1ਨਵੀਂ ਦਿੱਲੀ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ‘ਚ ਆਉਣ ਤੋਂ ਚਾਰ ਹਫਤਿਆਂ ਅੰਦਰ ਸੂਬੇ ‘ਚੋਂ ਨਸ਼ਾਖੋਰੀ ਨੂੰ ਖਤਮ ਕਰਨ ਦੇ ਐਲਾਨ ਦੇ ਨਾਲ ਬੁੱਧਵਾਰ ਨੂੰ ਨਸ਼ਾ ਮਾਫੀਆ ਖਿਲਫਾ ਸਖ਼ਤ ਕਾਰਵਾਈ ਲਈ ਇਕ ਵਿਸ਼ੇਸ਼ ਕਾਨੂੰਨ ਲਿਆਉਣ ਦਾ ਵਾਅਦਾ ਕੀਤਾ ਹੈ ਤੇ ਕਿਹਾ ਹੈ ਕਿ ਦੋਸ਼ੀ ਪਾਏ ਜਾਣ ਵਾਲੇ ਸਾਰੇ ਲੋਕਾਂ ਨੂੰ ਤੁਰੰਤ ਜੇਲ੍ਹ ਭੇਜਿਆ ਜਾਵੇਗਾ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਜਬਤ ਕੀਤਾ ਜਾਵੇਗਾ।
ਇਸ ਲਡ਼ੀ ਹੇਠ ਨਵੇਂ ਕਾਨੂੰਨ ਹੇਠ ਨਸ਼ਿਆਂ ਨਾਲ ਸਬੰਧਤ ਸਾਰਿਆਂ ਮਾਮਲਿਆਂ ‘ਚ ਫਾਸਟ ਟ੍ਰੈਕ ਪੱਧਰ ‘ਤੇ ਕੰਮ ਕੀਤਾ ਜਾਵੇਗਾ ਤੇ ਇਹ ਕਾਨੂੰਨ ਸਰਕਾਰ ਬਣਨ ਤੋਂ ਤੁਰੰਤ ਬਾਅਦ ਲਿਆਇਆ ਜਾਵੇਗਾ।
ਕੈਪਟਨ ਅਮਰਿੰਦਰ ਨੇ ਸਪੱਸ਼ਟ ਕੀਤਾ ਕਿ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ, ਭਾਵੇਂ ਉਹ ਖੁਦ ਬਾਦਲ ਜਾਂ ਬਿਕ੍ਰਮ ਸਿੰਘ ਮਜੀਠੀਆ ਵਰਗੇ ਉਨ੍ਹਾਂ ਦੇ ਸਾਥੀ ਹੀ ਕਿਉਂ ਨਾ ਹੋਣ, ਜਿਨ੍ਹਾਂ ਦੀ ਸੂਬੇ ਅੰਦਰ ਨਸ਼ਾ ਮਾਫੀਆ ਨਾਲ ਮਿਲੀਭੁਗਤ ਹੋਣ ਦਾ ਦੋਸ਼ ਹੈ।
ਇਥੇ ਜ਼ਾਰੀ ਬਿਆਨ ‘ਚ, ਕੈਪਟਨ ਅਮਰਿੰਦਰ ਨੇ ਕਿਹਾ ਕਿ ਕਾਂਗਰਸ ਦੇ 9 ਪੁਆਇੰਟਾਂ ‘ਤੇ ਅਧਾਰਿਤ ਏਜੰਡੇ ਹੇਠ ਪ੍ਰਸਤਾਵਿਤ ਇਸ ਕਾਨੂੰਨ ਅਧੀਨ ਨਸ਼ਿਆਂ ਰਾਹੀਂ ਪੰਜਾਬ ਦੇ ਨੌਜ਼ਵਾਨਾਂ ਨੂੰ ਬਰਬਾਦ ਕਰਨ ਦੇ ਸਾਰੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ ਤੇ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਜਬਤ ਕੀਤਾ ਜਾਵੇਗਾ।
ਕੈਪਟਨ ਅਮਰਿੰਦਰ ਨੇ ਬਾਦਲ ਸਰਕਾਰ ਉਪਰ ਆਪਣੇ ਵਿਸ਼ੇਸ਼ ਹਿੱਤਾਂ ਲਈ ਸੂਬੇ ‘ਚ ਨਸ਼ਿਆਂ ਦੇ ਬੇਰੋਕ ਪ੍ਰਸਾਰ ਦੀ ਇਜ਼ਾਜਤ ਦੇਣ ਲਈ ਵਰ੍ਹਦਿਆਂ ਕਿਹਾ ਕਿ ਇਸਨੂੰ ਬਾਦਲਾਂ ਤੇ ਉਨ੍ਹਾਂ ਦੇ ਨਜ਼ਦੀਕੀਆਂ ਦੀ ਸ਼ੈਅ ਮਿੱਲਣ ਕਾਰਨ, ਨਸ਼ਿਆਂ ਨੇ ਇਕ ਪੂਰੀ ਯੁਵਾ ਪੀਡ਼੍ਹੀ ਨੂੰ ਤਬਾਹ ਕਰ ਦਿੱਤਾ ਹੈ।
ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਨਸ਼ਿਆਂ ਨਾਲ ਸਬੰਧਤ ਮਾਮਲਿਆਂ ‘ਚ ਕਾਰਵਾਈ ਕਰਦਿਆਂ ਪਹਿਲ ਦੇ ਅਧਾਰ ‘ਤੇ ਸਾਰੇ ਲੋਡ਼ੀਂਦੇ ਕਦਮ ਚੁੱਕੇ ਜਾਣਗੇ ਤੇ ਪੁਖਤਾ ਕੀਤਾ ਜਾਵੇਗਾ ਕਿ ਨਸ਼ੇ ਦੇ ਵਪਾਰੀਆਂ, ਤਸਕਰਾਂ ਤੇ ਵੰਡਣ ਵਾਲਿਆਂ ਨੂੰ ਸਖ਼ਤ ਸ਼ਜਾ ਮਿਲੇ, ਜਿਸ ਤੋਂ ਹੋਰ ਲੋਕ ਵੀ ਡਰਨ। ਇਸ ਦਿਸ਼ਾ ‘ਚ ਉਨ੍ਹਾਂ ਨੇ ਨਸ਼ਾਖੋਰੀ ਦੇ ਸ਼ਿਕਾਰ ਹੋਏ ਨੌਜ਼ਵਾਨਾਂ ਨੂੰ ਵਿਕਾਸ ਦੀ ਮੁੱਖ ਧਾਰਾ ‘ਤੇ ਲਿਆਉਣ ਦਾ ਸੰਕਲਪ ਲਿਆ ਹੈ, ਤਾਂ ਜੋ ਪੁਖਤਾ ਕੀਤਾ ਜਾ ਸਕੇ ਕਿ ਉਹ ਵੀ ਸਿਹਤਮੰਦ, ਸ਼ਾਂਤਮਈ ਤੇ ਸੁਖੀ ਜੀਵਨ ਜਿਉਣ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਹਰ ਘਰ ਵਿੱਚ ਕੈਪਟਨ, ਮੁਹਿੰਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਪ੍ਰੋਗਰਾਮ ਨਾ ਸਿਰਫ ਬੇਰੁਜ਼ਗਾਰ ਨੌਜ਼ਵਾਨਾਂ ਨੂੰ ਨੌਕਰੀਆਂ ਮੁਹੱਈਆ ਕਰਵਾਉਣ ‘ਚ ਸਹਾਇਤਾ ਕਰੇਗਾ, ਸਗੋਂ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਕਰੇਗਾ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ‘ਚ ਨਸ਼ਿਆਂ ਦੇ ਪ੍ਰਸਾਰ ‘ਤੇ ਲਗਾਮ ਲਗਾਉਣ ਵਾਸਤੇ ਨਾਰਕੋਟਿਕਸ ਕੰਟਰੋਲ ਅਫਸਰਾਂ ਦੀ ਇਕ ਵਿਸ਼ੇਸ਼ ਟੀਮ ਗਠਿਤ ਕਰਨ ਸਬੰਧੀ ਲਏ ਫੈਸਲੇ ਦਾ ਸਵਾਗਤ ਕੀਤਾ ਹੈ।
ਕੈਪਟਨ ਅਮਰਿੰਦਰ ਨੇ ਚੋਣ ਕਮਿਸ਼ਨ ਵੱਲੋਂ ਸੂਬੇ ‘ਚ ਨਿਰਪੱਖ ਤੇ ਸੁਤੰਤਰ ਚੋਣਾਂ ਸੁਨਿਸ਼ਚਿਤ ਕਰਨ ਲਈ ਨਸ਼ਿਆਂ ਦੇ ਇਸਤੇਮਾਲ ਨੂੰ ਕੰਟਰੋਲ ਕਰਨ ਹਿੱਤ ਪੰਜਾਬ ਪੁਲਿਸ ਦੇ ਬਰਾਬਰ ਇਕ ਵਿਸ਼ੇਸ਼ ਫੋਰਸ ਤੈਨਾਤ ਕਰਨ ਸਬੰਧੀ ਲਏ ਫੈਸਲੇ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਨਸ਼ਿਆਂ ਉਪਰ ਚੋਣ ਕਮਿਸ਼ਨ ਦਾ ਕਦਮ ਸਾਫ ਤੌਰ ‘ਤੇ ਕਾਂਗਰਸ ਦੇ ਪੱਖ ਨੂੰ ਸਾਬਤ ਕਰਦਾ ਹੈ ਕਿ ਬਾਦਲ ਸ਼ਾਸਲ ‘ਚ ਪੰਜਾਬ ਅੰਦਰ ਨਸ਼ਾਖੋਰੀ ਤੇਜ਼ੀ ਨਾਲ ਫੈਲ੍ਹੀ ਹੈ।
ਕੈਪਟਨ ਅਮਰਿੰਦਰ ਨੇ ਇਸ ਤੱਥ ਦਾ ਵੀ ਸਵਾਗਤ ਕੀਤਾ ਹੈ ਕਿ ਵਿਸ਼ੇਸ਼ ਨਸ਼ੇ ਵਿਰੋਧੀ ਟੀਮ ਸਿੱਧੇ ਤੌਰ ‘ਤੇ ਚੋਣ ਕਮਿਸ਼ਨ ਨੂੰ ਰਿਪੋਰਟ ਕਰੇਗੀ, ਜਿਹਡ਼ਾ ਸਾਬਤ ਕਰਦਾ ਹੈ ਕਿ ਚੋਣ ਕਮਿਸ਼ਨ ਦੀ ਸਿੱਧੀ ਨਿਗਰਾਨੀ ਨਾ ਹੋਣ ‘ਤੇ ਅਤੇ ਸੂਬਾ ਪੁਲਿਸ ਦੇ ਤਮਾਸ਼ਬੀਨ ਬਣੇ ਰਹਿਣ ਨਾਲ, ਬਾਦਲ ਸਰਕਾਰ ਵੱਲੋਂ ਨਸ਼ਿਆਂ ਤੇ ਬੰਦੂਕਾਂ ਦਾ ਪ੍ਰਸਾਰ ਜ਼ਾਰੀ ਰਹੇਗਾ, ਤਾਂ ਜੋ ਉਹ ਵਿਧਾਨ ਸਭਾ ਚੋਣਾਂ ਦੌਰਾਨ ਵੋਟਰਾਂ ਨੂੰ ਦਬਾ ਤੇ ਡਰਾ ਸਕੇ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਦਾ ਸਖ਼ਤੀ ਨਾਲ ਪਾਲਣ ਕਰਦਿਆਂ ਚੋਣਾਂ ਤੋਂ ਪਹਿਲਾਂ ਸੂਬਾ ਪੁਲਿਸ ਨੂੰ ਸਾਰੇ ਹਥਿਆਰ ਸਿਰੈਂਡਰ ਕਰਵਾਉਣ ਸਬੰਧੀ ਆਪਣੀ ਮੰਗ ਨੂੰ ਇਕ ਵਾਰ ਫਿਰ ਤੋਂ ਦੁਹਰਾਇਆ ਹੈ ਤੇ ਚੋਣ ਬਾਡੀ ਨੂੰ ਇਨ੍ਹਾਂ ਨਿਰਦੇਸ਼ਾਂ ਦਾ ਪਾਲਣ ਸੁਨਿਸ਼ਚਿਤ ਕਰਨ ਲਈ ਤੁਰੰਤ ਕਦਮ ਚੁੱਕਣ ਦੀ ਅਪੀਲ ਕੀਤੀ ਹੈ।

LEAVE A REPLY