ਜਲੰਧਰ — ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਦੇ ਦੋਹਤੇ ਨਿਰਵਾਣ ਸਿੰਘ ਦਾ ਸੰਸਦ ਮੈਂਬਰ ਤੇ ਜੰੰਮੂ-ਕਸ਼ਮੀਰ ਰਿਆਸਤ ਨਾਲ ਜੁੜੇ ਡਾ. ਕਰਨ ਸਿੰਘ ਦੀ ਪੋਤੀ ਮ੍ਰਿਗਯੰਕਾ ਸਿੰਘ ਨਾਲ ਵਿਆਹ ਹੋਇਆ। ਦੇਸ਼ ਦੀ ਰਾਜਧਾਨੀ ‘ਚ ਆਯੋਜਿਤ ਇਸ  ਸ਼ਾਹੀ ਵਿਆਹ ਸਮਾਰੋਹ ‘ਚ ਪਟਿਆਲਾ ਤੋਂ ਇਲਾਵਾ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਕਪੂਰਥਲਾ ਅਤੇ ਗਵਾਲੀਅਰ ਰਿਆਸਤ ਦੇ ਸ਼ਾਹੀ ਪਰਿਵਾਰ ਦੇ ਮੈਂਬਰਾਂ ਨੇ ਸ਼ਿਰਕਤ ਕੀਤੀ।
ਇਹ ਜੋੜਾ ਸਿੱਖੀ ਮਰਿਆਦਾ ਅਨੁਸਾਰ ਆਨੰਦਕਾਰਜ ਦੀਆਂ ਰਸਮਾਂ ਨਾਲ ਵਿਆਹ ਬੰਧਨ ‘ਚ ਬੱਝਿਆ। ਉਸ ਤੋਂ  ਬਾਅਦ ਸ਼ਾਮ ਨੂੰ ਕਸ਼ਮੀਰੀ ਹਿੰਦੂ ਰਿਵਾਜ ਅਨੁਸਾਰ ਫੇਰੇ ਕਰਵਾਏ ਗਏ। ਵਿਆਹ ਸਮਾਰੋਹ ‘ਚ ਦੋਵੇਂ ਪਰਿਵਾਰਾਂ  ਦੇ ਨੇੜਲੇ ਸੰਬੰਧੀਆਂ ਨੂੰ ਸੱਦਾ ਦਿੱਤਾ ਗਿਆ ਸੀ।
ਨਿਰਵਾਣ ਦੇ ਮਾਤਾ-ਪਿਤਾ ਗੁਰਪਾਲ ਸਿੰਘ ਅਤੇ ਜੈਇੰਦਰ ਕੌਰ ਨੇ ਵਿਕਰਮਾਦਿਤਯ ਸਿੰਘ ਅਤੇ ਚਿਤਰਾਂਗਦਾ ਸਿੰਘ ਦੀ ਪੁੱਤਰੀ ਮ੍ਰਿਗਯੰਕਾ ਦਾ ਪਟਿਆਲਾ ਸ਼ਾਹੀ ਪਰਿਵਾਰ ‘ਚ ਸਵਾਗਤ ਕੀਤਾ। ਵਿਕਰਮਾਦਿਤਯ ਇਸ ਸਮੇਂ ਜੰਮੂ-ਕਸ਼ਮੀਰ ਵਿਧਾਨ ਸਭਾ ਦੇ ਮੈਂਬਰ ਹਨ। ਉਹ ਡਾ. ਕਰਨ ਸਿੰਘ ਦੇ ਪੁੱਤਰ ਹਨ, ਜਦਕਿ ਨਿਰਵਾਣ ਸਿੰਘ ਕੈਪਟਨ ਦੀ ਪੁੱਤਰੀ ਜੈਇੰਦਰ ਕੌਰ ਦੇ ਬੇਟੇ ਹਨ। ਮ੍ਰਿਗਯੰਕਾ ਦੀ ਮਾਤਾ ਚਿਤਰਾਂਗਦਾ ਸਾਬਕਾ ਕੇਂਦਰੀ ਮੰਤਰੀ ਸਵ. ਮਾਧਵ ਰਾਵ ਸਿੰਧੀਆ ਦੇ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਸ਼ਾਹੀ ਵਿਆਹ ‘ਚ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿਘ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਵੀ ਸ਼ਾਮਲ ਹੋਏ। ਵੀਰਭੱਦਰ ਦੀ ਬੇਟੀ ਅਪਰਾਜਿਤਾ ਦਾ ਵਿਆਹ ਨਿਰਵਾਣ ਦੇ ਵੱਡੇ ਭਰਾ ਅੰਗਦ ਨਾਲ ਪਹਿਲਾਂ ਹੀ ਹੋ ਚੁੱਕਾ ਹੈ।