ਉ ਸ ਸਮੇਂ ਮੈਂ ਇੰਨਾ ਉਦਾਸ, ਥੱਕਿਆ- ਟੁੱਟਿਆ ਅਤੇ ਬੇਸਹਾਰਾ ਨਹੀਂ ਸੀ, ਜਦ ਤੂੰ ਪਹਿਲੀ ਵਾਰ ਮੇਰੇ ਨਾਲ ਪਿਆਰ ਦਾ ਇਜ਼ਹਾਰ ਕੀਤਾ ਸੀ। ਪਿਆਰ ਦੀ ਛੋਹ ਪ੍ਰਤੀ ਮੇਰਾ ਇੰਨਾ ਝੁਕਾਅ ਨਹੀਂ ਸੀ, ਮੈਂ ਤਾਂ ਬੱਸ ਆਪਣੇ ਆਪ ਵਿੱਚ ਮਸਤ ਰਹਿਣ ਵਾਲਾ ਅਤੇ ਯਾਦਾਂ ਵਿੱਚ ਗੁਆਚਿਆ ਰਹਿਣ ਦਾ ਆਦੀ ਸੀ। ਅਜਿਹਾ ਨਹੀਂ ਸੀ ਕਿ ਮੈਂ ਪਿਆਰ ਦੀ ਬੋਲੀ ਜਾਂ ਪਿਆਰ ਦੇ ਅਹਿਸਾਸ ਨੂੰ ਨਹੀਂ ਸਮਝਦਾ ਸੀ ਪਰ ਮੇਰੀ ਸਮੱਸਿਆ ਇਹ ਸੀ ਕਿ ਮੈਂ ਖ਼ੁਦ ਇਸ ਅੱਗ ਵਿੱਚ ਸੜ ਕੇ ਤੈਨੂੰ ਇਸ ਦੇ ਪ੍ਰਛਾਵੇਂ ਤੋਂ ਵੀ ਬਚਾਈ ਰੱਖਣਾ ਚਾਹੁੰਦਾ ਸੀ। ਇਨ੍ਹਾਂ ਸੋਚਾਂ ਵਿੱਚ ਹੀ ਤੂੰ ਮੈਨੂੰ ਮਿਲਦੀ ਰਹਿੰਦੀ ਸੀ ਪਰ ਮੈਂ ਹਮੇਸ਼ਾ ਤੈਨੂੰ ਸਮਝਾਉਣ ਵਿੱਚ ਅਸਫ਼ਲ ਰਿਹਾ ਸੀ ਅਤੇ ਤੂੰ ਮੈਨੂੰ ਸਮਝਾਉਣ ਦਾ ਮੌਕਾ ਵੀ ਕਦ ਦਿੱਤਾ ਸੀ? ਮੈਂ ਤੇਰੇ ਦਿਲ ਵਿੱਚਲੇ ਅੱਲ੍ਹੜ ਪਿਆਰ ਦੀਆਂ ਤਰੰਗਾਂ ਨੂੰ ਵੀ ਚੰਗੀ ਤਰ੍ਹਾਂ ਸਮਝਦਾ ਸੀ। ਤੈਨੂੰ ਜਤਾਇਆ ਸੀ ਪਰ ਤੂੰ ਮੂੰਹ ਫ਼ੇਰ ਲਿਆ ਕਰਦੀ ਸੀ। ਮੈਨੂੰ ਯਾਦ ਹੈ ਦੁਪਹਿਰ ਦੀ ਉਸ ਤੇਜ਼, ਕੜਕਦੀ ਧੁੱਪ ਵਿੱਚ ਤੂੰ ਨੰਗੇ ਪੈਰੀਂ ਛੱਤ ‘ਤੇ ਖੜ੍ਹੀ ਮੇਰੀ ਉਡੀਕ ਕਰਦੀ ਰਹਿੰਦੀ ਸੀ, ਦਿਨ ਵਿੱਚ ਕਿੰਨੀ ਵਾਰ ਪਰੇਸ਼ਾਨ ਹੁੰਦੀ ਸੀ। ਜਿਸ ਸਲੀਕੇ ਨਾਲ ਤੂੰ ਪਿਆਰ ਦਾ ਇਜ਼ਹਾਰ ਕਰਿਆ ਕਰਦੀ ਸੀ, ਮੈਂ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਰਸਤੇ ਵਿੱਚ ਕਾਫ਼ੀ ਦੇਰ ਤੱਕ ਮੇਰੀ ਉਡੀਕ ਕਰਦੇ ਰਹਿਣਾ, ਮੇਰੇ ਨਾ ਮਿਲਣ ‘ਤੇ ਖਾਣਾ ਤਕ ਨਾ ਖਾਣ ਅਤੇ ਇੱਥੋਂ ਤਕ ਕਿ ਤੂੰ ਆਪਣੇ ਸਕੂਲ ਦਾ ਸਮਾਂ ਵੀ ਇਸੇ ਲਈ ਤਬਦੀਲ ਕੀਤਾ ਸੀ ਕਿ ਤੂੰ ਆਸਾਨੀ ਨਾਲ ਮੈਨੂੰ ਮਿਲ ਸਕੇਂ। ਤੇਰੀਆਂ ਇਨ੍ਹਾਂ ਸਾਰੀਆਂ ਕੋਸ਼ਿਸ਼ਾਂ ਦੇ ਬਾਅਦ ਵੀ ਮੈਂ ਡਗਮਗਾਉਣਾ ਨਹੀਂ ਚਾਹੁੰਦਾ ਸੀ। ਮੇਰਾ ਵਿਸ਼ਵਾਸ ਪੱਕਾ ਸੀ ਪਰ ਮੈਂ ਸਥਿਰ ਨਹੀਂ ਰਹਿ ਸਕਿਆ। ਮੈਂ ਡਗਮਗਾ ਗਿਆ, ਆਪਣੇ ਆਪ ਨੂੰ ਤਕਲੀਫ਼ ਦੇਣ ਵਾਲੀਆਂ ਤੇਰੀਆਂ ਇਨ੍ਹਾਂ ਸਾਰੀਆਂ ਕੋਸ਼ਿਸ਼ਾਂ ਦੇ ਅੱਗੇ, ਜਿਨ੍ਹਾਂ ਰਾਹੀਂ ਤੂੰ ਮੇਰਾ ਪਿਆਰ ਹਾਸਲ ਕਰਨ ਲਈ ਬੁਨਿਆਦ ਬਣਾ ਰਹੀ ਸੀ। ਨਾ ਚਾਹੁੰਦਿਆਂ ਵੀ ਮੈਂ ਆਪਣੇ ਵਿਸ਼ਵਾਸ ਤੋਂ ਡੋਲ੍ਹਣ ਦਾ ਪ੍ਰਗਟਾਵਾ ਕਰ ਦਿੱਤਾ ਸੀ। ਜਦਕਿ ਮੈਂ ਜਾਣਦਾ ਸੀ ਕਿ ਲੜਕਪਣ ਵਿੱਚ ਤੈਨੂੰ ਪਿਆਰ ਦੀ ਭਾਵਨਾ ਦਾ ਅਹਿਸਾਸ ਤਾਂ ਜ਼ਰੂਰ ਏ ਪ੍ਰੰਤੂ ਇਸ ਬੋਝ ਨੂੰ ਉਠਾਉਣ ਤੋਂ ਅਸਮਰੱਥ ਰਹੇਂਗੀ। ਪਰ ਤੂੰ ਜਿਸ ਤਰੀਕੇ ਨਾਲ ਮੈਨੂੰ ਵਿਸ਼ਵਾਸ ਦਿਵਾਇਆ ਸੀ ਮੈਂ ਉਸ ਸਚਾਈ ਦੇ ਬਿਲਕੁਲ ਨਜ਼ਦੀਕ ਸਮਝ ਕੇ ਭਰਮ ਸਮਝ ਲਿਆ ਸੀ, ਜਿਸ ਦਾ ਪਛਤਾਵਾ ਹੁਣ ਤੱਕ ਕਰ ਰਿਹਾ ਹਾਂ। ਦਰਅਸਲ ਰੇਣੂ, ਮੇਰੀ ਹਾਰ, ਜੋ ਮੈਂ ਤੇਰੇ ਪ੍ਰਤੀ ਪ੍ਰਵਾਨਗੀ ਦੇ ਸਕਿਆ, ਉਸ ਵਿੱਚ ਇੱਕ ਹੋਰ ਕਾਰਨ ਇਹ ਸੀ ਕਿ ਮੈਂ ਵੀ ਤੇਰੇ ਵਾਂਗ ਆਪਣਾ ਪਿਆਰ ਹਾਸਲ ਕਰਨ ਲਈ ਖ਼ੁਦ ਅਨੇਕ ਸਰੀਰਕ ਤੇ ਮਾਨਸਿਕ ਬੋਝ ਉਠਾਏ ਸੀ। ਪ੍ਰੰਤੂ ਇਸ ਦੇ ਬਦਲੇ ਮੈਨੂੰ ਕੇਵਲ ਭਾਵੁਕਤਾ, ਅੱਖੜਪੁਣਾ, ਬੇਹਾਲੀ ਅਤੇ ਦਰਦ ਦੀ ਅਸਹਿ ਪੀੜ ਹੀ ਪ੍ਰਾਪਤ ਹੋਈ ਸੀ। ਮੈਂ ਨਹੀਂ ਚਾਹੁੰਦਾ ਸੀ ਕਿ ਤੇਰੇ ਨਰੋਏ ਪਿਆਰ ਭਰੇ ਦਿਲ ਨੂੰ ਜ਼ਰਾ ਜਿੰਨਾ ਵੀ ਦਰਦ ਦੇਵਾਂ ਕਿਉਂਕਿ ਇਸੇ ਦਰਦ ਨੂੰ ਮੈਂ ਲੰਮੇ ਅਰਸੇ ਤੋਂ ਸਹਿਣ ਕਰਦਾ ਆ ਰਿਹਾ ਸੀ। ਬਸ ਤੇਰੇ ਪਿਆਰ ਪ੍ਰਤੀ ਮੇਰੀ ਹਾਰ ਦਾ ਇਹੀ ਵਿਸ਼ੇਸ਼ ਕਾਰਨ ਸੀ। ਤੇਰੇ ਰੰਗਲੇ ਪਿਆਰ ਭਰੇ ਸੰਪਰਕ ਨਾਲ ਮੇਰੀਆਂ ਕੌੜੀਆਂ ਯਾਦਾਂ ਧੁੰਦਲੀਆਂ ਹੋਣ ਲੱਗੀਆਂ ਤੇ ਉਸ ਦੇ ਦਰਵਾਜ਼ੇ ਲਗਪਗ ਬੰਦ ਹੋਣ ਲੱਗੇ ਸਨ ਪਰ ਤੂੰ ਜਲਦੀ ਹੀ ਨਵੀਆਂ ਯਾਦਾਂ ਦਾ ਨਵਾਂ ਪ੍ਰਤੀਬਿੰਬ ਰੱਖ ਕੇ ਅਲਵਿਦਾ ਲੈ ਲਈ। ਮੈਨੂੰ ਯਾਦ ਹੈ, ਜਦ ਤੂੰ ਮੇਰੇ ਕਮਰੇ ਵਿੱਚ ਆਇਆ ਕਰਦੀ ਸੀ, ਫ਼ਰਜ਼ ਤਾਂ ਮੇਰਾ ਬਣਦਾ ਸੀ ਮਹਿਮਾਨ-ਨਿਵਾਜ਼ੀ ਦਾ ਪਰ ਤੂੰ ਖ਼ੁਦ ਮੈਨੂੰ ਕਦੇ ਪਾਣੀ ਪਿਲਾਇਆ ਕਰਦੀ ਸੀ ਅਤੇ ਕਦੇ ਮੇਰੇ ਲਈ ਚਾਹ ਬਣਾਉਣ ਲੱਗ ਪੈਂਦੀ ਸੀ। ਮੈਂ ਹੈਰਾਨ ਹੁੰਦਾ ਸੀ ਤੇਰੀਆਂ ਇਹੋ ਜਿਹੀਆਂ ਅਦਾਵਾਂ ਤੋਂ। ਪਰ ਅੱਜ ਜਦ ਮੈਂ ਤੇਰੇ ਘਰ ਗਿਆ ਤਾਂ ਤੈਨੂੰ ਹੀ ਪਾਣੀ ਪਿਲਾਉਣ ਲਈ ਕਿਹਾ ਤਾਂ ਤੂੰ ਮੂੰਹ ਫ਼ੇਰ ਕੇ ਚਲੀ ਗਈ। ਮਾਨਵਤਾ ਦਾ ਅਪਮਾਨ, ਘੋਰ ਅਪਮਾਨ ਮਹਿਮਾਨ ਦਾ…ਕਿੱਥੇ ਗਈ ਤੇਰੀ ਸਿਆਣਪ? ਝੱਲੀਏ, ਨਫ਼ਰਤ ਕਰਨ ਲਈ ਵੀ ਅਕਲ ਹੋਣੀ ਚਾਹੀਦੀ ਹੈ, ਕਰ ਦਿੱਤੀ ਨਾ ਆਪਣੇ ਲੜਕਪੁਣੇ ਦੀ ਦਿਸ਼ਾ ਤੇ ਅਵਸਥਾ ਦੇ ਪ੍ਰਦਰਸ਼ਨ ਵਾਲੀ ਗੱਲ? ਗ਼ੁੱਸਾ ਤਾਂ ਮੈਨੂੰ ਇੰਨਾ ਆਇਆ ਸੀ ਕਿ ਇੱਕ ਚਪੇੜ ਮਾਰ ਦਿੰਦਾ, ਪਰ ਦਿਲ ਜੋ ਹਾਰ ਬੈਠਾ ਸੀ, ਇਸ ਲਈ ਅਜਿਹਾ ਕਦਮ ਨਹੀਂ ਉਠਾ ਸਕਿਆ। ਰੇਣੂ, ਮੈਨੂੰ ਅਜੇ ਵੀ ਯਾਦ ਹੈ ਤੇਰੀ ਝਾਂਜਰ ਦੀ ਛਣ-ਛਣ ਜਿਸ ਦੇ ਵਿਰੋਧ ਵਿੱਚ ਮੈਂ ਤੈਨੂੰ ਅਕਸਰ ਕਹਿੰਦਾ ਸੀ ਪਰ ਉਸ ਦਿਨ ਜਦ ਤੂੰ ਮੇਰੇ ਕਮਰੇ ਵਿੱਚ ਬੈਠੀ-ਬੈਠੀ, ਤ੍ਰਭਕ ਕੇ ਉੱਠੀ ਸੀ ਅਤੇ ਕਿਹਾ ਸੀ,ਓਹੋ! ਮੇਰੀ ਝਾਂਜਰ ਬਾਹਰ ਖੜ੍ਹੇ ਸਾਈਕਲ ਦੇ ਥੈਲੇ ਵਿੱਚ ਪਈ ਹੈ ਅਤੇ ਤੂੰ ਦੌੜ ਕੇ ਚੁੱਕ ਲਿਆਈ ਸੀ। ਫ਼ਿਰ ਤੂੰ ਮੈਨੂੰ ਦੱਸਿਆ ਸੀ ਕਿ ਇਸ ਝਾਂਜਰ ਦੀ ਇੱਕ ਕੁੰਡੀ ਟੁੱਟ ਗਈ ਹੈ ਉਸ ਨੂੰ ਠੀਕ ਕਰਵਾਉਣਾ ਹੈ। ਤਦ ਵੀ ਮੈਂ ਇਸ ਨੂੰ ਅਣਗੌਲਿਆਂ ਕੀਤਾ ਸੀ ਤਾਂ ਤੂੰ ਝੱਟ ਮੰਨ ਲਿਆ ਸੀ। ਮੈਨੂੰ ਯਾਦ ਹੈ ਮੇਰੀ ਤੇਰੇ ਨਾਲ ਉਹੀ ਅੰਤਿਮ ਮੁਲਾਕਾਤ ਸੀ ਜਿਸ ਦੀ ਕੁੰਡੀ ਅਜੇ ਤਕ ਨਹੀਂ ਜੁੜ ਸਕੀ। ਉਸ ਦਿਨ ਸਾਈਕਲਾਂ ‘ਤੇ ਜਦ ਅਸੀਂ ਜਾ ਰਹੇ ਸੀ ਤਾਂ ਮੈਂ ਤੈਨੂੰ ਤੇਰੇ ਘਰ ਤਕ ਛੱਡਣ ਜਾ ਰਿਹਾ ਸੀ, ਲਗਪਗ ਛੇ ਵਜੇ ਤਾਂ ਰਸਤੇ ਵਿੱਚ ਤੂੰ ਕਿਸ ਪ੍ਰਸੰਨਤਾ ਨਾਲ ਮੇਰੀ ਪ੍ਰਵਾਨਗੀ ਲੈਣੀ ਚਾਹੀ ਸੀ ਕਿ ਮੈਂ ਅੱਜ ਹੀ ਡੈਡੀ ਤੋਂ ਦੂਸਰੇ ਘਰ ਦੀ ਚਾਬੀ ਲੈ ਲਵਾਂਗੀ, ਜਿਸ ਵਿੱਚ ਅਸੀਂ ਆਪਣਾ ਸੰਸਾਰ ਵਸਾਵਾਂਗੇ। ਇਹ ਸਭ ਕੁੱਝ ਹੁਣ ਮੇਰੇ ਲਈ ਯਾਦਾਂ ਦਾ ਪ੍ਰਤੀਬਿੰਬ ਹੀ ਬਾਕੀ ਰਹਿ ਗਿਆ ਹੈ ਜਿਸ ਵਿੱਚ ਹਰੇਕ ਪਲ ਤੇਰਾ ਚਿਹਰਾ, ਤੇਰਾ ਧਿਆਨ ਅਤੇ ਅੱਲੜ੍ਹ ਸੋਚ ਸਪਸ਼ਟ ਝਲਕਦੀ ਹੈ। ਕਿੱਥੇ ਗਏ ਉਹ ਪਲ ਜਦ ਤੂੰ ਕਿਹਾ ਸੀ-ਅੰਸ਼ੂ, ਤੈਨੂੰ ਦੇਖ ਕੇ ਮੈਨੂੰ ਰਾਹਤ ਜਿਹੀ ਮਿਲਦੀ ਹੈ, ਤੇਰੇ ਸਾਥ ਨਾਲ ਮੈਨੂੰ ਆਰਾਮ ਜਿਹਾ ਮਹਿਸੂਸ ਹੁੰਦਾ ਹੈ। ਕਿੰਨਾ ਸਕੂਨ ਹੈ ਤੇਰੇ ਚਿਹਰੇ ‘ਤੇ। ਕਿੰਨੀ ਦੇਰ ਤੱਕ ਤੂੰ ਮੇਰੀਆਂ ਅੱਖਾਂ ਵਿੱਚ ਗੁਆਚੀ ਰਹਿੰਦੀ ਸੀ। ਕਿੰਨਾ ਦੁੱਖ ਸੀ ਤੈਨੂੰ ਮੇਰੇ ਵਿਛੜਨ ਦਾ ਪਰ ਹੁਣ ਕਿੱਥੇ ਹੈ ਤੇਰਾ ਉਹ ਦਰਦ? ਕਿੱਥੇ ਹਨ ਤੇਰੀਆਂ ਗੁਆਚੀਆਂ ਅੱਖਾਂ ਅਤੇ ਕਿਸ ਭੀੜ ਵਿੱਚ ਗੁਆਚ ਗਈ ਹੈ ਤੇਰੀ ਸ਼ਾਂਤੀ, ਜਦ ਤੂੰ ਮੈਨੂੰ ਦੇਖ ਕੇ ਮੂੰਹ ਫ਼ੇਰ ਲੈਂਦੀ ਹੈਂ, ਅੱਖਾਂ ਘੁਮਾ ਲੈਂਦੀ ਹੈਂ? ਸ਼ਾਇਦ ਹੁਣ ਮੇਰੀ ਜੁਦਾਈ ਹੀ ਤੈਨੂੰ ਸਕੂਨ ਦਿੰਦੀ ਹੈ। ਕਿੰਨਾ ਕਮਜ਼ੋਰ ਸੀ ਤੇਰੇ ਪਿਆਰ ਦਾ ਆਧਾਰ। ਕਾਸ਼! ਤੂੰ ਪਹਿਲਾਂ ਹੀ ਸਮਝ ਗਈ ਹੁੰਦੀ ਤਾਂ ਘੱਟੋ ਘੱਟ ਮੈਂ ਤਾਂ ਆਪਣੇ ਆਪ ਨੂੰ ਸੰਭਾਲਣ ਵਿੱਚ ਸਮਰੱਥ ਹੁੰਦਾ। ਮੇਰੇ ਕੋਲ ਤਾਂ ਪਹਿਲਾਂ ਹੀ ਕਮੀ ਰਹੀ ਹੈ ਇੱਕ ਅਹਿਲ ਪਹਾੜ ਜਾਂ ਚੱਟਾਨ ਵਰਗੇ ਹਿਰਦੇ ਦੀ…ਬੱਸ ਇਹੀ ਤਾਂ ਮੇਰੇ ਵਿੱਚ ਸਭ ਤੋਂ ਵੱਡੀ ਕਮਜ਼ੋਰੀ ਰਹੀ ਹੈ। ਤੂੰ ਤਾਂ ਚੱਟਾਨ ਤੋਂ ਵੱਧ ਕਠੋਰ ਦਿਸੀ, ਜਿਸ ਨੇ ਮੈਨੂੰ ਦੇਖ ਕੇ ਆਪਣਾ ਰਸਤਾ ਹੀ ਬਦਲ ਲਿਆ। ਖ਼ੈਰ, ਇੰਨਾ ਹੀ ਕਾਫ਼ੀ ਜੋ ਅਸਾਂ ਦੁਸ਼ਮਣ ਨੂੰ ਪਹਿਚਾਣ ਹੀ ਲਿਆ। ਕਿੱਥੇ ਗਏ ਤੇਰੇ ਆਧਾਰਹੀਣ ਸੁਪਨੇ ਜੋ ਮੇਰੇ ਸਾਥ ਵਿੱਚ ਪਰੋਏ ਸਨ। ਇੱਕ ਹੀ ਝਟਕੇ ਵਿੱਚ ਤੂੰ ਉਨ੍ਹਾਂ ਨੂੰ ਤੋੜ ਦਿੱਤਾ। ਮੈਂ ਸਮਝਦਾ ਹਾਂ ਕਿ ਤੇਰੇ ਸਬੰਧ ਵਿੱਚ ਮੈਨੂੰ ਇੱਕ ਨਵਾਂ ਚਾਨਣ ਹੋਇਆ ਸੀ। ਮੇਰੇ ਵਿੱਚ ਜ਼ਿੰਦਗੀ ਪ੍ਰਤੀ ਫ਼ਿਰ ਹੌਂਸਲਾ ਪੈਦਾ ਹੋ ਗਿਆ ਸੀ। ਮੈਂ ਉਨ੍ਹਾਂ ਸਾਰੀਆਂ ਹਾਲਤਾਂ ਨਾਲ ਲੜਨ ਲਈ ਤਿਆਰ ਹੋ ਰਿਹਾ ਸੀ, ਜੋ ਤੇਰੇ ਸਾਥ ਨਾਲ ਮੇਰੇ ‘ਤੇ ਬੀਤਣ ਵਾਲੀਆਂ ਸਨ। ਪਰ ਤੂੰ ਤਾਂ ਹੱਦ ਹੀ ਕਰ ਦਿੱਤੀ। ਚੜ੍ਹਦੇ ਸੂਰਜ ਨੂੰ ਇੱਕ ਹੀ ਝਟਕੇ ਨਾਲ ਅਸਤ ਕਰ ਦਿੱਤਾ। ਅਲੜ੍ਹ ਜਵਾਨੀ ਉਛਾਲ ਨੂੰ ਬੁਢਾਪੇ ਵਿੱਚ ਵਿਲੀਨ ਕਰ ਦਿੱਤਾ। ਅਜਿਹੀ ਵੀ ਆਖਰ ਕਿਹੜੀ ਕਮੀ ਜਾਂ ਭੁੱਲ ਹੋ ਗਈ ਸੀ ਪਿਆਰ ਵਿੱਚ ਜਿਸ ਦੀ ਰਾਹ ਤੇਰੇ ਲਈ ਪਹਾੜ ਬਣੀ ਅਤੇ ਮੈਨੂੰ ਪਛਤਾਵੇ ਤੇ ਅੱਗ ਵਿੱਚ ਮਜਬੂਰੀ ਵੱਸ ਜਲਣਾ ਪੈ ਰਿਹਾ ਹੈ। ਮੈਨੂੰ ਕੋਈ ਅਹਿਸਾਸ ਤਾਂ ਕਰਵਾਇਆ ਹੁੰਦਾ। ਅਹਿਸਾਸ ਤਾਂ ਤੂੰ ਤਦ ਕਰਵਾਉਂਦੀ ਜਦ ਕੋਈ ਠੋਸ ਸਬੂਤ ਹੁੰਦਾ। ਕੀ ਖ਼ਾਕ ਸਬੂਤ ਹੋਵੇਗਾ, ਤੇਰੇ ਵਿੱਚ ਹੌਂਸਲਾ ਹੀ ਕਦ ਸੀ ਪਿਆਰ ਕਰਨ ਦਾ? ਕਿੱਥੇ ਗਿਆ ਸਮਾਜ ਨਾਲ ਲੜਨ ਦਾ ਤੇਰਾ ਹੌਂਸਲਾ? ਮੈਨੂੰ ਪ੍ਰੇਰਣਾ ਦੇ ਲੰਬੇ ਲੰਬੇ ਲੈਕਚਰ ਦਿਆ ਕਰਦੀ ਸੀ, ਹੰਝੂਆਂ ਨਾਲ ਆਪਣੇ ਸੱਚੇ ਪਿਆਰ ਨੂੰ ਪ੍ਰਮਾਣਿਤ ਕਰਿਆ ਕਰਦੀ ਸੀ। ਮੈਨੂੰ ਕਾਇਰ ਜਤਾਉਂਦੀ ਸੀ, ਪਰ ਹੋਇਆ ਇਸ ਦੇ ਉਲਟ। ਤੂੰ ਕਾਇਰ ਨਿਕਲੀ, ਭਾਵਨਾਵਾਂ ਦੀ ਕੱਚੀ ਅਤੇ ਆਪਣੀ ਉਮਰ ਅਨੁਸਾਰ ਆਧਾਰਹੀਣ ਅਨੇਕਾਂ ਸ਼ਬਦ-ਜਾਲਾਂ ਦਾ ਪ੍ਰਗਟਾਵਾ ਕਰ ਦਿੱਤਾ। ਕਾਸ਼! ਉਸੇ ਸਮੇਂ ਵਾਪਸ ਮੁੜ ਗਈ ਹੁੰਦੀ ਤਦ ਮੈਨੂੰ ਏਨਾ ਸੰਘਰਸ਼ ਤਾਂ ਨਾ ਕਰਨਾ ਪੈਂਦਾ, ਤੇਰੇ ਵਿਛੋੜੇ ਦੀ ਸੱਟ ਦਾ ਸਹਿਣ ਲਈ, ਜਿਸ ਦਾ ਜ਼ਖ਼ਮ ਮੇਰੇ ਧੁਰ ਅੰਤਰ ਤਕ ਹੋਇਆ। ਹੁਣ, ਹੁਣ ਤਾਂ ਮੇਰੇ ਕੋਲ ਕੇਵਲ ਇੱਕ ਪ੍ਰਛਾਵਾਂ ਬਾਕੀ ਹੈ ਤੇਰੀਆਂ ਤਰਕਹੀਣ ਯਾਦਾਂ ਦਾ, ਜਿਸ ਨੂੰ ਨਾ ਚਾਹ ਕੇ ਵੀ ਦਿਲ ਵਿੱਚ ਸਮਾਈ ਬੈਠਾ ਹਾਂ। ਕਦੇ ਬਹੁਤ ਗ਼ੁੱਸਾ ਆਉਂਦਾ ਹੈ ਖੋਖਲੇ ਪਿਆਰ ਅਤੇ ਸੱਚੇ ਪਿਆਰ ‘ਤੇ, ਪਰ ਫ਼ਿਰ ਯਾਦ ਆ ਜਾਂਦੀ ਹੈ ਤੇਰੀਆਂ ਸੁੱਜੀਆਂ, ਹੰਝੂਆਂ ਨਾਲ ਭਰੀਆਂ ਅੱਖਾਂ ਦੀ ਜਿਸ ਨੂੰ ਮੈਂ ਹੁਣ ਕੇਵਲ ਇੱਕ ਦਿਖਾਵਾ ਹੀ ਸਮਝਦਾ ਹਾਂ। ਤੇਰੇ ਇਸ ਦੋ ਮਹੀਨੇ ਦੇ ਨਾਟਕ ਤੋਂ ਪਹਿਲਾਂ ਮੈਂ ਇੰਨਾ ਨਿਢਾਲ ਅਤੇ ਥੱਕਿਆ ਹੋਇਆ ਨਹੀਂ ਸੀ ਪਰ ਹੁਣ ਕਾਫ਼ੀ ਥੱਕਿਆ ਅਤੇ ਮਾਨਸਿਕ ਤੌਰ ‘ਤੇ ਅਸਥਿਰ ਹਾਂ। ਇਹ ਅਸਥਿਰਤਾ ਵੀ ਇਸ ਲਈ ਹੈ ਕਿਉਂਕਿ ਇਹ ਪ੍ਰਤੀਬਿੰਬ ਤਾਜ਼ਾ ਹੈ। ਹੌਲੀ ਹੌਲੀ ਇਸ ਪ੍ਰਤੀਬਿੰਬ ਦੀਆਂ ਯਾਦਾਂ ਧੁੰਦਲੀਆਂ ਹੋ ਜਾਣਗੀਆਂ। ਮੇਰੇ ਵਿੱਚ ਵੀ ਨਫ਼ਰਤ ਪੈਦਾ ਹੋਵੇ, ਅਜਿਹੀ ਕੋਸ਼ਿਸ਼ ਕਰਾਂਗਾ, ਪਰ ਜਦ ਆਪਣੇ ਹਿਰਦੇ ਸਾਹਮਣੇ ਹੁੰਦਾ ਹਾਂ ਤਾਂ ਸਮਝਦਾ ਹਾਂ ਕਿ ਮੈਂ ਨਫ਼ਰਤ ਕਰਨ ਵਿੱਚ ਅਸਫ਼ਲ ਰਹਾਂਗਾ ਫ਼ਿਰ ਵੀ ਨਫ਼ਰਤ ਜ਼ਰੂਰ ਕਰਨ ਲੱਗਾ ਹਾਂ, ਤੇਰੇ ਘਿਨੌਣੇ ਅਤੇ ਖੋਖਲੇ, ਪਹਿਲੇ ਅਤੇ ਸੱਚੇ ਪਿਆਰ ਪ੍ਰਤੀ, ਪਰ ਇੰਨੀ ਤਿੱਖ਼ੀ ਨਫ਼ਰਤ ਨਹੀਂ ਕਰ ਸਕਾਂਗਾ ਤੈਨੂੰ ਦੇਖ ਕੇ ਕਿ ਤੇਰੇ ਵਲੋਂ ਆਪਣਾ ਮੂੰਹ ਮੋੜ ਸਕਾਂ।
ਮੂਲ ਲੇਖਕ: ਮਨੋਜ ਕੁਮਾਰ ਪ੍ਰੀਤ
ਪੰਜਾਬੀ ਅਨੁਵਾਦ: ਮਨਿੰਦਰ ਸ਼ੌਕ

LEAVE A REPLY