ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਾਲ ਹੀ ਵਿਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਅਤੇ ਈ.ਵੀ.ਐਮ ਉਤੇ ਸਵਾਲ ਚੁੱਕੇ ਹਨ| ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆ ਕੇਜਰੀਵਾਲ ਨੇ ਕਿਹਾ ਕਿ ਪਾਰਟੀ ਪੰਜਾਬ ਵਿਚ ਆਪਣੀ ਹਾਰ ਨੂੰ ਸਵੀਕਾਰ ਕਰਦੀ ਹੈ, ਪਰ ਅਕਾਲੀ ਦਲ ਨੂੰ 30 ਫੀਸਦੀ ਵੋਟਾਂ ਕਿਵੇਂ ਮਿਲ ਸਕਦੀਆਂ ਹਨ| ਉਨ੍ਹਾਂ ਨੇ ਕਿਹਾ ਕਿ ਸਾਡੀਆਂ ਵੋਟਾਂ ਅਕਾਲੀਆਂ ਨੂੰ ਟਰਾਂਸਫਰ ਹੋ ਗਈਆਂ ਹਨ|
ਉਨ੍ਹਾਂ ਨੇ ਦੋਸ਼ ਲਾਇਆ ਕਿ ਆਪ ਨੂੰ ਪੰਜਾਬ 25 ਫੀਸਦੀ ਵੋਟਾਂ ਪਈਆਂ, ਜਦੋਂ ਕਿ ਅਕਾਲੀਆਂ ਨੂੰ 30 ਫੀਸਦੀ ਵੋਟਾਂ ਕਿਵੇਂ ਪੈ ਗਈਆਂ| ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਵਿਚ ਅਕਾਲੀ ਦਲ ਪ੍ਰਤੀ ਕਾਫੀ ਗੁੱਸਾ ਸੀ| ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਬਾਦਲਾਂ ਤੋਂ ਨਫਰਤ ਕਰਦੇ ਸਨ| ਉਨ੍ਹਾਂ ਕਿਹਾ ਕਿ ਲੋਕ ਇਹ ਮੰਨ ਰਹੇ ਸਨ ਕਿ ਇਹ ਚੋਣਾਂ ਅਕਾਲੀ ਦਲ ਨੂੰ ਹਰਾਉਣ ਲਈ ਹਨ, ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ 30 ਫੀਸਦੀ ਵੋਟਾਂ ਕਿਵੇਂ ਮਿਲ ਗਈਆਂ, ਇਹ ਇਕ ਵੱਡਾ ਸਵਾਲ ਹੈ| ਸਾਰੇ ਇਹ ਮੰਨਦੇ ਸਨ ਕਿ ਉਨ੍ਹਾਂ ਨੂੰ 6 ਤੋਂ 8 ਫੀਸਦੀ ਵੋਟਾਂ ਮਿਲਣੀਆਂ ਚਾਹੀਦੀਆਂ ਹਨ| ਉਨ੍ਹਾਂ ਸ਼ੱਕ ਜ਼ਾਹਿਰ ਕੀਤਾ ਕਿ ਕਿਤੇ ਆਮ ਆਦਮੀ ਪਾਰਟੀ ਦੀਆਂ 25 ਫੀਸਦੀ ਵੋਟਾਂ ਅਕਾਲੀ-ਭਾਜਪਾ ਨੂੰ ਟਰਾਂਸਫਰ ਤਾਂ ਨਹੀਂ ਹੋ ਗਈਆਂ|