7ਮਾਨਸਾ/ਜੋਗਾ   : ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਨੇ ਰੱਲ ਕੇ ਪੰਜਾਬ ਦੇ ਵਿਕਾਸ ਐਤੇ ਸਹੂਲਤਾਂ ਦਾ ਭੱਠਾ ਬਿਠਾ ਦੇਣਾ ਹੈ, ਕਿਉਂਕਿ ਇਹ ਦੋਨੋਂ ਪਾਰਟੀਆਂ ਇਕ ਦੂਜੇ ਨਾਲ ਮਿਲੀਆਂ ਹੋਈਆਂ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਭਾਰਤ ਸਰਕਾਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਬੀਬਾ ਬਾਦਲ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਹਨ ਪਰ ਉਹ ਆਪਣੇ ਸੂਬੇ ਨੂੰ ਵਿਕਾਸ ਵੱਲ ਲਿਜਾਣ ਦੀ ਬਜਾਇ ਦੂਜੇ ਸੂਬਿਆਂ ਵਿਚ ਘੁੰਮਦੇ ਫਿਰਦੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੰਤਰੀਆਂ ‘ਤੇ ਜਿੱਥੇ ਸੰਗੀਨ ਅਪਰਾਧ ਹਨ, ਉਥੇ ਹੁਣ ਟਿਕਟਾਂ ਦੀ ਵੰਡ ਵੇਲੇ ਵੀ ਲੋਕਾਂ ਤੋਂ 2 ਜਾਂ 3 ਕਰੋੜ ਰੁਪਏ ਲੈ ਕੇ ਟਿਕਟਾਂ ਦੀ ਵੰਡ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਕੋਲ ਲੋਕਾਂ ਨੂੰ ਦੇਣ ਲਈ ਝੂਠੇ ਲਾਰੇ ਅਤੇ ਗੱਪਾਂ ਦੇ ਗੱਫੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਅਜਿਹੀਆਂ ਪਾਰਟੀਆਂ ਤੋਂ ਸੁਚੇਤ ਰਹਿਣ।
ਪੱਤਰਕਾਰਾਂ ਵੱਲੋਂ ਭਗਵੰਤ ਮਾਨ ਦੇ ਸਬੰਧ ਵਿਚ ਪੁੱਛੇ ਸਵਾਲ ‘ਤੇ ਕੇਂਦਰੀ ਮੰਤਰੀ ਬੀਬਾ ਬਾਦਲ ਨੇ ਕਿਹਾ ਕਿ ਭਗਵੰਤ ਮਾਨ ਨੇ ਪੰਜਾਬੀਆਂ ਨੂੰ ਬਦਨਾਮ ਕਰ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ 60 ਸਾਲਾਂ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਮੈਂਬਰ ਪਾਰਲੀਮੈਂਟ ਨੂੰ ਸਰਵਸੰਮਤੀ ਨਾਲ ਪਾਰਲੀਮੈਂਟ ਤੋਂ ਬਾਹਰ ਰੱਖਿਆ ਹੋਵੇ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਗੱਲ ਅਤੇ ਉਨ੍ਹਾਂ ਵਰਗੀਆਂ ਦਸਤਾਰਾਂ ਦੀ ਨਕਲ ਕਰਕੇ ਕਦੇ ਗੁਰੂ ਘਰ ਅਤੇ ਕਦੇ ਪਾਰਲੀਮੈਂਟ ਵਿਚ ਨਸ਼ਾ ਕਰਕੇ ਆਉਣਾ ਬਹੁਤ ਹੀ ਬੁਰੀ ਗੱਲ ਹੈ। ਕੇਂਦਰੀ ਮੰਤਰੀ ਬੀਬਾ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਸਰਕਾਰ ਦਾ ਮੁੱਖ ਮੰਤਵ ਨੌਜਵਾਨਾਂ ਨੂੰ ਨੌਕਰੀਆਂ ਅਤੇ ਗਰੀਬ ਤੇ ਲੋੜਵੰਦ ਪਰਿਵਾਰਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣਾ ਹੈ। ਉਨ੍ਹਾਂ ਕਿਹਾ ਕਿ ਇਸੇ ਮੰਤਵ ਤਹਿਤ ਸ. ਪਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਖਜਾਨੇ ਦਾ ਮੂੰਹ ਲੋੜਵੰਦਾਂ, ਗਰੀਬਾਂ ਨੂੰ ਆਟਾ-ਦਾਲ ਸਕੀਮ, ਸ਼ਗਨ ਸਕੀਮ, ਮੋਟਰਾਂ ਦੇ ਬਿੱਲ ਮੁਆਫ਼, ਮਾਈ ਭਾਗੋ ਸਕੀਮ ਤਹਿਤ ਸਾਈਕਲਾਂ ਦੀ ਵੰਡ, ਉਜੱਵਲਾ ਸਕੀਮ ਅਧੀਨ ਚੁੱਲ੍ਹਿਆਂ ਦੀ ਵੰਡ, ਸਿਹਤ ਬੀਮਾ ਯੋਜਨਾ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੀਆਂ ਸਹੂਲਤਾਂ ਦੇਣ ਲਈ ਖੋਲ੍ਹ ਰੱਖਿਆ ਹੈ।
ਆਪਣੇ ਅੱਜ ਦੇ ਦੌਰੇ ਦੌਰਾਨ ਬੀਬਾ ਹਰਸਿਮਰਤ ਕੌਰ ਬਾਦਲ ਨੇ ਜੋਗਾ ਵਿਖੇ 377 ਲਾਭਪਾਤਰੀਆਂ ਨੂੰ ‘ਹਰੇਕ ਨੂੰ ਮਕਾਨ’ ਮੁਹਿੰਮ ਅਧੀਨ ਮੰਨਜ਼ੂਰੀ ਪੱਤਰਾਂ ਦੀ ਵੰਡ ਕੀਤੀ, ਜਿਨ੍ਹਾਂ ਵਿਚੋਂ 299 ਪਰਿਵਾਰਾਂ ਨੂੰ ਨਵੇਂ ਮਕਾਨਾਂ ਲਈ ਅਤੇ 78 ਪਰਿਵਾਰਾਂ ਨੂੰ ਮਕਾਨਾਂ ਦੀ ਮੁਰੰਮਤ ਲਈ ਕਰੀਬ ਪੌਣੇ 5 ਕਰੋੜ ਰੁਪਏ ਦੇ ਪ੍ਰਵਾਨਗੀ ਪੱਤਰ ਸੌਂਪੇ। ਇਸ ਮੌਕੇ ਬੀਬਾ ਬਾਦਲ ਨੇ ਪਿੰਡਾਂ ਵਿਚ ਜਾਣ ਵਾਲੀਆਂ 5 ਪੀ.ਆਰ.ਟੀ.ਸੀ. ਦੀਆਂ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਇਹ ਬੱਸ ਸੇਵਾ ਸ਼ੁਰੂ ਹੋਣ ਨਾਲ ਪਿੰਡਾਂ ਦੇ ਲੋਕਾਂ ਦੀ ਆਵਾਜਾਈ ਦੀ ਸਮੱਸਿਆ ਹੱਲ ਹੋ ਜਾਵੇਗੀ। ਇਨ੍ਹਾਂ ਬੱਸਾਂ ਦੇ ਰੂਟ ਵਿਚ ਇਕ ਬੱਸ ਬੁਢਲਾਡਾ ਤੋਂ ਦਾਤੇਵਾਸ, ਬਰੇਟਾ, ਮੰਡੇਰ, ਜੁਗਲਾਣ ਅਤੇ ਕੁਲਰੀਆਂ। ਇਸੇ ਤਰ੍ਹਾਂ ਦੂਜੀ ਬੱਸ ਬੁਢਲਾਡਾ ਤੋਂ ਬੋਹਾ, ਸ਼ੇਰਖਾਂਵਾਲਾ, ਮਘਾਣੀਆਂ, ਰਿਉਂਦ, ਝੱਲਬੁੱਟੀ, ਮੰਡੇਰ ਅਤੇ ਬਰੇਟਾ। ਤੀਜੀ ਬੱਸ ਬੁਢਲਾਡਾ ਤੋਂ ਕਲੀਪੁਰ, ਬੋਹਾ, ਨੰਦਗੜ੍ਹ, ਮਲਕੋ, ਚੈਨੇਵਾਲਾ, ਝੁਨੀਰ, ਫੱਤਾ, ਸਰਦੂਲਗੜ੍ਹ ਤੇ ਝੰਡਾ ਕਲਾਂ। ਚੌਥੀ ਬੱਸ ਬੁਢਲਾਡਾ ਤੋਂ ਅਹਿਮਦਪੁਰ, ਕੁਲਹਿਰੀ, ਬਰਨਾਲਾ, ਜਵਾਹਰਕੇ, ਮਾਨਸਾ, ਮਾਨਬੀਬੜੀਆਂ, ਸੈਦੇਵਾਲਾ, ਖੋਖਰ, ਮਾਨ ਅਸਪਾਲ ਅਤੇ ਮੋੜ ਮੰਡੀ ਅਤੇ ਇਸੇ ਤਰ੍ਹਾਂ ਪੰਜਵੀ ਬੱਸ ਬੁਢਲਾਡਾ ਤੋਂ ਦਾਤੇਵਾਸ, ਰੰਘੜਿਆਲ, ਗਾਗਾ ਤੇ ਲਹਿਰਾ ਦੇ ਰੂਟ ਕਵਰ ਕਰੇਗੀ।
ਇਸ ਮੌਕੇ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ, ਐਮ.ਡੀ. ਪੀ.ਆਰ.ਟੀ.ਸੀ. ਸ਼੍ਰੀ ਰਵਿੰਦਰ ਸਿੰਘ, ਐਸ.ਐਸ.ਪੀ ਮਾਨਸਾ ਸ਼੍ਰੀ ਮੁਖਵਿੰਦਰ ਸਿੰਘ ਭੁੱਲਰ, ਵਾਈਸ ਚੇਅਰਮੈਨ ਪੀ.ਆਰ.ਟੀ.ਸੀ. ਸ਼੍ਰੀ ਵਿਨਰਜੀਤ ਸਿੰਘ ਗੋਲਡੀ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਬਠਿੰਡਾ ਸ਼੍ਰੀ ਜਗਦੀਪ ਸਿੰਘ ਨੱਕਈ, ਚੇਅਰਮੈਨ ਮਾਰਕਿਟ ਕਮੇਟੀ ਭੀਖੀ ਸ਼੍ਰੀ ਬਲਦੇਵ ਸਿੰਘ ਮਾਖਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਹਰਿੰਦਰ ਸਿੰਘ ਸਰਾ, ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਗੁਰਮੇਲ ਸਿੰਘ ਫਫੜੇ ਭਾਈਕੇ, ਪੀ.ਏ. ਟੂ ਬੀਬਾ ਹਰਸਿਮਰਤ ਕੌਰ ਬਾਦਲ ਸ਼੍ਰੀ ਅਨਮੋਲਪ੍ਰੀਤ ਸਿੰਘ, ਜੀ.ਐਮ. ਪੀ.ਆਰ.ਟੀ.ਸੀ. ਬੁਢਲਾਡਾ ਸ਼੍ਰੀ ਮਹਿੰਦਰਪਾਲ ਸਿੰਘ, ਜ਼ਿਲ੍ਹਾ ਪ੍ਰਧਾਨ ਐਸ.ਸੀ.ਵਿੰਗ ਸ਼੍ਰੀ ਸਵਰਨ ਸਿੰਘ ਹੀਰੇਵਾਲਾ, ਜ਼ਿਲ੍ਹਾ ਪ੍ਰਧਾਨ ਇਸਤਰੀ ਸ਼੍ਰੋਮਣੀ ਅਕਾਲੀ ਦਲ (ਸ਼ਹਿਰੀ) ਮੈਡਮ ਸਿਮਰਜੀਤ ਕੌਰ ਸਿੰਮੀ, ਜ਼ਿਲ੍ਹਾ ਪ੍ਰਧਾਨ ਇਸਤਰੀ ਸ਼੍ਰੋਮਣੀ ਅਕਾਲੀ ਦਲ (ਦਿਹਾਤੀ) ਮੈਡਮ ਬਲਵੀਰ ਕੌਰ ਅਤੇ ਜਨਰਲ ਸਕੱਤਰ ਮਾਲਵਾ ਜੋਨ-1 ਸ਼੍ਰੀ ਕੇਵਲ ਤੋਂ ਇਲਾਵਾ ਲਾਭਪਾਤਰੀ ਮੌਜੂਦ ਸਨ।

LEAVE A REPLY