ਨਵੀਂ ਦਿੱਲੀ  – ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਵਿਚ ਜਿੱਤ ਹਾਸਿਲ ਕਰਨ ਮਗਰੋਂ ਵਾਰਡ ਨੰਬਰ 9, ਪੰਜਾਬੀ ਬਾਗ ਤੋਂ ਚੁਣੇ ਗਏ ਕਮੇਟੀ ਮੈਂਬਰ ਸ਼ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਦਿੱਲੀ ਦੀ ਸਿੱਖ ਸੰਗਤ ਨਾਲ ਕੀਤੇ ਸਾਰੇ ਵਾਅਦੇ ਅੱਖਰ-ਅੱਖਰ ਪੂਰੇ ਕੀਤੇ ਜਾਣਗੇ। ਇਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸ਼ ਸਿਰਸਾ ਨੇ ਦਿੱਲੀ ਕਮੇਟੀ ਦੀਆਂ ਚੋਣਾਂ ਵਿਚ ਸ੍ਰੋਮਣੀ ਅਕਾਲੀ ਦਲ ਨੂੰ ਦਿੱਤੇ ਭਾਰੀ ਸਮਰਥਨ ਲਈ ਦਿੱਲੀ ਦੀ ਸਿੱਖ ਸੰਗਤ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਤੁਸੀਂ ਲਗਾਤਾਰ ਦੂਜੀ ਵਾਰ ਦਿੱਲੀ ਕਮੇਟੀ ਦਾ ਕਾਰਜਭਾਰ ਸਾਡੇ ਹੱਥਾਂ ਵਿਚ ਸੌਂਪ ਕੇ ਸਾਡਾ ਮਾਣ ਵਧਾਇਆ ਹੈ। ਅਸੀਂ ਆਪਣੇ ਚੋਣ ਮੈਨੀਫੈਸਟੋ ਵਿਚ ਕੀਤੇ ਗਏ ਸਾਰੇ ਵਾਅਦਿਆਂ ਨੂੰ ਅੱਖਰ ਅੱਖਰ ਪੂਰਾ ਕਰਾਂਗੇ। ਉਹਨਾਂ ਕਿਹਾ ਕਿ ਸਿੱਖ ਸੰਗਤ ਨੂੰ ਬੁਨਿਆਦੀ ਸਿਹਤ ਸਹੂਲਤਾਂ ਦੇਣ ਲਈ ਪੂਰੀ ਦਿੱਲੀ ਦੇ ਵੱਖ ਵੱਖ ਹਿੱਸਿਆਂ ਵਿਚ ਖਾਲਸਾ ਡਿਸਪੈਂਸਰੀਆਂ ਖੋਲ੍ਹੀਆਂ ਜਾਣਗੀਆਂ। ਇਸ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨਾਂ ਲਈ ਸਿੱਖ ਸੰਗਤ ਨੂੰ ਦਿੱਲੀ ਤੋਂ ਅੰਮ੍ਰਿਤਸਰ ਤਕ ਮੁਫਤ ਯਾਤਰਾ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ। ਉਹਨਾਂ ਅੱਗੇ ਕਿਹਾ ਕਿ ਬੇਰੁਜ਼ਗਾਰ ਸਿੱਖ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਖਾਲਸਾ ਰੁਜ਼ਗਾਰ ਬਿਊਰੋ ਅਤੇ ਖਾਲਸਾ ਇੰਟਨੈਸ਼ਨਲ ਰੁਜ਼ਗਾਰ ਸੈਂਟਰ ਖੋਲ੍ਹੇ ਜਾਣਗੇ। ਇਹਨਾਂ ਸੈਂਟਰਾਂ ਵੱਲੋਂ ਸਿੱਖ ਨੋਜਵਾਨਾਂ ਨੂੰ ਉਹਨਾਂ ਦੀ ਯੋਗਤਾ ਅਤੇ ਕਾਬਲੀਅਤ ਮੁਤਾਬਿਕ ਰੁਜ਼ਗਾਰ ਦਿਵਾਉਣ ਵਿਚ ਮੱਦਦ ਕੀਤੀ ਜਾਵੇਗੀ। ਇੰਨਾ ਹੀ ਨਹੀਂ, ਖੇਡਾਂ ਵਿਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਅਤੇ ਵਿਦੇਸ਼ ਜਾਣ ਦੇ ਚਾਹਵਾਨ ਸਿੱਖ ਨੌਜਵਾਨਾਂ ਲਈ ਅਕਾਲੀ ਦਲ ਵੱਲੋਂ ਇੱਕ ਅੰਤਰਰਾਸ਼ਟਰੀ ਵਿੱਦਿਅਕ ਅਤੇ ਸਪੋਰਟਸ ਸੈਂਟਰ ਖੋਲ੍ਹਿਆ ਜਾਵੇਗਾ। ਸਿੱਖ ਵਿਰਸੇ ਨੂੰ ਆਉਣ ਵਾਲੀਆਂ ਪੀਡ਼੍ਹੀਆਂ ਦੇ ਮਨਾਂ ਵਿਚ ਤਾਜ਼ਾ ਰੱਖਣ ਦੀ ਲੋਡ਼ ਉਤੇ ਜ਼ੋਰ ਦਿੰਦਿਆਂ ਸ਼ ਸਿਰਸਾ ਨੇ ਕਿਹਾ ਕਿ 2019 ਵਿਚ ਅਕਾਲੀ ਦਲ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਪੂਰੀ ਸ਼ਾਨੋ-ਸ਼ੌਕਤ ਨਾਲ ਮਨਾਇਆ ਜਾਵੇਗਾ। ਇੰਨਾ ਹੀ ਨਹੀਂ ਸਾਲ 2018 ਵਿਚ ਆ ਰਹੀ ਮਹਾਨ ਸਿੱਖ ਜਰਨੈਲ ਸ਼ ਜੱਸਾ ਸਿੰਘ ਆਹਲੂਵਾਲੀਆ ਦੀ 300ਵੀ ਜਨਮ ਸ਼ਤਾਬਦੀ ਨੂੰ ਵੀ ਪੂਰੇ ਜਾਹੋ-ਜਲਾਲ ਨਾਲ ਮਨਾਇਆ ਜਾਵੇਗਾ। ਸ਼ ਸਿਰਸਾ ਨੇ ਕਿਹਾ ਕਿ 1984 ਸਿੱਖ ਕਤਲੇਆਮ ਤੋਂ ਪੀਡ਼ਤ ਵਿਧਵਾਵਾਂ ਨੂੰ ਅਲਾਟ ਹੋਏ ਫਲੈਟਾਂ ਦੇ ਮਾਲਕਾਨਾ ਹੱਕ ਦਿਵਾਉਣ ਲਈ ਦਿੱਲੀ ਕਮੇਟੀ ਵੱਲੋਂ ਸੰਘਰਸ਼ ਵਿੱਢਿਆ ਜਾਵੇਗਾ ਅਤੇ ਨਾਲ ਹੀ ਕਮੇਟੀ ਦੁਆਰਾ ਇਹਨਾਂ ਫਲੈਟਾਂ ਦੀ ਮੁਰੰਮਤ ਵੀ ਕਰਵਾਈ ਜਾਵੇਗੀ। ਉਹਨਾਂ ਦੱਸਿਆ ਕਿ ਸਿੱਖ ਕਤਲੇਆਮ ਤੋਂ ਪੀਡ਼ਤ ਵਿਧਵਾਵਾਂ ਦਾ ਸਰਕਾਰ ਵੱਲੋਂ ਕੀਤਾ ਮੁਡ਼-ਵਸੇਬਾ ਉਸ ਸਮੇਂ ਹੀ ਮੁਕੰਮਲ ਮੰਨਿਆ ਜਾਵੇਗਾ, ਜਦੋਂ ਇਹਨਾਂ ਪੀਡ਼ਤ ਪਰਿਵਾਰਾਂ ਨੂੰ ਫਲੈਟਾਂ ਦੇ ਮਾਲਕਾਨਾ ਹੱਕ ਮਿਲਣਗੇ। ਇਹਨਾਂ ਪਰਿਵਾਰਾਂ ਦੇ ਸਿਰਾਂ ਉੱਤੇ ਹਮੇਸ਼ਾਂ ਡਰ ਦੀ ਤਲਵਾਰ ਲਟਕਦੀ ਰਹਿੰਦੀ ਹੈ ਕਿ ਕਿਤੇ ਸਰਕਾਰ ਉਹਨਾਂ ਤੋਂ ਫਲੈਟ ਖਾਲੀ ਕਰਵਾਉਣ ਦਾ ਹੁਕਮ ਨਾ ਕੱਢ ਦੇਵੇ। ਸ਼ ਸਿਰਸਾ ਨੇ ਅੱਗੇ ਕਿਹਾ ਕਿ ਸਾਡਾ ਮੰਤਵ ਸਿੱਖ ਬੱਚਿਆਂ ਨੂੰ ਵਧੀਆ ਸਿੱਖਿਆ ਦੇਣਾ ਹੈ ਤਾਂ ਕਿ ਉਹ ਜਿੰæਦਗੀ ਵਿਚ ਕਾਮਯਾਬ ਹੋਣ ਅਤੇ ਆਪਣੇ ਸੁਫਨਿਆਂ ਨੂੰ ਪੂਰਾ ਕਰਨ। ਇਸ ਵਾਸਤੇ ਅਸੀਂ ਨਾ ਸਿਰਫ 12ਵੀਂ ਕਲਾਸ ਵਿਚ 90 ਫੀਸਦੀ ਤੋਂ ਵੱਧ ਅੰਕ ਲੈਣ ਵਾਲੇ ਮੁੰਡੇ-ਕੁਡ਼ੀਆਂ ਨੂੰ ਉਚੇਰੀ ਪਡ਼੍ਹਾਈ ਲਈ 1000 ਰੁਪਏ ਮਹੀਨਾ ਵਜ਼ੀਫਾ ਦੇਵਾਂਗੇ, ਸਗੋਂ ਉਹਨਾਂ ਵਾਸਤੇ ਆਈਏਐਸ, ਆਈਪੀਐਸ ਅਤੇ ਐਸਐਸਏ ਵਰਗੀਆਂ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰ ਕਰਵਾਉਣ ਲਈ ਵਿਸ਼ੇਸ਼ ਅਕੈਡਮੀਆਂ ਖੋਲ੍ਹਾਂਗੇ। ਇਸ ਤੋਂ ਇਲਾਵਾ ਹੋਣਹਾਰ ਸਿੱਖ ਬੱਚਿਆਂ ਵਾਸਤੇ ਸਕੂਲ ਆਫ ਐਕਸੀਲੈਂਸ ਦੀ ਵੀ ਸਥਾਪਨਾ ਕੀਤੀ ਜਾਵੇਗੀ। ਅਕਾਲੀ ਆਗੂ ਨੇ ਕਿਹਾ ਕਿ ਅਸੀਂ ਨੌਜਵਾਨਾਂ ਨੂੰ ਸਿੱਖ ਵਿਰਸੇ ਨਾਲ ਜੋਡ਼ਣ ਲਈ ਵਿਸ਼ੇਸ਼ ਉਪਰਾਲੇ ਕਰਾਂਗੇ। ਇਸ ਤਹਿਤ ਗੁਰਮਤਿ ਟਕਸਾਲ ਦੀ ਸਥਾਪਨਾ, ਸਿੱਖ ਆਰਟ ਸੈਂਟਰ ਦੀ ਸਥਾਪਨਾ, ਅਣਗੌਲੀਆਂ ਯਾਦਗਾਰਾਂ ਦੀ ਸਥਾਪਨਾ, ਖਾਲਸਾ ਮੋਬਾਇਲ ਲਾਇਬਰੇਰੀ ਅਤੇ ਖਾਲਸਾ ਹੈਰੀਟੇਜ ਐਂਡ ਵਰਕਸ਼ਾਪ ਜਿਹੇ ਕੇਂਦਰ ਖੋਲ੍ਹੇ ਜਾਣਗੇ। ਉਹਨਾਂ ਦੱਸਿਆ ਕਿ ਨੌਜਵਾਨਾਂ ਨੂੰ ਮਾਰਸ਼ਲ ਆਰਟ ਨਾਲ ਜੋਡ਼ਣ ਲਈ ਖਾਲਸਾਈ ਖੇਡ ਅਕੈਡਮੀ ਅਤੇ ਗਰਲਜ਼ ਮਾਰਸ਼ਲ ਆਰਟ ਸੈਂਟਰ ਬਣਾਏ ਜਾਣਗੇ। ਉਹਨਾਂ ਕਿਹਾ ਕਿ ਸਿੱਖਾਂ ਨੂੰ ਗੁਰਬਾਣੀ ਨਾਲ ਜੋਡ਼ਣ ਵਾਲੀ ਮਾਂ ਬੋਲੀ ਦਾ ਵੱਧ ਤੋਂ ਵੱਧ ਪ੍ਰਚਾਰ ਕਰਕੇ ਦਿੱਲੀ ਵਿਚ ਪੰਜਾਬੀ ਦਾ ਸਿਰ ਉੱਚਾ ਕਰਾਂਗੇ। ਇਸ ਨੂੰ ਵੱਧ ਤੋਂ ਵੱਧ ਪਡ਼੍ਹੀ ਜਾਣ ਵਾਲੀ ਅਤੇ ਬੋਲੀ ਜਾਣ ਵਾਲੀ ਭਾਸ਼ਾ ਬਣਾਉਣ ਵਾਸਤੇ ਖਾਸ ਕਦਮ ਚੁੱਕਾਂਗੇ। ਉਹਨਾਂ ਕਿਹਾ ਕਿ ਉਹ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵੱਡੇ ਉਪਰਾਲੇ ਕਰਨਗੇ। ਦਿੱਲੀ ਦੇ ਸਰਕਾਰੀ ਸਕੂਲਾਂ ਵਿਚ ਪੰਜਾਬੀ ਅਧਿਆਪਕਾਂ ਦੀਆਂ ਖਾਲੀ ਪਈਆਂ ਅਸਾਮੀਆਂ ਉੱਤੇ ਰੈਗੂਲਰ ਅਧਿਆਪਕਾਂ ਦੀ ਭਰਤੀ ਕਰਵਾਉਣ ਲਈ ਸੰਘਰਸ਼ ਵਿੱਢਿਆ ਜਾਵੇਗਾ, ਜਿਸ ਨਾਲ ਨਾ ਸਿਰਫ ਪੰਜਾਬੀ ਬੋਲੀ ਵਧੇਗੀ-ਫੁੱਲੇਗੀ, ਸਗੋਂ ਸਿੱਖ ਮੁੰਡੇ-ਕੁਡ਼ੀਆਂ ਵਾਸਤੇ ਰੁਜ਼ਗਾਰ ਦੇ ਮੌਕੇ ਵੀ ਖੁੱਲਣਗੇ। ਸਿੱਖ ਭਾਈਚਾਰੇ ਲਈ ਸਿਹਤ ਸਹੂਲਤਾਂ ਦਾ ਜ਼ਿਕਰ ਕਰਦਿਆਂ ਸ਼ ਸਿਰਸਾ ਨੇ ਕਿਹਾ ਕਿ ਗੁਰਦੁਆਰਾ ਬਾਲਾ ਸਾਹਿਬ ਵਿਖੇ 500 ਬਿਸਤਰਿਆਂ ਦਾ ਹਸਪਤਾਲ ਅਤੇ ਮੈਡੀਕਲ ਕਾਲਜ ਖੋਲ੍ਹਿਆ ਜਾਵੇਗਾ। ਇਸ ਤੋਂ ਇਲਾਵਾ ਪੱਛਮੀ ਦਿੱਲੀ ਵਿਚ ਮਲਟੀਪਰਪਸ ਹਾਲ ਬਣਾਏ ਜਾਣਗੇ, ਜਿੱਥੇ ਸਿੱਖ ਭਾਈਚਾਰੇ ਵੱਲੋਂ ਵਿਆਹ-ਸ਼ਾਦੀਆਂ ਤੋਂ ਇਲਾਵਾ ਸਮਾਜਿਕ ਅਤੇ ਸੱਿਭਆਚਾਰਕ ਸਮਾਗਮ ਕਰਵਾਏ ਜਾ ਸਕਣਗੇ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਸਿੱਖ ਵਿਰਸੇ ਨਾਲ ਜੋਡ਼ਣ ਵਾਸਤੇ ਦਿੱਲੀ ਕਮੇਟੀ ਵੱਲੋਂ ਖਾਲਸਾ ਮੋਬਾਇਲ ਲਾਇਬਰੇਰੀ ਬਣਾਈ ਜਾਵੇਗੀ, ਜਿਸ ਵਿਚ ਸਿੱਖ ਧਰਮ ਅਤੇ ਸਿੱਖ ਗੁਰੂ ਸਾਹਿਬਾਨਾਂ ਨਾਲ ਸੰਬੰਧਿਤ ਸਾਹਿਤ ਉਪਲੱਬਧ ਹੋਵੇਗਾ। ਇਹ ਲਾਇਬਰੇਰੀ ਦਿੱਲੀ ਦੇ ਵੱਖ ਵੱਖ ਹਿੱਿਸਆਂ ਵਿਚ ਜਾ ਕੇ ਸਿੱਖ ਸੰਗਤਾਂ ਨੂੰ ਗੁਰਬਾਣੀ ਅਤੇ ਸਿੱਖ ਵਿਰਸੇ ਨਾਲ ਜੋਡ਼ੇਗੀ। ਇਸ ਦੇ ਨਾਲ ਹੀ ਸਿੱਖਾਂ ਦੇ ਵੱਡਮੁੱਲੇ ਵਿਰਸੇ ਨੂੰ ਸਾਂਭਣ ਲਈ ਅਣਗੌਲੀਆਂ ਯਾਦਗਾਰਾਂ ਦੀ ਸਥਾਪਨਾ ਅਤੇ ਸਿੱਖ ਆਰਟ ਸੈਂਟਰ ਵੀ ਬਣਾਇਆ ਜਾਵੇਗਾ।