ਨਵੀਂ ਦਿੱਲੀ— ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਉੱਤਰ ਪ੍ਰਦੇਸ਼ ‘ਚ ਲੰਗੜੀ ਵਿਧਾਨ ਸਭਾ ਦੇ ਅੰਦਾਜ਼ਿਆਂ ਨੂੰ ਖਾਰਜ ਕਰਦੇ ਹੋਏ ਦਾਅਵਾ ਕੀਤਾ ਕਿ ਪਹਿਲੀ ਵਾਰ ਸਪਾ ਅਤੇ ਬਸਪਾ ਦੀ ਰਵਾਇਤੀ ਵੋਟ ਭਾਜਪਾ ਨੂੰ ਮਿਲ ਰਹੀ ਹੈ ਅਤੇ ਉਹ ਸਪੱਸ਼ਟ ਬਹੁਮਤ ਦੇ ਨਾਲ ਉੱਤਰ ਪ੍ਰਦੇਸ਼ ‘ਚ ਸਰਕਾਰ ਬਣਾਉਣ ਜਾ ਰਹੀ ਹੈ। ਭਾਜਪਾ ਨੇ ਕਿਹਾ ਕਿ ਸਪਾ ਨਾਲ ਕਾਂਗਰਸ ਦੇ ਗਠਜੋੜ ਕਾਰਨ ਘੱਟ ਗਿਣਤੀ ਵੋਟਾਂ ਵੰਡੀਆਂ ਗਈਆਂ ਹਨ ਅਤੇ ਤਿਕੋਣੇ ਮੁਕਾਬਲੇ ਦੀ ਹਾਲਤ ਬਣਨ ਦਾ ਸਪੱਸ਼ਟ ਰੂਪ ‘ਚ ਭਾਜਪਾ ਨੂੰ ਲਾਭ ਮਿਲ ਰਿਹਾ ਹੈ।
ਭਾਜਪਾ ਆਗੂ ਜਗਦੰਬਿਕਾ ਪਾਲ ਨੇ ਕਿਹਾ ਕਿ ਭਾਜਪਾ ਨੂੰ ਹਰ ਵਰਗ ਦੀਆਂ ਵੋਟਾਂ ਦਾ ਲਾਭ ਮਿਲ ਰਿਹਾ ਹੈ। ਜਿਥੋਂ ਤਕ ਗੱਲ ਚੌਥੇ, ਪੰਜਵੇਂ, ਛੇਵੇਂ ਤੇ ਸੱਤਵੇਂ ਪੜਾਅ ਦੀ ਹੈ, ਉਥੇ ਭਾਜਪਾ ਦਾ ਮੁਕਾਬਲਾ ਕੁਝ ਸੀਟਾਂ ‘ਤੇ ਬਸਪਾ ਅਤੇ ਕੁਝ ‘ਤੇ ਸਪਾ ਨਾਲ ਹੈ। ਲਖਨਊ ਤੋਂ ਬਲੀਆ ਅਤੇ ਦੇਵਰੀਆ ਬਨਾਰਸ ਗੋਰਖਪੁਰ ਤੋਂ ਆਜ਼ਮਗੜ੍ਹ ਇਨ੍ਹਾਂ ਇਲਾਕਿਆਂ ‘ਚ ਸਪਾ ਕਾਫੀ ਪਛੜ ਰਹੀ ਹੈ ਅਤੇ ਉਹ ਬਸਪਾ ਨਾਲੋਂ ਵੀ ਪਿੱਛੇ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਦੇਖਿਆ ਗਿਆ ਹੈ ਕਿ ਪੂਰਬੀ ਉੱਤਰ ਪ੍ਰਦੇਸ਼ ‘ਚ ਜਿਸ ਪਾਰਟੀ ਨੂੰ ਬਹੁਮਤ ‘ਚ ਸੀਟਾਂ ਮਿਲੀਆਂ ਹਨ, ਉਸ ਨੇ ਸੂਬੇ ‘ਚ ਸਰਕਾਰ ਬਣਾਈ ਹੈ। ਅਜਿਹੇ ‘ਚ ਪੂਰਬੀ ਉੱਤਰ ਪ੍ਰਦੇਸ਼ ‘ਚ ਇਸ ਵਾਰ ਭਾਜਪਾ ਨੂੰ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ।
ਭਾਜਪਾ ਦੇ ਰਾਸ਼ਟਰੀ ਸਕੱਤਰ ਸ਼੍ਰੀਕਾਂਤ ਸ਼ਰਮਾ ਨੇ ਕਾਂਗਰਸ ਸਪਾ ਗਠਜੋੜ ਦੇ ਦੋ ਯੁਵਰਾਜਾਂ ਦਾ ਫਲਾਪ ਗਠਜੋੜ ਕਰਾਰ ਦਿੰਦੇ ਹੋਏ ਕਿਹਾ ਕਿ ਉੱਤਰ ਪ੍ਰਦੇਸ਼ ‘ਚ ਅਮਨ-ਕਾਨੂੰਨ ਦੀ ਹਾਲਤ ਬਹੁਤ ਖਰਾਬ ਹੈ।