ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਟਾਰ ਸਪਿਨਰ ਰਵੀਚੰਦਰਨ ਅਸ਼ਵਿਨ ਅਤੇ ਲੈਫ਼ਟ ਆਰਮ ਸਪਿਨਰ ਰਵਿੰਦਰ ਜਡੇਜਾ ਆਈ.ਸੀ.ਸੀ. ਦੀ ਤਾਜ਼ਾ ਵਿਸ਼ਵ ਟੈਸਟ ਰੈਂਕਿੰਗ ‘ਚ ਆਪਣੇ ਚੋਟੀ ਦੇ ਸਥਾਨ ‘ਤੇ ਕਾਇਮ ਹਨ। ਸ਼੍ਰੀਲੰਕਾ ਅਤੇ ਬੰਗਲਾਦੇਸ਼ ਦੇ ਵਿਚਾਲੇ ਗਾਲੇ ‘ਚ ਪਹਿਲਾ ਟੈਸਟ ਸਮਾਪਤ ਹੋਣ ਦੇ ਬਾਅਦ ਤਾਜ਼ਾ ਰੈਂਕਿੰਗ ‘ਚ ਸ਼੍ਰੀਲੰਕਾ ਦੇ ਬੱਲੇਬਾਜ਼ ਕੁਸ਼ਲ ਮੇਂਡਿਸ ਨੇ ਪਹਿਲੀ ਪਾਰੀ ‘ਚ ਆਪਣੇ 194 ਦੌੜਾਂ ਦੀ ਬਦੌਲਤ 39ਵੇਂ ਸਥਾਨ ਤੋਂ 16 ਸਥਾਨ ਦੀ ਛਲਾਂਗ ਲਗਾਈ ਅਤੇ 653 ਰੇਟਿੰਗ ਅੰਕਾਂ ਦੇ ਨਾਲ 23ਵੇਂ ਸਥਾਨ ‘ਤੇ ਪਹੁੰਚ ਗਏ।
ਸ਼੍ਰੀਲੰਕਾ ਨੇ ਇਹ ਟੈਸਟ 259 ਦੌੜਾਂ ਨਾਲ ਜਿੱਤਿਆ। ਇਸ ਮੈਚ ਦੀ ਦੂਜੀ ਪਾਰੀ ‘ਚ 6 ਵਿਕਟ ਲੈ ਕੇ ਦੁਨੀਆ ਦੇ ਸਰਵਸ਼੍ਰੇਸ਼ਠ ਲੈਫ਼ਟ ਆਰਮ ਸਪਿਨਰ ਬਣ ਗਏ ਰੰਗਨਾ ਹੇਰਾਤ ਦਾ ਗੇਂਦਬਾਜ਼ੀ ‘ਚ ਚੌਥਾ ਸਥਾਨ ਕਾਇਮ ਹੈ ਪਰ ਉਸ ਦੇ ਰੇਟਿੰਗ ਅੰਕ ਹੁਣ 850 ਹੋ ਗਏ ਹਨ। ਅਸ਼ਵਿਨ ਅਤੇ ਜਡੇਜਾ ਇੱਕੋ ਬਰਾਬਰ 892 ਰੇਟਿੰਗ ਅੰਕਾਂ ਦੇ ਨਾਲ ਚੋਟੀ ‘ਤੇ ਬਣੇ ਹੋਏ ਹਨ। ਦੋਵੇਂ ਹੀ ਭਾਰਤੀ ਗੇਂਦਬਾਜ਼ਾਂ ਦੇ ਕੋਲ 16 ਮਾਰਚ ਤੋਂ ਰਾਂਚੀ ‘ਚ ਆਸਟਰੇਲੀਆ ਦੇ ਖਿਲਾਫ਼ ਸ਼ੁਰੂ ਹੋਣ ਵਾਲੇ ਤੀਜੇ ਟੈਸਟ ‘ਚ 900 ਦੇ ਰੇਟਿੰਗ ਅੰਕੜੇ ‘ਚ ਪਹੁੰਚਣ ਦਾ ਮੌਕਾ ਰਹੇਗਾ। ਅਸ਼ਵਿਨ ਪਿਛਲੀ 12 ਦਸੰਬਰ ਨੂੰ 904 ਦੀ ਆਪਣੀ ਸਰਵਸ਼੍ਰੇਸ਼ਠ ਰੇਟਿੰਗ ‘ਤੇ ਪਹੁੰਚੇ ਸਨ। ਜਦਕਿ ਜਡੇਜਾ ਦੀ ਇਹ ਸਰਵਸ਼੍ਰੇਸ਼ਠ ਰੇਟਿੰਗ ਅਤੇ ਰੈਂਕਿੰਗ ਹੈ। ਬੱਲੇਬਾਜ਼ੀ ‘ਚ ਆਸਟਰੇਲੀਆ ਦੇ ਕਪਤਾਨ ਸਟੀਵਨ ਸਮਿਥ ਚੋਟੀ ‘ਤੇ ਕਾਇਮ ਹਨ ਜਦਕਿ ਭਾਰਤੀ ਕਪਤਾਨ ਵਿਰਾਟ ਕੋਹਲੀ ਚੌਥੇ ਸਥਾਨ ‘ਤੇ ਹਨ। ਰਾਂਚੀ ਟੈਸਟ ‘ਚ ਦੋਹਾਂ ਹੀ ਟੀਮਾਂ ਦੇ ਖਿਡਾਰੀਆਂ ਦੇ ਕੋਲ ਰੈਂਕਿੰਗ ਸੁਧਾਰਨ ਦਾ ਮੌਕਾ ਰਹੇਗਾ।