ਸਮਸਿਆਵਾਂ ਦੇ ਹੱਲ ਤੇ ਵਿਕਾਸ ਕੰਮਾਂ ਲਈ ਗ੍ਰਾਂਟਾਂ ਜਾਰੀ ਕਰਨ ਮੌਕੇ ਸੰਬੋਧਨ ਕਰਦਿਅÎਾਂ ਸ. ਬਾਦਲ ਨੇ ਕਿਹਾ ਕਿ ਜੋ ਆਗੂ ਕਿਸੇ ਦੂਜੀ ਪਾਰਟੀ ਵਲੋਂ ਟਿਕਟ ਦਿੱਤੇ ਜਾਣ ਜਾਂ ਕਿਸੇ ਮਲਾਈਦਾਰ ਅਹੁਦੇ ਦੀ ਝਾਕ ਵਿਚ ਮਾਂ ਪਾਰਟੀ ਨੂੰ ਛੱਡਦੇ ਹਨ, ਉਹ ਕਦੇ ਵੀ ਸਫਲ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ  ਅਜਿਹੇ ਆਗੂ ਪਾਰਟੀਆਂ ਵਲੋਂ ਨਕਾਰੇ ਗਏ ਹੁੰਦੇ ਹਨ ਤੇ ਕਾਂਗਰਸ ਵਲੋਂ ਲੀਡਰਸ਼ਿਪ ਸੰਕਟ ਤੋਂ ਉਭਰਨ ਲਈ  ਅਜਿਹੇ ਆਗੂਆਂ ਦਾ ਹੀ ਸਹਾਰਾ ਲਿਆ ਜਾ ਰਿਹਾ ਹੈ।
ਲੋਕਾਂ ਨੂੰ ਅਜਿਹੇ ਆਗੂਆਂ ਨੂੰ ਮੂੰਹ ਨਾ Ñਲਾਉਣ ਦਾ ਸੱਦਾ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਦਲਬਦਲੂ ਆਗੂ ਲੋਕਾਂ ਦੇ ਵਿਸ਼ਵਾਸ਼ ਨਾਲ ਖਿਲਵਾੜ ਕਰਦੇ ਹਨ ਅਤੇ ਸੱਤਾ ਦਾ ਸੁੱਖ ਮਾਣਨ ਲਈ ਪਾਰਟੀਆਂ ਬਦਲਣਾ ਉਨਾਂ  ਦੀ ਆਦਤ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਅਜਿਹੇ ਆਗੂਆਂ ਨੂੰ ਬੁਰੀ ਤਰ੍ਹਾਂ ਨਕਾਰ ਦੇਣਾ ਚਾਹੀਦਾ ਹੈ, ਜੋ ਕਿ ਲੋਕ ਹਿੱਤਾਂ ਨਾਲੋਂ ਨਿੱਜੀ ਹਿੱਤਾਂ ਨੂੰ ਪਹਿਲ ਦਿੰਦੇ ਹਨ।
ਆਗਾਮੀ ਵਿਧਾਨ ਸਭਾ ਚੋਣਾਂ ਵਿਚ ਲੋਕਾਂ ਨੂੰ ਵਿਕਾਸ ਕੰਮਾਂ ਦੇ ਆਧਾਰ ‘ਤੇ ਅਕਾਲੀ-ਭਾਜਪਾ ਗਠਜੋੜ ਦਾ ਸਾਥ ਦੇਣ ਦਾ ਸੱਦਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਤੇ ਰਾਜ ਵਿਚ ਇਕੋ ਪਾਰਟੀ ਦੀ ਸਰਕਾਰ ਹੋਣ ਨਾਲ ਵਿਕਾਸ ਨੂੰ  ਹੋਰ ਤੇਜੀ ਮਿਲੇਗੀ। ਉਨਾਂ ਕਿਹਾ ਕਿ ਕੇਂਦਰ  ਵਿਚ ਐਨ.ਡੀ.ਏ. ਸਰਕਾਰ ਬਣਨ ਨਾਲ ਸੂਬੇ ਵਿਚ ਵਿਕਾਸ ਦੇ ਵੱਡੇ ਪ੍ਰਾਜੈਕਟ ਆਏ ਹਨ ਜਦਕਿ ਕਾਂਗਰਸ ਦੇ ਸ਼ਾਸ਼ਨ ਦੌਰਾਨ ਇਕ ਵੀ ਪ੍ਰਾਪਤੀ ਨਹੀਂ ਕੀਤੀ ਗਈ, ਜੋ ਕਿ ਜ਼ਿਕਰਯੋਗ ਹੋਵੇ।
ਮÎੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਗੁਣਵੱਤਾ ਭਰਪੂਰ ਸਿੱਖਿਆ ਤੇ ਸਿਹਤ ਸਹੂਲਤਾਂ ਦੇਣ ਦੇ ਨਾਲ-ਨਾਲ  ਸਮਾਜ ਦੇ ਹਰ ਵਰਗ ਦੀ ਭਲਾਈ ਲਈ ਪੰਜਾਬ ਸਰਕਾਰ ਵਲੋਂ ਕਦਮ ਚੁੱਕੇ ਗਏ ਹਨ। ਕਿਸਾਨੀ ਨੂੰ ਸੂਬੇ ਦੀ ਅਰਥ ਵਿਵਸਥਾ ਦੀ ਰੀੜ੍ਹ ਦੀ ਹੱਡੀ ਕਰਾਰ ਦਿੰਦਿਅÎਾਂ ਸ. ਬਾਦਲ ਨੇ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਸੀ, ਜਿਸਨੇ ਕਿਸਾਨਾਂ ਨੂੰ 5000 ਕਰੋੜ ਰੁਪੈ ਸਾਲਾਨਾ ਦੀ ਮੁਫਤ ਬਿਜਲੀ ਦੇਣ ਦੀ ਸ਼ੁਰੂਆਤ ਕੀਤੀ।
ਇਸ ਮੌਕੇ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਜਲੰਧਰ ਤੇ ਫਿਰੋਜ਼ਪੁਰ ਛਾਉਣੀਆਂ ਵਿਚ ਚੁੰਗੀ ਹਟਾਉਣ ਬਦਲੇ ਭਾਰਤੀ ਫੌਜ ਨੂੰ ਮੁਆਵਜ਼ਾ ਦੇਣ ਲਈ ਵੀ ਤਿਆਰ ਹੈ ਅਤੇ ਇਸ ਸਬੰਧੀ ਪੰਜਾਬ ਸਰਕਾਰ ਵਲੋਂ ਫੌਜ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਜਾਰੀ ਹੈ। ਜਮਸ਼ੇਰ ਵਿਖੇ ਠੋਸ ਰਹਿੰਦ ਖੂੰਹਦ ਪ੍ਰਬੰਧਨ ਪਲਾਂਟ ਸਥਾਪਿਤ ਕਰਨ ਦੀ ਸੰਭਾਵਨਾ ਨੂੰ ਸਿਰੇ ਤੋਂ ਨਕਾਰਦਿਆਂ ਸ. ਬਾਦਲ ਨੇ ਕਿਹਾ ਕਿ ਇਹ ਪਲਾਂਟ ਕਿਸੇ  ਬਦਲਵੇਂ ਸਥਾਨ ‘ਤੇ ਸਥਾਪਿਤ ਕੀਤਾ ਜਾਵੇਗਾ। ਕੈਂਟ ਦੇ ਆਲੇ -ਦੁਆਲੇ ਸੜਕਾਂ ਦੇ ਮੁੱਦੇ ਦੇ ਹੱਲ ਲਈ ਵੀ ਮੁੱਖ ਮੰਤਰੀ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਇਸ ਮਸਲੇ ਦਾ ਹੱਲ ਵੀ ਜਲਦ ਕੀਤਾ ਜਾਵੇਗਾ।
ਇਸ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ. ਬਾਦਲ ਨੇ ਕਿਹਾ ਕਿ ‘ਕੈਪਟਨ ਅਮਰਿੰਦਰ ਸਿੰਘ ਵਲੋਂ ਇਹ ਐਲਾਨ ਕੀਤਾ ਜਾਣਾ ਕਿ ਉਹ ਪੰਜਾਬ ਸਰਕਾਰ ਵਲੋਂ 30 ਹਜ਼ਾਰ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਫੈਸਲੇ ਦਾ ਮੁੜ ਮੁਲਾਂਕਣ ਕਰਨਗੇ , ਉਨ੍ਹਾਂ ਦੀ ਲੋਕ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਕਰਦਾ ਹੈ’। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਭਲੀ ਭਾਂਤ ਜਾਣੂੰ ਹਨ ਕਿ ਕਾਂਗਰਸ ਪਾਰਟੀ ਲੋਕ ਭਲਾਈ ਦੀਆਂ ਸਕੀਮਾਂ ਨੂੰ ਬੰਦ ਕਰ ਦੇਵੇਗੀ, ਜਿਸ ਕਰਕੇ ਵਿਧਾਨ ਸਭਾ ਚੋਣਾਂ ਦੌਰਾਨ ਲੋਕ ਇਸ ਪੰਜਾਬ ਵਿਰੋਧੀ ਪਾਰਟੀ ਦਾ ਕਦੇ ਵੀ ਸਾਥ ਨਹੀਂ ਦੇਣਗੇ।
ਕੇਂਦਰ ਸਰਕਾਰ ਵਲੋਂ ਕਾਲੇ ਧਨ ਨੂੰ ਰੋਕਣ ਲਈ ਕੀਤੀ ਗਈ ਨੋਟਬੰਦੀ ਦਾ ਸਮਰਥਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਲੋਕ ਹਿੱਤ ਵਿਚ ਕੀਤੇ ਅਨੇਕਾਂ ਕੰਮਾਂ ਦੀ ਸ਼ੁਰੂਆਤ ਵਿਚ ਦਿੱਕਤ ਜ਼ਰੂਰ ਆਉਂਦੀ ਹੈ ਪਰ ਉਸਦੇ ਭਵਿੱਖੀ ਨਤੀਜੇ ਸਾਰਥਿਕ ਹੁੰਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨਿੱਜੀ ਤੌਰ ‘ਤੇ ਕੇਂਦਰੀ ਵਿੱਤ ਮੰਤਰੀ ਨਾਲ ਗੱਲਬਾਤ ਕੀਤੀ ਹੈ ਅਤੇ ਅਗਲੇ 15 ਦਿਨ ਤੱਕ ਸਥਿਤੀ ਆਮ ਵਾਂਗ ਹੋ ਜਾਵੇਗੀ।
ਸੰਗਤ ਦਰਸ਼ਨ ਦੌਰਾਨ  ਜਿੱਥੇ ਹਲਕੇ ਦੇ 70 ਦੇ ਕਰੀਬ ਪਿੰਡਾਂ ਦੀਆਂ ਪੰਚਾਇਤਾਂ ਤੇ ਸ਼ਹਿਰੀ ਖੇਤਰਾਂ ਦੇ ਵਾਰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਕੇ ਉਨ੍ਹਾਂ ਦਾ  ਹੱਲ ਕੀਤਾ ਗਿਆ ਉੱਥੇ ਹੀ ਵਿਕਾਸ ਕੰਮਾਂ ਲਈ ਗ੍ਰਾਂਟਾਂ ਵੀ ਜਾਰੀ ਕੀਤੀਆਂ ਗਈਆਂ।
ਇਸ ਮੌਕੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਜਲੰਧਰ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਪਰਮਜੀਤ ਸਿੰਘ Ðਰਾਏਪੁਰ, ਉਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਕੁਮਾਰ ਅਮਿਤ, ਡਿਵੀਜ਼ਨਲ ਕਮਿਸ਼ਨਰ ਹਰਭੁਪਿੰਦਰ ਸਿੰਘ ਨੰਦਾ , ਡਿਪਟੀ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਤੇ ਪੁਲਿਸ ਕਮਿਸ਼ਨਰ ਅਰਪਿਤ ਸ਼ੁਕਲਾ ਹਾਜ਼ਰ ਸਨ।

LEAVE A REPLY