6ਜੱਬਲਪੁਰ  -ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਨਰਮਦਾ ਸੇਵਾ ਯਾਤਰਾ ਦੌਰਾਨ ਹਰਦੁਲੀ ਪਿੰਡ ਵਿੱਚ ਕੀਤੇ ਗਏ ਸਮਾਗਮ ਦੌਰਾਨ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦਾ ਸਨਮਾਨ ਕਰਦਿਆ ਐਲਾਨ ਕੀਤਾ ਕਿ ਨਰਮਦਾ ਨਦੀਂ ਵਿੱਚ ਗੰਦੇ ਪਾਣੀ ਪੈਣ ਤੋਂ ਰੋਕੇ ਜਾਣਗੇ ਤੇ ਇੰਨ੍ਹਾਂ ਪਾਣੀਆਂ ਨੂੰ ਟਰੀਟ ਕਰਕੇ ਖੇਤੀ ਨੂੰ ਲਗਾਇਆ ਜਾਵੇਗਾ। ਲੋਕਾਂ ਦੇ ਭਾਰੀ ਇੱਕਠ ਵਿੱਚ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਬਾਬੇ ਨਾਨਕ ਦੀ ਚਰਨਛੋਹ ਪ੍ਰਾਪਤ ਪਵਿੱਤਰ ਵੇਈਂ ਨੂੰ ਮੁਡ਼ ਨਿਰਮਲ ਬਣਾਉਣ ਵਾਲੇ ਸੰਤ ਸੀਚੇਵਾਲ ਜੀ ਦੇ ਕਾਰਜਾਂ ਦੀ ਪ੍ਰਸੰਸਾ ਕਰਦਿਆ ਕਿਹਾ ਕਿ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੰਗਾ ਨੂੰ ਸਾਫ਼ ਕਰਨ ਲਈ ‘ਸੀਚੇਵਾਲ ਮਾਡਲ’ ਨੂੰ ਅਪਣਾਇਆ ਹੈ।ਸ਼ਿਵਰਾਜ ਚੌਹਾਨ ਨੇ ਨਰਮਦਾ ਨਦੀ ਨੂੰ ਸਾਫ਼ ਰੱਖਣ ਲਈ ਸੰਤ ਸੀਚੇਵਾਲ ਜੀ ਦੇ ਏਜੰਡੇ ਨੂੰ ਅਪਣਾਉਂਦਿਆ ਕਿਹਾ ਨਰਮਦਾ ਵਿੱਚ ਪੈ ਰਹੇ ਪਿੰਡਾਂ ਤੇ ਸ਼ਹਿਰਾਂ ਦੇ ਗੰਦੇ ਪਾਣੀਆਂ ਨੂੰ ਰੋਕਿਆ ਜਾਵੇਗਾ ਤੇ ਇੰਨ੍ਹਾਂ ਗੰਦੇ ਪਾਣੀਆਂ ਨੂੰ ਟਰੀਟਮੈਂਟ ਪਲਾਂਟਾ ਰਾਹੀ ਸੋਧਕੇ ਇਹ ਪਾਣੀ ਖੇਤੀ ਲਈ ਵਰਤਿਆ ਜਾਵੇਗਾ।
ਨਦੀ ਦੇ ਦੋਵੇ ਪਾਸੇ ਗਰੀਨ ਬੈਲਟ ਬਣਾਈ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਦੋ ਕਿਲੋਮੀਟਰ  ਫਲਦਾਰ ਰੁੱਖ ਲਗਾਉਣ ਸਮੇਂ ਸਰਕਾਰ ਕਿਸਾਨਾਂ ਨੂੰ ਚਾਰ ਸਾਲ ਤੱਕ ੨੦ ਹਾਜ਼ਾਰ ਰੁਪਏ ਏਕਡ਼ ਦੇ ਹਿਸਾਬ ਨਾਲ ਮੁਆਵਜ਼ਾ ਦੇਵੇਗੀ।ਰੁੱਖ ਲਗਾਉਣ ਲਈ ਟੋਏ ਪੁੱਟਣ ਦੇ ਪੈਸੇ ਵੀ ਸਰਕਾਰ ਵੱਲੋਂ ਦਿੱਤੇ ਜਾਣਗੇ। ਕੈਮੀਕਲ ਯੁਕਤ ਮੂਰਤੀਆਂ ਨੂੰ ਨਦੀਂ ਵਿੱਚ ਵਿਸਰਜਨ ਨਹੀਂ ਕੀਤਾ ਜਾਵੇਗਾ ਤੇ ਲੋਕਾਂ ਦੀ ਆਸਥਾ ਦਾ ਧਿਆਨ ਰੱਖਦਿਆ ਹੋਇਆ ਮੂਰਤੀਆਂ ਤਾਰਨ ਲਈ ਵੱਖਰਾ ਕੁੰਡ ਬਣਾਇਆ ਜਾਵੇਗਾ।ਨਦੀ ਵਿੱਚ ਪੂਜਾ ਦੀ ਸਮੱਗਰੀ ਵੀ ਨਾ ਸੁੱਟਣ ਬਾਰੇ ਉਨ੍ਹਾਂ ਸਾਧੂ ਸੰਤਾਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਨੂੰ ਇਸ ਬਾਰੇ ਦੱਸਣ।ਮੁੱਖ ਮੰਤਰੀ ਨੇ ਇਹ ਐਲਾਨ ਵੀ ਕੀਤਾ ਕਿ ਨਰਮਦਾ ਕਿਨਾਰੇ ਸ਼ਰਾਬ ਦੇ ਠੇਕੇ ਅਗਲੇ ਸਾਲ ਤੋਂ ਅਲਾਟ ਨਹੀਂ ਕੀਤੇ ਜਾਣਗੇ।
ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੰਬੋਧਨ ਕਰਦਿਆ ਕਿਹਾ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇਸ਼ ਦੇ ਪਹਿਲੇ ਅਜਿਹੇ ਮੁੱਖ ਮੰਤਰੀ ਹਨ ਜਿਹਡ਼ੇ ਨਦੀਆਂ ਨੂੰ ਬਚਾਉਣ ਲਈ ਪੈਦਲ ਯਾਤਰਾ ਕਰ ਰਹੇ ਹਨ।ਉਨ੍ਹਾਂ ਮੁੱਖ ਮੰਤਰੀ ਨੂੰ ਵਧਾਈ ਦਿੱਤੀ ਕਿ ਉਨ੍ਹਾਂ ਦੀ ਇਸ ਪਹਿਲ ਕਦਮੀ ਨਾਲ ਲੋਕਾਂ ਵਿੱਚ ਚੇਤਨਾ ਪੈਦਾ ਹੋ ਰਹੀ ਹੈ ਤੇ ਲੋਕ ਪਾਣੀਆਂ ਨੂੰ ਦੂਸ਼ਿਤ ਕਰਨ ਤੋਂ ਪ੍ਰਹੇਜ ਕਰਨਗੇ। ਉਨ੍ਹਾਂ ਦੱਸਿਆ ਕਿ ਸੁਲਤਾਨਪੁਰ ਲੋਧੀ ਵਿਖੇ ਬਾਬੇ ਨਾਨਕ ਦੀ ਪਵਿੱਤਰ ਵੇਈਂ ਵਿੱਚ ਪੈ ਰਹੇ ਗੰਦੇ ਪਾਣੀ ਰੋਕ ਕੇ ੨੦੦੫ ਵਿੱਚ ਹੀ ਖੇਤੀ ਨੂੰ ਲਗਾਉਣ ਦਾ ਪ੍ਰਬੰਧ ਕੀਤਾ ਸੀ। ਹੁਣ ਸੁਲਤਾਨਪੁਰ ਲੋਧੀ ਦੇ ੧੩ ਕਿਲੋਮੀਟਰ ਤੱਕ ਪਾਣੀ ਖੇਤੀ ਨੂੰ ਲੱਗ ਰਿਹਾ ਹੈ।ਸੰਤ ਸੀਚੇਵਾਲ ਨੇ ਕਿਹਾ ਕਿ ਸੀਵਰੇਜ ਦਾ ੧੦੦ ਫੀਸਦੀ ਪਾਣੀ ਖੇਤੀ ਲਈ ਵਰਤਿਆ ਜਾ ਸਕਦਾ।ਸੀਚੇਵਾਲ ਮਾਡਲ ਨੂੰ ਗੰਗਾ ਦੇ ੧੬੫੭ ਪਿੰਡਾਂ ਵਿੱਚ ਲਾਗੂ ਕੀਤਾ ਜਾ ਰਿਹਾ ਹੈ।
ਇਸ ਮੌਕੇ ਫਿਲਮੀ ਅਭਿਨੇਤਾ ਆਸ਼ੂਤੋਸ਼ ਰਾਣਾ ਨੇ ਵੀ ਨਰਮਦਾ ਨਦੀ ਨੂੰ ਪ੍ਰਣਾਮ ਕਰਦਿਆ ਕਿਹਾ ਕਿ ਉਹ ਇਸ ਕਾਰਜ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਦੇਣਗੇ। ਇਸ ਮੌਕੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਸੰਤ ਦਇਆ ਸਿੰਘ ਅਤੇ ਹੋਰ ਧਾਰਮਿਕ ਸਖਸ਼ੀਅਤਾਂ ਦਾ ਸਨਮਾਨ ਵੀ ਕੀਤਾ।ਇਸ ਮੌਕੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਦੀ ਧਰਮਪਤਨੀ ਸਾਧਨਾ ਸਿੰਘ, ਦੀਦੀ ਮੰਦਾਕਨੀ, ਮੇਅਰ ਜੱਬਲਪੁਰ ਅਤੇ ਸਰਕਾਰ ਦੇ ਬਹੁਤ ਸਾਰੇ ਮੰਤਰੀ ਤੇ ਵਿਧਾਇਕ ਹਾਜ਼ਰ ਸਨ।

LEAVE A REPLY