3ਚੰਡੀਗਡ਼੍ਹ  -ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵਡ਼ੈਚ ਨੇ ਕਿਹਾ ਹੈ ਕਿ ਕੇਂਦਰ ਅਤੇ ਪੰਜਾਬ ਵਿੱਚ ਅਕਾਲੀ-ਭਾਜਪਾ ਦੀਆਂ ਸਰਕਾਰਾਂ ਨੇ ਪੰਜਾਬ ਦੇ ਲੱਕਡ਼ ਉਤਪਾਦਕ ਕਿਸਾਨਾਂ (ਫੌਰੈਸਟ੍ਰੀ ਫਾਰਮਰ) ਅਤੇ ਲੱਕਡ਼ ਉਦਯੋਗ ਨੂੰ ਡੋਬ ਕੇ ਰੱਖ ਦਿੱਤਾ ਹੈ।  ਆਪ ਵੱਲੋਂ ਜਾਰੀ ਬਿਆਨ ਰਾਹੀਂ ਵਡ਼ੈਚ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਦਾ ਜਿੰਮੇਵਾਰ ਦੱਸਦਿਆਂ ਕਿਹਾ ਕਿ ਕੇਂਦਰ ਅਤੇ ਪੰਜਾਬ ਵਿੱਚ ਇਨਾਂ ਦੀ ਸਰਕਾਰ ਹੋਣ ਦੇ ਬਾਵਜੂਦ ਪੰਜਾਬ ਦੇ ਪਾਪੂਲਰ ਅਤੇ ਸਫੈਦਾ ਉਤਪਾਦਕ ਕਿਸਾਨਾਂ ਦੀ ਸਾਰ ਨਹੀਂ ਲਈ ਗਈ।  ਕਿਸਾਨ ਅਤੇ ਵਪਾਰੀ ਵਿਰੋਧੀ ਨੀਤੀਆਂ ਦੇ ਕਾਰਣ ਲੱਕਡ਼ ਉਤਪਾਦਕ ਕਿਸਾਨਾਂ ਅਤੇ ਇਨਾਂ ਉਪਰ ਨਿਰਭਰ ਪਲਾਈਵੁੱਡ ਇੰਡਸਟਰੀ ਬਰਬਾਦ ਹੋ ਗਈ ਹੈ। ਪਾਪੂਲਰ ਅਤੇ ਸਫੈਦੇ ਦੀ ਲੱਕਡ਼ ਦਾ ਪ੍ਰਤੀ ਕਵਿੰਟਲ ਮੁੱਲ ਔਸਤਨ 1200 ਰੁਪਏ ਤੋਂ ਘਟ ਕੇ 400 ਰੁਪਏ ਤੋਂ ਵੀ ਥੱਲੇ ਆ ਗਿਆ ਹੈ। ਪੰਜਾਬ ਦੀਆਂ 80 ਫੀਸਦੀ ਪਲਾਈਵੁੱਡ ਫੈਕਟਰੀਆਂ ਬੰਦ ਹੋਣ ਕਾਰਨ ਇਨਾਂ ਵਿੱਚ ਕੰਮ ਕਰਦੇ ਹਜਾਰਾਂ ਲੋਕ ਬੇਰੋਜਗਾਰ ਹੋ ਗਏ ਹਨ।
ਗੁਰਪ੍ਰੀਤ ਸਿੰਘ ਵਡ਼ੈਚ ਨੇ ਕਿਹਾ ਕਿ ਜੇਕਰ ਬਾਦਲ ਸਰਕਾਰ ਨੇ ਪੰਜਾਬ ਕਿਸਾਨ ਕਮਿਸ਼ਨ ਵੱਲੋਂ ਪਾਪੂਲਰ ਅਤੇ ਸਫੈਦਾ ਉਤਪਾਦਕ ਕਿਸਾਨਾਂ ਵਾਸਤੇ ਕੀਤੀਆਂ ਗਈ  ਸਿਫਾਰਿਸ਼ਾਂ ਨੂੰ ਲਾਗੂ ਕਰਨ ਵਿੱਚ ਸੁਹਿਰਦਤਾ ਵਿਖਾਈ ਹੁੰਦੀ ਅਤੇ ਪਾਪੂਲਰ, ਸਫੈਦੇ ਅਤੇ ਡੇਕ ਦੀ ਲੱਕਡ਼ ਦਾ ਘੱਟੋ-ਘੱਟ ਸਮਰਥਨ ਮੁੱਲ ਤੈਅ ਕੀਤਾ ਹੁੰਦਾ ਤਾਂ ਪੰਜਾਬ ਦੇ ਲੱਕਡ਼ ਉਤਪਾਦਕ ਕਿਸਾਨਾਂ ਦਾ ਐਨਾ ਬੁਰਾ ਹਾਲ ਨਾ ਹੁੰਦਾ, ਜਦਕਿ ਕੇਂਦਰ ਵਿੱਚ ਆਪਣੀ ਭਾਈਵਾਲ ਸਰਕਾਰ ਹੁੰਦਿਆਂ ਪ੍ਰਕਾਸ਼ ਸਿੰਘ ਬਾਦਲ ਇਹ ਕੰਮ ਆਸਾਨੀ ਨਾਲ ਕਰਵਾ ਸਕਦੇ ਸਨ।  ਇਸ ਤੋਂ ਇਲਾਵਾ ਚੀਨੀ ਬਜਾਰ ਵੱਲੋਂ ਪਲਾਈਵੁੱਡ ਅਤੇ ਦੂਸਰੇ ਲੱਕਡ਼ ਉਦਯੋਗ ਨੂੰ ਦਿੱਤੀ ਜਾ ਰਹੀ ਚੁਣੌਤੀ ਦੀ ਕੂੰਜੀ ਵੀ ਕੇਂਦਰ ਸਰਕਾਰ ਦੇ ਹੱਥ ਸੀ। ਗੁਰਪ੍ਰੀਤ ਵਡ਼ੈਚ ਨੇ ਕਿਹਾ ਕਿ ਪਹਿਲਾਂ ਕਾਂਗਰਸ ਅਤੇ ਫਿਰ ਅਕਾਲੀ-ਭਾਜਪਾ ਸਰਕਾਰਾਂ ਨੇ ਲੱਕਡ਼ ਉਤਪਾਦਕ ਕਿਸਾਨਾਂ ਅਤੇ ਲੱਕਡ਼ ਉਦਯੋਗ ਨੂੰ ਬਚਾਉਣ ਲਈ ਕੋਈ ਠੋਸ ਨੀਤੀ ਜਾਂ ਕਦਮ ਨਹੀਂ ਉਠਾਇਆ। ਉਨਾਂ ਵਿਸ਼ਵਾਸ ਦੁਆਇਆ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਤੇ ਲੱਕਡ਼ ਉਦਯੋਗ ਅਤੇ ਲੱਕਡ਼ ਉਤਪਾਦਕ ਕਿਸਾਨਾਂ ਨੂੰ ਹਰ ਸੰਭਵ ਸਹਾਇਤਾ ਦੇ ਕੇ ਪੁਨਰ-ਸੁਰਜੀਤ ਕੀਤਾ ਜਾਵੇਗਾ।
ਵਡ਼ੈਚ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ-ਭਾਜਪਾ ਸਰਕਾਰਾਂ ਦੀ ਬੇਰੁਖੀ ਕਾਰਨ ਪਿਛਲੇ 15 ਸਾਲਾਂ ਵਿੱਚ ਪੰਜਾਬ ਅੰਦਰ ਲੱਕਡ਼ ਉਤਪਾਦਨ ਹੇਠ ਸਵਾ ਲੱਖ ਏਕਡ਼ ਤੋਂ ਵੱਧ ਰਕਬਾ ਘਟ ਗਿਆ ਹੈ, ਜੋ ਵਾਤਾਵਰਣ ਲਈ ਵੀ ਵੱਡੀ ਚਿੰਤਾ ਦਾ ਵਿਸ਼ਾ ਹੈ।

LEAVE A REPLY