4ਨਵੀਂ ਦਿੱਲੀ :  ਦਿੱਲੀ ਹਾਈ ਕੋਰਟ ਨੇ ਅਗਸਤਾ ਵੈਸਟਲੈਂਡ ਹੈਲੀਕਾਪਟਰ ਘੁਟਾਲਾ ਮਾਮਲੇ ‘ਚ ਕੇਂਦਰੀ ਜਾਂਚ ਬਿਊਰੋ ਦੀ ਪਟੀਸ਼ਨ ‘ਤੇ ਸਾਬਕਾ ਹਵਾਈ ਫੌਜ ਮੁਖੀ ਐੱਸ.ਪੀ. ਤਿਆਗੀ ਨੂੰ ਨੋਟਿਸ ਜਾਰੀ ਕੀਤਾ। ਜਾਂਚ ਬਿਊਰੋ ਨੇ ਐੱਸ.ਪੀ. ਤਿਆਗੀ ਦੀ ਜ਼ਮਾਨਤ ਨੂੰ ਹਾਈ ਕੋਰਟ ‘ਚ ਚੁਣੌਤੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ‘ਚ ਗ੍ਰਿਫਤਾਰੀ ਤੋਂ ਬਾਅਦ ਇਸ ਸਮੇਂ ਜ਼ਮਾਨਤ ‘ਤੇ ਹਨ ਅਤੇ ਸੀ.ਬੀ.ਆਈ. ਨੇ ਆਪਣੀ ਪਟੀਸ਼ਨ ‘ਚ ਕਿਹਾ ਹੈ ਕਿ ਉਨ੍ਹਾਂ ਦੇ ਬਾਹਰ ਰਹਿਣ ਨਾਲ ਜਾਂਚ ਪ੍ਰਭਾਵਿਤ ਹੋ ਸਕਦੀ ਹੈ। ਜਸਟਿਸ ਵਿਪਿਨ ਸਾਂਘੀ ਨੇ ਤਿਆਗੀ ਨੂੰ ਨੋਟਿਸ ਜਾਰੀ ਕੀਤਾ, ਜਿਨ੍ਹਾਂ ਨੂੰ 9 ਦਸੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਹਾਲਾਂਕਿ ਸਾਬਕਾ ਹਵਾਈ ਫੌਜ ਮੁਖੀ ਨੂੰ 26 ਨਵੰਬਰ ਨੂੰ ਜ਼ਮਾਨਤ ਮਿਲ ਗਈ ਸੀ। ਸੀ.ਬੀ.ਆਈ. ਨੇ ਸ਼ੁੱਕਰਵਾਰ ਨੂੰ ਹਾਈ ਕੋਰਟ ਨੂੰ ਦੱਸਿਆ ਕਿ ਇਸ ਮਾਮਲੇ ਨਾਲ ਜੁੜੇ ਹੋਰ ਦੋਸ਼ੀਆਂ ਦੀ ਜ਼ਮਾਨਤ ਪਟੀਸ਼ਨ ‘ਤੇ ਹੇਠਲੀ ਅਦਾਲਤ ‘ਚ 4 ਜਨਵਰੀ ਨੂੰ ਸੁਣਵਾਈ ਹੋਣ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ ਜਸਟਿਸ ਸਾਂਘੀ ਨੇ ਸੁਣਵਾਈ ਦੀ ਅਗਲੀ ਤਰੀਕ 3 ਜਨਵਰੀ ਤੈਅ ਕੀਤੀ।
ਜਸਟਿਸ ਸਾਂਘੀ ਨੇ ਕਿਹਾ ਕਿ ਸਾਰੇ ਪੱਖਾਂ ਨੂੰ ਸੁਣਨ ਤੋਂ ਬਾਅਦ ਅਦਾਲਤ ਤਿੰਨ ਫਰਵਰੀ ਨੂੰ ਮਾਮਲੇ ਦਾ ਨਿਪਟਾਰਾ ਕਰਨ ਦੀ ਕੋਸ਼ਿਸ਼ ਕਰੇਗੀ। ਸੀ.ਬੀ.ਆਈ. ਨੇ ਹਾਈ ਕੋਰਟ ਨੂੰ ਕਿਹਾ ਕਿ ਤਿਆਗੀ ਦੇ ਜ਼ਮਾਨਤ ‘ਤੇ ਬਾਹਰ ਰਹਿਣ ਨਾਲ ਉਸ ਦੀ ਜਾਂਚ ਦੀ ਦਿਸ਼ਾ ‘ਉਜਾਗਰ’ ਹੋਵੇਗੀ ਅਤੇ ਉਸ ‘ਚ ਰੁਕਾਵਟ ਆਏਗੀ। ਏਜੰਸੀ ਨੇ ਨਾਲ ਹੀ ਕਿਹਾ ਕਿ ਇਸ ਨਾਲ ਸਬੂਤ ਵੀ ਨਸ਼ਟ ਕੀਤੇ ਜਾ ਸਕਦੇ ਹਨ। ਜਾਂਚ ਏਜੰਸੀ ਨੇ ਕਿਹਾ ਕਿ ਉਸ ਦੀ ਜਾਂਚ ‘ਬਹੁ-ਪੱਧਰੀ’ ਹੈ, ਕਿਉਂਕਿ ਰਿਸ਼ਵਤ ਦੇ ਰੁਪਿਆਂ ਨੂੰ ਲੁਕਾਉਣ ਲਈ ਕਥਿਤ ਤੌਰ ‘ਤੇ ਵੱਖ-ਵੱਖ ਕੰਪਨੀਆਂ ਦੀ ਵਰਤੋਂ ਕੀਤੀ ਗਈ, ਅਜਿਹੇ ‘ਚ ਇਹ ਜਾਂਚ ਕਈ ਦੇਸ਼ਾਂ ਤੱਕ ਫੈਲੀ ਹੋਈ ਹੈ। ਇਸ ਤੋਂ ਪਹਿਲਾਂ ਹਾਈ ਕੋਰਟ ਨੇ ਪੁੱਛਿਆ ਕਿ ਇਸ ਹਾਲਤ ‘ਚ 72 ਸਾਲਾ ਸਾਬਕਾ ਹਵਾਈ ਫੌਜ ਮੁਖੀ ਨੂੰ ਨਿਆਇਕ ਹਿਰਾਸਤ ‘ਚ ਕਿਉਂ ਰੱਖਿਆ ਜਾਣਾ ਚਾਹੀਦਾ, ਜਦੋਂ ਕਿ ਜ਼ਮਾਨਤ ਮਿਲਣ ਤੋਂ ਪਹਿਲਾਂ ਉਹ ਇਕ ਹਫਤੇ ਤੱਕ ਏਜੰਸੀ ਦੀ ਹਿਰਾਸਤ ‘ਚ ਸਨ।

LEAVE A REPLY