ਸਟਾਰ ਪੁੱਤਰੀਆਂ ਵਿੱਚ ਆਪਣੇ ਸਮੇਂ ਦੇ ਮਸ਼ਹੂਰ ਖਲਨਾਇੱਕ ਸ਼ਕਤੀ ਕਪੂਰ ਦੀ ਧੀ ਸ਼੍ਰਧਾ ਕਪੂਰ ਨਿਰੰਤਰ ਸਫ਼ਲਤਾ ਦੀ ਤਰਫ਼ ਵਧ ਰਹੀ ਹੈ। ਬੌਲੀਵੁੱਡ ਵਿੱਚ ਉਹ ਇੱਕ ਨਹੀਂ, ਬਲਕਿ ਦੋ, ਦੋ ਸੌ ਕਰੋੜੀ ਫ਼ਿਲਮਾਂ ਦਾ ਹਿੱਸਾ ਬਣ ਚੁੱਕੀ ਹੈ। ਰੁਮਾਂਟਿਕ ਫ਼ਿਲਮਾਂ ਵਿੱਚ ਉਹ ਆਪਣੇ ਅਭਿਨੈ ਦਾ ਜਲਵਾ ਦਿਖਾ ਚੁੱਕੀ ਹੈ। ਪਿਛਲੇ ਸਾਲ ‘ਰੌਕ ਔਨ 2’ ਦੀ ਅਸਫ਼ਲਤਾ ਨੇ ਬੇਸ਼ੱਕ ਉਸ ਦੇ ਕਰੀਅਰ ‘ਤੇ ਬਰੇਕ ਲਗਾਈ, ਪਰ ਸ਼੍ਰਧਾ ਕਪੂਰ ਖੁਦ ਅਜਿਹਾ ਨਹੀਂ ਮੰਨਦੀ। ਫ਼ਿਲਹਾਲ ਉਹ ਆਪਣੀ ਨਵੀਂ ਫ਼ਿਲਮ ‘ ਓਕੇ ਜਾਨੂ’ ਨੂੰ ਲੈ ਕੇ ਚਰਚਾ ਵਿੱਚ ਹੈ। ਇਸ ਰੁਮਾਂਟਿਕ ਫ਼ਿਲਮ ਵਿੱਚ ਸ਼੍ਰਧਾ ਕਪੂਰ ਨੇ ਆਦਿੱਤਿਆ ਰਾਏ ਕਪੂਰ ਨਾਲ ਦੂਜੀ ਵਾਰ ਅਭਿਨੈ ਕੀਤਾ ਹੈ। ਪੇਸ਼ ਹੈ ਉਸ ਨਾਲ ਹੋਈ ਮੁਲਾਕਾਤ ਦੇ ਅੰਸ਼:
ਗ ਤੁਸੀਂ ਕਲਾਕਾਰ ਦੇ ਤੌਰ ‘ਤੇ ਆਪਣੀ ਸਫ਼ਲਤਾ ਨੂੰ ਕਿਸ ਤਰ੍ਹਾਂ ਦੇਖਦੇ ਹੋ?
-ਸਫ਼ਲਤਾ ਦਾ ਪੈਮਾਨਾ ਇਹ ਹੈ ਕਿ ਕਿੰਨੇ ਲੋਕ ਮੇਰੀ ਫ਼ਿਲਮ ਦੇਖਣ ਥਿਏਟਰ ਵਿੱਚ ਜਾਣਾ ਪਸੰਦ ਕਰਦੇ ਹਨ। ਜਦੋਂ ਮੈਂ ਕਿਧਰੇ ਜਾਂਦੀ ਹਾਂ ਅਤੇ ਲੋਕ ਮੈਨੂੰ ਘੇਰ ਲੈਂਦੇ ਹਨ, ਉਹ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਹਨ ਜਾਂ ਮੇਰੇ ਨਾਲ ਫ਼ੋਟੋ ਖਿਚਵਾਉਣਾ ਚਾਹੁੰਦੇ ਹਨ ਜਾਂ ਫ਼ਿਰ ਮੈਂ ਜਦੋਂ ਘਰ ਤੋਂ ਨਿਕਲਦੀ ਹਾਂ ਤਾਂ ਬਾਹਰ ਲੋਕਾਂ ਨੂੰ ਖੜ੍ਹੇ ਦੇਖਦੀ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਮੈਂ ਸਫ਼ਲ ਹਾਂ, ਮੇਰੇ ਪ੍ਰਸ਼ੰਸਕਾਂ ਦੀ ਸੰਖਿਆ ਵਧਦੀ ਜਾ ਰਹੀ ਹੈ।
ਗ ਤੁਹਾਡਾ ਕਰੀਅਰ ਵਧੀਆ ਚਲ ਰਿਹਾ ਸੀ, ਪਰ ‘ਰੌਕ ਔਨ 2’ ਦੀ ਅਸਫ਼ਲਤਾ ਨਾਲ ਤੁਹਾਡੇ ਕਰੀਅਰ ‘ਤੇ ਵੀ ਸਵਾਲੀਆ ਨਿਸ਼ਾਨ ਲੱਗ ਗਿਆ?
-ਤੁਹਾਨੂੰ ਲੱਗਦਾ ਹੈ ਕਿ ਮੇਰੇ ਕਰੀਅਰ ‘ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ, ਪਰ ਮੇਰਾ ਮੰਨਣਾ ਹੈ ਕਿ ਸਫ਼ਲਤਾ ਤੇ ਅਸਫ਼ਲਤਾ ਆਉਂਦੀ ਜਾਂਦੀ ਰਹਿੰਦੀ ਹੈ। ਫ਼ਿਲਮਾਂ ਹਿੱਟ ਜਾਂ ਫ਼ਲਾਪ ਹੁੰਦੀਆਂ ਰਹਿੰਦੀਆਂ ਹਨ। ਇਹ ਗੱਲ ਮੈਂ ਆਪਣੇ ਕਰੀਅਰ ਦੀਆਂ ਪਹਿਲੀਆਂ ਦੋ ਫ਼ਿਲਮਾਂ ਦੀ ਸਫ਼ਲਤਾ ਤੋਂ ਬਾਅਦ ਹੀ ਜਾਣ ਲਈ ਸੀ। ਮੈਂ ਮੰਨਦੀ ਹਾਂ ਕਿ ਜੇਕਰ ਦਰਸ਼ਕਾਂ ਦਾ ਪਿਆਰ ਬਣਿਆ ਰਹੇ ਤਾਂ ਖਰਾਬ ਤੋਂ ਖਰਾਬ ਸਮਾਂ ਗੁਜ਼ਰ ਜਾਂਦਾ ਹੈ। ਮੈਨੂੰ ਯਕੀਨ ਹੈ ਕਿ ਮੇਰੇ ਦਰਸ਼ਕ, ਮੇਰੇ ਪ੍ਰਸ਼ੰਸਕ ਮੇਰੇ ਨਾਲ ਹਨ।
ਗ ਪਰ ਤੁਸੀਂ ‘ਰੌਕ ਔਨ 2’ ਦੀ ਅਸਫ਼ਲਤਾ ਦਾ ਵਿਸ਼ਲੇਸ਼ਣ ਕੀਤਾ ਹੋਏਗਾ?
-ਕਿਸੇ ਵੀ ਫ਼ਿਲਮ ਦੀ ਨਾਕਾਮਯਾਬੀ ਲਈ ਕਿਸੇ ‘ਤੇ ਵੀ ਦੋਸ਼ ਲਾਉਣਾ ਗ਼ਲਤ ਹੈ। ਇਹ ਦਰਸ਼ਕਾਂ ‘ਤੇ ਨਿਰਭਰ ਕਰਦਾ ਹੈ ਕਿ ਉਨ੍ਹਾਂ ਨੂੰ ਫ਼ਿਲਮ ਪਸੰਦ ਆਈ ਜਾਂ ਨਹੀਂ। ਦਰਸ਼ਕਾਂ ਨੂੰ ਕੋਈ ਫ਼ਿਲਮ ਕਿਉਂ ਪਸੰਦ ਨਹੀਂ ਆਈ, ਇਹ ਕੋਈ ਨਹੀਂ ਦੱਸ ਸਕਦਾ।
ਗ ਤੁਹਾਡੇ ਲਈ ਫ਼ਿਲਮ ‘ਓਕੇ ਜਾਨੂ’ ਕੀ ਹੈ?
-ਮੇਰੇ ਲਈ ਇਹ ਪਿਆਰੀ ਫ਼ਿਲਮ ਤੇ ਪਿਆਰੀ ਕਹਾਣੀ ਹੈ। ਇਹ ਦੋ ਲੋਕਾਂ ਦੇ ਪਿਆਰ ਦੀ ਕਹਾਣੀ ਹੈ। ਦੋਨੋਂ ਇੱਕ ਦੂਜੇ ਨੂੰ ਪਿਆਰ ਕਰਦੇ ਹਨ, ਇੱਕੱਠੇ ਰਹਿਣਾ ਚਾਹੁੰਦੇ ਹਨ, ਪਰ ਉਹ ਵਿਆਹ ਨਹੀਂ ਕਰਾਉਣਾ ਚਾਹੁੰਦੇ। ਇਹ ਇੱਕ ਰੋਚਕ ਕਹਾਣੀ ਹੈ, ਦਰਸ਼ਕਾਂ ਨੇ ਹੁਣ ਤਕ ਅਜਿਹੀ ਕਹਾਣੀ ਦੇਖੀ ਵੀ ਨਹੀਂ ਹੋਏਗੀ। ਮੈਨੂੰ ਉਮੀਦ ਹੈ ਕਿ ਇਸ ਫ਼ਿਲਮ ਦੇ ਸੰਦੇਸ਼ ਤੋਂ ਦਰਸ਼ਕ ਖੁਸ਼ ਹੋਣਗੇ। ਇਹ ਮਣੀ ਰਤਨਮ ਨਿਰਦੇਸ਼ਤ ਤਮਿਲ ਫ਼ਿਲਮ ‘ਓ! ਕਘਾਲ ਕਮਨੀ’ ਦਾ ਹਿੰਦੀ ਰਿਮੇਕ ਹੈ। ਹਿੰਦੀ ਵਿੱਚ ਇਸ ਨੂੰ ਸ਼ਾਦ ਅਲੀ ਨੇ ਨਿਰਦੇਸ਼ਤ ਕੀਤਾ ਹੈ।
ਗ ਨਿਰਦੇਸ਼ਕ ਦੇ ਤੌਰ ‘ਤੇ ਸ਼ਾਦ ਅਲੀ ਅਤੇ ਮਣੀ ਰਤਨਮ ਦੋਨਾਂ ਦੀ ਸੰਜੀਦਗੀ ਅਲੱਗ-ਅਲੱਗ ਹੈ, ਇਸ ਕਾਰਨ ਦੋਨੋਂ ਫ਼ਿਲਮਾਂ ਵਿੱਚ ਕੀ ਅੰਤਰ ਹੈ?
-ਸ਼ਾਦ ਅਲੀ ਨੇ ਤਮਿਲ ਫ਼ਿਲਮ ਦੀ ਰੂਹ ਨੂੰ ਹੀ ਹਿੰਦੀ ਫ਼ਿਲਮ ਵਿੱਚ ਬਰਕਰਾਰ ਰੱਖਿਆ ਹੈ। ਕਿਧਰੇ ਕੋਈ ਤਬਦੀਲੀ ਨਹੀਂ ਕੀਤੀ ਹੈ।
ਗ -ਤੁਸੀਂ ‘ਆਸ਼ਿਕੀ 2’ ਤੋਂ ਬਾਅਦ ਇਸ ਫ਼ਿਲਮ ਵਿੱਚ ਆਦਿੱਤਿਆ ਰਾਏ ਕਪੂਰ ਨਾਲ ਦੂਜੀ ਵਾਰ ਕੰਮ ਕੀਤਾ ਹੈ। ਤੁਸੀਂ ਉਸ ਵਿੱਚ ਕੀ ਤਬਦੀਲੀ ਦੇਖੀ ਹੈ?
-‘ਆਸ਼ਿਕੀ 2’ ਵਿੱਚ ਆਦਿੱਤਿਆ ਜਿਵੇਂ ਦੇ ਸਨ, ‘ਓਕੇ ਜਾਨੂ’ ਵਿੱਚ ਵੀ ਉਸ ਤਰ੍ਹਾਂ ਦੇ ਹੀ ਹਨ। ਉਹ ਸਿਨਮਾ ਨੂੰ ਲੈ ਕੇ ਬਹੁਤ ਜਨੂੰਨੀ ਹੈ। ਫ਼ਿਲਮ ਵਿੱਚ ਪੂਰੀ ਤਰ੍ਹਾਂ ਨਾਲ ਸ਼ਾਮਲ ਹੋ ਜਾਂਦਾ ਹੈ। ਉਹ ਚਰਿੱਤਰ ਦੀ ਤਿਆਰੀ ਕਰਨ ਵਿੱਚ ਡੁੱਬ ਜਾਂਦਾ ਹੈ। ਉਸ ਨੂੰ ਕੰਮ ਕਰਦੇ ਦੇਖ ਕੇ ਮੈਨੂੰ ਪ੍ਰੇਰਣਾ ਮਿਲਦੀ ਹੈ। ਉਹ ਫ਼ਿਲਮਾਂ ਦੇਖਣ ਦਾ ਵੀ ਬਹੁਤ ਸ਼ੌਕੀਨ ਹੈ।
ਗ ਕੀ ਤੁਸੀਂ ਫ਼ਿਲਮਾਂ ਦੇ ਸ਼ੌਕੀਨ ਨਹੀਂ ਹੋ?
-ਮੈਂ ਵੀ ਫ਼ਿਲਮਾਂ ਦੀ ਸ਼ੌਕੀਨ ਹਾਂ, ਪਰ ਮੈਂ ਬਹੁਤ ਘੱਟ ਫ਼ਿਲਮਾਂ ਦੇਖੀਆਂ ਹਨ। ਮੈਂ ਜਿੰਨੀਆਂ ਫ਼ਿਲਮਾਂ ਦੇਖਣਾ ਚਾਹੁੰਦੀ ਹਾਂ, ਦੇਖ ਨਹੀਂ ਪਾਉਂਦੀ। ਕਾਸ਼! ਮੈਂ ਹੋਰ ਜ਼ਿਆਦਾ ਫ਼ਿਲਮਾਂ ਦੇਖੀਆਂ ਹੁੰਦੀਆਂ, ਪਿਛਲੇ ਤਿੰਨ ਸਾਲ ਤੋਂ ਫ਼ਿਲਮਾਂ ਦੇਖਣ ਦਾ ਵਕਤ ਹੀ ਨਹੀਂ ਮਿਲ ਰਿਹਾ। ਪਿਛਲੇ ਦਿਨਾਂ ਵਿੱਚ ਮੈਂ ‘ਦੰਗਲ’ ਦੇਖੀ ਹੈ। ਉਮੀਦ ਹੈ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਫ਼ਿਲਮਾਂ ਦੇਖ ਸਕਾਂ।
ਗ ਤੁਸੀਂ ਉਨ੍ਹਾਂ ਕਲਾਕਾਰਾਂ ਵਿੱਚੋਂ ਹੋ, ਜਿਨ੍ਹਾਂ ਨੇ ਅਭਿਨੈ ਦੀ ਕੋਈ ਸਿਖਲਾਈ ਨਹੀਂ ਲਈ ਹੈ, ਪਰ ਹੁਣ ਨਵੀਂ ਪੀੜ੍ਹੀ ਦੇ ਜ਼ਿਆਦਾ ਕਲਾਕਾਰ ਸਿਰਫ਼ ਭਾਰਤ ਹੀ ਨਹੀਂ, ਵਿਦੇਸ਼ ਜਾ ਕੇ ਸਿਖਲਾਈ ਲੈਣ ਤੋਂ ਬਾਅਦ ਫ਼ਿਲਮਾਂ ਵਿੱਚ ਕਦਮ ਰੱਖਦੇ ਹਨ। ਅਜਿਹੇ ਕਲਾਕਾਰਾਂ ਵਿੱਚਕਾਰ ਤੁਸੀਂ ਖੁਦ ਨੂੰ ਕਿੱਥੇ ਦੇਖਦੇ ਹੋ?
-ਮੇਰੇ ਮੁਤਾਬਿਕ ਹਰ ਇਨਸਾਨ ਜਾਂ ਇਸ ਤਰ੍ਹਾਂ ਕਹੀਏ ਕਿ ਕਲਾਕਾਰ ਦੇ ਕੰਮ ਕਰਨ ਦਾ ਆਪਣਾ ਤਰੀਕਾ ਹੁੰਦਾ ਹੈ। ਕੁਝ ਲੋਕ ਅਜਿਹੇ ਹੁੰਦੇ ਹਨ ਜਿਹੜੇ ਸੁਭਾਵਿਕ ਹੀ ਕਲਾਕਾਰ ਹੁੰਦੇ ਹਨ, ਉਹ ਸੁਭਾਵਿਕ ਹੀ ਅਦਾਕਾਰੀ ਕਰਦੇ ਹਨ, ਪਰ ਕੁਝ ਸਿੱਖ ਕੇ ਕਰਦੇ ਹਨ। ਅਭਿਨੈ ਨੂੰ ਲੈ ਕੇ ਕੋਈ ਅਜਿਹਾ ਨਿਯਮ ਨਹੀਂ ਹੈ ਕਿ ਸਿਖਲਾਈ ਲੈਣੀ ਜ਼ਰੂਰੀ ਹੈ। ਆਦਿੱਤਿਆ ਰਾਏ ਕਪੂਰ ਨੇ ਵੀ ਕੋਈ ਸਿਖਲਾਈ ਨਹੀਂ ਲਈ ਹੈ, ਪਰ ਬਹੁਤ ਵਧੀਆ ਕਲਾਕਾਰ ਹੈ। ਇਸ ਲਈ ਮੈਂ ਅਭਿਨੈ ਸਿੱਖਣ ਜਾਣਾ ਜ਼ਰੂਰੀ ਨਹੀਂ ਮੰਨਦੀ।
ਗ ਕੁਝ ਦਿਨ ਪਹਿਲਾਂ ਖ਼ਬਰ ਆਈ ਕਿ ਤੁਸੀਂ ਆਪਣੇ ਮਾਤਾ-ਪਿਤਾ ਦਾ ਘਰ ਛੱਡ ਕੇ ਫ਼ਰਹਾਨ ਅਖ਼ਤਰ ਨਾਲ ਰਹਿਣਾ ਸ਼ੁਰੂ ਕਰ ਦਿੱਤਾ ਹੈ ਜਿੱਥੋਂ ਤੁਹਾਡੇ ਪਿਤਾ ਤੁਹਾਨੂੰ ਧੱਕੇ ਨਾਲ ਵਾਪਸ ਲੈ ਕੇ ਆਏ?
-ਇਸ ਤਰ੍ਹਾਂ ਦੀਆਂ ਖ਼ਬਰਾਂ ਉਹ ਲੋਕ ਫ਼ੈਲਾ ਰਹੇ ਹਨ ਜਿਨ੍ਹਾਂ ਕੋਲ ਕੋਈ ਦੂਜਾ ਕੰਮ ਨਹੀਂ ਹੈ। ਇਹ ਪੂਰੀ ਤਰ੍ਹਾਂ ਨਾਲ ਝੂਠੀ ਖ਼ਬਰ ਹੈ। ਮੈਂ ਅਜਿਹੇ ਲੋਕਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਗੰਭੀਰਤਾ ਅਤੇ ਜ਼ਿੰਮੇਵਾਰੀ ਨਾਲ ਲਿਖਣੀਆਂ ਚਾਹੀਦੀਆਂ ਹਨ। ਲਿਖਣ ਤੋਂ ਪਹਿਲਾਂ ਮੈਨੂੰ ਜਾਂ ਮੇਰੇ ਪਰਿਵਾਰ ਤੋਂ ਇਸ ਗੱਲ ‘ਤੇ ਸੱਚ ਜਾਣਨਾ ਚਾਹੀਦਾ ਸੀ ਕਿਉਂਕਿ ਉਹ ਮੇਰੇ ਪਰਿਵਾਰ ਸਬੰਧੀ ਲਿਖ ਰਹੇ ਹਨ। ਮੈਂ ਆਪਣੇ ਮਾਤਾ-ਪਿਤਾ ਤੋਂ ਅਲੱਗ ਰਹਿਣ ਦੀ ਕਲਪਨਾ ਨਹੀਂ ਕਰ ਸਕਦੀ।
ਗ ਤੁਸੀਂ ਅਦਾਕਾਰੀ ਦੇ ਨਾਲ ਗਾ ਵੀ ਵਧੀਆ ਲੈਂਦੇ ਹੋ। ਤੁਹਾਨੂੰ ਸੰਗੀਤ ਦੀ ਪ੍ਰੇਰਨਾ ਕਿੱਥੋਂ ਮਿਲੀ?
-ਮੈਨੂੰ ਆਪਣੀ ਮਾਂ ਅਤੇ ਆਪਣੇ ਨਾਨੇ ਦੀ ਭੈਣ ਲਤਾ ਮੰਗੇਸ਼ਕਰ ਤੋਂ ਸੰਗੀਤ ਦੀ ਪ੍ਰੇਰਣਾ ਮਿਲੀ ਹੈ। ਆਸ਼ਾ ਭੌਸਲੇ ਤੋਂ ਵੀ ਮੈਨੂੰ ਸੰਗੀਤ ਦੀ ਪ੍ਰੇਰਣਾ ਮਿਲਦੀ ਹੈ। ਮੇਰੇ ਪਰਿਵਾਰ ਵਿੱਚ ਸੰਗੀਤ ਹੀ ਸੰਗੀਤ ਹੈ। ਮੈਨੂੰ ਬਚਪਨ ਤੋਂ ਹੀ ਸੰਗੀਤ ਦਾ ਸ਼ੌਕ ਰਿਹਾ ਹੈ।
ਗ ਕੀ ਤੁਸੀਂ ਵੀ ਪ੍ਰਿਅੰਕਾ ਚੋਪੜਾ ਦੀ ਤਰ੍ਹਾਂ ਸਿੰਗਲ ਗੀਤ ਲੈ ਕੇ ਆਉਣਾ ਚਾਹੁੰਦੇ ਹੋ?
-ਫ਼ਿਲਹਾਲ ਅਜਿਹੀ ਕੋਈ ਯੋਜਨਾ ਨਹੀਂ ਹੈ, ਅਜੇ ਤਾਂ ਮੇਰਾ ਪੂਰਾ ਧਿਆਨ ਫ਼ਿਲਮਾਂ ਵਿੱਚ ਅਭਿਨੈ ਕਰਨ ਜਾਂ ਫ਼ਿਲਮਾਂ ਵਿੱਚ ਗੀਤ ਗਾਉਣ ‘ਤੇ ਹੈ, ਪਰ ਮੈਂ ਫ਼ਿਲਮਾਂ ਵਿੱਚ ਪਿੱਠਵਰਤੀ ਗਾਇਨ ਨਹੀਂ ਕਰਨਾ ਚਾਹੁੰਦੀ। ਮਤਲਬ ਦੂਜੇ ਕਲਾਕਾਰਾਂ ਲਈ ਆਪਣੀ ਆਵਾਜ਼ ਨਹੀਂ ਦੇਣਾ ਚਾਹੁੰਦੀ। ਮੈਂ ਖੁਦ ਨੂੰ ਪਿੱਠਵਰਤੀ ਗਾਇੱਕਾ ਮੰਨਦੀ ਵੀ ਨਹੀਂ। ਸੰਗੀਤ ਅਤੇ ਗਾਇਨ ਮੇਰਾ ਸ਼ੌਕ ਹੈ। ਮੈਂ ਖੁਦ ਨੂੰ ਪਹਿਲਾਂ ਅਭਿਨੇਤਰੀ ਮੰਨਦੀ ਹਾਂ ਅਤੇ ਗਾਇੱਕਾ ਬਾਅਦ ਵਿੱਚ। ਇਸ ਲਈ ਖੁਦ ਲਈ ਗਾ ਸਕੀ ਤਾਂ ਗਾਉਂਦੀ ਰਹਾਂਗੀ। ਗੀਤ ਗਾਉਣਾ ਮੈਨੂੰ ਚੰਗਾ ਲੱਗਦਾ ਹੈ।
ਗ ਟੀਵੀ ਦੇ ਰਿਐਲਿਟੀ ਸ਼ੋਅ ਵਿੱਚ ਫ਼ਿਲਮ ਦੇ ਪ੍ਰਚਾਰ ਲਈ ਤੁਸੀਂ ਜਾਂਦੇ ਹੋ, ਕੀ ਇਸ ਨਾਲ ਬਾਕਸ ਆਫ਼ਿਸ ‘ਤੇ ਅਸਲ ਵਿੱਚ ਕੋਈ ਫ਼ਰਕ ਪੈਂਦਾ ਹੈ?
-ਮੈਨੂੰ ਨਹੀਂ ਪਤਾ, ਫ਼ਰਕ ਪੈਂਦਾ ਹੈ ਜਾਂ ਨਹੀਂ। ਸਾਨੂੰ ਤਾਂ ਫ਼ਿਲਮ ਦੀ ਮਾਰਕੀਟਿੰਗ ਟੀਮ ਦੀ ਸਲਾਹ ‘ਤੇ ਕੰਮ ਕਰਨਾ ਹੁੰਦਾ ਹੈ, ਪਰ ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਫ਼ਿਲਮ ਪ੍ਰਤੀ ਜਾਗਰੂਕਤਾ ਜ਼ਰੂਰ ਵਧ ਜਾਂਦੀ ਹੈ। ਜਦੋਂ ਮੈਂ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਜਾਂਦੀ ਹਾਂ ਤਾਂ ਮੈਨੂੰ ਬਹੁਤ ਚੰਗਾ ਲੱਗਦਾ ਹੈ।
ਗ ਤੁਸੀਂ ‘ਓਕੇ ਜਾਨੂ’ ਤੋਂ ਬਾਅਦ ਹੋਰ ਕਿਹੜੀਆਂ ਫ਼ਿਲਮਾਂ ਕਰ ਰਹੇ ਹੋ?
-ਮੇਰੀਆਂ ਦੋ ਫ਼ਿਲਮਾਂ ਆ ਰਹੀਆਂ ਹਨ। ਇੱਕ ਫ਼ਿਲਮ ਹੈ ‘ਹਾਫ਼ ਗਰਲ ਫ਼ਰੈਂਡ’ ਜੋ ਕਿ ਉੱਘੇ ਨਾਵਲਕਾਰ ਚੇਤਨ ਭਗਤ ਦੇ ਇਸ ਨਾਂ ਦੇ ਨਾਵਲ ‘ਤੇ ਆਧਾਰਿਤ ਹੈ। ਇਹ ਬਿਹਾਰ ਦੀ ਪਿੱਠਭੂਮੀ ਦੀ ਕਹਾਣੀ ਹੈ, ਇਸ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਦੂਜੀ ਫ਼ਿਲਮ ਹੈ ‘ਹਸੀਨਾ’ ਜੋ ਅੰਡਰਵਰਲਡ ਡੌਨ ਦਾਊਦ ਦੀ ਭੈਣ ਹਸੀਨਾ ਪਾਰਕਰ ਦੇ ਜੀਵਨ ‘ਤੇ ਇੱਕ ਕਾਲਪਨਿਕ ਕਥਾ ਹੈ, ਇਸ ਦੀ ਸ਼ੂਟਿੰਗ ਸ਼ੁਰੂ ਹੋਣ ਵਾਲੀ ਹੈ।
ਸ਼ਾਂਤੀ ਸਵਰੂਪ ਤ੍ਰਿਪਾਠੀ

LEAVE A REPLY