flimy-duniya1ਸ਼ਾਹਰੁਖ਼ ਖ਼ਾਨ
ਬਹੁਮੁਖੀ ਅਭਿਨੇਤਾ ਅਤੇ ਕੁਝ ਸਾਲਾਂ ਤੋਂ ਨਹੀਂ, ਸਗੋਂ ਦਹਾਕਿਆਂ ਤੋਂ ‘ਸਟਾਰਡਮ’ ਦਾ ਲੁਤਫ਼ ਉਠਾ ਰਹੇ ਸ਼ਾਹਰੁਖ਼ ਅੱਜ ਵੀ ਖ਼ੁਦ ਨੂੰ ਤਲਾਸ਼ ਰਹੇ ਹਨ। ਪੰਜਵੇਂ ਦਹਾਕੇ ਵਿੱਚ ਹੋਣ ਦੇ ਬਾਵਜੂਦ ਉਹ ਖ਼ੁਦ ਵਿੱਚ ਬਚਪਨ ਢੂੰਡ ਰਹੇ ਹਨ। ਉਹ ਕਹਿੰਦੇ ਹਨ, ‘ਜਦੋਂ ਅਸੀਂ ਵੱਡੇ ਹੋ ਰਹੇ ਸਾਂ ਤਾਂ ਉਦੋਂ ਢੇਰ ਸਾਰੇ ਕਾਰਟੂਨ ਚੈਨਲ ਨਹੀਂ ਸਨ। ਇਸ ਕਾਰਨ ਅਸੀਂ ਢੇਰ ਸਾਰੇ ਪ੍ਰੋਗਰਾਮ ਨਹੀਂ ਦੇਖ ਪਾਏ। ਸਿਤਾਰਾ ਹੈਸੀਅਲ ਦੇ ਰੋਲ ਕਰਦੇ ਕਰਦੇ ਜਦੋਂ ਬੋਰੀਅਤ ਹੋਣ ਲਗਦੀ ਹੈ ਤਾਂ ‘ਡੀਅਰ ਜ਼ਿੰਦਗੀ’ ਕਰ ਲੈਂਦਾ ਹਾਂ। ਇਮਤਿਆਜ਼ ਅਲੀ ਦੀ ਫ਼ਿਲਮ ਵੀ ਇਸ ਦਿਸ਼ਾ ਵਿੱਚ ਕੀਤੀ ਗਈ ਕੋਸ਼ਿਸ਼ ਹੈ। ਹੈਂਡਸਮ, ਸੁਸ਼ੀਲ ਅਤੇ ਜੈਂਟਲਮੈਨ ਸ਼ਖ਼ਸ ਬਣ ਬਣ ਕੇ ਥੱਕਣ ਲਗਦਾ ਹਾਂ ਤਾਂ ‘ਰਈਸ’ ਵਰਗੀ ਫ਼ਿਲਮ ਕਰ ਲੈਂਦਾ ਹਾਂ। ਦਰਅਸਲ ਅਸਲ ਜ਼ਿੰਦਗੀ ਵਿੱਚ ਮੈਂ ਨਿਯਮਾਂ ਨੂੰ ਜ਼ਿਆਦਾ ਨਹੀਂ ਮੰਨਦਾ। ਪੇਸ਼ੇ ਵਿੱਚ ਵੀ ਜਦੋਂ ਸਾਰੀਆਂ ਚੀਜ਼ਾਂ ਸਥਾਪਿਤ ਅਤੇ ਜੜ ਹੋਣ ਲੱਗ ਜਾਣ ਤਾਂ ਮੈਂ ਉਨ੍ਹਾਂ ਵਿੱਚ ਤੁਰੰਤ ਤਬਦੀਲੀ ਲਿਆਉਣ ਦੀ ਕੋਸ਼ਿਸ਼ ਕਰਦਾ ਹਾਂ। ਖ਼ੈਰ! ਇਸ ਫ਼ਿਲਮ ਵਿੱਚ ਮੈਂ ਰਈਸ ਆਲਮ ਦੇ ਰੋਲ ਵਿੱਚ ਹਾਂ। ਏਸੀਪੀ ਮਜੂਮਦਰ ਨਾਂ ਦੇ ਪੁਲਿਸ ਅਧਿਕਾਰੀ ਨਾਲ ਚੂਹੇ ਬਿੱਲੀ ਅਤੇ ਲੁਕਣਮੀਟੀ ਦੀ ਖੇਡ ਲੋਕਾਂ ਨੂੰ ਦਿਲਚਸਪ ਲੱਗੇਗੀ। ਉਹ ਸ਼ਰਾਬ ਦੀ ਤਸਕਰੀ ਦਾ ਗ਼ਲਤ ਧੰਦਾ ਕਰਦਾ ਹੈ ਪਰ ਈਮਾਨ ਦਾ ਪੱਕਾ ਹੈ। ਬੇਰੁਜ਼ਗਾਰ ਨੌਜਵਾਨਾਂ ਨੂੰ ਕੰਮ ਦਿੰਦਾ ਹੈ। ਇਹ ਸਭ ਕਿਉਂ ਹੁੰਦਾ ਹੈ। ਇਹੀ ਫ਼ਿਲਮ ਦੀ ਕਹਾਣੀ ਹੈ। ਮੈਂ ਖ਼ੁਸ਼ਕਿਸਮਤ ਹਾਂ ਕਿ ਮੈਨੂੰ ਵੱਖਰੀ ਤਰ੍ਹਾਂ ਦੀਆਂ ਫ਼ਿਲਮਾਂ ਕਰਨ ਦਾ ਮੌਕਾ ਮਿਲਦਾ ਹੈ। ਲੋਕ ਕਹਿੰਦੇ ਹਨ ਕਿ ਮੈਂ ਸਭ ਕੁਝ ਹਾਸਲ ਕਰ ਲਿਆ ਹੈ। ਅਜਿਹਾ ਹੈ ਵੀ, ਪਰ ਮੈਂ ਖ਼ੁਦ ਨੂੰ ਕਦੇ ਸੰਤੁਸ਼ਟ ਨਹੀਂ ਹੋਣ ਦਿੰਦਾ। ਕਿਉਂਕਿ ਮੈਂ ਲੋਕਾਂ ਦਾ ਪਿਆਰ ਤਾ-ਉਮਰ ਪਾਉਣਾ ਚਾਹੁੰਦਾ ਹਾਂ। ਮੇਰੀਆਂ ਆਪਣੀਆਂ ਚਿੰਤਾਵਾਂ ਅਤੇ ਅਸੁਰੱਖਿਆਵਾਂ ਹਨ। ਜ਼ਿੰਦਗੀ ਖੇਡ ਵਾਂਗ ਹੈ।
ਉਸ ਵਿੱਚ ਸਾਹਮਣੇ ਵਾਲੀ ਟੀਮ ਹੀ ਵਿਰੋਧੀ ਜਾਂ ਮੁਕਾਬਲੇ ਵਾਲੀ ਟੀਮ ਨਹੀਂ ਹੁੰਦੀ। ਅਸੀਂ ‘ਹਾਰ ਦੇ ਡਰ’ ਦੇ ਖ਼ਿਲਾਫ਼ ਵੀ ਖੇਲ ਰਹੇ ਹੁੰਦੇ ਹਾਂ। ਅਸੀਂ ਸਭ ਜਿੱਤਣਾ ਚਾਹੁੰਦੇ ਹਾਂ। ਇਸ ਦਾ ਅਰਥ ਇਹ ਬਿਲਕੁਲ ਨਹੀਂ ਹੈ ਕਿ ਅਸੀਂ ਲਾਲਚੀ, ਮਤਲਬੀ ਜਾਂ ਅਡੰਬਰੀ ਹਾਂ। ਹਾਰ ਸਭ ਤੋਂ ਡਰਾਉਣੀ ਚੀਜ਼ ਹੈ। ਤੁਸੀਂ ਚਾਹੇ ਇਸ ਨੂੰ ਜਿੰਨਾ ਮਰਜ਼ੀ ਨਾਪਸੰਦ ਕਰੋ, ਅਸੀਂ ਫ਼ਿਰ ਵੀ ਹਾਰਦੇ ਹਾਂ ਪਰ ਜਿੱਤਣ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਹਾਂ। ਅਸੀਂ ਸਭ ਤੋਂ ਆਪਣੇ ਅਤੇ ਪਿਆਰੇ ਲੋਕਾਂ ਤੋਂ ਵੀ ਹਾਰਨਾ ਨਹੀਂ ਚਾਹੁੰਦੇ। ਇਹ ‘ਹਾਰ ਦਾ ਡਰ’ ਜ਼ਰੂਰੀ ਹੈ।’

LEAVE A REPLY