7ਐਸ.ਏ.ਐਸ.ਨਗਰ – ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਅੱਜ ਪੰਜਾਬੀ ਭਾਸ਼ਾ ਦੀ ਆਨ ਲਾਈਨ ਸਿਖਲਾਈ ਲਈ ਵੈਬਸਾਈਟ ਲਾਂਚ ਕੀਤੀ। ਇਹ ਵੈਬਸਾਈਟ (www.elearnpunjabi.com ਜਾਂwww.elearnpunjabi.in) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਹਿਯੋਗ ਨਾਲ ਬਣਾਈ ਗਈ ਹੈ।
ਇਸ ਮੌਕੇ ਬੋਲਦਿਆਂ ਸਿੱਖਿਆ ਮੰਤਰੀ ਡਾ.ਚੀਮਾ ਨੇ ਕਿਹਾ ਕਿ ਇਹ ਵੈਬਸਾਈਟ ਪੰਜਾਬ ਤੋਂ ਬਾਹਰ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਨੂੰ ਘਰ ਬੈਠਿਆਂ ਪੰਜਾਬੀ ਸਿਖਾਉਣ ਵਿੱਚ ਅਹਿਮ ਰੋਲ ਨਿਭਾਏਗੀ। ਉਨ੍ਹਾਂ ਕਿਹਾ ਕਿ ਪੰਜਾਬੀ ਸੂਬੇ ਦੀ 50ਵੀਂ ਵਰੇਗੰਢ ਮੌਕੇ ਸਮਾਗਮਾਂ ਦੌਰਾਨ ਸਿੱਖਿਆ ਵਿਭਾਗ ਵੱਲੋਂ ਇਸ ਵੈਬਸਾਈਟ ਨੂੰ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ ਜੋ ਅੱਜ ਬੋਰਡ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਬਣਾਉਣ ਤੋਂ ਬਾਅਦ ਲਾਂਚ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਹ ਵੈਬਸਾਈਟ ਪੰਜਾਬੀ ਸੂਬੇ ਦੀ 50ਵੀਂ ਵਰੇਗੰਢ ਨੂੰ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਨੂੰ ਰੋਜ਼ਗਾਰ ਲਈ ਲਾਜ਼ਮੀ ਬਣਾਉਣ ਕਾਰਨ ਇਹ ਵੈਬਸਾਈਟ ਪੰਜਾਬ ਤੋਂ ਬਾਹਰਲੇ ਵਸਨੀਕਾਂ ਲਈ ਵੀ ਬਹੁਤ ਸਹਾਈ ਹੋਵੇਗੀ ਜੋ ਪੰਜਾਬ ਸੂਬੇ ਵਿੱਚ ਨੌਕਰੀ ਦੇ ਚਾਹਵਾਨ ਹੋਣ। ਉਨ੍ਹਾਂ ਕਿਹਾ ਕਿ ਅੱਜ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦਾ ਸ਼ਹੀਦੀ ਦਿਹਾੜਾ ਹੈ ਅਤੇ ਅਜਿਹੇ ਇਤਿਹਾਸਕ ਮੌਕੇ ਪੰਜਾਬੀ ਭਾਸ਼ਾ ਨੂੰ ਦੇਸ਼ਾਂ-ਵਿਦੇਸ਼ਾਂ ਵਿੱਚ ਸਿਖਾਉਣ ਲਈ ਅਹਿਮ ਇਹ ਵੈਬਸਾਈਟ ਜਾਰੀ ਕੀਤੀ ਜਾ ਰਹੀ ਹੈ।
ਡਾ.ਚੀਮਾ ਨੇ ਕਿਹਾ ਕਿ ਪੰਜਾਬੀ ਸੂਬੇ ਦੀ 50ਵੀਂ ਵਰ੍ਹੰਗੇਢ ਮੌਕੇ ਸਿੱਖਿਆ ਬੋਰਡ ਵੱਲੋਂ ‘ਧਰਤ ਪੰਜਾਬ’ ਪੁਸਤਕ ਜਾਰੀ ਕੀਤੀ ਗਈ ਸੀ ਅਤੇ ਅੱਜ ਵੈਬਸਾਈਟ ਜਾਰੀ ਕੀਤੀ ਗਈ ਹੈ। ਉਨ੍ਹਾਂ ਬੋਰਡ ਅਧਿਕਾਰੀਆਂ ਨੂੰ ਕਿਹਾ ਕਿ ਇਸ ਵੈਬਸਾਈਟ ਨੂੰ ਸਮੇਂ ਸਮੇਂ ‘ਤੇ ਅੱਪਡੇਟ ਕੀਤਾ ਜਾਵੇ ਅਤੇ ਆਨਲਾਈਨ ਇਮਤਿਹਾਨ ਦੀ ਵਿਵਸਥਾ ਵੀ ਸ਼ੁਰੂ ਕੀਤੀ ਜਾਵੇ ਤਾਂ ਜੋ ਆਨਲਾਈਨ ਕੋਰਸ ਕਰਨ ਵਾਲਿਆਂ ਨੂੰ ਆਪਣੇ ਆਪ ਨੂੰ ਮੁਲਾਂਕਣ ਕਰਨ ਦਾ ਮੌਕਾ ਮਿਲ ਸਕੇ। ਉਨ੍ਹਾਂ ਪੰਜਾਬੀ ਯੂਨੀਵਰਸਿਟੀ ਦਾ ਉਚੇਚੇ ਤੌਰ ‘ਤੇ ਧੰਨਵਾਦ ਕੀਤਾ ਜਿਨ੍ਹਾਂ ਦੇ ਐਜੂਕੇਸ਼ਨ ਮਲਟੀਮੀਡੀਆ ਰਿਸਰਚ ਸੈਂਟਰ ਅਤੇ ਪੰਜਾਬੀ ਭਾਸ਼ਾ ਤਕਨਾਲੋਜੀ ਖੋਜ ਕੇਂਦਰ ਦਾ ਵਿਸ਼ੇਸ਼ ਯੋਗਦਾਨ ਰਿਹਾ ਅਤੇ ਇਹ ਕੰਮ ਡਾ.ਗੁਰਪ੍ਰੀਤ ਲਹਿਲ ਦੀ ਅਗਵਾਈ ਹੇਠ ਹੋਇਆ। ਉਨ੍ਹਾਂ ਬੋਰਡ ਅਤੇ ਸਿੱਖਿਆ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਇਸ ਵੈਬਸਾਈਟ ਦੀ ਵਰਤੋਂ ਸਬੰਧੀ ਵਰਕਸ਼ਾਪਾਂ ਲਗਾਈਆਂ ਜਾਣ ਅਤੇ ਐਜੂਸੈਟ ਰਾਹੀਂ ਵੀ ਲੋਕਾਂ ਨੂੰ ਦਿਖਾਇਆ ਜਾਵੇ।
ਇਸ ਮੌਕੇ ਬੋਲਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਡਾ.ਜਸਪਾਲ ਸਿੰਘ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਵਚਨਬੱਧ ਹੈ ਅਤੇ ਇਸ ਦਿਸ਼ਾ ਵਿੱਚ 10 ਵਿਭਾਗ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਇਤਿਹਾਸਕ ਕੰਮ ਸਿੱਖਿਆ ਮੰਤਰੀ ਡਾ.ਚੀਮਾ ਦੀ ਪ੍ਰੇਰਨਾ ਸਦਕਾ ਸੰਭਵ ਹੋਇਆ ਹੈ। ਉਨ੍ਹਾਂ ਕਿਹਾ ਕਿ ਹਰ ਭਾਸ਼ਾ ਦੀ ਆਪਣੀ ਅਹਿਮੀਅਤ ਹੈ ਪਰ ਮਾਂ ਬੋਲੀ ਦਾ ਨਿਵੇਕਲਾ ਸਥਾਨ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਸ. ਬਲਬੀਰ ਸਿੰਘ ਢੋਲ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਿੱਖਿਆ ਮੰਤਰੀ ਵੱਲੋਂ ਆਨ ਲਾਈਨ ਪ੍ਰੀਖਿਆ ਦੇ ਦਿੱਤੇ ਸੁਝਾਅ ਨੂੰ ਅਮਲ ਵਿੱਚ ਲਿਆਉਣ ਲਈ ਬੋਰਡ ਕੰਮ ਕਰੇਗਾ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੀ ਤਕਨੀਕੀ ਟੀਮ ਵੱਲੋਂ ਵੱਡੀ ਸਕਰੀਨ ਉਪਰ ਵੈਬਸਾਈਟ ਦੀ ਕਾਰਜਪ੍ਰਣਾਲੀ ਨੂੰ ਵੀਡਿਓ ਰਾਹੀਂ ਦਿਖਾਇਆ ਗਿਆ ਅਤੇ ਵੱਖ-ਵੱਖ ਸਲਾਈਡ ਸ਼ੋਅ ਨਾਲ ਇਸ ਦੇ ਨਿਵੇਕਲੇ ਕੰਮਾਂ ਅਤੇ ਇਸ ਨੂੰ ਵਰਤੋਂ ਕਰਨ ਦਾ ਤਰੀਕਾ ਦੱਸਿਆ ਗਿਆ। ਵੈਬਸਾਈਟ ਰਾਹੀਂ ਪੰਜਾਬੀ ਭਾਸ਼ਾਂ ਨੂੰ ਸਿਖਾਉਣ ਲਈ ਆਡਿਓ-ਵੀਡਿਓ ਦੀ ਵੀ ਸਹਾਇਤਾ ਲਈ ਗਈ ਹੈ।
ਬੋਰਡ ਦੇ ਸਕੱਤਰ ਸ੍ਰੀ ਜਨਕ ਰਾਜ ਮਹਿਰੋਕ ਨੇ ਦੱਸਿਆ ਕਿ ਇਸ ਪ੍ਰੋਜੈਕਟ ਅਧੀਨ ਪੜਾਅ ਵਾਰ 100-125 ਵੀਡੀਓ ਸਬਕ ਤਿਆਰ ਕੀਤੇ ਜਾਣੇ ਹਨ ਜਿਹਨਾਂ ਚੋਂ ਪਹਿਲੇ ਪੜਾਅ ਅਧੀਨ ਅੱਜ 18 ਵੀਡੀਓ ਸਬਕ ਆਨ-ਲਾਈਨ ਪਾ ਦਿੱਤੇ ਗਏ ਹਨ ਜਿਹਨਾਂ ‘ਚ ਪੰਜਾਬੀ ਬਾਰੇ ਜਾਣ ਪਛਾਣ(1), ਗੁਰਮੁਖੀ ਵਰਨਮਾਲਾ(9) , ਪੰਜਾਬੀ ਅੰਕ(4) ਪੰਜਾਬੀ ਵਿੱਚ ਹਫ਼ਤੇ ਦੇ ਦਿਨ, ਤਾਰੀਖ, ਸਮਾਂ ਅਤੇ ਮੌਸਮ(3) ਅਸਲ ਜਿੰਦਗੀ ਦੀ ਗੱਲਬਾਤ ਅਤੇ ਅਜਾਇਬ ਘਰ ਦੀ ਸੈਰ (1) ਬਾਰੇ ਵੀਡੀਓ ਸਬਕ ਅਪਲੋਡ ਕਰ ਦਿੱਤੇ ਗਏ ਹਨ। ਆਨ-ਲਾਈਨ ਪੰਜਾਬੀ ਦੀ ਪੜ੍ਹਾਈ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਸਮਾਰਟ ਫੋਨ, ਆਈ ਪੈੱਡ, ਟੈਬਲੇਟ, ਕੰਪਿਊਟਰ ਆਦਿ ਕਿਸੇ ਵੀ ਪ੍ਰਚਲਿਤ ਯੰਤਰ ਤੋਂ ਬੜੇ ਹੀ ਰੌਚਕ ਤੇ ਆਕਰਸ਼ਿਤ ਤਰੀਕੇ  ਨਾਲ ਪੰਜਾਬੀ ਸਿੱਖੀ ਜਾ ਸਕਦੀ ਹੈ। ਇਹਨਾਂ ਵੀਡੀਓ ਸਬਕਾ ਦੀ ਵਿਸ਼ੇਸ਼ਤਾ ਹੈ ਕਿ ਅੱਖਰ ਕਿਵੇਂ ਲਿਖਣੇ ਹਨ, ਉਹਨਾਂ ਦਾ ਉਚਾਰਨ ਕਿਵੇਂ ਕਰਨਾ ਹੈ ਕਿਹੜੇ ਸ਼ਬਦਾਂ ਦੇ ਬੋਲਣ ਲਈ ਬੁੱਲ੍ਹਾਂ, ਗਲੇ ਦੀ ਵਰਤੋਂ ਕਿਵੇਂ ਕਰਨੀ ਹੈ। ਇਹ ਸਭ ਕੁਝ  ਤਕਨੀਕ ਅਤੇ ਵੀਡੀਓ ਦੇ ਜ਼ਰੀਏ ਬਾਖੂਬੀ ਸਮਝਾਇਆ ਗਿਆ ਹੈ। ਦਿੱਤੇ ਗਏ ਸਬਕ ‘ਪਾਠ ਅਤੇ ਸੁਣਨ’ ਦੋਨਾਂ ਰੂਪਾਂ ‘ਚ ਹਨ। ਅਗਲੇ ਅਕਾਦਮਿਕ ਸੈਸ਼ਨ ਤੋਂ ਇਸ ਵੈੱਬ-ਸਾਈਟ ਜ਼ਰੀਏ ‘ਸਰਟੀਫੀਕੇਟ ਕੋਰਸ’ ਦੀ ਸਹੂਲਤ ਵੀ ਸ਼ੁਰੂ ਕੀਤੀ ਜਾਵੇਗੀ।
ਆਨ-ਲਾਈਨ ਪੰਜਾਬੀ ਭਾਸ਼ਾ ਦੀ ਪੜਾਈ ਲਿਖਾਈ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ‘ਰੀਸਰਚ ਸੈਂਟਰ ਫਾਰ ਪੰਜਾਬੀ ਲੈਂਗੁਏਜ ਟੈਕਨਾਲੋਜੀ’ ਵਿਭਾਗ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੌਂਪੇ ਇੱਕ ਪ੍ਰੋਜੈਕਟ ਅਧੀਨ ਡਾ.ਗੁਰਪ੍ਰੀਤ ਸਿੰਘ ਲਹਿਲ ਦੀ ਅਗਵਾਈ ‘ਚ ਡਾ.ਤੇਜਿੰਦਰ ਸਿੰਘ ਸੈਣੀ, ਮਨਪ੍ਰੀਤ ਸਿੰਘ ਬੁੜੈਲ ਅਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਇਹ ਵੀਡੀਓ ਸਬਕ ਤਿਆਰ ਕੀਤੇ ਗਏ ਹਨ।
ਇਸ ਵੈੱਬ-ਸਾਈਟ ਦੀ ਸਮੁੱਚੀ ਤਿਆਰੀ ਦਾ ਕਾਰਜ ਕਾਲ ਇੱਕ ਸਾਲ ਵਿੱਚ ਫੈਲਿਆ ਹੋਇਆ ਹੈ। ਪੰਜਾਬੀ ਦੀ ਪੜਾਈ ਨੂੰ ਪੜਾਅਵਾਰ ਵੱਖ ਵੱਖ ਸੈਕਸ਼ਨਾਂ ‘ਚ ਵੰਡਿਆ ਗਿਆ ਹੈ ਜਿਵੇਂ ਕਿ ਪਹਿਲੇ ਸੈਕਸ਼ਨ ਵਿੱਚ ਜੋ ਲਾਂਚ ਕੀਤਾ ਗਿਆ ਹੈ ਉਸ ਵਿੱਚ ਗੁਰਮੁਖੀ ਨਾਲ ਸੰਬੰਧਿਤ ਵਰਣਮਾਲਾ ਨਾਲ ਜਾਣ ਪਛਾਣ, ਬਣਤਰ, ਧੁਨੀਆਂ ਦੂਜੇ ਸੈਕਸ਼ਨ ਵਿੱਚ ਗੁਰਮੁੱਖੀ ਗਿਣਤੀ, ਤੀਜੇ ਸੈਕਸ਼ਨ ਵਿੱਚ ਰੋਜ਼-ਮਰਾ ਦੀ ਜ਼ਿੰਦਗੀ ਵਿੱਚ ਜਿਹੜੀ ਗੱਲਬਾਤ ਹੁੰਦੀ ਹੈ ਉਸਨੂੰ ਆਧਾਰ ਬਣਾਇਆ ਗਿਆ ਹੈ। ਸਾਰੇ ਵੀਡੀਓ ਸਬਕਾਂ ਦਾ ਸਮਾਂ 10-15 ਮਿੰਟ ਦਾ ਹੈ।
ਇਸ ਪ੍ਰੋਜੈਕਟ ਵਿੱਚ  ਪੰਜਾਬੀ ਯੂਨੀਵਰਸਿਟੀ ਦੇ ਲਗਪਗ 20 ਤਕਨੀਕੀ ਸਿੱਖਿਆ ਮਾਹਿਰਾ ਵੱਲੋਂ ਯੋਗਦਾਨ ਪਾਇਆ ਗਿਆ ਹੈ ਜਿਹਨਾਂ ਵਿੱਚ ਡਾ.ਗੁਰਮੀਤ ਸਿੰਘ ਮਾਨ,ਡਾ. ਹਰਵਿੰਦਰ ਕੌਰ, ਰਾਕੇਸ਼ ਡਾਵਰਾ, ਮਨਦੀਪ ਸਿੰਘ, ਇੰਦਰਜੀਤ ਕੌਰ ਮਾਨ, ਕੰਵਲਜੀਤ ਕੌਰ ਸੋਢੀ, ਡਾ.ਬੂਟਾ ਸਿੰਘ ਬਰਾੜ, ਡਾ.ਦੇਵਿੰਦਰ ਸਿੰਘ, ਡਾ.ਹਰਜੀਤ ਸਿੰਘ ਗਿੱਲ ਦੇ ਨਾਂ ਵਰਨਣ ਯੋਗ ਹਨ। ਪੰਜਾਬੀ ਯੂਨੀਵਰਸਿਟੀ ਦੇ ‘ਐਜੂਕੇਸ਼ਨਲ ਮਲਟੀ ਮੀਡੀਆ ਰੀਸਰਚ ਸੈਂਟਰ’ ਦੀ ਵੀ ਇਸ ਪ੍ਰੋਜੈਕਟ ਵਿੱਚ ਅਹਿਮ ਭੂਮਿਕਾ ਰਹੀ ਹੈ।

LEAVE A REPLY