ਸੂਰਤ— ਪਾਟੀਦਾਰ ਰਾਖਵਾਂਕਰਨ ਅੰਦੋਲਨ ਦੇ ਨੇਤਾ ਹਾਰਦਿਕ ਪਟੇਲ ਨੇ ਵੀਰਵਾਰ ਨੂੰ ਕਿਹਾ ਕਿ ਗੁਜਰਾਤ ‘ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵੀ ਇਲੈਕਟ੍ਰਾਨਕ ਵੋਟਿੰਗ ਮਸ਼ੀਨ ਦੀ ਬਜਾਏ ਬੈਲੇਟ ਪੇਪਰ ਰਾਹੀਂ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਈ.ਵੀ.ਐੱਮ. ਮਸ਼ੀਨਾਂ ਨੂੰ ਹਟਾਉਣ ਦੀ ਮੰਗ ਕਰਨ ਵੇਲ ਲੋਕਾਂ ਦਾ ਮਜ਼ਾਕ ਨਹੀਂ ਉਡਾਇਆ ਜਾਣਾ ਚਾਹੀਦਾ। ਹਾਰਦਿਕ ਨੇ ਕਿਹਾ ਕਿ 5 ਰਾਜਾਂ ‘ਚ ਹੋਈਆਂ ਚੋਣਾਂ ਦੇ ਨਤੀਜੇ ਉੱਥੇ ਸੱਤਾਧਾਰੀ ਦਲਾਂ ਦੇ ਖਿਲਾਫ ਰਹੇ ਹਨ। ਗੁਜਰਾਤ ‘ਚ ਵੀ ਪਿਛਲੇ ਲਗਭਗ 25 ਸਾਲਾਂ ਤੋਂ ਇਕ ਹੀ ਦਲ (ਭਾਜਪਾ) ਦਾ ਸ਼ਾਸਨ ਹੈ। ਇੱਥੇ ਇਸ ਸਾਲ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਹਾਰਦਿਕ ਨੂੰ ਰਾਜਧ੍ਰੋਹ ਦੇ ਮਾਮਲਿਆਂ ‘ਚ ਮਿਲੀ ਜ਼ਮਾਨਤ ਦੀ ਸ਼ਰਤ ਦੇ ਅਨੁਰੂਪ ਵੀਰਵਾਰ ਨੂੰ ਇੱਥੇ ਪੁਲਸ ਦੀ ਕ੍ਰਾਈਮ ਬਰਾਂਚ ਦੇ ਦਫ਼ਤਰ ‘ਚ ਹਫਤਾਵਾਰ ਪੇਸ਼ੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ‘ਚ ਕਿਹਾ ਕਿ ਲੋਕਤੰਤਰ ‘ਚ ਜੇਕਰ ਕਿਸੇ ਗੱਲ ਦਾ ਵਿਰੋਧ ਹੁੰਦਾ ਹੈ ਤਾਂ ਉਸ ਦੀ ਸਮੀਖਿਆ ਹੋਣੀ ਚਾਹੀਦੀ ਹੈ ਨਾ ਕਿ ਮਜ਼ਾਕ ਉਡਾਇਆ ਜਾਣਾ ਚਾਹੀਦਾ।
ਉਨ੍ਹਾਂ ਨੇ ਕਿਹਾ ਕਿ ਭਵਿੱਖ ‘ਚ ਸਾਰੀਆਂ ਚੋਣਾਂ ਈ.ਵੀ.ਐੱਮ. ਦੀ ਬਜਾਏ ਬੈਲੇਟ ਪੇਪਰ ਰਾਹੀਂ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਦੀ ਹੀ ਜਾਤੀ ਦੇ ਲੋਕਾਂ ਵੱਲੋਂ ਉਨ੍ਹਾਂ ਦੇ ਵਿਰੋਧ ਬਾਰੇ ਪੁੱਛੇ ਜਾਣ ‘ਤੇ ਹਾਰਦਿਕ ਨੇ ਕਿਹਾ ਕਿ ਉਹ ਆਪਣੇ ਵਿਰੋਧ ਨੂੰ ਲੋਕਤੰਤਰ ਦੇ ਅਨੁਰੂਪ ਮੰਨਦੇ ਹਨ। ਗੁਜਰਾਤ ਵਿਧਾਨ ਸਭਾ ਦਾ ਕਾਰਜਕਾਲ ਇਸ ਸਾਲ ਦਸੰਬਰ ‘ਚ ਖਤਮ ਹੋ ਰਿਹਾ ਹੈ। ਉੱਤਰ ਪ੍ਰਦੇਸ਼ ਅਤੇ ਉਤਰਾਖੰਡ ‘ਚ ਜ਼ਬਰਦਸਤ ਜਿੱਤ ਨਾਲ ਉਤਸ਼ਾਹਤ ਸੱਤਾਧਾਰੀ ਭਾਜਪਾ ਇਸ ਵਾਰ ਇੱਥੇ ਕੁੱਲ 182 ‘ਚੋਂ 150 ਤੋਂ ਵਧ ਸੀਟਾਂ ‘ਤੇ ਕਬਜ਼ੇ ਦੀ ਗੱਲ ਕਰ ਰਹੀ ਹੈ।