ਬੈਂਗਲੁਰੂ: ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਆਸਟਰੇਲੀਆ ਤੋਂ ਦੂਜਾ ਟੈਸਟ ਜਿੱਤ ਕੇ ਸੀਰੀਜ਼ ‘ਚ 1-1 ਦੀ ਬਰਾਬਰੀ ਕਰਨ ਦੇ ਬਾਅਦ ਮੰਗਲਵਾਰ ਨੂੰ ਕਿਹਾ ਕਿ ਅਸੀਂ ਸਾਬਤ ਕੀਤਾ ਹੈ ਕਿ ਅਸੀਂ ਕਿਹੜੀ ਮਿੱਟੀ ਦੇ ਬਣੇ ਹਾਂ। ਦੂਜੇ ਟੈਸਟ ਮੈਚ ਨੂੰ ਚੌਥੇ ਦਿਨ ਸਮਾਪਤ ਕਰਨ ਦੇ ਬਾਅਦ ਵਿਰਾਟ ਨੇ ਕਿਹਾ ਕਿ ਪਹਿਲਾ ਟੈਸਟ ਹਾਰਨ ਦੇ ਬਾਅਦ ਅਸੀਂ ਉਸ ਨੂੰ ਉਸੇ ਤਰ੍ਹਾਂ ਹਰਾਇਆ ਜਿਸ ਤਰ੍ਹਾਂ ਅਸੀਂ ਚਾਹੁੰਦੇ ਸੀ। ਅਸੀਂ ਵਾਪਸੀ ਕਰਨਾ ਚਾਹੁੰਦੇ ਸੀ ਅਤੇ ਕਿਸੇ ਹੋਰ ਨੂੰ ਨਹੀਂ ਸਗੋਂ ਖ਼ੁਦ ਨੂੰ ਇਹ ਦਿਖਾਉਣਾ ਚਾਹੁੰਦੇ ਸੀ ਕਿ ਅਸੀਂ ਕਿਸ ਮਿੱਟੀ ਦੇ ਬਣੇ ਹਾਂ। ਅਸੀਂ ਉਹ ਆਤਮਵਿਸ਼ਵਾਸ ਅਤੇ ਸਮਰਥਾ ਦਿਖਾਈ ਕਿ ਅਸੀਂ ਕਿਸੇ ਵੀ ਪਰਿਸਥਿਤੀ ‘ਚ ਜਿੱਤ ਹਾਸਲ ਕਰ ਸਕਦੇ ਹਾਂ। ਇਹ ਜ਼ਿੰਮੇਵਾਰੀ ਨੂੰ ਲੈਣ ਦੀ ਗੱਲ ਸੀ ਅਤੇ ਸਾਡੇ ਖਿਡਾਰੀਆਂ ਨੇ ਆਪਣੀ ਜ਼ਿੰਮੇਵਾਰੀ ਬਖ਼ੂਬੀ ਨਿਭਾਈ। ਵਿਰਾਟ ਨੇ ਕਿਹਾ ਕਿ ਖਿਡਾਰੀਆਂ ਦਾ ਜਜ਼ਬਾ, ਸਾਹਸ ਅਤੇ ਜੂਝਣ ਦੀ ਸਮਰਥਾ ਬਿਹਤਰੀਨ ਸੀ। ਦਰਸ਼ਕਾਂ ਦੇ ਸਮਰਥਨ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਘੱਟ ਹੈ। ਵਿਰੋਧੀ ਟੀਮ ਦੀ ਦੂਜੀ ਪਾਰੀ ‘ਚ ਜ਼ਿਆਦਾ ਵੱਡਾ ਸਕੋਰ ਨਹੀਂ ਬਣਿਆ ਅਤੇ ਸਾਨੂੰ ਲਗ ਰਿਹਾ ਸੀ ਕਿ ਸਾਡੇ ਕੋਲ ਮੌਕਾ ਹੈ। ਅਸੀਂ ਜਾਣਦੇ ਸੀ ਕਿ ਜੇਕਰ ਅਸੀਂ ਉਨ੍ਹਾਂ ਦੇ ਸਾਹਮਣੇ 150 ਤੋਂ ਵੱਧ ਦਾ ਟੀਚਾ ਰੱਖ ਦਿੱਤਾ ਤਾਂ ਸਾਡੇ ਕੋਲ ਮੌਕਾ ਹੈ। ਹਾਲਾਂਕਿ ਪਹਿਲੀ ਪਾਰੀ ‘ਚ ਕੁਝ ਬੜ੍ਹਤ ਜ਼ਰੂਰ ਚਲੀ ਗਈ ਸੀ ਪਰ ਪੁਜਾਰਾ ਅਤੇ ਰਹਾਣੇ ਨੇ ਬਿਹਤਰੀਨ ਸਾਂਝੇਦਾਰੀ ਕੀਤੀ। ਕਪਤਾਨ ਨੇ ਕਿਹਾ ਕਿ ਸਾਡੇ ਕੋਲ ਦੋ ਸਰਵਸ਼੍ਰੇਸ਼ਠ ਟੈਸਟ ਬੱਲੇਬਾਜ਼ ਹਨ ਜਿਨ੍ਹਾਂ ਦੀ ਤਕਨੀਕ ਬੇਮਿਸਾਲ ਹੈ। ਅੰਤ ‘ਚ ਸਾਹਾ ਦੀ ਪਾਰੀ ਵੀ ਫੈਸਲਾਕੁੰਨ ਰਹੀ ਅਤੇ ਇਸ਼ਾਂਤ ਨੇ ਵੀ ਪੂਰਾ ਜਜ਼ਬਾ ਦਿਖਾਇਆ। ਅਸੀਂ ਉਨ੍ਹਾਂ ਨੂੰ 200 ਦੇ ਆਸਪਾਸ ਦਾ ਟੀਚਾ ਦੇਣਾ ਚਾਹੁੰਦੇ ਸੀ ਅਤੇ 225 ‘ਤੇ ਸਾਨੂੰ ਪਤਾ ਸੀ ਕਿ ਇੱਕ ਹੀ ਜਿੱਤ ਸਕਦਾ ਹੈ। ਹਾਲਾਂਕਿ ਸਾਡੇ ਕੋਲ 187 ਦੀ ਬੜ੍ਹਤ ਸੀ ਪਰ ਸਾਨੁੰ ਮੈਦਾਨ ‘ਤੇ ਆਪਣੀ ਪੂਰੀ ਕੋਸ਼ਿਸ ਕਰਨੀ ਸੀ। ਵਿਰਾਟ ਨੇ ਕਿਹਾ ਕਿ ਟੀਮ ਇਸੇ ਲੈਅ ਨੂੰ ਰਾਂਚੀ ‘ਚ ਅਗਲੇ ਟੈਸਟ ‘ਚ ਵੀ ਬਰਕਰਾਰ ਰੱਖੇਗੀ। ਟੀਮ ਇੱਥੋਂ ਪਿੱਛੇ ਮੁੜ ਕੇ ਨਹੀਂ ਦੇਖੇਗੀ ਸਗੋਂ ਅੱਗੇ ਦਾ ਸਫਰ ਤੈਅ ਕਰੇਗੀ।