ਕਰੀਨਾ ਕਪੂਰ ਨੂੰ ਆਪਣਾ ਆਦਰਸ਼ ਮੰਨਣ ਵਾਲੀ ਆਲੀਆ ਭੱਟ ਅੱਜ ਖੁਦ ਕਰੀਨਾ ਦੀ ਸੀਟ ‘ਤੇ ਕਾਬਜ਼ ਹੈ ਅਤੇ ਉਹ ਵੀ ਮਹਿਜ਼ ਚਾਰ ਸਾਲਾਂ ਵਿੱਚ। ਜ਼ਾਹਿਰ ਹੈ, ਇਹ ਉਸ ਦੀ ਆਪਣੀ ਮਿਹਨਤ ਅਤੇ ਪ੍ਰਤਿਭਾ ਦਾ ਪੁਰਸਕਾਰ ਹੈ। ਆਪਣੀ ਫ਼ਿਲਮ ‘ਡੀਅਰ ਜ਼ਿੰਦਗੀ’ ਨੂੰ ਮਿਲੀ ਸਫਲਤਾ ਤੋਂ ਉਹ ਬੇਹੱਦ ਖੁਸ਼ ਹੈ। ਇਹ ਖੁਸ਼ੀ ਉਸ ਦੇ ਚਿਹਰੇ ‘ਤੇ ਵੀ ਨਜ਼ਰ ਆਉਂਦੀ ਹੈ ਤਾਂ ਹੀ ਉਹ ਆਪਣੀ ਆਉਣ ਵਾਲੀ ਫ਼ਿਲਮ ‘ਬਦਰੀਨਾਥ ਕੀ ਦੁਲਹਨੀਆ’ ਨੂੰ ਲੈ ਕੇ ਵੀ ਕਾਫ਼ੀ ਉਤਸ਼ਾਹਿਤ ਹੈ। ਪੇਸ਼ ਹੈ ਆਲੀਆ ਭੱਟ ਨਾਲ ਹੋਈ ਗੱਲਬਾਤ ਦੇ ਅੰਸ਼:
-‘ਬਦਰੀਨਾਥ ਕੀ ਦੁਲਹਨੀਆ’ ਕਿਸ ਤਰ੍ਹਾਂ ਦੀ ਫ਼ਿਲਮ ਹੈ ਅਤੇ ਇਸ ਵਿੱਚ ਤੁਹਾਡਾ ਕੀ ਕਿਰਦਾਰ ਹੈ?
‘ਬਦਰੀਨਾਥ ਕੀ ਦੁਲਹਨੀਆ’ ਵਰੁਣ ਧਵਨ ਨਾਲ ਪਹਿਲਾਂ ਆਈ ਮੇਰੀ ਫ਼ਿਲਮ ‘ਹੰਪਟੀ ਸ਼ਰਮਾ ਕੀ ਦੁਲਹਨੀਆ’ ਦਾ ਸੀਕੁਇਲ ਹੈ। ‘ਬਦਰੀਨਾਥ ਕੀ ਦੁਲਹਨੀਆ’ ਦੀ ਕਹਾਣੀ ਬਦਰੀਨਾਥ (ਵਰੁਣ ਧਵਨ) ਅਤੇ ਵੈਦੇਹੀ (ਆਲੀਆ ਭੱਟ) ਦੇ ਵਿਚਕਾਰ ਪਿਆਰ ‘ਤੇ ਆਧਾਰਿਤ ਹੈ। ਫ਼ਿਲਮ ਦਾ ਪਿਛੋਕੜ ਪੂਰਬੀ ਉੱਤਰ ਪ੍ਰਦੇਸ਼ ਹੈ। ਖ਼ਾਸ ਗੱਲ ਇਹ ਹੈ ਕਿ ਫ਼ਿਲਮ ਵਿੱਚ ਲੇਖਕ ਅਤੇ ਨਿਰਦੇਸ਼ਕ ਸ਼ਸ਼ਾਂਕ ਖੇਤਾਨ ਦੇ ਨਾਲ ਨਾਲ ਸਟਾਰ ਕਾਸਟ ਵੀ ਦੁਹਰਾਈ ਗਈ ਹੈ। ਇਸ ਦੇ ਬਾਵਜੂਦ ਫ਼ਿਲਮ ਦੀ ਕਹਾਣੀ ਬੇਸ਼ੱਕ ‘ਹੰਪਟੀ ਸ਼ਰਮਾ ਕੀ ਦੁਲਹਨੀਆ’ ਵਰਗੀ ਲੱਗਦੀ ਹੋਵੇ, ਪਰ ਇਸ ਦਾ ਮਿਜ਼ਾਜ ਉਸ ਤੋਂ ਬਿਲਕੁਲ ਅਲੱਗ ਹੈ। ਇਸ ਦੇ ਕਿਰਦਾਰ ਜਿਸ ਤਰ੍ਹਾਂ ਦੀ ਭਾਸ਼ਾ ਦੀ ਵਰਤੋਂ ਕਰਦੇ ਨਜ਼ਰ ਆਉਣਗੇ, ਉਸ ਤੋਂ ਪਤਾ ਲੱਗਦਾ ਹੈ ਕਿ ਫ਼ਿਲਮ ਪੂਰਬੀ ਉੱਤਰ ਪ੍ਰਦੇਸ਼ ਦੇ ਕਿਸੇ ਸ਼ਹਿਰ ਦੀ ਪ੍ਰੇਮ ਕਹਾਣੀ ਹੈ। ਇਸ ਵਿੱਚ ਵਰੁਣ ਧਵਨ ਬਦਰੀਨਾਥ ਬਾਂਸਲ ਦਾ ਕਿਰਦਾਰ ਨਿਭਾ ਰਹੇ ਹਨ ਜੋ ਕਸਬੇਨੁਮਾ ਸ਼ਹਿਰ ਦਾ ਘੱਟ ਪੜ੍ਹਿਆ ਲਿਖਿਆ ਨੌਜਵਾਨ ਹੈ। ਉੱਥੇ ਮੇਰਾ ਕਿਰਦਾਰ ਵੈਦੇਹੀ ਤ੍ਰਿਵੇਦੀ ਨਾਂ ਦੀ ਛੋਟੇ ਸ਼ਹਿਰ ਦੀ ਵੱਡੇ ਸੁਪਨੇ ਦੇਖਣ ਵਾਲੀ ਲੜਕੀ ਦਾ ਹੈ। ਫ਼ਿਲਮ ਵਿੱਚ ਪ੍ਰੇਮ ਦਾ ਸਨਮਾਨ ਬਚਾ ਕੇ ਰੱਖਣ ਦੇ ਨਾਲ ਨਾਲ ਇੱਕ ਦੂਜੇ ਤੋਂ ਇੱਜ਼ਤ ਹਾਸਿਲ ਕਰਨ ਦੇ ਸੰਘਰਸ਼ ਦੀ ਕਹਾਣੀ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਫ਼ਿਲਮ 10 ਮਾਰਚ ਨੂੰ ਰਿਲੀਜ਼ ਹੋਏਗੀ।
‘ਹਾਈਵੇ’ ਅਤੇ ‘ਉੜਤਾ ਪੰਜਾਬ’ ਵਰਗੀਆਂ ਗੰਭੀਰ ਕਿਸਮ ਦੀਆਂ ਫ਼ਿਲਮਾਂ ਹਨ, ਫਿਰ ‘ਡੀਅਰ ਜ਼ਿੰਦਗੀ’ ਵਰਗੀ ਫ਼ਿਲਮ ਕਰਨ ਦਾ ਕੀ ਕਾਰਨ ਰਿਹਾ?
-ਕਾਰਨ ਸ਼ਾਇਦ ਇਹ ਹੋ ਸਕਦਾ ਹੈ ਕਿ ਮੈਂ ਯੋਜਨਾ ਬਣਾ ਕੇ ਕੋਈ ਕੰਮ ਨਹੀਂ ਕਰਦੀ। ਜਿਨ੍ਹਾਂ ਫ਼ਿਲਮਾਂ ਦੀ ਪੇਸ਼ਕਸ਼ ਮੇਰੇ ਕੋਲ ਆਉਂਦੀ ਹੈ, ਉਨ੍ਹਾਂ ਵਿੱਚੋਂ ਹੀ ਮੈਂ ਬਿਹਤਰ ਚੁਣਨ ਦੀ ਕੋਸ਼ਿਸ਼ ਕਰਦੀ ਹਾਂ। ਹੁਣ ਤੁਸੀਂ ਇਸ ਨੂੰ ਮੇਰੀ ਤਕਦੀਰ ਕਹਿ ਸਕਦੇ ਹੋ ਕਿ ਮੈਨੂੰ ਹਰ ਵਾਰ ਗੰਭੀਰ ਫ਼ਿਲਮ ਤੋਂ ਬਾਅਦ ਹਲਕੀ ਫ਼ੁਲਕੀ ਫ਼ਿਲਮ ਕਰਨ ਦਾ ਮੌਕਾ ਮਿਲ ਜਾਂਦਾ ਹੈ। ‘ਡੀਅਰ ਜ਼ਿੰਦਗੀ’ ਵੀ ਇਸ ਤਰ੍ਹਾਂ ਹੀ ਮਿਲ ਗਈ ਸੀ। ਜਿੱਥੋਂ ਤਕ ਇਸ ਫ਼ਿਲਮ ਨੂੰ ਸਵੀਕਾਰਨ ਦੇ ਕਾਰਨ ਦਾ ਸਵਾਲ ਹੈ ਤਾਂ ਮੈਨੂੰ ਫ਼ਿਲਮ ਦੀ ਕਹਾਣੀ ਦੇ ਨਵੇਂਪਣ ਨੇ ਇਸ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਕਿਉਂਕਿ ਇਹ ਇੱਕ ਨਵੇਂ ਅੰਦਾਜ਼ ਦਾ ਸਿਨਮਾ ਹੈ। ਵੈਸੇ ਇੱਕ ਕਾਰਨ ਸ਼ਾਹਰੁਖ਼ ਖ਼ਾਨ ਵੀ ਸਨ ਜਿਨ੍ਹਾਂ ਨਾਲ ਮੈਨੂੰ ਇਹ ਫ਼ਿਲਮ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਨਾਲ ਕੰਮ ਕਰਨ ਦਾ ਮੇਰਾ ਅਨੁਭਵ ਕਾਫ਼ੀ ਯਾਦਗਾਰ ਰਿਹਾ। ਇਸ ਦੌਰਾਨ ਉਨ੍ਹਾਂ ਤੋਂ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ।
-ਕੀ ਤੁਸੀਂ ਮੰਨਦੇ ਹੋ ਕਿ ‘ਹਾਈਵੇ’ ਅਤੇ ‘ਉੜਤਾ ਪੰਜਾਬ’ ਵਰਗੀਆਂ ਫ਼ਿਲਮਾਂ ਤੁਹਾਡੇ ਕਰੀਅਰ ਲਈ ਅਹਿਮ ਸਾਬਤ ਹੋਈਆਂ?
-ਬਿਲਕੁਲ, ਬਲਕਿ ਮੈਂ ਤਾਂ ਇਹ ਵੀ ਮੰਨਦੀ ਹਾਂ ਕਿ ‘ਹਾਈਵੇ’ ਅਤੇ ‘ਉੜਤਾ ਪੰਜਾਬ’ ਵਰਗੀਆਂ ਫ਼ਿਲਮਾਂ ਤੋਂ ਬਾਅਦ ਹੀ ਮੈਂ ਭਾਵਨਾਤਮਕ ਅਤੇ ਮਾਨਸਿਕ ਤੌਰ ‘ਤੇ ਵਿਕਸਤ ਹੋਈ ਹਾਂ। ਮੈਂ ਅਜੇ ਮਹਿਜ਼ 23 ਸਾਲ ਦੀ ਹੀ ਹੋਈ ਹਾਂ। ਇਹ ਸੱਚ ਹੈ ਕਿ ਮੇਰੇ ਪ੍ਰਤੀ ਲੋਕਾਂ ਦਾ ਨਜ਼ਰੀਆ ਕਾਫ਼ੀ ਬਦਲਿਆ ਹੈ ਕਿ ਮੈਂ ਕੇਵਲ ਬਚਕਾਨੇ ਕਿਰਦਾਰ ਹੀ ਨਿਭਾ ਸਕਦੀ ਹਾਂ। ਮੈਂ ਖੁਦ ਲੋਕਾਂ ਦੀ ਇਹ ਸੋਚ ਬਦਲਣਾ ਚਾਹੁੰਦੀ ਸੀ ਕਿ ਫ਼ਿਲਮਾਂ ਮੇਰੇ ਲਈ ਸਿਰਫ਼ ਮਨੋਰੰਜਨ ਅਤੇ ਗੇਮ ਨਹੀਂ ਹਨ। ਸੱਚ ਤਾਂ ਇਹ ਹੈ ਕਿ ਮੈਂ ਇੱਥੇ ਅਦਾਕਾਰ ਬਣਨ ਆਈ ਹਾਂ ਅਤੇ ਲੋਕ ਜਦੋਂ ਇੱਕ ਅਦਾਕਾਰ ਦੇ ਰੂਪ ਵਿੱਚ ਤੁਹਾਨੂੰ ਅਲੱਗ ਅਲੱਗ ਕਿਰਦਾਰਾਂ ਵਿੱਚ ਸਵੀਕਾਰ ਕਰਨ ਲੱਗਦੇ ਹਨ ਤਾਂ ਤੁਹਾਨੂੰ ਅੰਦਰੂਨੀ ਖ਼ੁਸ਼ੀ ਹੁੰਦੀ ਹੈ।
-ਫ਼ਿਲਮ ਸਵੀਕਾਰ ਕਰਨ ਤੋਂ ਪਹਿਲਾਂ ਕਿਸੇ ਨਾਲ ਸਲਾਹ ਵੀ ਕਰਦੇ ਹੋ?
-ਆਮ ਤੌਰ ‘ਤੇ ਅਜਿਹਾ ਕੁਝ ਨਹੀਂ ਹੈ, ਪਰ ਪਰਿਵਾਰ ਦੇ ਨਾਲ ਵਿਚਾਰ ਵਟਾਂਦਰਾ ਜ਼ਰੂਰ ਕਰਦੀ ਹਾਂ, ਖ਼ਾਸ ਕਰਕੇ ਛੋਟੀ ਭੈਣ ਸ਼ਾਹੀਨ ਨਾਲ ਜੋ ਮੇਰੀ ਸਭ ਤੋਂ ਵੱਡੀ ਸਮਰਥਕ ਹੈ। ਉਹ ਮੈਨੂੰ ਸਭ ਤੋਂ ਜ਼ਿਆਦਾ ਸਮਝਦੀ ਹੈ ਤਾਂ ਮੈਂ ਉਸ ਨਾਲ ਕੋਈ ਵੀ ਗੱਲ ਸਾਂਝੀ ਕਰ ਸਕਦੀ ਹਾਂ। ਬੇਸ਼ੱਕ ਉਹ ਫ਼ਿਲਮ ਇੰਡਸਟਰੀ ਤੋਂ ਨਹੀਂ ਹੈ, ਪਰ ਇਸ ਦੇ ਬਾਵਜੂਦ ਉਹ ਜਦੋਂ ਵੀ ਮੇਰੇ ਕੰਮ ਜਾਂ ਫ਼ਿਲਮਾਂ ਦੇ ਬਾਰੇ ਵਿੱਚ ਗੱਲ ਕਰਦੀ ਹੈ ਤਾਂ ਨਿਰਪੱਖ ਹੋ ਕੇ ਕਰਦੀ ਹੈ। ਉਸ ਦੇ ਵਿਚਾਰ ਬਹੁਤ ਸ਼ੁੱਧ ਹੁੰਦੇ ਹਨ।
-ਕੀ ਤੁਸੀਂ ਸ਼ੁਰੂ ਤੋਂ ਹੀ ਅਦਾਕਾਰੀ ਵਿੱਚ ਹੀ ਆਉਣ ਦੇ ਬਾਰੇ ਵਿੱਚ ਸੋਚ ਰੱਖਿਆ ਸੀ?
-ਜੀ ਹਾਂ, ਮਹਿਜ਼ ਚਾਰ ਸਾਲ ਦੀ ਉਮਰ ਵਿੱਚ ਹੀ ਮੈਂ ਤੈਅ ਕਰ ਲਿਆ ਸੀ ਕਿ ਮੈਂ ਹੀਰੋਇਨ ਹੀ ਬਣਾਂਗੀ। ਆਪਣੇ ਸਕੂਲੀ ਦਿਨਾਂ ਵਿੱਚ ਮੈਂ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲਿਆ ਹੈ ਚਾਹੇ ਉਹ ਗਾਇਕੀ ਹੋਵੇ, ਡਾਂਸ ਹੋਵੇ ਜਾਂ ਫਿਰ ਖੇਡਾਂ। ਇਸ ਕਾਰਨ ਜੇਕਰ ਮੈਂ ਕੋਈ ਬਦਮਾਸ਼ੀ ਕਰਦੀ ਸੀ ਤਾਂ ਵੀ ਸਕੂਲ ਵਾਲੇ ਚਲਾ ਲੈਂਦੇ ਸਨ। ਮੈਂ ਸਕੂਲ ਵਿੱਚ ਬਹੁਤ ਸ਼ਰਾਰਤੀ ਹੁੰਦੀ ਸੀ। ਅਕਸਰ ਸਕੂਲ ਬੰਕ ਵੀ ਕਰਦੀ ਸੀ। ਘਰ ਤੋਂ ਸਕੂਲ ਤਕ ਜਾਂਦੀ ਸੀ, ਪਰ ਗੇਟ ਤੋਂ ਵਾਪਸ ਆ ਜਾਂਦੀ ਸੀ। ਇੱਕ ਵਾਰ ਤਾਂ ਸਕੂਲ ਬੰਕ ਕਰਕੇ ਅਸੀਂ ਲੋਕ ਫ਼ਿਲਮ ‘ਫੈਸ਼ਨ’ ਦੇਖਣ ਗਏ, ਪਰ ਫੜੇ ਗਏ। ਜ਼ਾਹਿਰ ਹੈ ਸਜ਼ਾ ਤਾਂ ਮਿਲਣੀ ਹੀ ਸੀ। ਉਸ ਦਿਨ ਮੈਨੂੰ ਸਕੂਲ ਵਿੱਚ ਡੈਸਕ ਦੀ ਸਫ਼ਾਈ ਕਰਨੀ ਪਈ ਸੀ।
-ਅੱਜ ਤੁਸੀਂ ਕਾਮਯਾਬੀ ਦੇ ਰਥ ‘ਤੇ ਸਵਾਰ ਹੋ। ਇਹ ਅਨੁਭਵ ਕਿਵੇਂ ਦਾ ਹੈ?
-ਮੈਂ ਚਾਹੁੰਦੀ ਹਾਂ ਕਿ ਮੈਨੂੰ ਆਪਣੇ ਸਟਾਰਡਮ ਦਾ ਅਹਿਸਾਸ ਜਿੰਨਾ ਘੱਟ ਹੋਵੇ, ਉੱਨਾ ਹੀ ਚੰਗਾ ਹੈ। ਨਹੀਂ ਤਾਂ ਕਾਮਯਾਬੀ ਮੇਰੇ ਸਿਰ ਚੜ੍ਹ ਜਾਏਗੀ। ਮੈਂ ਇੱਕ ਆਮ ਲੜਕੀ ਹਾਂ ਅਤੇ ਉਹੀ ਬਣੀ ਰਹਿਣਾ ਚਾਹੁੰਦੀ ਹਾਂ ਤਾਂ ਕਿ ਆਮ ਜ਼ਿੰਦਗੀ ਨੂੰ ਜੀ ਸਕਾਂ। ਸੱਚ ਕਹਾਂ, ਤਾਂ ਸੈਲੇਬ੍ਰਿਟੀ ਰੁਤਬਾ ਮਿਲਦੇ ਹੀ ਆਮ ਜ਼ਿੰਦਗੀ ਜਿਊਣ ਦਾ ਮਜ਼ਾ ਖ਼ਤਮ ਹੋ ਜਾਂਦਾ ਹੈ। ਮੈਨੂੰ ਲੱਗਦਾ ਹੈ ਕਿ ਜੇਕਰ ਅਸੀਂ ਆਪਣੇ ਰੁਤਬੇ ਨੂੰ ਲੈ ਕੇ ਜਿੰਨੇ ਘੱਟ ਸਜਗ ਹੋਵਾਂਗੇ, ਉੱਨਾ ਚੰਗਾ ਹੈ। ਇਹ ਵੀ ਸੱਚ ਹੈ ਕਿ ਤੁਹਾਡੇ ਆਸ ਪਾਸ ਤੁਹਾਡੇ ਚਾਹੁਣ ਵਾਲੇ ਤੁਹਾਨੂੰ ਅਹਿਸਾਸ ਦਿਵਾ ਦਿੰਦੇ ਹਨ ਕਿ ਤੁਸੀਂ ਇੱਕ ਸਟਾਰ ਹੋ।
-ਤੁਸੀਂ ਕੋਈ ਸਿੰਗਲ ਗੀਤ ਵੀ ਤਾਂ ਰਿਕਾਰਡ ਕਰਨ ਵਾਲੇ ਸੀ?
-ਹਾਂ, ਮੇਰੀ ਇੱਛਾ ਇੱਕ ਗੀਤ ਨੂੰ ਬਾਜ਼ਾਰ ਵਿੱਚ ਲਿਆਉਣ ਦੀ ਹੈ। ਇਸ ਲਈ ਟੀ ਸੀਰੀਜ਼ ਦੇ ਭੂਸ਼ਣ ਕੁਮਾਰ ਨਾਲ ਮੇਰੀ ਗੱਲ ਵੀ ਹੋਈ ਹੈ, ਪਰ ਕੀ ਕਰਾਂ, ਗੀਤ ਰਿਕਾਰਡ ਕਰਾਉਣ ਲਈ ਸਮਾਂ ਹੀ ਨਹੀਂ ਮਿਲ ਰਿਹਾ। ਫਿਰ ਵੀ ਕੋਸ਼ਿਸ਼ ਹੈ ਕਿ ਆਪਣੇ ਇਸ ਸ਼ੌਕ ਨੂੰ ਜਲਦੀ ਪੂਰਾ ਕਰਾਂ।
-ਤੁਹਾਡੇ ਰੁਮਾਂਸ ਅਤੇ ਪ੍ਰੇਮ ਪ੍ਰਸੰਗ ਆਦਿ ਦੀਆਂ ਖ਼ਬਰਾਂ ਕਾਫ਼ੀ ਉੱਡਦੀਆਂ ਰਹਿੰਦੀਆਂ ਹਨ?
-ਸਭ ਗ਼ਲਤ ਹੈ, ਫਿਲਹਾਲ ਮੇਰਾ ਸਾਰਾ ਧਿਆਨ ਆਪਣੇ ਕੰਮ ‘ਤੇ ਹੈ। ਮੈਨੂੰ ਬਹੁਤ ਅੱਗੇ ਜਾਣਾ ਹੈ। ਅਲੱਗ ਅਲੱਗ ਤਰ੍ਹਾਂ ਦੀਆਂ ਫ਼ਿਲਮਾਂ ਕਰਨ ਦੀ ਤਮੰਨਾ ਹੈ। ਐਕਟਿੰਗ ਦੀ ਦੁਨੀਆਂ ਵਿੱਚ ਆਪਣੀ ਇੱਕ ਅਲੱਗ ਪਛਾਣ ਬਣਾਉਣੀ ਹੈ। ਇਹ ਸਭ ਹਾਸਿਲ ਕਰਨ ਤੋਂ ਬਾਅਦ ਹੀ ਕਿਸੇ ਹੋਰ ਤਰਫ਼ ਧਿਆਨ ਦੇਵਾਂਗੀ।
-ਤੁਸੀਂ ਕਿਸ ਤਰ੍ਹਾਂ ਦੇ ਯੁਵਕ ਨੂੰ ਹਮਸਫ਼ਰ ਬਣਾਉਣਾ ਚਾਹੋਗੇ?
-ਲੜਕੇ ਤੋਂ ਜ਼ਿਆਦਾ ਜ਼ਰੂਰੀ ਗੱਲ ਇਹ ਹੈ ਕਿ ਸਬੰਧ ਕਿਸ ਤਰ੍ਹਾਂ ਦੇ ਚਾਹੀਦੇ ਹਨ। ਜਿਸ ਨੂੰ ਵੀ ਆਪਣੀ ਜ਼ਿੰਦਗੀ ਵਿੱਚ ਸ਼ਾਮਿਲ ਕਰਾਂਗੀ, ਉਸ ਨੂੰ ਸਭ ਤੋਂ ਪਹਿਲਾਂ ਮੇਰਾ ਬਹੁਤ ਚੰਗਾ ਦੋਸਤ ਹੋਣਾ ਹੋਏਗਾ। ਸਾਡੀ ਸੋਚ ਦਾ ਆਪਸ ਵਿੱਚ ਮਿਲਣਾ ਵੀ ਬਹੁਤ ਜ਼ਰੂਰੀ ਹੈ। ਵੈਸੇ, ਮੈਂ ਉਸ ਤਰ੍ਹਾਂ ਦੇ ਲੜਕੇ ਨੂੰ ਹਮਸਫਰ? ਬਣਾਉਣਾ ਚਾਹੁੰਗੀ ਜੋ ਨੇਕਦਿਲ ਇਨਸਾਨ ਹੋਵੇ। ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਦਾ ਹੋਵੇ। ਇਸ ਦੇ ਨਾਲ ਹੀ ਉਸ ਦਾ ਮੇਰੀ ਤਰ੍ਹਾਂ ਲੋਕਪ੍ਰਿਯ ਹੋਣਾ ਵੀ ਜ਼ਰੂਰੀ ਹੈ। ਮੈਂ ਵਿਆਹ ਜਾਂ ਬੱਚੇ ਹੋਣ ਤੋਂ ਬਾਅਦ ਵੀ ਕੰਮ ਨਹੀਂ ਬੰਦ ਕਰਨਾ ਚਾਹੁੰਗੀ ਕਿਉਂਕਿ ਮੈਂ ਹਮੇਸ਼ਾਂ ਇਸ ਇੰਡਸਟਰੀ ਨਾਲ ਜੁੜੀ ਰਹਿਣਾ ਚਾਹੁੰਦੀ ਹਾਂ।
-ਸੰਜੀਵ ਕੁਮਾਰ ਝਾਅ