ਅੰਮ੍ਰਿਤਸਰ, : ਸ਼ਰਾਰਤੀ ਅਨਸਰਾਂ ਵੱਲੋਂ ਗੁਰੂ ਸਾਹਿਬਾਨ ਅਤੇ ਹੋਰ ਸਿੱਖ ਸ਼ਖਸੀਅਤਾਂ ਦੀਆਂ ਤਸਵੀਰਾਂ ਨਾਲ ਛੇੜਛਾੜ ਕਰ ਕੇ ਵੱਖ-ਵੱਖ ਸੋਸ਼ਲ ਸਾਈਟਾਂ ‘ਤੇ ਪਾਉਣ ਦਾ ਵਰਤਾਰਾ ਬੇਹੱਦ ਮੰਦਭਾਗਾ ਹੈ। ਸਿਰਫਿਰੇ ਲੋਕਾਂ ਦੀਆਂ ਅਜਿਹੀਆਂ ਹਰਕਤਾਂ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚ ਰਹੀ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਦੇਸ਼-ਵਿਦੇਸ਼ ਦੇ ਸਿੱਖਾਂ ਵੱਲੋਂ ਰੋਸ ਭਰੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਪ੍ਰੋ. ਬਡੂੰਗਰ ਨੇ ਕਿਹਾ ਕਿ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਜਿਹੇ ਮਾਮਲਿਆਂ ‘ਚ ਸਾਈਬਰ ਕਰਾਈਮ ਸੈੱਲ ਰਾਹੀਂ ਤੁਰੰਤ ਕਾਰਵਾਈ ਕਰਨ ਲਈ ਇਕ ਪੱਤਰ ਲਿਖਿਆ ਗਿਆ ਹੈ।
ਉਨ੍ਹਾਂ ਅਜਿਹੀਆਂ ਅਸ਼ਾਂਤੀ ਫੈਲਾਉਣ ਵਾਲੀਆਂ ਕਾਰਵਾਈਆਂ ਨੂੰ ਅੰਜਾਮ ਦੇਣ ਵਾਲੇ ਅਨਸਰਾਂ ਦੀ ਤੁਰੰਤ ਪਛਾਣ ਕਰਕੇ ਸਖਤ ਸਜ਼ਾਵਾਂ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਗੁਰੂ-ਸਾਹਿਬਾਨ ਨੇ ਅੰਮ੍ਰਿਤਮਈ ਜੀਵਨ-ਜਾਂਚ ਬਖ਼ਸ਼ ਕੇ ਮਾਨਵਤਾ ਦਾ ਮਾਰਗ ਦਰਸ਼ਨ ਕੀਤਾ ਹੈ ਪਰ ਕੁਝ ਸਿਰਫਿਰੇ ਲੋਕ ਅਮਨ-ਸ਼ਾਂਤੀ ਨੂੰ ਲਾਂਬੂ ਲਾਉਣ ਦੀ ਮਨਸ਼ਾ ਨਾਲ ਗੁਰੂ-ਸਾਹਿਬਾਨ ਪ੍ਰਤੀ ਅਜਿਹੀਆਂ ਬੇਹੁਦਰੀਆਂ ਕਾਰਵਾਈਆਂ ਕਰਦੇ ਹਨ। ਉਨ੍ਹਾਂ ਕਿਹਾ ਕਿ ਹਰ ਧਰਮ ਦੇ ਉਪਦੇਸ਼ਕ ਸਤਿਕਾਰਤ ਰੁਤਬਾ ਰੱਖਦੇ ਹਨ ਪਰ ਜਦੋਂ ਕਿਸੇ ਧਰਮ ਦੇ ਰਹਿਬਰ ਸਬੰਧੀ ਅਜਿਹੀਆਂ ਘਟੀਆ ਕਾਰਵਾਈਆਂ ਸਾਹਮਣੇ ਆਉਂਦੀਆਂ ਹਨ ਤਾਂ ਅਜਿਹੇ ‘ਚ ਫਿਰਕੂ ਤਣਾਅ ਪੈਦਾ ਹੁੰਦਾ ਹੈ। ਇਸ ਲਈ ਅਜਿਹੇ ਵਰਤਾਰੇ ਨੂੰ ਤੁਰੰਤ ਠੱਲ੍ਹਣਾ ਚਾਹੀਦਾ ਹੈ।