‘ਡੀ -ਤਿੰਨ, ਥਾਮਸਨ ਵਾਰਡ…। ਸਿਰਨਾਵੇਂ ਦੀ ਤਸੱਲੀ ਕਰਨ ਲਈ ਮੈਂ ਇੱਕ ਵਾਰ ਫਿਰ ਆਪਣੀ ਡਾਇਰੀ ਖੋਲ੍ਹਕੇ ਦੇਖੀ। ਮੈਂ ਕੁੱਤਿਆਂ ਦਾ ਡਾਕਟਰ ਹਾਂ ਅਤੇ ਇਸ ਵੇਲੇ ਤਿੰਨ ਥਾਮਸਨ ਵਾਰਡ ਦੇ ਬਾਹਰ ਇੱਕ ਮਰੀਜ਼ ਨੂੰ ਦੇਖਣ ਲਈ ਆਇਆ ਹਾਂ। ਇਸ ਘਰ ਦੀ ਹਾਲਤ ਵਾਕਿਆ ਹੀ ਬਹੁਤ ਖਸਤਾ ਹੈ। ਇਸ ਨੂੰ ਦੇਖਕੇ ਲੱਗਦਾ ਹੀ ਨਹੀਂ ਕਿ ਆਪਣੇ ਮਾਲਕ ਦੇ ਸੌਖੇ ਅਤੇ ਮਾੜੇ ਦਿਨਾਂ ਦਾ ਗਵਾਹ ਇਹ ਮਕਾਨ ਬਹੁਤੇ ਦਿਨ ਆਪਣਾ ਵਜੂਦ ਖੜ੍ਹਾ ਰੱਖ ਸਕੇਗਾ ਕਿ ਨਹੀਂ? ਦਰਵਾਜ਼ੇ ਉਤੇ ਹਲਕੀ ਜਿਹੀ ਥਾਪ ਨਾਲ ਅੰਦਰ ਦੇ ਸੰਨਾਟੇ ਵਿੱਚ ਕਾਹਲ ਭਰੀ ਹਲਚਲ ਜਿਹੀ ਹੋਈ, ਜਿਵੇਂ ਉਹ ਮੇਰੀ ਹੀ ਉਡੀਕ ਕਰ ਰਿਹਾ ਸੀ। ਲੱਕੜੀ ਦੇ ਦਰਵਾਜ਼ੇ ਦਾ ਕਈ ਥਾਵਾਂ ਤੋਂ ਲੱਥਾ ਹੋਇਆ ਰੰਗ, ਖਤਰੇ ਭਰੀਆਂ ਤਿੜਕੀਆਂ, ਫ਼ੁੱਲੀਆਂ ਕੰਧਾਂ ਅਤੇ ਉਨ੍ਹਾਂ ਤ੍ਰੇੜਾਂ ‘ਚ ਘਰ ਬਣਾਕੇ ਬੈਠੇ ਕਾਕਰੋਚ, ਕਿਰਲੀਆਂ ਅਤੇ ਹੋਰ ਕੀੜੇ ਮਕੌੜੇ, ਰੰਗ ਬਰੰਗੀਆਂ ਆਵਾਜ਼ਾਂ ਨਾਲ ਆਪਣੀ ਆਪਣੀ ਹਾਜ਼ਰੀ ਲੁਆ ਰਹੇ ਸਨ। ਮੈਂ ਬਾਹਰ ਖੜ੍ਹਾ ਹੀ ਉਸ ਦੀ ਟੁੱਟ ਭੱਜ ਦਾ ਅੰਦਾਜ਼ਾ ਲਾਉਣ ਵਿੱਚ ਰੁੱਝਾ ਹੋਇਆ ਸਾਂ ਕਿ ਇੱਕ ਗਿੱਠੇ ਜਿਹੇ ਕੱਦ ਦੇ ਤੇ ਚਿੱਟੇ ਵਾਲਾਂ ਵਾਲੇ ਬੁੱਢੇ ਨੇ ਲਕਵੇ ਮਾਰੇ ਮਰੀਜ਼ ਵਾਂਗ ਹਿਲਦੇ ਦਰਵਾਜ਼ੇ ਨੂੰ ਹੌਲੀ ਜਿਹੇ ਖੋਲ੍ਹਿਆ। ਮੈਂ ਪਹਿਲਾਂ ਬੁੱਢੇ ਨੂੰ ਗੌਰ ਨਾਲ ਦੇਖਿਆ। ਰਫੂ ਕੀਤੀ ਹੋਈ ਜੈਕਟ, ਟਾਕੀਆਂ ਲੱਗਾ ਪਜਾਮਾ, ਪੁਰਾਣੀਆਂ ਚੱਪਲਾਂ ਵਿੱਚ ਫਸੇ ਕਮਜ਼ੋਰ ਜਿਹੇ ਪੈਰ। ਲੰਘ ਗਏ ਸਮੇਂ ਦੇ ਨਿਸ਼ਾਨ ਨਾਲ ਭਰਿਆ ਅਤੇ ਮੁਰਝਾਇਆ ਉਸਦਾ ਚਿਹਰਾ, ਸ਼ਾਇਦ ਬਿਲਕੁਲ ਹੀ ਬੇਜਾਨ ਹੋ ਗਿਆ ਹੁੰਦਾ, ਜੇ ਉਸ ਦੀਆਂ ਗਹਿਰੀਆਂ ਕਾਲੀਆਂ ਅੱਖਾਂ ਨਾ ਹੁੰਦੀਆਂ। ਉਨ੍ਹਾਂ ਅੱਖਾਂ ਵਿੱਚ ਆਸ਼ਾ ਦੀਆਂ ਕਿਰਨਾਂ ਭਰਕੇ ਉਹ ਮੈਨੂੰ ਮੇਰੇ ਮਰੀਜ਼ ਕੋਲ ਲੈ ਗਿਆ। ਛੋਟੇ ਜਿਹੇ ਕਮਰੇ ਦੇ ਇੱਕ ਹਨੇਰੇ ਖੂੰਜੇ ਵਿੱਚ ਮੇਰਾ ਮਰੀਜ਼ ‘ਲੈਬਰਾਡੋਰ’ ਲੰਮਾ ਪਿਆ ਸੀ। ‘ਚੰਗਾ ਹੋਇਆ ਤੁਸੀਂ ਆ ਗਏ ਡਾਕਟਰ ਸਾਬ੍ਵ੍ਹ! ਮੈਨੂੰ ਮੇਰੇ ਬੱਚੇ ਦੀ ਬਹੁਤ ਚਿੰਤਾ ਹੈ। ਕੋਈ ਇੱਕ ਸਾਲ ਹੋ ਗਿਆ ਮੇਰੀ ਪਤਨੀ ਗੁਜ਼ਰ ਗਈ ਨੂੰ, ਉਹ ਵੀ ਇਸ ਦੀ ਬਹੁਤ ਚਿੰਤਾ ਕਰਦੀ ਹੁੰਦੀ ਸੀ। ਹੁਣ ਮੈਂ ਇੱਕੱਲਾ ਹਾਂ।’ ਮਕਾਨ ਦੇ ਚੱਪੇ ਚੱਪੇ ਉਤੇ ਗਰੀਬੀ, ਇੱਕੱਲਤਾ ਅਤੇ ਉਦਾਸੀ ਦਾ ਲੇਪ ਚੜ੍ਹਿਆ ਹੋਇਆ ਸੀ। ਫਟੇ ਹੋਏ ਟਾਟ ਵਿੱਚ, ਬੁੱਢੇ ਦੀਆਂ ਗੱਲਾਂ ਵਿੱਚ ਅਤੇ ਕੁੱਤੇ ਦੀ ਖ਼ਾਮੋਸ਼ੀ ਵਿੱਚ ਵੀ ਉਦਾਸੀ ਹੀ ਝਲਕਦੀ ਸੀ। ਮੈਂ ਸ਼ਾਇਦ ਬਹਿਕਣ ਲੱਗਾ ਹਾਂ, ਜੋ ਕੁੱਤੇ ਦੀ ਬਿਮਾਰੀ ਦੀ ਥਾਂ ਉਦਾਸੀਆਂ ਪਰਖ ਰਿਹਾ ਹਾਂ। ਇਨ੍ਹਾਂ ਬੇਕਾਰ ਸੋਚਾਂ ਨੂੰ ਝਟਕਕੇ ਮੈਂ ਕਮਰੇ ਦੇ ਵਾਤਾਵਰਣ ਵਿੱਚ ਆਇਆ। ਕਮਰੇ ਦੇ ਇੱਕ ਖੂੰਜੇ ਵਿੱਚ ਮੇਰਾ ਮਰੀਜ਼ ਬੁੱਢਾ ਲੈਬਰਾਡੋਰ ਕੰਬਲ ਉੱਤੇ ਸ਼ਾਂਤ ਪਿਆ ਸੀ। ਮੈਨੂੰ ਯਕੀਨ ਹੈ ਕਿ ਕੁਝ ਸਾਲ ਪਹਿਲਾਂ ਇਹ ਸੋਹਣੀ ਸਨੁੱਖੀ ਦਿੱਖ ਦਾ ਮਾਲਕ ਹੋਵੇਗਾ। ਪਰ ਉਸ ਦੇ ਥੱਕੇ ਥੱਕੇ ਸਾਹ ਅਤੇ ਚਿਹਰੇ ਦੇ ਲੰਬੇ ਹੋ ਗਏ ਵਾਲ ਦੱਸ ਰਹੇ ਸਨ ਕਿ ਹੁਣ ਇਹ ਬੁੱਢਾ ਹੋ ਗਿਆ ਹੈ। ਬੁਢਾਪੇ ਦਾ ਇਸ ਤੋਂ ਵੱਡਾ ਸਬੂਤ ਹੋਰ ਕੀ ਹੋਵੇਗਾ, ਕਿ ਉਹ ਮੈਨੂੰ ਅਜਨਬੀ ਨੂੰ ਦੇਖਕੇ ਵੀ ਉਸੇ ਤਰ੍ਹਾਂ ਸ਼ਾਂਤ ਚਿੱਤ ਪਿਆ ਹੈ। ਜਿਸ ਤਰ੍ਹਾਂ ਉਹ ਪਹਿਲਾਂ ਆਪਣੇ ਮਾਲਕ ਨਾਲ ਸੀ। ‘ਇਹ ਥੋੜ੍ਹਾ ਬੁੱਢਾ ਹੋ ਗਿਆ ਹੈ, ਹੈ ਨਾ ਮਿਸਟਰ ਡੀਨ?’ ਮੈਂ ਖਾਮੋਸ਼ੀ ਤੋੜਨ ਲਈ ਬੇਮਤਲਬ ਸੁਆਲ ਕੀਤਾ। ‘ਹਾਂ, ਹੋ ਤਾਂ ਗਿਆ। ਚੌਦਾਂ ਸਾਲ ਦਾ ਹੋ ਗਿਆ ਬਾਬਾ। ਅਜੇ ਦੋ ਹਫਤੇ ਪਹਿਲਾਂ ਇਹ ਫ਼ੁਦਕਦਾ ਫਿਰਦਾ ਸੀ, ਹੁਣ ਪਤਾ ਨਹੀਂ ਇਸਨੂੰ ਕੀ ਹੋ ਗਿਆ? ਨਹੀਂ ਤਾਂ ਇਸ ਉਮਰ ਵਿੱਚ ਵੀ ਇਸ ਦੇ ਕਾਰਨਾਮੇ ਵੇਖਣ ਵਾਲੇ ਸਨ। ਅੱਜ ਤੱਕ ਇਸਨੇ ਕਿਸੇ ਨੂੰ ਵੱਢਿਆ ਤਾਂ ਕੀ ਕਦੇ ਭੌਂਕਿਆ ਵੀ ਨਹੀਂ। ਬੱਚੇ ਇਸ ਨਾਲ ਕਲੋਲ ਕਰਦੇ ਖੇਡਦੇ ਰਹਿੰਦੇ ਸਨ। ਇਹ ਹਮੇਸ਼ਾਂ ਸਾਰਿਆਂ ਦਾ ਦੋਸਤ ਬਣਿਆ ਰਿਹਾ। ਮੈਨੂੰ ਭਰੋਸਾ ਹੈ ਕਿ ਇਹ ਛੇਤੀ ਹੀ ਠੀਕ ਹੋ ਕੇ ਪਹਿਲਾਂ ਵਾਂਗੂੰ ਰੌਣਕ ਲਾ ਦੇਵੇਗਾ। ਕਿਉਂ ਡਾਕਟਰ ਹੋ ਜਾਏਗਾ ਨਾ?’ ਸ਼ੰਕਾ ਭਰੀ ਨਜ਼ਰ ਨਾਲ ਬੁੱਢੇ ਡੀਨ ਨੇ ਮੇਰੇ ਵੱਲ ਦੇਖਦਿਆਂ ਪੁੱਛਿਆ। ‘ਇਹ ਕੁਝ ਖਾਂਦਾ ਹੈ ਜਾਂ…?’ ਮੈਂ ਆਪਣਾ ਸਵਾਲ ਛੱਡਿਆ। ‘ਇਸਨੇ ਪਿਛਲੇ ਕੁਝ ਦਿਨਾਂ ਤੋਂ ਖਾਣਾ ਬਿਲਕੁੱਲ ਨਹੀਂ ਖਾਧਾ। ਇਹ ਖਾ ਤਾਂ ਸਕਦਾ ਹੈ ਪਰ…। ਪਹਿਲਾਂ ਤਾਂ ਇਹ ਖਾਣ ਸਮੇਂ ਮੇਰੇ ਗੋਡਿਆਂ ਉੱਤੇ ਸਿਰ ਰੱਖਕੇ ਬੈਠ ਜਾਂਦਾ ਸੀ। ਹੁਣ ਤਾਂ ਬਹੁਤ ਦਿਨ ਹੋ ਗਏ ਇਸ ਨੇ ਕੁਝ ਖਾਧਾ ਹੀ ਨਹੀਂ।’ ਡੀਨ ਦੀ ਗੱਲ ਸੁਣਕੇ ਮੇਰੀ ਬੇਚੈਨੀ ਵੱਧ ਗਈ। ਮੈਂ ਕੁੱਤੇ ਨੂੰ ਧਿਆਨ ਨਾਲ ਦੇਖਿਆ। ਉਸਦੀਆਂ ਅੱਖਾਂ ਵਿੱਚ ਝਲਕਦੀ ਤਕਲੀਫ ਸਾਫ਼ ਕਹਿ ਰਹੀ ਸੀ ਕਿ ਉਸ ਨੂੰ ਸਾਹ ਲੈਣ ਵਿੱਚ ਤਕਲੀਫ ਹੋ ਰਹੀ ਹੈ। ਉਸ ਦਾ ਦੁੱਖ ਉਸ ਦੇ ਸਪਾਟ ਚਿਹਰੇ ਦੇ ਬਾਵਜੂਦ ਝਲਕ ਰਿਹਾ ਸੀ। ਮੈਂ ਸਾਵਧਾਨੀ ਨਾਲ ਉਸ ਦਾ ਪਾਸਾ ਵੱਟਿਆ ਅਤੇ ਉਸਦੇ ਪਿਚਕੇ ਹੋਏ ਢਿੱਡ ਨੂੰ ਟੋਹ ਕੇ ਦੇਖਿਆ, ਹਾਰੇ ਹੋਏ ਸਿਪਾਹੀ ਵਾਂਗੂੰ ਉਸ ਨੇ ਵਿਰੋਧ ਨਾ ਕੀਤਾ। ਇੱਕ ਵਾਰ ਉਸ ਨੇ ਆਪਣੇ ਮਾਲਕ ਵੱਲ ਦੇਖ ਕੇ ਮਾੜੀ ਜਿਹੀ ਪੂਛ ਹਿਲਾਈ ਤੇ ਸ਼ਾਂਤ ਹੋ ਗਿਆ। ਏਸੇ ਇੱਕ ਪਲ ਲਈ ਮੈਂ ਉਸ ਦੀਆਂ ਅੱਖਾਂ ਵਿੱਚ ਜ਼ਿੰਦਗੀ ਦੀ ਝਲਕ ਮਹਿਸੂਸ ਕੀਤੀ। ਪਰ ਕੁਝ ਵੀ ਸਪਸ਼ਟ ਹੋਣ ਤੋਂ ਪਹਿਲਾਂ ਉਹ ਚਮਕ ਬੁਝ ਗਈ। ਪਤਾ ਨਹੀਂ ਕਿਉਂ ਮੈਂ ਅੰਦਰੋਂ ਡਰ ਗਿਆ। ਅੰਦਰ ਨੂੰ ਧਸੇ ਹੋਏ ਢਿੱਡ ਉੱਤੇ ਸਖਤ,ਚਮਕਦੀਆਂ ਗੰਢਾਂ ਹੀ ਉਸ ਦੀ ਪਰੇਸ਼ਾਨੀ ਦਾ ਸਬੱਬ ਸਨ। ਇਹ ਗੰਢਾਂ ਕੈਂਸਰ ਦੀਆਂ ਸਨ। ਬਿਮਾਰੀ ਅਤੇ ਸੁਸਤੀ ਦਾ ਕਾਰਨ ਮੇਰੇ ਸਾਹਮਣੇ ਸੀ। ਮੈਂ ਕੁੱਤੇ ਦਾ ਸਿਰ ਥਪਥਪਾ ਕੇ ਉਸ ਨੂੰ ਲਿਟਾ ਦਿੱਤਾ। ਮੈਂ ਆਪਣੇ ਵਿਚਾਰਾਂ ਅਤੇ ਹੌਂਸਲੇ ਨੂੰ ਇੱਕੱਠਾ ਕੀਤਾ। ਬੁੱਢੇ ਡੀਨ ਦੀਆਂ ਨਜ਼ਰਾਂ ਬਿਮਾਰੀ ਜਾਨਣ ਲਈ ਮੇਰੇ ਉੱਤੇ ਟਿਕੀਆਂ ਹੋਈਆਂ ਸਨ। ਮੈਂ ਉਸ ਨੂੰ ਸਭ ਕੁਝ ਸਮਝੌਣਾ ਸੀ। ਇਹ ਕੋਈ ਸੌਖਾ ਕੰਮ ਨਹੀਂ ਸੀ। ਫਿਰ ਵੀ…।’ ‘ਕੀ ਇਹ ਲੰਬੇ ਸਮੇਂ ਤਕ ਬਿਸਤਰੇ ‘ਤੇ ਹੀ ਰਹੇਗਾ?’ ਡੀਨ ਨੇ ਕੁੱਤੇ ਦੀ ਪੂਛ ਹਿਲਾਉਂਦਿਆਂ ਪੁੱਛਿਆ ਤੇ ਨਾਲ ਹੀ ਉਸ ਨੇ ਆਪਣਾ ਸਵਾਲ ਮੇਰੇ ਵੱਲ ਤੋਰ ਦਿੱਤਾ। ‘ਕੀ ਕਹਾਂ? ਜਦੋਂ ਮੈਂ ਘਰ ਵਿੱਚ ਕੰਮ ਕਰਦਾ ਅੰਦਰ ਬਾਹਰ ਚੱਕਰ ਮਾਰਦਾ ਹਾਂ ਤਾਂ ਇਸ ਦਾ ਮੇਰੇ ਪਿਛੇ ਪਿਛੇ ਨਾ ਹੋਣਾ ਮੈਨੂੰ ਦੁਖੀ ਕਰਦਾ ਹੈ। ਇਹੋ ਤਾਂ ਇੱਕੋ ਇੱਕ ਮੇਰਾ ਦੋਸਤ ਹੈ। ਮੇਰੇ ਆਖ਼ਰੀ ਸਫ਼ਰ ਦਾ ਹਮਸਫ਼ਰ। ‘ਮੈਨੂੰ ਅਫਸੋਸ ਹੈ ਮਿ.ਡੀਨ… ਪਰ ਬਿਮਾਰੀ ਨੇ ਇਸ ਨੂੰ ਪੂਰੀ ਤਰ੍ਹਾਂ ਅੰਦਰ ਹੀ ਅੰਦਰ ਖੋਖਲਾ ਕਰ ਦਿੱਤਾ ਹੈ। ਇਸ ਨੂੰ ਕੈਂਸਰ ਹੈ। ਬਿਮਾਰੀ ਨੇ ਬਾਬ ਨੂੰ ਪੂਰੀ ਤਰ੍ਹਾਂ ਆਪਣੇ ਕਾਬੂ ‘ਚ ਕਰ ਲਿਆ ਹੈ। ਹੁਣ ਇਲਾਜ ਨਾਲ ਫਰਕ ਪੈਣ ਦੀ ਕੋਈ ਉਮੀਦ ਬਾਕੀ ਨਹੀਂ ਰਹੀ। ਮੈਂ..ਮੈਂ ਚਾਹੁੰਦਾ ਹਾਂ ਕਿ ਕੁਝ ਕਰਾਂ ਪਰ ਇਸ ਵੇਲੇ ਮੇਰੇ ਵੱਸ ਵਿੱਚ ਕੁਝ ਨਹੀਂ ਹੈ।’ ਮੇਰਾ ਜੁਆਬ ਸੁਣਕੇ ਸ਼ਾਇਦ ਬੁੱਢਾ ਡੀਨ ਇੱਕ ਪਲ ਵਿੱਚ ਹੋਰ ਬੁੱਢਾ ਹੋ ਗਿਆ। ‘ਤਾਂ… ਤਾਂ ਕੀ ਇਹ ਏਸੇ ਤਰ੍ਹਾਂ ਪਿਆ ਪਿਆ ਮਰ ਜਾਏਗਾ?’ ਡੀਨ ਘਬਰਾਇਆ ਹੋਇਆ ਬੋਲਿਆ। ਬੁੱਢੇ ਡੀਨ ਦਾ ਇਹ ਸਵਾਲ ਮੇਰੇ ਲਈ ਇਸ ਤਰ੍ਹਾਂ ਸੀ ਜਿਵੇਂ ਗਰਮ ਤਵੇ ਉਤੇ ਕਿਸੇ ਨੇ ਇੱਕ ਬੂੰਦ ਠੰਢੇ ਪਾਣੀ ਦੀ ਸੁੱਟ ਦਿੱਤੀ ਹੋਵੇ। ਪਰ ਮੈਂ ਆਪਣੇ ਧੀਰਜ ਨੂੰ ਭਾਫ਼ ਬਣਕੇ ਉੱਡਣ ਦੀ ਇਜਾਜ਼ਤ ਨਹੀਂ ਸੀ ਦੇ ਸਕਦਾ। ਕਿਉਂਕਿ ਇਲਾਜ ਕਰਕੇ ਦੁੱਖ ਦੂਰ ਕਰਨਾ ਮੇਰਾ ਕੰਮ ਹੈ। ਚਾਹੇ ਉਹ ਦੁੱਖ ਸਰੀਰ ਦੇ ਅੰਦਰ ਹੋਵੇ ਜਾਂ ਬਾਹਰ। ‘ਮਿ. ਡੀਨ ਇਹ ਸੱਚ ਹੈ ਕਿ ਬਾਬ ਮਰ ਰਿਹਾ ਹੈ, ਪਰ ਅਸੀਂ ਇਸ ਨੂੰ ਇਸ ਤਰ੍ਹਾਂ ਮਰਨ ਲਈ ਨਹੀਂ ਛੱਡ ਸਕਦੇ। ਕਦੇ ਵੀ ਨਹੀਂ। ਇਹ ਬਹੁਤ ਤਕਲੀਫ਼ ਵਿੱਚ ਹੈ ਪਰ ਇਸ ਤੋਂ ਬੁਰੀ ਸਥਿਤੀ ਹੋਣ ਵਾਲੀ ਹੈ। ਯਕੀਨ ਨਾਲ ਅਸੀਂ ਉਸ ਸਥਿਤੀ ਨੂੰ ਆਉਣੋਂ ਰੋਕ ਨਹੀਂ ਸਕਦੇ। ਅਸੀਂ ਇਸ ਨੂੰ ਹੁਣੇ ਸੁਲਾ ਸਕਦੇ ਹਾਂ। ਮੇਰੇ ਖਿਆਲ ਵਿੱਚ ਇਹ ਦਇਆ ਦਾ ਕੰਮ ਹੋਵੇਗਾ। ਤੁਸੀਂ ਮੇਰੀ ਗੱਲ ਸਮਝ ਰਹੇ ਹੋ ਨਾ?’ ਮੈਂ ਡੀਨ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਕਿਤਾਬਾਂ ਵਿੱਚ ਕਈ ਵਾਰ ਇਸ ਬਾਰੇ ਪੜ੍ਹਿਆ ਸੀ, ਪਰ ਅੱਜ ਜਾਣਿਆ ਕਿ ਕਿਤਾਬੀ ਗੱਲਾਂ ਦੀ ਹਕੀਕਤ ਕਿੰਨੀ ਖੋਖਲੀ ਹੁੰਦੀ ਹੈ। ਮੈਂ ਆਪਣੀ ਸਲਾਹ ਦੇ ਦਿੱਤੀ ਹੈ, ਹੁਣ ਫੈਸਲਾ ਡੀਨ ਨੇ ਕਰਨਾ ਸੀ। ਮੇਰੇ ਦਿਲ ਦਿਮਾਗ ਵਿੱਚ ਕੁਝ ਰਿੱਝ ਰਿਹਾ ਸੀ ਪਰ ਬੁੱਢੇ ਦਾ ਚਿਹਰਾ ਸ਼ਾਂਤ ਸੀ। ‘ਇਕ ਮਿੰਟ’ ਉਸ ਨੇ ਹੌਲੀ ਜਿਹੇ ਕਿਹਾ ਤੇ ਕੁੱਤੇ ਉੱਪਰ ਝੁਕ ਗਿਆ। ਜਿਵੇਂ ਉਸਦੇ ਦਰਦ ਨੂੰ ਹੂੰਝਣਾ ਚਾਹੁੰਦਾ ਹੋਵੇ। ਅਖ਼ੀਰਲੀ ਵਾਰ ਥੋੜ੍ਹੀ ਦੇਰ ਤੱਕ ਬੁੱਢਾ ਡੀਨ ਆਪਣਾ ਹੱਥ ਕੁੱਤੇ ਦੇ ਸਿਰ ਉਪਰ ਫ਼ੇਰਦਾ ਰਿਹਾ। ਉਸਦੀਆਂ ਅੱਖਾਂ, ਉਸਦੇ ਪੰਜਿਆਂ ਨੂੰ ਹੌਲੀ ਹੌਲੀ ਸਹਿਲਾਉਂਦਾ ਰਿਹਾ। ਓਨੀ ਦੇਰ ਕੁੱਤਾ ਵੀ ਆਪਣੇ ਜਾਣੇ ਪਛਾਣੇ ਦੀ ਪਿਆਰੀ ਛੋਹ ਨੂੰ ਮਹਿਸੂਸ ਕਰਕੇ ਪੂਛ ਸੱਜੇ ਖੱਬੇ ਹਿਲਾਉਂਦਾ ਰਿਹਾ। ਏਦਾਂ ਹੀ ਕਾਫੀ ਸਮਾਂ ਲੰਘ ਗਿਆ। ਮੈਨੂੰ ਇਸ ਤਰ੍ਹਾਂ ਲੱਗਾ ਜਿਵੇਂ ਮੁੱਦਤਾਂ ਬੀਤ ਗਈਆਂ ਹੋਣ। ਅਖੀਰਲੇ ਸਫ਼ਰ ਦੇ ਉਨ੍ਹਾਂ ਦੇ ਮੁਸਾਫ਼ਰਾਂ ਦੇ ਸੁੰਨੇ ਸਨਾਟੇ ਵਿੱਚ ਘਿਰਿਆ ਮੈਂ, ਇੱਕੱਲਾ ਅਜਨਬੀ ਸੀ। ਮੇਰੀਆਂ ਨਜ਼ਰਾਂ ਬਦਰੰਗ ਹੋ ਗਈਆਂ ਕੰਧਾਂ, ਉੱਖੜੀਆਂ ਹੋਈਆਂ ਤਸਵੀਰਾਂ ਅਤੇ ਟੁੱਟੀ ਹੋਈ ਆਰਾਮ ਕੁਰਸੀ ਦੇ ਪਿੱਛੇ ਖਿੜਕੀਆਂ ਅੱਗੇ ਜਾਲੀਆਂ ਬਣੇ ਲਟਕਦੇ ਛੱਜੇ ਪਰਦੇ ਦੇਖਦੀਆਂ ਰਹੀਆਂ। ਆਖਰ ਬੁੱਢਾ ਡੀਨ ਉੱਠਿਆ। ਦਿਲ ‘ਤੇ ਪੱਥਰ ਰੱਖਕੇ ਉਸ ਕਿਹਾ,’ਠੀਕ ਹੈ! ਕੀ ਤੁਸੀਂ ਹੁਣੇ ਇਹ ਕੰਮ ਕਰੋਗੇ? ਮੇਰਾ ਮਤਲਬ ਹੈ ਇਸ ਤਰ੍ਹਾਂ?’ ਮੈਂ ਇਸ ਸਵਾਲ ਲਈ ਪਹਿਲਾਂ ਹੀ ਤਿਆਰ ਸੀ। ਸੋ ਮੈਂ ਆਪਣੇ ਬੈਗ ਵਿੱਚੋਂ ਸਰਿੰਜ ਕੱਢਕੇ ਉਸ ਵਿੱਚ ਦਵਾਈ ਭਰੀ। ‘ਚਿੰਤਾ ਨਾ ਕਰੋ ਮਿ. ਡੀਨ, ਇਹ ਬਹੁਤ ਹੀ ਸੌਖਾ ਤਰੀਕਾ ਹੈ। ਇਸ ਨੂੰ ਬਿਲਕੁਲ ਕੋਈ ਤਕਲੀਫ਼ ਨਹੀਂ ਹੋਏਗੀ।’ ਬੁੱਢੇ ਨੇ ਕੋਈ ਜੁਆਬ ਨਾ ਦਿੱਤਾ। ਟੀਕੇ ਨਾਲ ਦੁਆਈ ਅੰਦਰ ਜਾਂਦਿਆਂ ਹੀ ਕੁੱਤੇ ਦੇ ਚਿਹਰੇ ਦਾ ਰੰਗ ਬਦਲਣ ਲੱਗਾ। ਨਾ ਉਹ ਤੜਪਿਆ, ਨਾ ਹਿੱਲਿਆ, ਕੁਝ ਹੀ ਪਲਾਂ ਵਿੱਚ ਉਸ ਦੇ ਸਾਹ ਰੁਕ ਗਏ। ‘ਇਹ ਸਾਰੀਆਂ ਤਕਲੀਫਾਂ ਤੋਂ ਸੁਰਖਰੂ ਹੋ ਗਿਆ ਹੈ।’ ਮੈਂ ਆਖਰੀ ਖੁਲਾਸਾ ਕੀਤਾ ਅਤੇ ਉੱਠ ਖੜ੍ਹਾ ਹੋਇਆ। ਡੀਨ ਜਿਵੇਂ ਬੇਹੋਸ਼ੀ ਵਿੱਚੋਂ ਹੋਸ਼ ਵਿੱਚ ਆਇਆ। ‘ਤਾਂ ਕੀ ਸਾਰਾ ਕੰਮ ਹੋ ਗਿਆ?’ ਉਸ ਨੇ ਹੈਰਾਨੀ ਜਿਹੀ ‘ਚ ਪੁੱਛਿਆ। ‘ਹਾਂ ਸਾਰਾ ਕੰਮ ਠੀਕ ਠਾਕ ਸਿਰੇ ਚੜ੍ਹ ਗਿਆ ਹੈ। ਇਸ ਦੇ ਸਾਰੇ ਦੁੱਖ ਦੂਰ ਹੋ ਗਏ ਹਨ।’ ਇਹ ਗੱਲ ਸੁਣ ਕੇ ਬੁੱਢੇ ਦੀਆਂ ਅੱਖਾਂ ਵਿੱਚ ਮੈਨੂੰ ਅਜੀਬ ਜਿਹੀ ਸ਼ਾਂਤੀ ਮਹਿਸੂਸ ਹੋਈ। ‘ਹਾਂ! ਅਸੀਂ ਇਸ ਨੂੰ ਏਦਾਂ ਹੀ ਮਰਨ ਲਈ ਨਹੀਂ ਛੱਡ ਸਕਦੇ ਸਾਂ। ਤੁਸੀਂ ਜੋ ਕੀਤਾ ਉਸ ਲਈ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦੀ ਹਾਂ। ਹੁਣ ਤੁਸੀਂ ਆਪਣੀ ਸੇਵਾ ਦੱਸੋ?’ ਡੀਨ ਨੇ ਮੇਰੇ ਵੱਲ ਦੇਖਦਿਆਂ ਕਿਹਾ। ‘ਨਹੀਂ ਮਿਸਟਰ ਡੀਨ, ਮੈਂ ਤਾਂ ਅੱਗੇ ਜਾਂਦਾ ਜਾਂਦਾ ਇਹ ਮਕਾਨ ਦੇਖਣ ਲਈ ਰੁਕ ਗਿਆ ਸੀ, ਮੈਨੂੰ ਕੁਝ ਨਹੀਂ ਚਾਹੀਦਾ।’ ‘ਇਹ ਕਿਵੇਂ ਹੋ ਸਕਦਾ ਹੈ? ਕੁਝ ਤਾਂ ਲੈਣਾ ਹੀ ਪਵੇਗਾ।’ ਹੈਰਾਨ ਹੋਇਆ ਬੁੱਢਾ ਜੇਬ ਟੋਟਲਦਾ ਕੁਝ ਸੋਚ ਰਿਹਾ ਸੀ। ‘ਓਹ, ਪਲੀਜ਼! ਮੈਂ ਕਿਹਾ ਨਾ, ਕਿ ਮੈਨੂੰ ਕੁਝ ਨਹੀਂ ਚਾਹੀਦਾ। ਅੱਛਾ ਹੁਣ ਮੈਂ ਚੱਲਦਾ ਹਾਂ।’ ਕਹਿ ਕੇ ਮੈਂ ਛੇਤੀ ਨਾਲ ਬੁੱਢੇ ਦੇ ਮਰਦੇ ਹੋਏ ਮਕਾਨ ‘ਚੋਂ ਬਾਹਰ ਆ ਗਿਆ। ਸੜਕ ਉੱਤੇ ਦੌੜਦੀ ਜ਼ਿੰਦਗੀ, ਤੇਜ਼ ਧੁੱਪ ਵਿੱਚ ਵਾਰ ਵਾਰ ਇੱਕ ਹਨੇਰਾ ਕਮਰਾ, ਇੱਕ ਇੱਕੱਲਾ ਬੁੱਢਾ ਆਦਮੀ ਅਤੇ ਇੱਕ ਬਿਮਾਰ ਬੇਜ਼ੁਬਾਨ ਕੁੱਤਾ ਅੱਖਾਂ ਅੱਗੇ ਘੁੰਮ ਰਹੇ ਸਨ। ਇਸ ਤੋਂ ਪਹਿਲਾਂ ਕਿ ਮੈਂ ਆਪਣੀ ਕਾਰ ਵਿੱਚ ਬੈਠਦਾ, ਮੈਂ ਇੱਕ ਚੀਕ ਸੁਣੀ। ਬੁੱਢਾ ਦੌੜਦਾ ਹੋਇਆ ਮੇਰੇ ਵੱਲ ਆ ਰਿਹਾ ਸੀ। ਉਹ ਮੇਰੇ ਕੋਲ ਆਇਆ ਤੇ ਇਸ ਪੁਰਾਣਾ ਸਿਗਾਰ ਮੇਰੇ ਹੱਥਾਂ ‘ਤੇ ਰੱਖਦਾ ਹੋਇਆ ਬੋਲਿਆ, ‘ਇਹ ਰੱਖ ਲਓ, ਨਾਂਹ ਨਾ ਕਰਨਾ ਇਹ ਤੁਹਾਡੇ ਲਈ ਹੈ। ਤੁਸੀਂ ਇਸ ਦਾ ਆਖ਼ਰੀ ਸਫ਼ਰ ਸੌਖਾ ਕਰ ਦਿੱਤਾ ਹੈ।’
ਮੂਲ ਲੇਖਕ: ਜ਼ੇਮਜ਼ ਹੈਰੀਅਟ
ਪੰਜਾਬੀ ਅਨੁਵਾਦ: ਭੁਪਿੰਦਰ ਉਸਤਾਦ