ਚੰਡੀਗਡ਼੍ਹ  – ਆਮ ਆਦਮੀ ਪਾਰਟੀ (ਆਪ) ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਚੋਣ ਕਮਿਸ਼ਨ ਕੋਲ ਆਮ ਆਦਮੀ ਪਾਰਟੀ ਦੀਆਂ ਝੂਠੀਆਂ ਸ਼ਿਕਾਇਤਾਂ ਲਗਾਉਣ ਲਈ ਕਰਡ਼ੇ ਹੱਥੀਂ ਲੈਂਦਿਆ ਉਨਾਂ ਉਤੇ ਦੋਸ਼ ਲਗਾਏ ਕਿ ਉਸਦੇ ਰਾਜ ਵਿੱਚ ਪਿਛਲੇ ਇੱਕ ਸਾਲ ਵਿੱਚ ਬੇਅਦਬੀ ਦੀਆਂ ਬੇਹਿਸਾਬੀ ਘਟਨਾਵਾਂ ਵਾਪਰੀਆਂ ਹਨ, ਪਰ ਉਹ ਕਿਸੇ ਵੀ ਦੋਸ਼ੀ ਨੂੰ ਫਡ਼ਨ ਵਿੱਚ ਅਸਫਲ ਰਹੇ ਹਨ।
ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਵਡ਼ੈਚ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਆਪਣੀ ਘਟੀਆ ਸੋਚ ਦਾ ਪ੍ਰਗਟਾਵਾ ਕਰਦਿਆਂ ਬੇਅਦਬੀ ਘਟਨਾ ਲਈ ਆਮ ਆਦਮੀ ਪਾਰਟੀ ਦੇ ਖਿਲਾਫ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ। ਉਨਾਂ ਕਿਹਾ ਕਿ ਉਸਦੇ ਕਾਰਜਕਾਲ ਵਿੱਚ ਬੇਅਦਬੀ ਦੀਆਂ ਲਗਭਗ 95 ਘਟਨਾਵਾਂ ਵਾਪਰੀਆਂ ਹਨ, ਜਿਨਾਂ ਵਿੱਚ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰੇ ਵਿੱਚੋਂ ਜੂਨ 2015 ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਹੋਣ ਦਾ ਮਾਮਲਾ ਵੀ ਸ਼ਾਮਿਲ ਹੈ।
ਸੁਖਬੀਰ ਬਾਦਲ ਨੂੰ ਇੱਕ ਅਸਫਲ ਗ੍ਰਹਿ ਮੰਤਰੀ ਦੱਸਦਿਆਂ ਵਡ਼ੈਚ ਨੇ ਕਿਹਾ ਕਿ ਇਸ ਤੋਂ ਸ਼ਰਮਨਾਕ ਗੱਲ ਹੋ ਕੀ ਹੋ ਸਕਦੀ ਹੈ ਕਿ ਡੇਢ ਸਾਲ ਵਿੱਚ ਉਨਾਂ ਦੀ ਸਰਕਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਲੱਭਣ ਵਿੱਚ ਨਾਕਾਮਯਾਬ ਰਹੇ ਹਨ।
ਵਡ਼ੈਚ ਨੇ ਸੁਖਬੀਰ ਬਾਦਲ ਨੂੰ ਭਰੋਸਾ ਦਿੱਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਤੇ ਬੇਅਦਬੀ ਮਾਮਲਿਆਂ ਦੇ ਦੋਸ਼ੀ ਅਤੇ ਸਾਜਿਸ਼ਕਰਤਾ ਸਭ ਜੇਲਾਂ ਵਿੱਚ ਹੋਣਗੇ।
ਵਡ਼ੈਚ ਨੇ ਕਿਹਾ ਕਿ ਸੁਖਬੀਰ ਬਾਦਲ ਆਪਣੇ ਸੌਡ਼ੇ ਸਿਆਸੀ ਹਿੱਤਾਂ ਲਈ ਪੰਜਾਬ ਦਾ ਫਿਰਕੂ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ।
ਸੁਖਬੀਰ ਬਾਦਲ ਨੇ ਬੇਕਸੂਰ ਲੋਕਾਂ ਨੂੰ ਬੇਅਦਬੀ ਮਾਮਲਿਆਂ ਵਿੱਚ ਫਸਾਇਆ ਅਤੇ ਬੇਅਦਬੀ ਘਟਨਾਵਾਂ ਦਾ ਨਾਮ ਕਬੂਲ ਕਰਵਾਉਣ ਲਈ ਪੁਲਿਸ ਉਤੇ ਦਬਾਅ ਪਾਇਆ। ਬਰਗਾਡ਼ੀ ਮਾਮਲੇ ਵਿੱਚ ਉਨਾਂ ਨੇ ਦੋ ਬੇਕਸੂਰ ਸਿੱਖ ਨੌਜਵਾਨਾਂ ਨੂੰ ਬਿਨਾਂ ਕਿਸੇ ਸਬੂਤ ਤੋਂ ਗ੍ਰਿਫਤਾਰ ਕੀਤਾ ਅਤੇ ਬਾਅਦ ਵਿੱਚ ਉਨਾਂ ਨੂੰ ਬਿਨਾਂ ਸ਼ਰਤ ਤੋਂ ਰਿਹਾਅ ਕਰਨਾ ਪਿਆ।
ਸੁਖਬੀਰ ਬਾਦਲ ਵੱਲੋਂ ਮਲੇਰਕੋਟਲਾ ਵਿੱਚ ਪਵਿੱਤਰ ਕੁਰਾਨ ਸ਼ਰੀਫ ਦੀ ਬੇਅਦਬੀ ਲਈ ਦੋ ਵੀਐਚਪੀ ਆਗੂਆਂ ਨੂੰ ਗ੍ਰਿਫਤਾਰ ਕੀਤਾ ਅਤੇ ਉਨਾਂ ਉਤੇ ਦਿੱਲੀ ਦੇ ਇੱਕ ਆਪ ਵਿਧਾਇਕ ਦਾ ਨਾਂਅ ਲੈਣ ਲਈ ਦਬਾਅ ਬਣਾਇਆ।  ਇਨਾਂ ਵਿੱਚੋਂ ਇੱਕ ਨੇ ਸੁਖਬੀਰ ਸਿੰਘ ਬਾਦਲ ਨੂੰ ਬੇਨਕਾਬ ਕਰਦਿਆਂ ਕਿਹਾ ਸੀ ਕਿ ਉਸਨੂੰ ਪੁਲਿਸ ਵੱਲੋਂ ਆਪ ਵਿਧਾਇਕ ਦਾ ਨਾਂਅ ਲੈਣ ਲਈ ਮਜਬੂਰ ਕੀਤਾ ਗਿਆ। ਹੁਣ ਸੁਖਬੀਰ ਵੱਲੋਂ ਲੰਬੀ ਵਿਖੇ ਬੇਅਦਬੀ ਦੀ ਵਾਪਰੀ ਘਟਨਾ ਲਈ ਆਪ ਉਤੇ ਆਰੋਪ ਲਗਾਇਆ ਜਾ ਰਿਹਾ ਹੈ, ਜਿੱਥੋਂ ਕਿ ਉਸਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਚੋਣ ਹਾਰ ਰਹੇ ਹਨ।

LEAVE A REPLY