ਨਵੀਂ ਦਿੱਲੀ: ਚੇਤੇਸ਼ਵਰ ਪੁਜਾਰਾ ਅਤੇ ਅਜਿੰਕਯ ਰਿਹਾਣੇ ਦੇ ਜੁਝਾਰੂ ਅਰਧਸੈਂਕੜੇ ਤੋਂ ਬਾਅਦ ਆਫ ਸਪਿਨਰ ਰਵਿਚੰਦਰਨ ਅਸ਼ਵਿਨ ਦੀ ਫਿਰਕੀ ਦਾ ਜਾਦੂ ਆਸਟਰੇਲੀਆਈ ਬੱਲੇਬਾਜ਼ਾਂ ‘ਤੇ ਹਾਵੀ ਰਿਹਾ, ਜਿਸ ‘ਚ ਭਾਰਤ ਦੇ ਦੂਜੇ ਕ੍ਰਿਕਟ ਟੈਸਟ ਦੇ ਚੌਥੇ ਦਿਨ ਜ਼ੋਰਦਾਰ ਵਾਪਸੀ ਕਰਦੇ ਹੋਏ 75 ਦੌੜਾਂ ਤੋਂ ਜਿੱਤ ਦਰਜ ਕਰਕੇ 4 ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਦਿੱਤੀ ਹੈ। ਇਸ ‘ਚ ਅਸ਼ਵਿਨ ਨੇ ਇੱਕ ਵੱਡਾ ਰਿਕਾਰਡ ਆਪਣੇ ਨਾਂ ਦਰਜ ਕਰ ਲਿਆ ਹੈ।
ਜੀ ਹਾਂ, ਅਸ਼ਵਿਨ ਟੈਸਟ ਕ੍ਰਿਕਟ ‘ਚ ਸਭ ਤੋਂ ਘੱਟ ਮੈਚ ਅਤੇ ਪਾਰੀਆਂ ‘ਚ 25 ਵਾਰ 5 ਵਿਕਟਾਂ ਹਾਸਲ ਕਰਨ ਵਾਲਾ ਗੇਂਦਬਾਜ਼ ਬਣ ਗਿਆ ਹੈ। ਉਨ੍ਹਾਂ ਨੇ ਆਪਣੇ ਕਰੀਅਰ ਦੇ 47ਵੇਂ ਟੈਸਟ ‘ਚ ਹੀ ਇੱਕ ਪਾਰੀ ‘ਚ 25 ਵਾਰ 5 ਵਿਕਟਾਂ ਲੈ ਲਈਆਂ ਸਨ। ਇਸ ਲਿਸਟ ‘ਚ ਉਨ੍ਹਾਂ ਤੋਂ ਬਾਅਦ ਹੇਡਲੀ ਦਾ ਨਾਂ ਆਉਂਦਾ ਹੈ। ਉਨ੍ਹਾਂ ਨੇ 62 ਟੈਸਟ ਮੈਚਾਂ ‘ਚ ਇਹ ਕਾਰਨਾਮਾ ਕੀਤਾ ਸੀ।
ਇੰਨੇ ਘੱਟ ਟੈਸਟ ‘ਚ ਮੁਰਲੀਧਰਨ ਵੀ ਇਹ ਕਾਰਨਾਮਾ ਨਹੀਂ ਕਰ ਪਾਏ ਸਨ। ਇਸ ਦੇ ਨਾਲ ਅਸ਼ਵਿਨ ਪਾਰੀਆਂ ਦੇ ਲਿਹਾਜ਼ ਨਾਲ ਵੀ ਸਭ ਤੋਂ ਘੱਟ ਪਾਰੀਆਂ ‘ਚ 25 ਵਾਰ 5 ਟੈਸਟ ਵਿਕੇਟਾਂ ਹਾਸਲ ਕਰ ਚੁੱਕੇ ਹਨ। ਉਨ੍ਹਾਂ ਨੇ 88ਵੀਂ ਪਾਰੀ ‘ਚ ਇਹ ਕਾਰਨਾਮਾ ਕੀਤਾ। ਉਹ ਅੱਜ ਮੁਰਲੀਧਰਨ ਤੋਂ ਅੱਗੇ ਨਿਕਲੇ। ਮੁਰਲੀ ਨੇ 100 ਪਾਰੀਆਂ ‘ਚ 25 ਵਾਰ 5 ਵਿਕਟ ਚਟਕਾਏ ਸਨ।