ਨਵੀਂ ਦਿੱਲੀ— ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ. ਐੱਸ. ਜੀ. ਐੱਮ. ਸੀ.) ਦੀਆਂ ਤਾਜ਼ਾ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਮਿਲੀ ਸ਼ਾਨਦਾਰ ਜਿੱਤ ਤੋਂ ਉਤਸ਼ਾਹਿਤ ਪਾਰਟੀ ਦੀ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਅੱਜ ਦਾਅਵਾ ਕੀਤਾ ਕਿ ਇਹ ਨਤੀਜੇ ਪੰਜਾਬ ਵਿਧਾਨ ਸਭਾ ਚੋਣਾਂ ਅਤੇ ਦਿੱਲੀ ਨਗਰ ਨਿਗਮ ਚੋਣਾਂ ‘ਚ ਆਮ ਆਦਮੀ ਪਾਰਟੀ (ਆਪ) ਦਾ ‘ਸਫਾਇਆ’ ਹੋਣ ਦਾ ਸੰਕੇਤ ਹੈ।
ਡੀ. ਐੱਸ. ਜੀ. ਐੱਮ. ਸੀ. ਦੀਆਂ ਚੋਣਾਂ ‘ਚ ਕੁੱਲ 46 ਸੀਟਾਂ ‘ਚੋਂ ਅਕਾਲੀ  ਦਲ ਬਾਦਲ ਨੂੰ (ਬਾਦਲ) 35 ਸੀਟਾਂ ਮਿਲੀਆਂ, ਜਦਕਿ ਪਰਮਜੀਤ ਸਿੰਘ ਸਰਨਾ ਧੜੇ ਨੂੰ ਸਿਰਫ 7 ਸੀਟਾਂ ਹੀ ਮਿਲ ਸਕੀਆਂ। ਇਸ ਤਰ੍ਹਾਂ ਡੀ. ਐੱਸ. ਜੀ. ਐੱਮ. ਸੀ. ‘ਤੇ ਅਕਾਲੀ ਦਲ ਬਾਦਲ ਦਾ ਕਬਜ਼ਾ ਬਰਕਰਾਰ ਰਹੇਗਾ।
ਜੀ. ਕੇ. ਨੇ ‘ਭਾਸ਼ਾ’ ਨਾਲ ਗੱਲਬਾਤ ‘ਚ ਕਿਹਾ ਕਿ ਇਹ ਸਾਡੇ ਲਈ ਬਹੁਤ ਵੱਡੀ ਪ੍ਰਾਪਤੀ ਹੈ। ਇਹ ਇਸ ਗੱਲ ਦਾ ਸੰਕੇਤ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ  ਅਤੇ ਦਿੱਲੀ ਨਗਰ ਨਿਗਮ ਚੋਣਾਂ ‘ਚ ਕੀ ਹੋਣ ਜਾ ਰਿਹਾ ਹੈ। ਇਨ੍ਹਾਂ ਦੋਵਾਂ ਥਾਵਾਂ ‘ਤੇ ਆਮ ਆਦਮੀ ਪਾਰਟੀ ਦਾ ਸਫਾਇਆ ਹੋ ਜਾਵੇਗਾ।
ਉਨ੍ਹਾਂ ਕਿਹਾ, ”ਸਿੱਖ ਭਾਈਚਾਰੇ ਵਿਚਾਲੇ ਕੇਜਰੀਵਾਲ ਤੇ ਉਨ੍ਹਾਂ ਦੀ ਪਾਰਟੀ ਨੂੰ ਲੈ ਕੇ ਬਹੁਤ ਨਾਰਾਜ਼ਗੀ ਹੈ ਅਤੇ ਇਸੇ ਦਾ ਅਸਰ ਦੇਖਣ ਨੂੰ ਮਿਲਿਆ ਕਿ ਉਸ ਦੇ ‘ਪੰਥਕ ਸੇਵਾ ਦਲ’ ਦਾ ਖਾਤਾ ਵੀ ਨਹੀਂ ਖੁੱਲ੍ਹ ਸਕਿਆ।