1ਚੰਡੀਗਡ਼੍ਹ  -ਨਾਭਾ ਜੇਲ ਕਾਂਡ ਨੂੰ ਲਗਭਗ ਇੱਕ ਮਹੀਨਾ ਹੋ ਗਿਆ ਹੈ ਤੇ ਆਮ ਆਦਮੀ ਪਾਰਟੀ (ਆਪ) ਨੇ ਅੱਜ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਤੋਂ ਸਪਸ਼ਟੀਕਰਨ ਮੰਗਿਆ ਹੈ ਕਿ ਗੈਂਗਸਟਰਾਂ ਦੇ ਗਰੁੱਪ ਦੀ ਮਦਦ ਰਾਹੀਂ ਯੋਜਨਾਬੱਧ ਤਰੀਕੇ ਨਾਲ 27 ਨਵੰਬਰ ਨੂੰ ਨਾਭਾ ਜੇਲ ਤੋਂ ਭੱਜੇ ਗੈਂਗਸਟਰ ਕਿੱਥੇ ਹਨ।
ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਅਤੇ ਪਾਰਟੀ ਦੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਭਗਵੰਤ ਮਾਨ ਨੇ ਕਿਹਾ ਕਿ ਨਾ ਤਾਂ ਫਰਾਰ ਹੋਏ ਗੈਂਗਸਟਰਾਂ ਨੂੰ ਅਤੇ ਨਾ ਹੀ ਉਨਾਂ ਦੀ ਸਹਾਇਤਾ ਕਰਨ ਵਾਲੇ ਦੋਸ਼ੀਆਂ ਨੂੰ ਹਾਲੇ ਤੱਕ ਫਡ਼ਿਆ ਗਿਆ ਹੈ। ਉਨਾਂ ਕਿਹਾ ਕਿ ਦੋ ਦੋਸ਼ੀਆਂ ਵਿੱਚੋਂ ਇੱਕ ਅੱਤਵਾਦੀ ਹਰਮਿੰਦਰ ਸਿੰਘ ਮਿੰਟੂ ਅਤੇ ਇੱਕ ਸਾਜਿਸ਼ਕਰਤਾ ਪਲਵਿੰਦਰ ਸਿੰਘ ਪਿੰਦਾ ਨੂੰ ਦਿੱਲੀ ਅਤੇ ਉਤਰ ਪ੍ਰਦੇਸ਼ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ, ਜਦੋਂ ਉਹ ਪੰਜਾਬ ਦੀ ਸੀਮਾ ਨੂੰ ਪਾਰ ਕਰ ਚੁੱਕੇ ਸਨ। ਉਨਾਂ ਕਿਹਾ ਪੰਜਾਬ ਪੁਲਿਸ ਤਾਂ ਇਨਾਂ ਨੂੰ ਟ੍ਰੇਸ ਕਰਨ ਦੇ ਵੀ ਯੋਗ ਨਹੀਂ ਸੀ। ਹੋਰ ਤਾਂ ਹੋਰ ਇਸ ਗੱਲ ਦੀਆਂ ਵੀ ਪੱਕੀਆਂ ਸੰਭਾਵਨਾਵਾਂ ਹਨ ਕਿ ਫਰਾਰ ਅਪਰਾਧੀ ਪੰਜਾਬ ਵਿੱਚ ਹੀ ਛੁਪੇ ਹੋਏ ਹਨ। ਉਨਾਂ ਪੰਜਾਬ ਪੁਲਿਸ ਉਤੇ ਸਿਆਸੀ ਦਬਾਅ ਹੇਠ ਕੰਮ ਕਰਨ ਅਤੇ ਅਪਰਾਧੀ ਗੈਂਗਾਂ ਨੂੰ ਹੱਥ ਨਾ ਪਾਉਣ ਦਾ ਦੋਸ਼ ਲਗਾਇਆ।
ਮਾਨ ਨੇ ਕਿਹਾ ਕਿ ਸੂਬੇ ਦੇ ਗ੍ਰਹਿ ਮੰਤਰੀ ਹੋਣ ਦੇ ਕਾਰਨ ਸੁਖਬੀਰ ਸਿੰਘ ਬਾਦਲ ਜੇਲ ਬ੍ਰੇਕ ਕਾਂਡ ਲਈ ਸਿੱਧੇ ਤੌਰ ਉਤੇ ਜਿੰਮੇਵਾਰ ਹਨ ਅਤੇ ਭਗੌਡ਼ਿਆਂ ਨੂੰ ਸਿਆਸੀ ਆਸਰਾ ਦੇ ਰਹੇ ਹਨ। ਉਨਾਂ ਦੋਸ਼ ਲਗਾਇਆ ਕਿ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਸੂਬੇ ਵਿੱਚ ਅਪਰਾਧਿਕ ਤੱਤਾਂ ਨੂੰ ਬਚਾਉਣ ਵਿੱਚ ਲੱਗੇ ਹੋਏ ਹਨ।
ਮਾਨ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ, ਜਿਨਾਂ ਨੇ ਕਿ ਸੁਖਬੀਰ ਸਿੰਘ ਬਾਦਲ ਉਤੇ ਭਗੌਡ਼ਿਆਂ ਨੂੰ ਬਚਾਉਣ ਦੇ ਦੋਸ਼ ਲਗਾਏ ਸਨ, ਉਨਾਂ ਨੇ ਵੀ ਇਸ ਮੁੱਦੇ ਉਤੇ ਹੁਣ ਚੁੱਪ ਧਾਰਨ ਕੀਤੀ ਹੋਈ ਹੈ। ਉਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਆਗੂਆਂ ਨੇ ਆਪ ਆਗੂਆਂ ਨੂੰ ਡਰਾਉਣ ਲਈ ਇਕ ਸਾਜਿਸ਼ ਰਚੀ ਗਈ ਹੈ, ਤਾਂ ਕਿ ਆਪ ਆਗੂਆਂ ਵਿੱਚ ਇਨਾਂ ਗੈਂਗਸਟਰਾਂ ਬਾਰੇ ਖੌਫ ਪੈਦਾ ਕੀਤਾ ਜਾ ਸਕੇ। ਉਨਾਂ ਕਿਹਾ ਕਿ ਮਜੀਠੀਆ ਨੇ ਯੂਥ ਅਕਾਲੀ ਦਲ ਵਿੱਚ ਵੱਡੀ ਗਿਣਤੀ ਚ ਅਪਰਾਧਿਕ ਤੱਤਾਂ ਨੂੰ ਭਰਤੀ ਕੀਤਾ ਹੋਇਆ ਹੈ। ਮਾਨ ਨੇ ਅੰਮ੍ਰਿਤਸਰ ਯੂਥ ਅਕਾਲੀ ਦਲ ਦੇ ਜਨ. ਸਕੱਤਰ ਰਣਜੀਤ ਸਿੰਘ ਰਾਣਾ ਦੀ ਉਦਾਹਰਣ ਦਿੱਤੀ, ਜਿਸਨੇ ਏਐਸਆਈ ਰਵਿੰਦਰਪਾਲ ਸਿੰਘ ਦੀ ਉਸ ਮੌਕੇ ਹੱਤਿਆ ਕਰ ਦਿੱਤੀ ਸੀ, ਜਦੋਂ ਉਹ ਆਪਣੀ ਧੀ ਨੂੰ ਅਕਾਲੀ ਗੁੰਡਿਆਂ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।
ਮਾਨ ਨੇ ਕਿਹਾ ਕਿ ਅਜਿਹੇ ਬਹੁਤ ਸਾਰੇ ਮਾਮਲੇ ਹਨ, ਜਿਨਾਂ ਵਿੱਚ ਅਕਾਲੀ ਗੁੰਡਿਆਂ ਵੱਲੋਂ ਭੋਲੇ-ਭਾਲੇ ਲੋਕਾਂ ਨੂੰ ਡਰਾਇਆ, ਲੁੱਟਿਆ ਅਤੇ ਕਤਲ ਕੀਤਾ ਜਾ ਰਿਹਾ ਹੈ, ਜਦਕਿ ਪੁਲਿਸ ਮੂਕ ਦਰਸ਼ਕ ਬਣੀ ਹੋਈ ਹੈ।  ਇਸਦੇ ਨਾਲ ਹੀ ਭਗਵੰਤ ਮਾਨ ਨੇ ਕਿਹਾ ਕਿ ਪੁਲਿਸ ਹਾਲੇ ਤੱਕ ਮਾਤਾ ਚੰਦ ਕੌਰ, ਆਰਐਸਐਸ ਆਗੂ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਅਤੇ ਯੂਕੇ ਤੋਂ ਪੰਜਾਬ ਦੌਰੇ ਉਤੇ ਆਏ ਬਿਜਨਸਮੈਨ ਰਣਜੀਤ ਸਿੰਘ ਦੇ ਕਾਤਲਾਂ ਬਾਰੇ ਹਾਲੇ ਤੱਕ ਕੋਈ ਸੁਰਾਗ ਨਹੀਂ ਲਗਾ ਸੀ।
ਸ਼੍ਰੀ ਗੁਰੂ ਗ੍ਰੰਥ ਸਾਹਿਬ, ਪਵਿੱਤ ਕੁਰਾਨ ਅਤੇ ਭਗਵਤ ਗੀਤਾ ਦੀ ਬੇਅਦਬੀ ਲਈ ਵੀ ਭਗਵੰਤ ਮਾਨ ਨੇ ਸੁਖਬੀਰ ਬਾਦਲ ਨੂੰ ਜਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਉਹ ਪੰਜਾਬ ਵਿੱਚ ਫਿਰਕੂ ਮਾਹੌਲ ਪੈਦਾ ਕਰਨਾ ਚਾਹੁੰਦੇ ਹਨ, ਤਾਂਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਦਾ ਸਿਆਸੀ ਫਾਇਦਾ ਹੋ ਸਕੇ। ਉਨਾਂ ਕਿਹਾ ਕਿ ਭਾਜਪਾ ਵੀ ਇਸ ਸਾਜਿਸ਼ ਵਿੱਚ ਸ਼ਾਮਿਲ ਸੀ, ਪਰ ਖੁਸ਼ਕਿਸਮਤੀ ਨਾਲ ਲੋਕਾਂ ਨੇ ਭਾਜਪਾ ਨੂੰ ਮੂੰਹ ਨਹੀਂ ਲਾਇਆ। ਮਾਨ ਨੇ ਅਕਾਲੀ-ਭਾਜਪਾ ਸਰਕਾਰ ਉਤੇ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਨਾ ਫਡ਼ਨ ਦਾ ਦੋਸ਼ ਲਗਾਇਆ। ਉਨਾਂ ਕਿਹਾ ਕਿ ਪਿੰਡ ਬਹਿਬਲ ਕਲਾਂ ਵਿਖੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਸਿੱਖਾਂ ਉਤੇ ਗੋਲੀਆਂ ਚਲਾਉਣ ਵਾਲੇ ਪੁਲਿਸ ਅਫਸਰਾਂ ਦੀ ਘਟਨਾ ਤੋਂ ਢਾਈ ਮਹੀਨੇ ਬਾਅਦ ਤੱਕ ਪਹਿਚਾਣ ਹੀ ਨਹੀਂ ਹੋ ਸਕੀ ਸੀ।
ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਅੱਗ ਨਾਲ ਖੇਡ ਰਹੇ ਹਨ ਅਤੇ ਅਗਾਮੀ ਵਿਧਾਨ ਸਭਾ ਚੋਣਾਂ ਜਿੱਤਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਉਨਾਂ ਅੱਗੇ ਕਿਹਾ ਕਿ 2017 ਦੀਆਂ ਚੋਣਾਂ ਵਿੱਚ ਅਕਾਲੀ, ਭਾਜਪਾ ਅਤੇ ਕਾਂਗਰਸ ਨੂੰ ਉਨਾਂ ਦੀ ਮਾਡ਼ੀ ਕਾਰਗੁਜਾਰੀ ਲਈ ਮੂੰਹ ਤੋਡ਼ਵਾਂ ਜਵਾਬ ਦੇਣਗੇ।  ਉਨਾਂ ਚਿੰਤਾ ਪ੍ਰਗਟਾਈ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਜਰਜਰ ਹੋ ਚੁੱਕੀ ਹੈ ਅਤੇ ਸਿਆਸੀ ਸ਼ਹਿ ਉਤੇ ਅਪਰਾਧੀ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ।

LEAVE A REPLY