ਜਿਵੇਂ ਜਿਵੇਂ ਸਾਡੀ ਉਮਰ ਵਧਦੀ ਜਾਂਦੀ ਹੈ, ਸਰੀਰ ਦੇ ਬਿਮਾਰੀਆਂ ਦਾ ਸ਼ਿਕਾਰ ਹੋਣ ਦਾ ਖ਼ਤਰਾ ਵੀ ਵਧਦਾ ਜਾਂਦਾ ਹੈ। ਇਨ੍ਹਾਂ ‘ਚੋਂ ਕਈ ਰੋਗਾਂ ਨਾਲ ਤਾਂ ਅਸੀਂ ਸੌਖਿਆਂ ਹੀ ਨਜਿੱਠ ਸਕਦੇ ਹਾਂ ਜਾਂ ਉਨ੍ਹਾਂ ਦਾ ਇਲਾਜ ਕਰਵਾ ਕੇ ਨਿਜਾਤ ਪਾ ਸਕਦੇ ਹਾਂ। ਜੇ ਸਹੀ ਤਰੀਕੇ ਨਾਲ ਕੀਤਾ ਜਾਵੇ ਤਾਂ ਇਲਾਜ ਨਾਲ ਕਾਫ਼ੀ ਰੋਕ ਠੀਕ ਹੋ ਜਾਂਦੇ ਹਨ ਪਰ ਕਈ ਬਿਮਾਰੀਆਂ ਸਾਡੇ ਲਈ ਚੁਣੌਤੀ ਬਣ ਜਾਂਦੀਆਂ ਹਨ। ‘ਪਾਰਕਿੰਨਸੋਨਿਜ਼ਮ’ ਇੱਕ ਅਜਿਹਾ ਹੀ ਰੋਗ ਹੈ ਜਿਸ ਤੋਂ ਅਜੇ ਤਕ ਛੁਟਕਾਰਾ ਪਾਏ ਜਾਣ ਦਾ ਤਰੀਕਾ ਨਹੀਂ ਮਿਲ ਸਕਿਆ। ਇਸ ਰੋਗ ਵਿੱਚ ਦਿਮਾਗ ਅਤੇ ਸੂਖਮ ਨਾੜੀਆਂ ਵਾਲਾ ਸਿਸਟਮ ਨੁਕਸਾਨੇ ਜਾਂਦੇ ਹਨ। ਇਸ ਦੇ ਸਿੱਟੇ ਵਜੋਂ ਸਰੀਰ ਕੰਬਣ ਲੱਗ ਜਾਂਦਾ ਹੈ। ਬਾਬਾ ਸ਼ੇਖ਼ ਫ਼ਰੀਦ ਜੀ ਨੇ ਕਿਹਾ ਹੈ: ਬੁੱਢਾ ਹੋਇਆ ਸ਼ੇਖ਼ ਫ਼ਰੀਦ ਕੰਬਣ ਲੱਗੀ ਦੇਹ੩। ਵਡੇਰੀ ਉਮਰੇ ਹੋਣ ਵਾਲਾ ਇਹ ਰੋਗ ਆਮ ਕਰਕੇ 50-60 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਹੈ। ਕੁਝ ਰੋਗੀ 50 ਸਾਲ ਤੋਂ ਘੱਟ ਉਮਰ ਦੇ ਵੀ ਹੋ ਸਕਦੇ ਹਨ। ਸੂਖਮ ਨਾੜੀਆਂ (ਨਰਵਜ਼) ਦੇ ਸੈੱਲ, ਜਿਨ੍ਹਾਂ ਰਾਹੀਂ ਦਿਮਾਗ ਤੋਂ ਸੰਦੇਸ਼ ਆਉਂਦੇ ਹਨ, ਨੁਕਸਾਨੇ ਜਾਣ ਕਰਕੇ ਦਿਮਾਗ ਦਾ ਨਿਯੰਤਰ ਨਹੀਂ ਰਹਿੰਦਾ। ਇਸ ਕਰਕੇ ਰੋਗੀ ਨੂੰ ਕੋਈ ਸਾਧਾਰਨ ਜਿਹਾ ਕੰਮ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ।
ਉਂਜ ਤਾਂ ਇਹ ਰੋਗ ਮਰਦਾਂ ਤੇ ਔਰਤਾਂ ‘ਚ ਬਰਾਬਰ ਹੀ ਹੁੰਦਾ ਹੈ ਪਰ ਕਈ ਰਿਪੋਰਟਾਂ ਮੁਤਾਬਿਕ ਮਰਦ ਇਸ ਦਾ ਸ਼ਿਕਾਰ ਵਧੇਰੇ ਹੁੰਦੇ ਹਨ। 2013 ਦੇ ਅੰਕੜਿਆਂ ਅਨੁਸਾਰ ਕੁੱਲ ਦੁਨੀਆਂ ਵਿੱਚ ਇਸ ਬਿਮਾਰੀ ਦੇ 53 ਮਿਲੀਅਨ ਰੋਗੀ ਸਨ ਤੇ ਇੱਕ ਲੱਖ ਤਿੰਨ ਹਜ਼ਾਰ ਦੀ ਮੌਤ ਹੋਈ ਸੀ। ਬਿਮਾਰੀ ਦਾ ਡਾਇਗਨੋਸਿਸ ਬਣਨ ਤੋਂ ਬਾਅਦ, ਆਮ ਕਰਕੇ 7 ਤੋਂ 14 ਸਾਲ ਦਾ ਜੀਵਨ-ਕਾਲ ਹੁੰਦਾ ਹੈ। 1817 ਵਿੱਚ ਪਹਿਲੀ ਵਾਰ ਇੱਕ ਅੰਗਰੇਜ਼ ਡਾਕਟਰ, ਜੇਮਜ਼ ਪਾਰਕਿੰਨਸਨ ਨੇ ਇਸ ‘ਹਿੱਲਣ ਵਾਲੇ ਰੋਗ’ ਬਾਰੇ ਇੱਕ ਲੇਖ ਲਿਖਿਆ ਸੀ। ਬਾਅਦ ਵਿੱਚ ਉਸੇ ਡਾਕਟਰ ਦੇ ਨਾਮ ‘ਤੇ ਹੀ ਇਸ ਰੋਗ ਦਾ ਨਾਂ ਪਾਰਕਿੰਨਸੋਨਿਜ਼ ਪੈ ਗਿਆ। ਇਸ ਰੋਗ ਸਬੰਧੀ ਅਨੇਕਾਂ ਖੋਜਾਂ ਹੋਈਆਂ ਹਨ ਤੇ ਇਹ ਸਿਲਸਿਲਾ ਅਜੇ ਵੀ ਨਿਰੰਤਰ ਚੱਲ ਰਿਹਾ ਹੈ। ਇਸ ਡਾਕਟਰ ਦੇ ਜਨਮ ਵਾਲੇ ਦਿਨ 11 ਅਪਰੈਲ ਨੂੰ ਪਾਰਕਿੰਨਸੋਨਿਜ਼ ਬਾਰੇ ਜਾਗਰੂਕਤਾ ਦਿਵਸ ਮਨਾਇਆ ਜਾਂਦਾ ਹੈ। ਦੁਨੀਆਂ ਵਿੱਚ ਮਸ਼ਹੂਰ ਹਸਤੀਆਂ ਓਲਿੰਪਕ ਸਾਈਕਲਿਸਟ ਡੈਵਿਸ ਫਿੰਨੇ, ਮਸ਼ਹੂਰ ਬੌਕਸਿੰਗ ਚੈਂਪੀਅਨ ਮੁਹੰਮਦ ਅਲੀ, ਐਕਟਰ ਮਾਇਕਲ ਜੇ.ਐਫ., ਗੀਤਕਾਰ ਤੇ ਗਾਇਕ ਜੌਹਨੀ ਕੈਸ਼, ਐਕਟਰੈਸ ਐਸਟੈਲ? ਗੈਟੀ ਅਤੇ ਅਮਰੀਕਾ ਦੀ ਅਟਾਰਨੀ ਜਨਰਲ ਜੈਨੇਟ ਰੈਨੋ ਆਦਿ ਇਸ ਰੋਗ ਤੋਂ ਪੀੜਤ ਸਨ।
ਇਸ ਰੋਗ ਦੇ ਮੁੱਖ ਰੂਪ ਵਿੱਚ ਤਿੰਨ ਲੱਛਣ ਹੁੰਦੇ ਹਨ:
× ਬਿਨਾਂ ਕਿਸੇ ਕੰਟਰੋਲ ਦੇ ਸਰੀਰ ਦੇ ਅੰਗਾਂ ਦਾ ਲਗਾਤਾਰ ਹਿੱਲੀ ਜਾਣਾ। ਸਰੀਰ ਦੀਆਂ ਸਾਰੀਆਂ ਕਿਰਿਆਵਾਂ ਦੀ ਗਤੀ ਘਟ ਜਾਣਾ।
× ਪੱਠਿਆਂ (ਮਾਸਪੇਸ਼ੀਆਂ) ਦਾ ਆਕੜ (ਸਟਿੱਫ਼ ਹੋ) ਜਾਣਾ ਇਹ ਬੜੀ ਮੁਸ਼ਕਿਲ ਨਾਲ ਮੁੜਦੇ ਹਨ।
× ਸਿੱਧਾ ਖੜ੍ਹੇ ਹੋਣ ਵਿੱਚ ਮੁਸ਼ਕਿਲ, ਸਰੀਰ ਦਾ ਸੰਤੁਲਨ ਨਾ ਰਹਿਣਾ, ਬੋਲਣ ਵੇਲੇ ਠੀਕ ਤਰ੍ਹਾਂ ਲਫਜ਼ ਨਾ ਨਿਕਲਣੇ ਤੇ ਸੁਣਨ ਵਾਲੇ ਨੂੰ ਸਮਝ ਨਾ ਲੱਗਣੀ, ਪਿਸ਼ਾਬ ਦੀਆਂ ਸਮੱਸਿਆਵਾਂ, ਅੰਤੜੀਆਂ ਦੀ ਹਿਲਜੁਲ ਘਟਣ ਕਰਕੇ ਕਬਜ਼ ਰਹਿਣੀ ਅਤੇ ਨੀਂਦ ਦੀਆਂ ਸਮੱਸਿਆਵਾਂ ਆਦਿ।
ਇਸ ਰੋਗ ਕਰਕੇ ਹੋਣ ਵਾਲੀਆਂ ਸਮੱਸਿਆਵਾਂ:
× ਭਾਵੇਂ ਆਮ ਕਰਕੇ ਹੱਥ-ਪੈਰ ਹੀ ਹਿੱਲਦੇ ਹਨ ਪਰ ਬੁੱਲ੍ਹ, ਜੀਭ, ਜਬਾੜਾ, ਪੇਟ ਤੇ ਛਾਤੀ ਦੇ ਪੱਠੇ ਵੀ ਹਿੱਲੀ ਜਾਂਦੇ ਹਨ। ਇਹ ਹਿੱਲਣਾ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਇਹ ਪੱਠੇ ਕੁਝ ਨਹੀਂ ਕਰ ਰਹੇ ਹੁੰਦੇ। ਜਿਵੇਂ ਹੱਥ ਨਾਲ ਚੁੱਕਣ ਵੇਲੇ ਇਹ ਹਿੱਲਣਾ ਘਟ ਜਾਂਦਾ ਹੈ। ਇਸ ਹਿੱਲਣੀ ਨੂੰ ‘ਰੈਸਟਿੰਗ ਟਰੈਮਰਜ਼’ ਕਿਹਾ ਜਾਂਦਾ ਹੈ।
× ਪੱਠੇ ਆਕੜ ਜਾਣ ਨਾਲ ਸਰੀਰ ਵਿੱਚ ਦਰਦ ਹੋਣ ਲਗਦੀ ਹੈ। ਸਰੀਰ ਦੀ ਹਰ ਤਰ੍ਹਾਂ ਦੀ ਹਿਲਜੁੱਲ ਘਟ ਜਾਂਦੀ ਹੈ।
× ਤੁਰਨ-ਫਿਰਨ/ਹੱਥ ਨਾਲ ਕੋਈ ਚੀਜ਼ ਫੜਨ ਜਾਂ ਕਰਨ ਨੂੰ ਦਿਲ ਹੀ ਨਹੀਂ ਕਰਦਾ।
× ਅੱਖਾਂ ਝਮਕਣ ਤੇ ਤੁਰਨ ਵੇਲੇ ਬਾਹਵਾਂ ਦਾ ਹਿੱਲਣਾ ਘਟ ਜਾਂਦਾ ਹੈ।
× ਗੱਲ-ਬਾਤ ਕਰਨ ਵੇਲੇ ਸਿਰ ਤੇ ਧੌਣ ਦਾ ਹਿੱਲਣਾ।
× ਮੂੰਹ ਦੇ ਹਾਵ-ਭਾਵ, ਹੱਥਾਂ ਦਾ ਹਿਲਾਉਣਾ ਘਟ ਜਾਂਦੇ ਹਨ ਜਾਂ ਖ਼ਤਮ ਹੀ ਹੋ ਜਾਂਦੇ ਹਨ।
× ਕਬਜ਼, ਕੜੱਲਾਂ, ਦਰਦਾਂ, ਲੱਤਾਂ ਬਾਹਵਾਂ ਦਾ ਸੌਣਾ, ਕੀੜੀਆਂ ਤੁਰਨਾਂ, ਹੱਥਾਂ ਪੈਰਾਂ ਦੀਆਂ ਉਂਗਲਾਂ ਨੂੰ ਠੰਢ ਲੱਗਣੀ ਜਾਂ ਸੇਕ ਨਿਕਲਣਾ ਆਦਿ ਕਿਉਂਕਿ ਚਿਹਰੇ ਤੇ ਗਲੇ ਦੀਆਂ ਮਾਸਪੇਸ਼ੀਆਂ ਅਸਰ ਅਧੀਨ ਆਉਂਦੀਆਂ ਹਨ, ਇਸ ਲਈ ਵਿਅਕਤੀ ਦੀ ਆਵਾਜ਼ ਹੀ ਨਹੀਂ ਨਿਕਲਦੀ ਜਾਂ ਭਾਰੀ ਹੋ ਜਾਂਦੀ ਹੈ।
× ਖਾਣਾ ਚਿੱਥਣ ਤੇ ਨਿਗਲਣ ਵਿੱਚ ਵੀ ਮੁਸ਼ਕਿਲ ਪੇਸ਼ ਆਉਂਦੀ ਹੈ। ਮੂੰਹ ਵਿੱਚ ਖੁਸ਼ਕੀ ਵੀ ਹੋ ਜਾਂਦੀ ਹੈ।
ਇਸ ਤੋਂ ਇਲਾਵਾ ਪਾਰਕਿੰਨਸੋਨਿਜ਼ਮ ਦੇ ਰੋਗੀ ਨੂੰ ਹੋਰ ਵੀ ਕਈ ਤਰ੍ਹਾਂ ਦੀਆਂ ਭੌਤਿਕ ਅਤੇ ਮਨੋਰੋਗਿਕ ਸਮੱਸਿਆਵਾਂ ਹੋ ਜਾਂਦੀਆਂ ਹਨ ਜਿਵੇਂ- ਉਦਾਸੀ, ਗ਼ਮ ਤੇ ਡਰ, ਸੁੰਘਣ ਸ਼ਕਤੀ ਘਟਣਾ ਜਾਂ ਖ਼ਤਮ ਹੋ ਜਾਣਾ, ਨੀਂਦ ਅਤੇ ਯਾਦਦਾਸ਼ਤ ਦੀ ਸਮੱਸਿਆ।
ਰੋਗ ਦੇ ਕਾਰਨ: ਇਸ ਰੋਗ ਵਾਲੇ ਮਰੀਜ਼ਾਂ ਦੇ ਦਿਮਾਗ ਦੇ ਨਰਵ-ਸੈੱਲ ਨੁਕਸਾਨੇ ਜਾਂਦੇ ਹਨ ਤੇ ਉਨ੍ਹਾਂ ਵਿੱਚੋਂ ਨਿਕਲਣ ਵਾਲੇ ਸਾਧਾਰਨ ਰਸਾਇਣ ‘ਡੋਪਾਮੀਨ’ ਦਾ ਬਣਨਾ ਘਟ ਜਾਂਦਾ ਹੈ। ਅਰੋਗਤਾ ਵਿੱਚ ਇਹ ਰਸਾਇਣ ਸਰੀਰ ਦੇ ਵੱਖ ਵੱਖ ਭਾਗਾਂ ਦੀ ਹਿਲਜੁੱਲ ਲਈ ਸਹਾਈ ਹੁੰਦਾ ਹੈ ਅਤੇ ਇਸ ਦੇ ਕੰਟਰੋਲ ਸਬੰਧੀ ਸਿਗਨਲ ਭੇਜਦਾ ਹੈ। ਜਿਵੇਂ ਜਿਵੇਂ ਦਿਮਾਗ ਦੇ ਸੈੱਲ (ਨਿਊਰੋਨਸ) ਨੁਕਸਾਨੇ ਜਾਂਦੇ ਹਨ ਤੇ ਡੋਪਾਮੀਨ ਦੀ ਪੈਦਾਵਾਰ ਘਟਦੀ ਜਾਂਦੀ ਹੈ, ਇਸ ਨਾਲ ਸਰੀਰ ਦੇ ਅੰਗਾਂ ਦੀ ਹਿਲਜੁਲ ‘ਤੇ ਉਸ ਦਾ ਕੰਟਰੋਲ ਵੀ ਘਟਦਾ ਜਾਂਦਾ ਹੈ। ਪਰ ਇਹ ਸਾਰਾ ਵਰਤਾਰਾ ਕਿਵੇਂ ਤੇ ਕਿਉਂ ਸ਼ੁਰੂ ਹੁੰਦਾ ਹੈ, ਇਸ ਬਾਰੇ ਅਜੇ ਤਕ ਪੂਰੀ ਤਰ੍ਹਾਂ ਪਤਾ ਨਹੀਂ ਲਗਾਇਆ ਜਾ ਸਕਿਆ। ਖੋਜੀ ਵਿਗਿਆਨਕਾਂ ਨੇ ਕੁਝ ਕੇਸਾਂ ਵਿੱਚ ਕਈ ‘ਜੀਨਜ਼’ ਦੇ ਨੁਕਸ ਹੋਣ ਦੀ ਗੱਲ ਕਹੀ ਹੈ। ਵੱਡੀ ਜਨ-ਸੰਖਿਆ ‘ਤੇ ਆਧਾਰਿਤ ਖੋਜਾਂ ਤੇ ਸਰਵੇਖਣ ਅਨੁਸਾਰ ਜੇ ਕਿਸੇ ਟੱਬਰ ਵਿੱਚ ਇਹ ਰੋਗ ਹੋਵੇ ਤਾਂ ਉਸ ਦੇ ਕਿਸੇ ਹੋਰ ਜੀਅ ਵਿੱਚ ਇਹ ਬਿਮਾਰੀ ਹੋਣ ਦਾ ਜ਼ਿਆਦਾ ਡਰ ਹੁੰਦਾ ਹੈ, ਪਰ ਇਹ ਸਿਰਫ਼ ਇੱਕ ਸਰਵੇਹੀ ਹੈ ਤੇ ਵਿਰਾਸਤ ਦੀ ਭੂਮਿਕਾ ਸਿੱਧ ਕਰਨ ਵਾਸਤੇ ਅਜੇ ਹੋਰ ਖੋਜਾਂ ਚੱਲ ਰਹੀਆਂ ਹਨ।
ਇੱਕ ਹੋਰ ਅਧਿਐਨ ਰਾਹੀਂ ਇਹ ਦਰਸਾਇਆ ਗਿਆ ਹੈ ਕਿ ਇਹ ਰੋਗ 500 ਲੋਕਾਂ ‘ਚੋਂ ਇੱਕ ਨੂੰ ਹੁੰਦਾ ਹੈ। ਯੂਨਾਈਟਿਡ ਕਿੰਗਡਮ ਵਿੱਚ ਅੰਦਾਜ਼ਨ ਸਵਾ ਲੱਖ ਲੋਕਾਂ ਨੂੰ ਇਹ ਰੋਗ ਹੈ। ਇਨ੍ਹਾਂ ਵਿੱਚ ਵੀਹ ‘ਚੋਂ ਇੱਕ ਨੂੰ ਚਾਲੀ ਸਾਲ ਤੋਂ ਘੱਟ ਉਮਰ ਵਿੱਚ ਹੀ ਕੁਝ ਅਲਾਮਤਾਂ ਸ਼ੁਰੂ ਹੋ ਗਈਆਂ ਸਨ। ਔਰਤਾਂ ਦੇ ਮੁਕਾਬਲੇ ਮਰਦਾਂ ਵਿੱਚ ਇਹ ਰੋਗ ਕੁਝ ਵਧੇਰੇ ਪਾਇਆ ਗਿਆ ਹੈ।
ਕੀਟਨਾਸ਼ਕ ਦਵਾਈਆਂ ਨਾਲ ਕੰਮ ਕਰਨ ਵਾਲਿਆਂ ਅਤੇ ਸਿਰ ਦੀ ਪੁਰਾਣੀ ਸੱਟ ਵਾਲਿਆਂ ਨੂੰ ਇਸ ਬਿਮਾਰੀ ਦੀ ਲਪੇਟ ਵਿੱਚ ਆਉਣ ਦਾ ਕੁਝ ਵਧੇਰੇ ਖ਼ਤਰਾ ਰਹਿੰਦਾ ਹੈ। ਕਈ ਅਧਿਐਨ ਦਰਸਾਉਂਦੇ ਹਨ ਕਿ ਵਧੇਰੇ ਕੌਫੀ/ਚਾਹ ਪੀਣ ਵਾਲਿਆਂ ਅਤੇ ਤੰਬਾਕੂ-ਨੋਸ਼ੀ ਵਾਲਿਆਂ ਵਿੱਚ ਪਾਰਕਿੰਨਸੋਨਿਜ਼ਮ ਦੇ ਲੱਛਣ ਦੇਰੀ ਨਾਲ ਆਉਂਦੇ ਹਨ।
ਇਸ ਦਾ ਡਾਇਗਨੋਸਿਸ, ਮੁੱਖ ਰੂਪ ਵਿੱਚ ਲੱਛਣਾਂ ਤੋਂ ਹੀ ਹੁੰਦਾ ਹੈ। ਇਸ ਤਰ੍ਹਾਂ ਦੀਆਂ ਅਲਾਮਤਾਂ ਕਿਸੇ ਹੋਰ ਰੋਗ ਕਰਕੇ ਨਾ ਹੋਣ ਇਸ ਲਈ ਨਿਊਰੋ-ਇਮੇਜਿੰਗ (ਐਮ.ਆਰ.ਆਈ.) ਕਰਵਾ ਲਈ ਜਾਂਦੀ ਹੈ। ਇਸ ਰੋਗ ਦੀ ਸਭ ਤੋਂ ਮਾੜੀ ਗੱਲ ਹੈ ਕਿ ਜਿੰਨਾ ਚਿਰ ਬੰਦੇ ਦੀ ਜ਼ਿੰਦਗੀ ਹੈ, ਉਸ ਨੂੰ ਰੋਗ ਦੇ ਨਾਲ ਹੀ ਰਹਿਣਾ ਪੈਂਦਾ ਹੈ। ਫਿਰ ਵੀ ਕੁਝ ਨਾ ਕੁਝ ਤਾਂ ਕਰਨਾ ਹੀ ਚਾਹੀਦਾ ਹੈ। ‘ਲੈਵੋਡੋਪਾ’ ਅਤੇ ਕੁਝ ਹੋਰ ਦਵਾਈਆਂ ਜਿਵੇਂ ਡੋਪਾਮੀਨ ਐਗੋਨਿਸਟਸ, ਮੋਨੋ ਐਮੀਨ ਆਕਸੀਡੇਸ ਇਨਹਿਬਿਟਰਸ ਆਦਿ ਦਿੱਤੀਆਂ ਜਾਂਦੀਆਂ ਹਨ। ਇਹ ਦਵਾਈਆਂ ਸਿਰਫ਼ ਮਾਹਿਰ ਡਾਕਟਰ ਹੀ ਦਸਦੇ ਹਨ। ਸੈਲਫ ਮੈਡੀਕੇਸ਼ਨ ਨਾ ਹੀ ਹੋ ਸਕਦੀ ਹੈ ਤੇ ਨਾ ਹੀ ਕਰਨੀ ਚਾਹੀਦੀ ਹੈ।
ਬਚਾਅ:
× ਜਵਾਨੀ ਤੇ ਅਧਖੜ ਉਮਰੇ ਕੀਤੀ ਹੋਈ ਵਰਜ਼ਿਸ਼ ਇਸ ਰੋਗ ਦਾ ਬਚਾਓ ਕਰਨ ਵਿੱਚ ਸਹਾਈ ਹੁੰਦੀ ਹੈ।
× ਕੌਫੀ ਦਾ ਸੇਵਨ ਵੀ ਇੱਕ ਸਹਾਇਕ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ।
× ਵਿਟਾਮਿਨ ‘ਸੀ’ ਅਤੇ ਵਿਟਾਮਿਨ ‘ਡੀ’ ਇਸ ਰੋਗ ਤੋਂ ਬਚਾਅ ਕਰਨ ਵਿੱਚ ਸਹਾਈ ਪਾਏ ਗਏ ਹਨ।
ਡਾ. ਮਨਜੀਤ ਸਿੰਘ ਬੱਲ
98728-43491