ਚੰਡੀਗੜ੍ਹ : ਕਾਂਗਰਸੀ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਪਾਰਟੀ ਦੇ ਮੁੱਖ ਆਗੂਆਂ ਰਾਹੁਲ ਗਾਂਧੀ ਤੇ ਡਾ. ਮਨਮੋਹਨ ਸਿੰਘ ਦੀ ਅਗਵਾਈ ਹੇਠ ਪ੍ਰਭਾਵਸ਼ਾਲੀ ਮੌਜ਼ੂਦਗੀ ਦੌਰਾਨ ਪੰਜਾਬ ਦੇ 26ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।
ਕੈਪਟਨ ਅਮਰਿੰਦਰ ਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ 9 ਮੈਂਬਰਾਂ ਨੂੰ ਰਾਜਪਾਲ ਵੀ.ਪੀ ਸਿੰਘ ਬਦਨੌਰ ਵੱਲੋਂ ਇਥੇ ਪੰਜਾਬ ਭਵਨ ਵਿਖੇ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਾਲੇ ਇਕ ਸਧਾਰਨ, ਪਰ ਸ਼ਾਨਦਾਰ ਸਮਾਰੋਹ ਦੌਰਾਨ ਗੁਪਤਤਾ ਤੇ ਨਿਸ਼ਠਾ ਦੀ ਸਹੁੰ ਚੁੱਕਾਈ ਗਈ। ਇਸ ਦਿਸ਼ਾ ‘ਚ, ਦੂਜੀ ਵਾਰ ਸੂਬੇ ਦੇ ਮੁੱਖ ਮੰਤਰੀ ਵਜੋਂ ਕੰਮਕਾਜ ਸੰਭਾਲਣ ਵਾਲੇ ਕੈਪਟਨ ਅਮਰਿੰਦਰ ਵੱਲੋਂ ਮੰਤਰੀ ਮੰਡਲ ‘ਚ ਸੱਤ ਕੈਬਨਿਟ ਮੰਤਰੀਆਂ ਤੋਂ ਇਲਾਵਾ, ਦੋ ਰਾਜ ਮੰਤਰੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ।
ਇਸ ਮੌਕੇ ਅਹੁਦੇ ਦੀ ਸਹੁੰ ਚੁੱਕਣ ਵਾਲੇ ਕੈਬਨਿਟ ਮੰਤਰੀਆਂ ‘ਚ ਨਵੇਂ ਚੁਣੇ ਗਏ ਵਿਧਾਇਕ ਬ੍ਰਹਮ ਮੋਹਿੰਦਰਾ, ਨਵਜੋਤ ਸਿੰਘ ਸਿੱਧੂ, ਮਨਪ੍ਰੀਤ ਸਿੰਘ ਬਾਦਲ, ਸਾਧੂ ਸਿੰਘ ਧਰਮਸੋਤ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਰਾਣਾ ਗੁਰਜੀਤ ਸਿੰਘ ਤੇ ਚਰਨਜੀਤ ਸਿੰਘ ਚੰਨੀ ਸ਼ਾਮਿਲ ਰਹੇ, ਜਦਕਿ ਅਰੂਨਾ ਚੌਧਰੀ ਤੇ ਰਜੀਆ ਸੁਲਤਾਨਾ ਵੱਲੋਂ ਸੁਤੰਤਰ ਚਾਰਜ਼ ਸਮੇਤ ਰਾਜ ਮੰਤਰੀਆਂ ਵਜੋਂ ਸਹੁੰ ਚੁੱਕੀ ਗਈ।
ਕੈਪਟਨ ਅਮਰਿੰਦਰ ਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਸਾਥੀਆਂ ਵੱਲੋਂ ਈਸ਼ਵਰ ਦੇ ਨਾਂਮ ‘ਤੇ ਅਹੁਦੇ ਦੀ ਸਹੁੰ ਚੁੱਕੀ ਲਈ ਅਤੇ, ਸਹੁੰ ਚੁੱਕਣ ਤੋਂ ਉਨ੍ਹਾਂ ਨੇ ਸਹੁੰ ਫਾਰਮ ‘ਤੇ ਹਸਤਾਖਰ ਕੀਤੇ, ਜਿਨ੍ਹਾਂ ‘ਤੇ ਰਾਜਪਾਲ ਵੱਲੋਂ ਕਾਉਂਟਰ ਸਾਈਨ ਕੀਤੇ ਗਏ। ਸੂਬੇ ਦੇ ਮੁੱਖ ਸਕੱਤਰ ਸਰਵੇਸ਼ ਕੌਸ਼ਲ ਵੱਲੋਂ ਸਮਾਰੋਹ ਦਾ ਸੰਚਾਲਨ ਕੀਤਾ ਗਿਆ, ਜਿਸ ‘ਚ ਕੈਪਟਨ ਅਮਰਿੰਦਰ ਦੇ ਪਰਿਵਾਰਿਕ ਮੈਂਬਰਾਂ, ਮਿੱਤਰਾਂ ਤੇ ਰਿਸ਼ਤੇਦਾਰਾਂ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਸਾਥੀਆਂ ਤੇ ਕਈ ਮੁੱਖ ਸਿਆਸਤਦਾਨਾਂ ਤੇ ਪਤਵੰਤੇ ਵਿਅਕਤੀਆਂ ਤੋਂ ਬਗੈਰ, ਸਮਾਜ ਦੇ ਵੱਖ ਵੱਖ ਵਰਗਾਂ ਨਾਲ ਸਬੰਧਤ ਬਹੁਤ ਸਾਰੀਆਂ ਅਹਿਮ ਸਖਸ਼ੀਅਤਾਂ ਸ਼ਾਮਿਲ ਹੋਈਆਂ।
ਏ.ਆਈ.ਸੀ.ਸੀ ਮੀਤ ਪ੍ਰਧਾਨ ਰਾਹੁਲ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੋਂ ਇਲਾਵਾ, ਬਹੁਤ ਸਾਰੇ ਪਾਰਟੀ ਆਗੂਆਂ ‘ਚ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭਦਰ ਸਿੰਘ, ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ, ਸੀਨੀਅਰ ਕਾਂਗਰਸੀ ਆਗੂ ਅੰਬਿਕਾ ਸੋਨੀ, ਕਪਿਲ ਸਿੱਬਲ, ਅਨੰਦ ਸ਼ਰਮਾ, ਪਵਨ ਬਾਂਸਲ, ਆਸ਼ਾ ਕੁਮਾਰੀ, ਸਚਿਨ ਪਾਇਲਟ, ਹਰੀਸ਼ ਚੌਧਰੀ, ਅਸ਼ਵਨੀ ਕੁਮਾਰ, ਰਾਜ ਬੱਬਰ, ਅਸ਼ੋਕ ਤੰਵਰ ਤੇ ਅਜੈ ਮਾਕਨ, ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਤੇ ਪ੍ਰਤਾਪ ਸਿੰਘ ਬਾਜਵਾ ਸਮੇਤ ਸਾਬਕਾ ਕੇਂਦਰੀ ਮੰਤਰੀ ਨਟਵਰ ਸਿੰਘ ਤੇ ਪਰਨੀਤ ਕੌਰ ਵੱਲੋਂ ਸਹੁੰ ਚੁੱਕ ਸਮਾਰੋਹ ਦੀ ਸ਼ੋਭਾ ਵਧਾਈ ਗਈ।
ਕਾਂਗਰਸੀ ਆਗੂਆਂ ਨੇ ਪੰਜਾਬ ਅੰਦਰ ਸੱਤਾ ਦੇ ਬਦਲਾਅ ਨੂੰ ਇਕ ਇਤਿਹਾਸਿਕ ਮੌਕਾ ਕਰਾਰ ਦਿੰਦਿਆਂ, ਇਸਦਾ ਸਵਾਗਤ ਕੀਤਾ, ਜਿਹਡ਼ਾ ਸੂਬੇ ਦੇ ਭਵਿੱਖ ਨੂੰ ਬਦਲ ਦੇਵੇਗਾ ਤੇ ਇਸਦੇ ਅਸਲੀ ਸਨਮਾਨ ਨੂੰ ਮੁਡ਼ ਜਿਉਂਦਾ ਕਰੇਗਾ।
ਇਸ ਦੌਰਾਨ ਕਈ ਸੀਨੀਅਰ ਸੰਪਾਦਕਾਂ ਤੇ ਪੱਤਰਕਾਰਾਂ ਸਮੇਤ ਮੀਡੀਆ ਮੁਖੀ ਵੀ ਮੌਜ਼ੂਦ ਰਹੇ। ਇਨ੍ਹਾਂ ‘ਚ ਜੀ ਗਰੁੱਪ ਦੇ ਚੇਅਰਮੈਨ ਅਤੇ ਰਾਜ ਸਭਾ ਸੰਸਦ ਮੈਂਬਰ ਡਾ. ਸੁਭਾਸ਼ ਚੰਦਰਾ, ਆਈ.ਟੀ.ਵੀ ਦੇ ਚੇਅਰਮੈਨ ਵਿਨੋਦ ਸ਼ਰਮਾ ਤੋਂ ਇਲਾਵਾ, ਨਾਮੀ ਪੱਤਰਕਾਰ ਵੀਰ ਸੰਘਵੀ, ਹਿੰਦੋਸਤਾਨ ਟਾਈਮਜ਼ ਦੇ ਸੀਨੀਅਰ ਰੈਜੀਡੇਂਟ ਐਡੀਟਰ ਰਮੇਸ਼ ਵਿਨਾਇਕ, ਟਾਈਮਜ਼ ਆਫ ਇੰਡੀਆ ਦੇ ਰੈਜੀਡੇਂਟ ਐਡੀਟਰ ਰੋਬਿਨ ਡੇਵਿਡ ਤੇ ਇੰਡੀਅਨ ਐਕਸਪ੍ਰੈਸ ਦੀ ਰੈਜੀਡੇਂਟ ਐਡੀਟਰ ਨਿਰੁਪਮਾ ਸੁਬ੍ਰਹਮਨਿਅਨ ਸ਼ਾਮਿਲ ਰਹੇ।